ਰਣਜੀਤ ਆਜ਼ਾਦ ਕਾਂਝਲਾ
ਮੈਂ ਆਪਣੀ ਬਿਮਾਰ ਭਰਜਾਈ ਦੇ ਬੈੱਡ ਪਾਸ ਬੈਠਾ ਸੋਚ ਰਿਹਾ ਸੀ ਕਿ ਪ੍ਰਾਣੀ ਦਾ ਜੀਵਨ ਵੀ ਕੀ ਹੈ, ਜਿਹਡ਼ਾ ਪਲਾਂ ਵਿਚ ਪਰਾਇਆ ਹੋ ਜਾਂਦਾ ਹੈ। ਦਿਮਾਗ ਵਿਚ ਕਈ ਤਰ੍ਹਾਂ ਦੇ ਉੱਚੇ-ਨੀਵੇਂ ਪ੍ਰਸ਼ਨ ਉੱਠ ਰਹੇ ਸਨ। ਹਸਪਤਾਲ ਵਿਚ ਦੁਖੀ ਲੋਕ ਹੀ ਆਉਂਦੇ ਹਨ ਜਾਂ ਫਿਰ ਉਹਨਾਂ ਦੇ ਰਿਸ਼ਤੇਦਾਰ ਤੇ ਮਿੱਤਰ ਆਦਿ।
ਭਰਜਾਈ ਦੇ ਅਗਲੇ ਬੈੱਡ ਉੱਤੇ ਇਕ ਬਿਰਧ ਮਾਈ ਨੀਮ-ਬੇਹੋਸ਼ੀ ਦੀ ਹਾਲਤ ਵਿਚ ਪਈ ਸੀ। ਮੈਂ ਵੇਖਿਆ ਕਿ ਕਈ ਚੰਗੇ ਪਡ਼੍ਹੇ-ਲਿਖੇ ਸੱਜਣ ਆਪਣੀਆਂ ਪਤਨੀਆਂ ਸਮੇਤ ਆਏ। ਗੱਲਾਂ ਤੋਂ ਮਾਲੂਮ ਹੋਇਆ ਕਿ ਇਹ ਸਭ ਉਸ ਬਿਰਧ ਮਾਂ ਦੇ ਪੁੱਤਰ ਤੇ ਨੂੰਹਾਂ ਸਨ, ਜਿਹਡ਼ੇ ਕਿਸੇ ਸਰਕਾਰੀ ਮਹਿਕਮੇ ਵਿਚ ਨੌਕਰੀ ਕਰਦੇ ਸਨ। ਮਾਂ ਦੇ ਸਿਰਹਾਣੇ ਸਾਧਾਰਣ ਜਿਹੀ ਦਿੱਖ ਵਾਲਾ ਪ੍ਰਾਣੀ ਕਦੇ ਬਿਰਧ ਮਾਂ ਦਾ ਕੰਬਲ ਠੀਕ ਕਰਦਾ ਤੇ ਕਦੇ ਬੇਹੋਸ਼ ਪਈ ਮਾਂ ਦੇ ਚੇਹਰੇ ਵੱਲ ਵੇਖ ਕਿਸੇ ਡੂੰਘੀ ਉਦਾਸੀ ਵਿਚ ਖੋ ਜਾਂਦਾ। ਹਨੇਰਾ ਵਧਦਾ ਜਾ ਰਿਹਾ ਸੀ। ਇਕ-ਇਕ ਕਰਕੇ ਨੌਕਰੀ ਕਰਦੇ ਪੁੱਤਰ ਤੇ ਨੂੰਹਾਂ ਲੋਡ਼ਵੰਦ ਚੀਜ਼ਾਂ ਤੇ ਦਵਾਈਆਂ ਪ੍ਰਤੀ ਪੁੱਛਗਿੱਛ ਕਰਕੇ ਚਲੇ ਗਏ। ਇੱਕ ਨੇ ਆਪਣੀ ਪਤਨੀ ਨੂੰ ਕਿਹਾ, “ਜੇ ਅੱਜ ਦੀ ਰਾਤ ਮੈਂ ਬੇਬੇ ਕੋਲ ਰਹਿ ਜਾਵਾਂ ਤਾਂ ਠੀਕ ਐ, ਨਾਲੇ ਤਿੰਨ ਦਿਨਾਂ ਤੋਂ ਬੇਬੇ ਕੋਲ ਬੈਠਾ ਇਹ ਵੀਰ ਲੱਕ ਸਿੱਧਾ ਕਰ ਲਊਗਾ।”
“ਊਂ…ਹੂੰਅ…?…?? ਵੀਰ ਜੀ ਹੈਗੇ ਐ, ਨਾਲੇ ਇਹਨਾਂ ਨੂੰ ਵਸਾਹ ਨੀਂ ਪੈਂਦਾ।” ਪਤਨੀ ਅੱਖਾਂ ਹੀ ਅੱਖਾਂ ਵਿਚ ਘੂਰਦੀ ਹੋਈ ਬੋਲੀ।
“…ਨਹੀਂ ਭਰਾ! ਤੁਸੀਂ ਘਰੇ ਜਾਓ, ਕਾਹਨੂੰ ਬੇਆਰਾਮੀ ਕੱਟਣੀ ਐ! ਮੈਂ ਜੋ ਹੈਗਾਂ ਬੇਬੇ ਪਾਸ…।” ਸਾਧਾਰਣ ਦਿੱਖ ਵਾਲੇ ਪ੍ਰਾਣੀ ਨੇ ਜ਼ੁਬਾਨ ਖੋਲ੍ਹੀ।
ਉਹ ਦੋਵੇਂ ਪਤੀ-ਪਤਨੀ ਮਾਂ ਵੱਲ ਵੇਖ ਹਸਪਤਾਲ ਤੋਂ ਬਾਹਰ ਚਲੇ ਗਏ।
“ਇਹ ਤੇਰੇ ਭਾਈ-ਭਰਜਾਈ ਐ?” ਮੈਂ ਉਸ ਦੇ ਉੱਤਰੇ ਮੂੰਹ ਨੂੰ ਪਡ਼੍ਹਦਿਆਂ ਪੁੱਛਿਆ।
“ਹਾਂ…ਅ…! ਇਹ ਮੇਰੇ ਭਰਾ ਭਰਜਾਈ ਐ। ਮੈਂ ਤੇ ਮੇਰੀ ਮਾਂ ਦੋਵੇਂ ਇਕੱਠੇ ਰਹਿੰਦੇ ਆਂ। ਹੋਰ ਸਭ ਅੱਡੋ-ਅੱਡੀ ਘਰੀਂ ਬਾਲ-ਬੱਚਿਆਂ ਨਾਲ ਸੁਖੀ ਵਸਦੇ ਨੇ…।” ਉਹ ਨਿਰੰਤਰ ਬੋਲਦਾ ਜਾ ਰਿਹਾ ਸੀ।
“ਫਿਰ ਤੇਰੇ ਬਾਲ-ਬੱਚੇ…? ਮੈਂ ਵਿੱਚੋਂ ਹੀ ਪੁੱਛਿਆ।
“ਜੀ, ਮੈਂ ਤਾਂ ਵਿਆਹਿਆ ਈ ਨ੍ਹੀਂ ਹੋਇਆ…!”
“ਫੇਰ ਤੇਰਾ ਰੋਟੀ-ਪਾਣੀ ਕੌਣ ਬਣਾਉਂਦੈ?” ਮੈਂ ਉਸ ਨੂੰ ਮੋਡ਼ਵਾਂ ਸਵਾਲ ਕਰ ਦਿੱਤਾ।
“ਇਹ ਮੇਰੀ ਮਾਂ, ਮੇਰੀ ਮਾਂ ਈ ਐ ਮੇਰਾ ਸਭ ਕੁਝ…!” ਉਸਨੇ ਮਾਂ ਵੱਲ ਹੱਥ ਕਰ ਇਕ ਡੂੰਘਾ ਸਾਹ ਲੈਂਦਿਆਂ ਕਿਹਾ, “ਮੈਂ ਮਾਡ਼ਾ-ਮੋਟਾ ਕੰਮ ਕਰ ਲੈਨਾਂ ਤੇ ਮੇਰੀ ਮਾਂ ਰੋਟੀ-ਟੁੱਕ ਬਣਾ ਲੈਂਦੀ ਐ…ਜੇ ਕਿਤੇ ਇਹਨੂੰ …ਕੁਝ ਹੋ ਗਿਆ…!” ਏਨਾ ਕਹਿੰਦਿਆਂ ਉਹਦਾ ਗੱਚ ਭਰ ਆਇਆ ਤੇ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਹਿ ਤੁਰੇ।
“ਕੋਈ ਨੀਂ! ਫਿਕਰ ਨਾ ਕਰ, ਮਾਂ ਤੇਰੀ ਠੀਕ ਹੋਜੂਗੀ। ਹੌਸਲਾ ਰੱਖ। ਕਿਸੇ ਚੀਜ਼ ਜਾਂ ਮਦਦ ਦੀ ਲੋਡ਼ ਪਵੇ, ਮੈਂ ਏਥੇ ਈ ਆਂ।” ਮੈਂ ਉਹਦਾ ਹੌਸਲਾ ਰੱਖਣ ਲਈ ਕਿਹਾ।
“ਸਰਦਾਰ ਜੀ! ਜੇ ਕਿਤੇ…ਮੇਰੀ ਮਾਂ ਨੂੰ…ਕੁਝ ਹੋ ਗਿਆ…ਤਾਂ ਮੈਂ ਵੀ…!” ਉਸਨੇ ਥਿਡ਼ਕਦੀ ਆਵਾਜ਼ ਵਿਚ ਪੱਗ ਦੇ ਲਡ਼ ਨਾਲ ਅੱਖਾਂ ਪੂੰਝਦਿਆਂ ਮਸੀਂ ਕਿਹਾ। ਉਸ ਅਣ-ਵਿਆਹੇ ਪੁੱਤਰ ਦੀਆਂ ਅੱਖਾਂ ਵਿੱਚੋਂ ਮਾਂ ਦੀ ਮਮਤਾ ਦੇ ਖੋਹੇ ਜਾਣ ਦਾ ਭੈਅ ਦਿਖਾਈ ਦੇ ਰਿਹਾ ਸੀ।
-0-
-0-