ਪ੍ਰੀਤ ਨੀਤਪੁਰ
ਬਿੰਦ ਝੱਟ ਵਿੱਚ ਹੀ ਜੰਗਲ ਦੀ ਅੱਗ ਵਾਂਗ ਸਾਰੇ ਪਿੰਡ ਵਿੱਚ ਗੱਲ ਫੈਲ ਗਈ। ਸੱਚੀਂ, ਕੇਰਾਂ ਹੀ ‘ਬੂ-ਬੂ’ ਸ਼ੁਰੂ ਹੋ ਗਈ।
“ਬਕਰੀਆਂ ਵਾਲੇ ਬਾਜੂ ਦੀ ਕੁੜੀ ਨੇ ਖੂਹ ’ਚ ਛਾਲ ਮਾਰਤੀ…।”
“ਇਹ ਕੀ ਭਾਣਾ ਵਰਤ ਗਿਆ…?”ਸਿਆਣਿਆਂ ਬਜ਼ੁਰਗਾਂ ਦੇ ਮੱਥੇ ਠਣਕੇ।
“ਪਟੋਲਾ ਪਿੰਡ ਸੁੰਨਾ ਕਰ ਗਿਆ।” ਮੁੰਡੀਰ ਦੇ ਪੈਰਾਂ ਥੱਲੇ ਅੱਗ ਮੱਚੀ।
“ਛਾਲ ਮਾਰੀ ਕਿਉਂ…?” ਮੁਖਬਰਾਂ, ਚੁਗਲਖੋਰਾਂ ਤੇ ‘ਮਨਸਾਂ’ ਦੇ ਮਾੜਿਆਂ ਬੰਦਿਆਂ ਨੇ ਕੰਨਸੋਆਂ ਲੈਣੀਆਂ ਤੇ ਪੈੜਾਂ ਦੱਬਣੀਆਂ ਸ਼ੁਰੂ ਕਰਤੀਆਂ।
‘ਹਾਏ-ਹਾਏ ਨੀ ਲੋਹੜਾ…! ਡੁਬੜੀ ਨੇ ਇਹ ਕੀ ਕੀਤੈ…?”
ਇੱਕ-ਦੂਜੀ ਕੋਲੋਂ ‘ਵਿਚਲੀ ਗੱਲ’ ਸੁੰਘਣ ਦੀ ਕੋਸ਼ਿਸ਼ ਵਿੱਚ ਔਰਤਾਂ ਮੂੰਹ ਜੋੜ-ਜੋੜ ਗੱਲਾਂ ਕਰਦੀਆਂ।
“ਨੀ ਕੁੜੀ ਤਾਂ ਸਾਊ ਸੀ, ਡੁੱਬੜੀ…।”
“ਨੀ ਸਾਊ ਹੁੰਦੀ ਤਾਂ…ਆਹ ਚੰਦ ਚੜ੍ਹਾਉਂਦੀ…।”
ਬੁੜ੍ਹੀ ਅਤਰੀ ਬੋਲੀ, “ਥੋਨੂੰ ਨ੍ਹੀਂ ਵਿਚਲੀ ਗੱਲ ਦਾ ਪਤਾ, ਭੈੜੀਓ…।”
ਵਿਚਲੀ ਗੱਲ ਸੁਣਨ ਲਈ ਔਰਤਾਂ ਨੇ ਕੰਨ ਖੜੇ ਕਰ ਲਏ ਸੀ। ਤੇ ਫਿਰ ਬੁੜ੍ਹੀ ਅਤਰੀ ਨੇ ਬੜੇ ਹੀ ਭੇਤ-ਭਰੇ ਅੰਦਾਜ਼ ਨਾਲ ਮਹੀਨ ਆਵਾਜ਼ ਵਿੱਚ ਜੋ ਕੁਝ ਕਿਹਾ, ਸੁਣ ਕੇ ਉਨ੍ਹਾਂ ਦੇ ਮੂੰਹ ਹੈਰਾਨੀ ਨਾਲ ਖੁਲ੍ਹੇ ਦੇ ਖੁਲ੍ਹੇ ਰਹਿ ਗਏ।
“ਹੈਂ…!” ਜਿਵੇਂ ਬੰਬ ਫਟ ਗਿਆ ਹੋਵੇ।
“ਨੀ ਚੰਦਰੀ ਦੀ ਉਮਰ ਈ ਅਜੇ ਕੀ ਸੀ…ਤੇ ਉਲਾਂਭਾ ਕਿੱਡਾ ਖੱਟਗੀ ਜਗ ਤੋਂ…।”
ਤੇ ਫਿਰ ਉਹ ਕਿੰਨਾਂ ਹੀ ਚਿਰ ਘੁਸਰ-ਮੁਸਰ ਕਰਦੀਆਂ ਰਹੀਆਂ।
-0-
1 comment:
ਉਲਾਂਭਾ ਕਹਾਣੀ ਪੜ੍ਹੀ ....ਕੀ ਕਹਾਂ ਏਸ ਬਾਰੇ....ਸਾਡੀ ਜੁਆਨੀ ਭਟਕ ਗਈ ਹੈ ..ਜੇ ਏਸ ਵਰਤਾਰੇ ਨੂੰ ਵਿਦੇਸ਼ੀ ਸੱਭਿਅਤਾ ਨਾਲ਼ ਮਿਲਾਉਂਦੇ ਹੋਏ ਵੇਖੀਏ ਤਾਂ ਇਓਂ ਲੱਗਦਾ ਹੈ ਕਿ ਅਜੇ ਵੀ ਸ਼ਰਮ-ਹਿਆ ਬਾਕੀ ਹੈ ...ਗਲਤੀ ਕਰ ਤਾਂ ਲਈ...ਏਸ ਨੂੰ ਝੱਲਣਾ ਔਖਾ ਹੋ ਗਿਆ...
ਹਰਦੀਪ
Post a Comment