-moz-user-select:none; -webkit-user-select:none; -khtml-user-select:none; -ms-user-select:none; user-select:none;

Monday, July 19, 2010

ਕਾਲੀ ਧੁੱਪ




ਵਰਿਆਮ ਸੰਧੂ


ਤਿੱਖਡ਼ ਦੁਪਹਿਰ। ਕਿਰਨਾਂ ਦੇ ਮੂੰਹ ਵਿੱਚੋਂ ਅੱਗ ਵਰ੍ਹਦੀ ਪਈ ਸੀ।
ਸਵੇਰੇ ਸੂਰਜ ਚਡ਼੍ਹਨ ਤੋਂ ਪਹਿਲਾਂ ਦੀਆਂ, ਦੋਵੇਂ ਮਾਵਾਂ-ਧੀਆਂ, ਪੈਲੀ-ਪੈਲੀ ਫਿਰ ਕੇ ਕਣਕ ਦੇ ਵੱਢਾਂ ਵਿੱਚੋਂ ਸਿੱਟੇ ਚੁਣ ਰਹੀਆਂ ਸਨ। ਸਾਰੇ ਦਿਨ ਦੀ ਹੱਡ-ਭੰਨਵੀਂ ਮਿਹਨਤ ਕਰਕੇ ਮਸਾਂ ਰਾਤ ਦੇ ਇਕ ਡੰਗ ਦੀ ਰੋਟੀ।
ਬੁਢਡ਼ੀ ਮਾਂ ਥੱਕ ਕੇ ਵੱਢ ਦੇ ਕਿਨਾਰੇ ਇਕ ਛੋਟੀ ਜਿਹੀ ਬੇਰੀ ਹੇਠਾਂ ਬੈਠ ਗਈ। ਪਰ ਧੀ ਸਿੱਟੇ ਚੁਣਦੀ ਜਾ ਰਹੀ ਸੀ, ਚੁਣਦੀ ਜਾ ਰਹੀ ਸੀ। ਪਸੀਨਾ ਚੋ ਚੋ ਕੇ ਉਸਦੇ ਸਾਂਵਲੇ ਰੰਗ ਵਿਚ ਘੁਲਦਾ ਜਾ ਰਿਹਾ ਸੀ।
ਪਰੇ ਸਡ਼ਕ ਉੱਤੋਂ ਉੱਤਰ ਕੇ, ਡੰਡੀ ਡੰਡੀ, ਮਹਿਲਾਂ ਵਾਲੇ ਸਰਦਾਰਾਂ ਦੀਆਂ ਦੋਵੇਂ ਕੁਡ਼ੀਆਂ ਸ਼ਹਿਰੋਂ ਪਡ਼੍ਹ ਕੇ ਮੁਡ਼ ਰਹੀਆਂ ਸਨ। ਕਾਲੀਆਂ ਐਨਕਾਂ ਲਾਈ, ਛਤਰੀਆਂ ਤਾਣੀ। ਫਿੱਟ ਕਪਡ਼ਿਆਂ ਵਿਚ ਉਹਨਾਂ ਦੇ ਸ਼ਰੀਰ ਦੀਆਂ ਗੁਲਾਈਆਂ ਮੱਛੀਆਂ ਵਾਂਗ ਮਚਲ ਰਹੀਆਂ ਸਨ। ਰੁਮਾਲਾਂ ਨਾਲ ਮੂੰਹ ਨੂੰ ਹਵਾ ਦਿੰਦੀਆਂ, ਆਪੋ ਵਿਚ ਗੱਲਾਂ ਕਰਦੀਆਂ ਖਿਡ਼ ਖਿਡ਼ ਹੱਸਦੀਆਂ, ਉਹ ਉਹਨਾਂ ਕੋਲੋਂ ਗੁਜ਼ਰ ਗਈਆਂ।
ਧੀ ਉਹਨਾਂ ਨੂੰ ਜਾਂਦਿਆਂ ਕਿੰਨਾਂ ਚਿਰ ਪਿੱਛੋਂ ਵੇਖਦੀ ਰਹੀ। ਪਸੀਨਾ ਉਸ ਦੇ ਸਿਰ ਤੋਂ ਲੈ ਕੇ ਪੈਰਾਂ ਤਾਈਂ ਚੋ ਰਿਹਾ ਸੀ। ਉਹਦੇ ਲੱਕ ਵਿੱਚੋਂ ਥਕਾਵਟ ਨਾਲ ਪੀਡ਼ਾਂ ਨਿਕਲ ਰਹੀਆਂ ਸਨ। ਢਿੱਡ ਵਿਚ ਭੁੱਖ ਨਾਲ ਵੱਟ ਪੈ ਰਹੇ ਸਨ। ਪਿੰਡੇ ਵਿਚ ਜਿਵੇਂ ਸੂਈਆਂ ਚੁਭ ਰਹੀਆਂ ਹੋਣ। ਉਸਨੂੰ ਲੱਗਾ ਜਿਵੇਂ ਉਹ ਹੁਣੇ ਡਿੱਗ ਪਵੇਗੀ। ਕਾਹਲੀ ਕਾਹਲੀ ਉਹ ਮਾਂ ਦੇ ਕੋਲ ਬੇਰੀ ਹੇਠਾਂ ਜਾ ਕੇ ਬੈਠ ਗਈ। ਬੇਰੀ ਦੇ ਪੱਤਿਆਂ ਦੀਆਂ ਵਿਰਲਾਂ ਰਾਹੀਂ ਧੁੱਪ ਛਣ ਛਣ ਕੇ ਪੈ ਰਹੀ ਸੀ।
ਟਾਕੀਆਂ ਲੱਗੀ ਸਲਵਾਰ ਨੂੰ ਉਸ ਗਿੱਟਿਆਂ ਤੋਂ ਉਤਾਂਹ ਚੁੱਕਿਆ। ਫਿਰ ਪਾਟੀ ਚੁੰਨੀ ਨਾਲ ਮੁਡ਼੍ਹਕਾ ਪੂੰਝਿਆ। ਉਹਦੇ ਸਰੀਰ ਦਾ ਅੰਗ ਅੰਗ ਥਕਾਵਟ ਵਿਚ ਨਿੰਦਰਾਇਆ ਪਿਆ ਸੀ। ਉਸ ਦਾ ਜੀਅ ਕੀਤਾ, ਛਾਵੇਂ ਲੰਮੀ ਪੈ ਜਾਵੇ। ਸੌਂ ਜਾਵੇ…

ਤੇ ਫਿਰ ਪਤਾ ਨਹੀਂ, ਮਹਿਲਾਂ ਵਾਲੀਆਂ, ਦੂਰ ਪਿੰਡ ਵਡ਼ਦੀਆਂ ਕੁਡ਼ੀਆਂ ਦੀਆਂ ਪਿੱਠਾਂ ’ਤੇ ਨਜ਼ਰ ਗੱਡੀ ਉਸ ਨੂੰ ਕੀ ਖਿਆਲ ਆਇਆ। ਮਾਂ ਨੂੰ ਪੁੱਛਣ ਲੱਗੀ, ਮਾਂ ਨੀ ਮਾਂ! ਭਲਾ ਜਵਾਨੀ ਕਦੋਂ ਕੁ ਆਉਂਦੀ ਹੈ?
ਬੁੱਢਡ਼ੀ ਮਾਂ ਨੇ ਚੁੱਚੀਆਂ ਅੱਖਾਂ ਵਿੱਚੋਂ ਧੀ ਦੇ ਚਿਹਰੇ ਵੱਲ ਡੂੰਘਾ ਤੱਕਿਆ। ਫਿਰ ਜਿਵੇਂ ਕੋਈ ਫਿਲਾਸਫਰ ਬੋਲਦਾ ਹੈ, ਪੁੱਤ! ਜਦੋਂ ਬਹੁਤ ਹਾਸਾ ਆਵੇ। ਖਿਡ਼ ਖਿਡ਼ਾ ਕੇ – ਬਿਨਾਂ ਕਿਸੇ ਗੱਲ ਤੋਂ…।
ਕੁਡ਼ੀ ਦੇ ਬੋਲਾਂ ਵਿਚ ਜਿਵੇਂ ਸਾਰੇ ਜਹਾਨ ਦਾ ਦਰਦ ਇਕੱਠਾ ਹੋ ਗਿਆ, ਹਾਇ! ਹਾਇ!…ਨੀ ਮਾਂ ਇਹ ਤਾਂ ਪਿਛਲੇ ਸਾਲ ਬਡ਼ਾ ਆਇਆ ਸੀ…।ਹੱਥ ਵਿਚ ਫਡ਼ਿਆ ਸਿੱਟਾ ਉਸ ਉਂਗਲਾਂ ਵਿਚ ਜ਼ੋਰਾਂ ਦੀ ਮਲ ਦਿੱਤਾਂ।
ਦੂਰ ਤੱਕ ਚਾਰੇ ਪਾਸੇ ਕਾਲੀ ਧੁੱਪ ਧਰਤੀ ਦਾ ਪਿੰਡਾ ਲੂਹ ਰਹੀ ਸੀ।
                                                   -0-

1 comment:

Anonymous said...

ਸੱਚ ਕਿਹਾ ਸੰਧੂ ਸਾਹਿਬ..ਗਰੀਬੀ ਇੱਕ ਐਹੋ ਜਿਹਾ ਸਰਾਪ ਹੈ ਜੋ ਕੁਝ ਵੀ ਵੇਖਣ-ਹੰਡਾਉਣ ਨਹੀਂ ਦਿੰਦੀ..ਐਥੋਂ ਤੱਕ ਕਿ ਆਈ ਜਵਾਨੀ ਦੀ ਵੀ ਬਿੜਕ ਨਹੀਂ ਹੋਣ ਦਿੰਦੀ....
ਤੁਹਾਡੀ ਲਿਖੀ ਕਹਾਣੀ ਪੜ੍ਹ ਦਿਲ ਦਾ ਰੁੱਗ ਭਰ ਆਇਆ...ਕਿੰਨਾ ਦਰਦ ਭਰਿਆ ..ਇੱਕ ਹਕੀਕਤ ਨੂੰ ਬਿਆਨ ਕੀਤਾ !
ਹਰਦੀਪ
http://punjabivehda.wordpress.com