ਮੰਗਤ ਕੁਲਜਿੰਦ
“ਹੁਣ ਕੀ ਹੋ ਗਿਆ, ਕਿਉਂ ਰੋਕ ਲਈ ਐਥੇ?” ਕਨੇਡਾ ਤੋਂ ਪਰਿਵਾਰ ਸਮੇਤ ਪਿੰਡ ਛੁੱਟੀਆਂ ਕੱਟਣ ਆਇਆ ਕੁਲਦੀਪ, ਸ਼ਹਿਰੋਂ ਬਾਹਰ ਜੀ.ਟੀ. ਰੋਡ ਉੱਪਰ ਕਾਰ ਰੋਕ ਜਿਉਂ ਹੀ ਬਾਹਰ ਨਿਕਲਿਆ, ਉਦੋਂ ਹੀ ਉਹਦੀ ਮਾਂ ਪ੍ਰਸਿੰਨੀ ਨੇ ਮਲਵੇਂ ਜਿਹੇ ਗੁੱਸੇ ਨਾਲ ਨੂੰਹ ਨੂੰ ਪੁੱਛਿਆ।
“ਮੱਮਾ, ਉਹ ਸਾਹਮਣੇ ਸਟੋਰ ਤੋਂ ਵਾਈਨ ਲੈਣ ਗਏ ਨੇ, ਘਰੇ ਬਿਲਕੁਲ ਖਤਮ ਸੀ।”
“ਵੋ…ਆ…ਹ! ਮੌਮ, ਕਿਆ ਬਿਉਟੀਫੁਲ ਪੇਂਟਿੰਗ ਹੈ ਸਾਹਮਣੇ! ਦੇਖੋ ਨਾ, ਦੋ ਬਿਉਟੀਫੁਲ ਲੇਡੀਜ ਔਰ ਏਕ ਹੈਂਡਸਮ ਬੁਆਏ, ਜੰਗਲ ਮੇਂ ਇਨਜੁਆਏ ਕਰ ਰਹੇ ਹੈਂ…!” ਸ਼ਰਾਬ ਦੇ ਠੇਕੇ ਅੱਗੇ ਲੱਗੀ ਇਕ ਬਹੁਤ ਹੀ ਵੱਡੀ ਪੇਂਟਿੰਗ, ਜਿਸ ਵਿਚ ਦੋ ਲਗਭਗ ਨਗਨ ਲਡ਼ਕੀਆਂ ਇੱਕ ਨੌਜਵਾਨ ਨੂੰ ਪੈੱਗ ਦੇ ਰਹੀਆਂ ਸਨ, ਵੱਲ ਦੇਖਦਿਆਂ ਕੁਲਦੀਪ ਦੀ ਨੌਂ ਸਾਲਾ ਬੇਟੀ ਕਿੱਸ ਨੇ ਆਪਣੀ ਮੰਮੀ ਨੂੰ ਹਲੂਣਿਆ।
“ਯੈਸ ਬੇਟਾ! ਦੇਖਾ ਪੰਜਾਬ ਮੇਂ ਭੀ ਅਬ ਐਸੀ ਪੇਂਟਿੰਗ ਮਿਲਤੀ ਹੈਂ।”
“ਪਰ ਮੌਮ, ਇਸ ਮੇਂ ਏਕ ਪ੍ਰਾਬਲਮ ਹੈ, ਵੋ ਜੋ ਪੇਡ਼ੋਂ ਕੀ ਡਾਲੀਆਂ ਇਨ ਕੀ ਬਾਡੀਜ ਪਰ ਪਡ਼ ਰਹੀ ਹੈਂ ਨਾ, ਉਸ ਸੇ ਯੇ ਭੱਦੀ ਲੱਗ ਰਹੀ ਹੈਂ। ਪੇਡ਼ੋਂ ਕੋ ਐਸੇ ਨਹੀਂ ਕਰਨਾ ਚਾਹੀਏ ਥਾ।”
ਕਿੱਸ ਦੀ ਮੰਮੀ ਕੁੱਝ ਬੋਲਦੀ ਉਸ ਤੋਂ ਪਹਿਲਾਂ ਹੀ ਪ੍ਰਸਿੰਨੀ ਦੀ ਨਿਗਾਹ ਉਸ ਪੇਂਟਿੰਗ ਉੱਤੇ ਪੈ ਗਈ। ਮਨ ਵਿਚ ਕੁਝ ਹੀਣਤਾ ਮਹਿਸੂਸ ਕਰਦਿਆਂ ਉਸ ਨੇ ਨਿਹੋਰਾ ਦੇਣ ਦੇ ਰਉਂ ਵਿਚ ਕਿਹਾ, “ਨਹੀਂ ਬੇਟਾ, ਉਹਨਾਂ ਦਰੱਖਤਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਉਹ ਤਾਂ ਔਰਤ ਦੇ ਬਦਨ ਦੀ ਭੱਦੀ ਨੁਮਾਇਸ਼ ਵੇਖਕੇ ਸ਼ਰਮ ਨਾਲ ਪਾਣੀ-ਪਾਣੀ ਹੋ ਕੇ ਝੁਕ ਗਏ ਨੇ।”
ਕਿੱਸ ਨੂੰ ਕੁਝ ਸਮਝ ਲੱਗਿਆ ਜਾਂ ਨਹੀਂ, ਪਰ ਉਸ ਦੀ ਮੰਮੀ ਨੇ ਮਨ ਵਿਚ ਦੁਹਰਾਇਆ, ‘ਇਹ ਬੁਡ਼੍ਹੀ ਜ਼ਮਾਨੇ ਮੁਤਾਬਿਕ ਨਹੀਂ ਬਦਲੇਗੀ।”
-0-