-moz-user-select:none; -webkit-user-select:none; -khtml-user-select:none; -ms-user-select:none; user-select:none;

Monday, July 26, 2010

ਬਜ਼ੁਰਗ

ਰਸ਼ੀਦ ਅੱਬਾਸ
            ਹਾਡ਼ ਦੇ ਮਹੀਨੇ ਹੈਦਰ ਸ਼ੇਖ ਦੇ ਜੇਠੀ ਚੌਂਕੀ ਕਾਰਨ ਬਾਜ਼ਾਰ ਵਿਚ ਭੀਡ਼ ਸੀ। ਰੇਹਡ਼ੀ ਉੱਪਰ ਸਰੀਆ ਲੱਦੀ ਆ ਰਿਹਾ ਇਕ ਮਜ਼ਦੂਰ ਜਦੋਂ ਭੀਡ਼ ਤੋਂ ਬਚਾਉਂਦਾ ਹੋਇਆ ਰੇਹਡ਼ੀ ਸਡ਼ਕ ਕਿਨਾਰੇ ਖਡ਼ੇ ਇਕ ਮੋਟਰ ਸਾਈਕਲ ਲਾਗਿਓਂ ਕੱਢਣ ਲੱਗਾ ਤਾਂ ਰੇਹਡ਼ੀ ਉੱਪਰ ਲੱਦਿਆ ਸਰੀਆ ਮੋਟਰ ਸਾਈਕਲ ਨਾਲ ਖਹਿਣ ਲੱਗਿਆ।
           “ਦੇਖੀਂ ਬਜੁਰਗਾ! ਕਿਤੇ ਹੋਰ ਨੁਕਸਾਨ ਈ ਨਾ ਕਰਦੀਂ…ਇਕ ਪਾਸੇ ਕਰਕੇ ਕੱਢ ਲੈ…ਸਰੀਆ ਵੀ ਸਾਰੇ ਸ਼ਹਿਰ ਦਾ ਈ ਲੱਦੀ ਫਿਰਦੈਂ…।” ਮੋਟਰ ਸਾਈਕਲ ਦੀ ਫਿਕਰ ਵਿਚ, ਸ਼ਾਪਿੰਗ ਅੱਧ ਵਿਚਾਲੇ ਛੱਡ, ਮਾਸਟਰ ਮਿੰਦਰ ਸਿੰਘ ਸ਼ੋਰੂਮ ਵਿੱਚੋਂ ਤੇਜ਼ੀ ਨਾਲ ਬਾਹਰ ਆਉਂਦੇ ਹੋਏ ਬੋਲਿਆ।
           “ਸਾਸਰੀ ਕਾਲ ਮਾਸਟਰ ਜੀ…!”ਮਜ਼ਦੂਰ ਨੇ ਨਿਮਰਤਾ ਪੂਰਵਕ ਹੱਥ ਜੋਡ਼ਦਿਆਂ ਕਿਹਾ।
           “ਸਤਿ ਸ੍ਰੀ ਅਕਾਲ! ਬਜੁਰਗਾ, ਤੂੰ ਐਨਾ ਸਰੀਆ ਕਿਉਂ ਲੱਦਿਆ?…ਆਪਣੀ ਉਮਰ ਦਾ ਤਾਂ ਖਿਆਲ ਕਰਿਆ ਕਰ…।” ਮਜ਼ਦੂਰ ਦੀ ਧੌਲੀ ਦਾਡ਼੍ਹੀ ਤੇ ਖਸਤਾ ਸਿਹਤ ਵੱਲ ਵੇਖਦਿਆਂ ਮਾਸਟਰ ਜੀ ਨੇ ਆਪਣੀ ਡਾਈ ਕੀਤੀ ਦਾਡ਼੍ਹੀ ਤੇ ਹੱਥ ਫੇਰਦਿਆਂ ਹਮਦਰਦੀ ਭਰੇ ਲਹਿਜੇ ਵਿਚ ਕਿਹਾ।
           “ਮਾਸਟਰ ਜੀ…ਤੁਸੀਂ ਸ਼ੈਦ ਪਛਾਣਿਆ ਨੀਂ…ਤਾਹੀਓਂ ਮੈਨੂੰ ਬਾਰ-ਬਾਰ ਬਜ਼ੁਰਗ ਕਹੀ ਜਾਨੇ ਓਂ…ਮੈਂ ਬੰਤਾ ਆਂ…ਥੋਡਾ ਸ਼ਗਿਰਦ…ਰੁਡ਼ਕੀ ਪਿੰਡ ਦੇ ਵਿਹਡ਼ੇ ਆਲਾ…।” ਪਰਨੇ ਨਾਲ ਮੁਡ਼੍ਹਕਾ ਸਾਫ ਕਰਦਿਆਂ ਮਜ਼ਦੂਰ ਨੇ ਕਿਹਾ।
           ਭੀਡ਼ ਦੇ ਧੱਕਿਆਂ ਕਾਰਨ ਬੰਤਾ ਰੇਹਡ਼ੀ ਧੱਕਦਾ ਅੱਗੇ ਹੋ ਗਿਆ ਅਤੇ ਮਾਸਟਰ ਜੀ ਧੱਕਿਆਂ ਤੋਂ ਬੇਸੁਧ ਖਡ਼ੇ ਪੰਦਰਾਂ-ਵੀਹ ਸਾਲ ਪਹਿਲੇ ਉਹਨਾਂ ਦਿਨਾਂ ਬਾਰੇ ਸੋਚਣ ਲੱਗੇ ਜਦੋਂ ਬੰਤਾ ਦਸਵੀਂ ਜਮਾਤ ਦਾ ਹੋਣਹਾਰ ਵਿਦਿਆਰਥੀ ਸੀ।
                                                                             -0-

No comments: