-moz-user-select:none; -webkit-user-select:none; -khtml-user-select:none; -ms-user-select:none; user-select:none;

Saturday, August 14, 2010

ਸ਼ਰੀਫਾਂ




 ਸੋਢੀ ਸੱਤੋਵਾਲੀ

ਪਿੰਡ ਦੀ ਗਲੀ, ਮੁਹੱਲੇ ਅਤੇ ਘਰ-ਘਰ ਵਿਚ ਸ਼ਰੀਫਾਂ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਪਿੰਡ ਦੀਆਂ ਤ੍ਰੀਮਤਾਂ ਮੂੰਹ ਵਿਚ ਮੂੰਹ ਪਾ ਕੇ ਇਕ ਦੂਜੀ ਨਾਲ ਗੱਲਾਂ ਕਰ ਰਹੀਆਂ ਸਨ। ਸ਼ਰੀਫਾਂ ਦੀ ਜੰਞ ਪਿੰਡ ਦੀ ਲਹਿੰਦੀ ਪੱਤੀ ਦੀ ਧਰਮਸ਼ਾਲਾ ਵਿਚ ਉੱਤਰੀ ਹੋਈ ਸੀ। ਵੱਡੇ ਤਡ਼ਕੇ ਲਾਵਾਂ ਦੇ ਸਮੇਂ ਤੋਂ ਹੀ ਵਿਆਂਦਡ਼ ਕੁਡ਼ੀ ਸ਼ਰੀਫਾਂ ਘਰੋਂ ਲਾਪਤਾ ਸੀ। ਮਾਂ ਪਿਓ ਦੀ ਖਾਨਿਓਂ ਗਈ ਅਤੇ ਸਾਰਾ ਪਿੰਡ ਆਪਣੀ ਨੱਕ ਵੱਢੀ ਗਈ ਮਹਿਸੂਸ ਕਰਦਾ ਸੀ।
ਵਿਆਹ ਤੋਂ ਹਫਤਾ ਪਹਿਲਾਂ ਹੀ ਸ਼ਰੀਫਾਂ ਨੇ ਆਪਣੇ ਮਾਂ ਬਾਪ ਨੂੰ ਸਾਫ ਸਾਫ ਦੱਸ ਦਿੱਤਾ ਸੀ, ਮਾਂ, ਮੈਂ ਕਿਸੇ ਹਾਲਤ ਵਿਚ ਵੀ ਦੂਜੀ ਥਾਂ ਵਿਆਹ ਨਹੀਂ ਕਰਵਾਉਣਾ।
ਪਰ ਮਾਪਿਆਂ ਨੇ ਸ਼ਰੀਫਾਂ ਦੀ ਗੱਲ ਸੁਣੀ ਅਣਸੁਣੀ ਕਰਕੇ ਵਿਆਹ ਦਾ ਦਿਨ ਰੱਖ ਦਿੱਤਾ ਸੀ।
ਪਿੰਡ ਦੀ ਪੰਚਾਇਤ ਬਰਾਤ ਵਾਲਿਆਂ ਦਾ ਦਿਲ ਰੱਖਣ ਲਈ ਕਹਿ ਰਹੀ ਸੀ, ਭਾਈ ਸਾਹਿਬ! ਅਸੀਂ ਬਡ਼ੇ ਸ਼ਰਮਿੰਦਾ ਹਾਂ, ਤੁਹਾਨੂੰ ਬਡ਼ਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕੁਡ਼ੀ ਨੇ ਮਾਂ ਬਾਪ ਦੀ ਹੀ ਨਹੀਂ ਸਗੋਂ ਸਾਰੇ ਪਿੰਡ ਦੀ ਇੱਜ਼ਤ ਮਿੱਟੀ ਵਿਚ ਮਿਲਾ ਦਿੱਤੀ ਹੈ। ਅੱਜ ਦਾ ਦਿਨ ਠਹਿਰੋ, ਅਸੀਂ ਤੁਹਾਨੂੰ ਖਾਲੀ ਨਹੀਂ ਤੋਰ ਸਕਦੇ।
ਵਿੱਚੋਂ ਖੁੰਢਾਂ ਤੇ ਬੈਠੇ ਚੋਭਰ ਸ਼ਰੀਫਾਂ ਅਤੇ ਰਸ਼ੀਦ ਤੋਂ ਬਲਿਹਾਰੇ ਜਾ ਰਹੇ ਸਨ। ਕੋਈ ਆਖਦਾ, ਕੱਲ੍ਹ ਨੂੰ ਭਾਵੇਂ ਕੁੱਝ ਵੀ ਹੋਵੇ, ਪਰ ਯਾਰੀ ਆਖਦੇ ਨੇ ਇਸ ਨੂੰ। ਇਕ ਵਾਰੀ ਤਾਂ ਪੁਗਾ ਕੇ ਵਿਖਾ ਦਿੱਤੀ ਨਾ ਯਾਰੀ।
ਦੂਜਾ ਆਖਦਾ, ਪੰਚਾਇਤ ਵਾਲਿਆਂ ਬਰਾਤ ਤੋਂ ਛਿੱਕੂ ਲੈਣੇ ਐ? ਖਾਲੀ ਜਾਣ ਦੇਣ ਬਰੰਗ, ਪਤਾ ਲੱਗ ਜੇ ਬਈ ਪਿਆਰ ਤੇ ਜਵਾਨੀ ਪੈਸਿਆਂ ਨਾਲ ਨਹੀਂ ਖਰੀਦੇ ਜਾ ਸਕਦੇ।
ਖੂਹ ਤੋਂ ਜਾਂਦੀਆਂ ਮੁਟਿਆਰਾਂ ਵੀ ਸ਼ਰੀਫਾਂ ਦੀ ਗੱਲ ਕਰਕੇ ਇਕ ਦੂਜੀ ਦੇ ਕੰਨਾਂ ਵਿਚ ਘੁਸਰ ਮੁਸਰ ਕਰ ਰਹੀਆਂ ਸਨ ਤੇ ਦੁਪੱਟੇ ਮੂੰਹਾਂ ਵਿਚ ਲੈ ਕੇ ਆਪਣੇ ਭਾਵ ਪ੍ਰਗਟ ਕਰ ਰਹੀਆਂ ਸਨ।
ਇਕ ਨੇ ਕਿਹਾ, ਨੀ ਉਸ ਦਾ ਕੀ ਕਸੂਰ? ਕਸੂਰ ਤਾਂ ਸਾਰਾ ਸ਼ਰੀਫਾਂ ਦੇ ਬਾਪੂ ਦਾ ਐ, ਜਿਸ ਨੇ ਧੀ ਨੂੰ ਖੂਹ ’ਚ ਧੱਕਾ ਦੇਣ ਦੀ ਸੋਚੀ ਸੀ।
ਦੂਜੀ ਬੋਲੀ, ਚੰਗਾ ਹੋਇਆ ਸ਼ਰੀਫਾਂ ਨੇ ਦੋਹਾਂ ਧਿਰਾਂ ਨੂੰ ਸਬਕ ਸਿਖਾ ਦਿੱਤਾ। ਲੋਕ ਧੀਆਂ ਨੂੰ ਗਊਆਂ ਸਮਝ, ਰੱਸਾ ਜਿਸ ਨੂੰ ਮਰਜੀ ਫਡ਼ਾ ਦਿੰਦੇ ਨੇ।
ਪਿੰਡ ਦੇ ਸਿਆਣੇ ਬੰਦਿਆਂ ਨੇ ਕਈ ਘਰ ਟੋਹੇ ਕਿ ਬਰਾਤ ਨੂੰ ਖਾਲੀ ਨਾ ਤੋਰਿਆ ਜਾਵੇ, ਪਰ ਗਰੀਬ ਤੋਂ ਗਰੀਬ ਘਰ ਨੇ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ।
ਸ਼ਾਮ ਦੇ ਘੁਸਮੁਸੇ ਵਿਚ ਬਰਾਤ ਕਿਸੇ ਮਕਾਣ ਵਾਂਗ ਚੁੱਪਚਾਪ ਮੂੰਹ ਲਟਕਾਈ ਨਿੰਮੋਝੂਣੀ ਜਿਹੀ ਹੋ ਵਾਪਿਸ ਬਰੰਗ ਪਰਤ ਰਹੀ ਸੀ।
                                                     -0-

No comments: