-moz-user-select:none; -webkit-user-select:none; -khtml-user-select:none; -ms-user-select:none; user-select:none;

Monday, July 26, 2010

ਬਜ਼ੁਰਗ

ਰਸ਼ੀਦ ਅੱਬਾਸ
            ਹਾਡ਼ ਦੇ ਮਹੀਨੇ ਹੈਦਰ ਸ਼ੇਖ ਦੇ ਜੇਠੀ ਚੌਂਕੀ ਕਾਰਨ ਬਾਜ਼ਾਰ ਵਿਚ ਭੀਡ਼ ਸੀ। ਰੇਹਡ਼ੀ ਉੱਪਰ ਸਰੀਆ ਲੱਦੀ ਆ ਰਿਹਾ ਇਕ ਮਜ਼ਦੂਰ ਜਦੋਂ ਭੀਡ਼ ਤੋਂ ਬਚਾਉਂਦਾ ਹੋਇਆ ਰੇਹਡ਼ੀ ਸਡ਼ਕ ਕਿਨਾਰੇ ਖਡ਼ੇ ਇਕ ਮੋਟਰ ਸਾਈਕਲ ਲਾਗਿਓਂ ਕੱਢਣ ਲੱਗਾ ਤਾਂ ਰੇਹਡ਼ੀ ਉੱਪਰ ਲੱਦਿਆ ਸਰੀਆ ਮੋਟਰ ਸਾਈਕਲ ਨਾਲ ਖਹਿਣ ਲੱਗਿਆ।
           “ਦੇਖੀਂ ਬਜੁਰਗਾ! ਕਿਤੇ ਹੋਰ ਨੁਕਸਾਨ ਈ ਨਾ ਕਰਦੀਂ…ਇਕ ਪਾਸੇ ਕਰਕੇ ਕੱਢ ਲੈ…ਸਰੀਆ ਵੀ ਸਾਰੇ ਸ਼ਹਿਰ ਦਾ ਈ ਲੱਦੀ ਫਿਰਦੈਂ…।” ਮੋਟਰ ਸਾਈਕਲ ਦੀ ਫਿਕਰ ਵਿਚ, ਸ਼ਾਪਿੰਗ ਅੱਧ ਵਿਚਾਲੇ ਛੱਡ, ਮਾਸਟਰ ਮਿੰਦਰ ਸਿੰਘ ਸ਼ੋਰੂਮ ਵਿੱਚੋਂ ਤੇਜ਼ੀ ਨਾਲ ਬਾਹਰ ਆਉਂਦੇ ਹੋਏ ਬੋਲਿਆ।
           “ਸਾਸਰੀ ਕਾਲ ਮਾਸਟਰ ਜੀ…!”ਮਜ਼ਦੂਰ ਨੇ ਨਿਮਰਤਾ ਪੂਰਵਕ ਹੱਥ ਜੋਡ਼ਦਿਆਂ ਕਿਹਾ।
           “ਸਤਿ ਸ੍ਰੀ ਅਕਾਲ! ਬਜੁਰਗਾ, ਤੂੰ ਐਨਾ ਸਰੀਆ ਕਿਉਂ ਲੱਦਿਆ?…ਆਪਣੀ ਉਮਰ ਦਾ ਤਾਂ ਖਿਆਲ ਕਰਿਆ ਕਰ…।” ਮਜ਼ਦੂਰ ਦੀ ਧੌਲੀ ਦਾਡ਼੍ਹੀ ਤੇ ਖਸਤਾ ਸਿਹਤ ਵੱਲ ਵੇਖਦਿਆਂ ਮਾਸਟਰ ਜੀ ਨੇ ਆਪਣੀ ਡਾਈ ਕੀਤੀ ਦਾਡ਼੍ਹੀ ਤੇ ਹੱਥ ਫੇਰਦਿਆਂ ਹਮਦਰਦੀ ਭਰੇ ਲਹਿਜੇ ਵਿਚ ਕਿਹਾ।
           “ਮਾਸਟਰ ਜੀ…ਤੁਸੀਂ ਸ਼ੈਦ ਪਛਾਣਿਆ ਨੀਂ…ਤਾਹੀਓਂ ਮੈਨੂੰ ਬਾਰ-ਬਾਰ ਬਜ਼ੁਰਗ ਕਹੀ ਜਾਨੇ ਓਂ…ਮੈਂ ਬੰਤਾ ਆਂ…ਥੋਡਾ ਸ਼ਗਿਰਦ…ਰੁਡ਼ਕੀ ਪਿੰਡ ਦੇ ਵਿਹਡ਼ੇ ਆਲਾ…।” ਪਰਨੇ ਨਾਲ ਮੁਡ਼੍ਹਕਾ ਸਾਫ ਕਰਦਿਆਂ ਮਜ਼ਦੂਰ ਨੇ ਕਿਹਾ।
           ਭੀਡ਼ ਦੇ ਧੱਕਿਆਂ ਕਾਰਨ ਬੰਤਾ ਰੇਹਡ਼ੀ ਧੱਕਦਾ ਅੱਗੇ ਹੋ ਗਿਆ ਅਤੇ ਮਾਸਟਰ ਜੀ ਧੱਕਿਆਂ ਤੋਂ ਬੇਸੁਧ ਖਡ਼ੇ ਪੰਦਰਾਂ-ਵੀਹ ਸਾਲ ਪਹਿਲੇ ਉਹਨਾਂ ਦਿਨਾਂ ਬਾਰੇ ਸੋਚਣ ਲੱਗੇ ਜਦੋਂ ਬੰਤਾ ਦਸਵੀਂ ਜਮਾਤ ਦਾ ਹੋਣਹਾਰ ਵਿਦਿਆਰਥੀ ਸੀ।
                                                                             -0-

Monday, July 19, 2010

ਕਾਲੀ ਧੁੱਪ




ਵਰਿਆਮ ਸੰਧੂ


ਤਿੱਖਡ਼ ਦੁਪਹਿਰ। ਕਿਰਨਾਂ ਦੇ ਮੂੰਹ ਵਿੱਚੋਂ ਅੱਗ ਵਰ੍ਹਦੀ ਪਈ ਸੀ।
ਸਵੇਰੇ ਸੂਰਜ ਚਡ਼੍ਹਨ ਤੋਂ ਪਹਿਲਾਂ ਦੀਆਂ, ਦੋਵੇਂ ਮਾਵਾਂ-ਧੀਆਂ, ਪੈਲੀ-ਪੈਲੀ ਫਿਰ ਕੇ ਕਣਕ ਦੇ ਵੱਢਾਂ ਵਿੱਚੋਂ ਸਿੱਟੇ ਚੁਣ ਰਹੀਆਂ ਸਨ। ਸਾਰੇ ਦਿਨ ਦੀ ਹੱਡ-ਭੰਨਵੀਂ ਮਿਹਨਤ ਕਰਕੇ ਮਸਾਂ ਰਾਤ ਦੇ ਇਕ ਡੰਗ ਦੀ ਰੋਟੀ।
ਬੁਢਡ਼ੀ ਮਾਂ ਥੱਕ ਕੇ ਵੱਢ ਦੇ ਕਿਨਾਰੇ ਇਕ ਛੋਟੀ ਜਿਹੀ ਬੇਰੀ ਹੇਠਾਂ ਬੈਠ ਗਈ। ਪਰ ਧੀ ਸਿੱਟੇ ਚੁਣਦੀ ਜਾ ਰਹੀ ਸੀ, ਚੁਣਦੀ ਜਾ ਰਹੀ ਸੀ। ਪਸੀਨਾ ਚੋ ਚੋ ਕੇ ਉਸਦੇ ਸਾਂਵਲੇ ਰੰਗ ਵਿਚ ਘੁਲਦਾ ਜਾ ਰਿਹਾ ਸੀ।
ਪਰੇ ਸਡ਼ਕ ਉੱਤੋਂ ਉੱਤਰ ਕੇ, ਡੰਡੀ ਡੰਡੀ, ਮਹਿਲਾਂ ਵਾਲੇ ਸਰਦਾਰਾਂ ਦੀਆਂ ਦੋਵੇਂ ਕੁਡ਼ੀਆਂ ਸ਼ਹਿਰੋਂ ਪਡ਼੍ਹ ਕੇ ਮੁਡ਼ ਰਹੀਆਂ ਸਨ। ਕਾਲੀਆਂ ਐਨਕਾਂ ਲਾਈ, ਛਤਰੀਆਂ ਤਾਣੀ। ਫਿੱਟ ਕਪਡ਼ਿਆਂ ਵਿਚ ਉਹਨਾਂ ਦੇ ਸ਼ਰੀਰ ਦੀਆਂ ਗੁਲਾਈਆਂ ਮੱਛੀਆਂ ਵਾਂਗ ਮਚਲ ਰਹੀਆਂ ਸਨ। ਰੁਮਾਲਾਂ ਨਾਲ ਮੂੰਹ ਨੂੰ ਹਵਾ ਦਿੰਦੀਆਂ, ਆਪੋ ਵਿਚ ਗੱਲਾਂ ਕਰਦੀਆਂ ਖਿਡ਼ ਖਿਡ਼ ਹੱਸਦੀਆਂ, ਉਹ ਉਹਨਾਂ ਕੋਲੋਂ ਗੁਜ਼ਰ ਗਈਆਂ।
ਧੀ ਉਹਨਾਂ ਨੂੰ ਜਾਂਦਿਆਂ ਕਿੰਨਾਂ ਚਿਰ ਪਿੱਛੋਂ ਵੇਖਦੀ ਰਹੀ। ਪਸੀਨਾ ਉਸ ਦੇ ਸਿਰ ਤੋਂ ਲੈ ਕੇ ਪੈਰਾਂ ਤਾਈਂ ਚੋ ਰਿਹਾ ਸੀ। ਉਹਦੇ ਲੱਕ ਵਿੱਚੋਂ ਥਕਾਵਟ ਨਾਲ ਪੀਡ਼ਾਂ ਨਿਕਲ ਰਹੀਆਂ ਸਨ। ਢਿੱਡ ਵਿਚ ਭੁੱਖ ਨਾਲ ਵੱਟ ਪੈ ਰਹੇ ਸਨ। ਪਿੰਡੇ ਵਿਚ ਜਿਵੇਂ ਸੂਈਆਂ ਚੁਭ ਰਹੀਆਂ ਹੋਣ। ਉਸਨੂੰ ਲੱਗਾ ਜਿਵੇਂ ਉਹ ਹੁਣੇ ਡਿੱਗ ਪਵੇਗੀ। ਕਾਹਲੀ ਕਾਹਲੀ ਉਹ ਮਾਂ ਦੇ ਕੋਲ ਬੇਰੀ ਹੇਠਾਂ ਜਾ ਕੇ ਬੈਠ ਗਈ। ਬੇਰੀ ਦੇ ਪੱਤਿਆਂ ਦੀਆਂ ਵਿਰਲਾਂ ਰਾਹੀਂ ਧੁੱਪ ਛਣ ਛਣ ਕੇ ਪੈ ਰਹੀ ਸੀ।
ਟਾਕੀਆਂ ਲੱਗੀ ਸਲਵਾਰ ਨੂੰ ਉਸ ਗਿੱਟਿਆਂ ਤੋਂ ਉਤਾਂਹ ਚੁੱਕਿਆ। ਫਿਰ ਪਾਟੀ ਚੁੰਨੀ ਨਾਲ ਮੁਡ਼੍ਹਕਾ ਪੂੰਝਿਆ। ਉਹਦੇ ਸਰੀਰ ਦਾ ਅੰਗ ਅੰਗ ਥਕਾਵਟ ਵਿਚ ਨਿੰਦਰਾਇਆ ਪਿਆ ਸੀ। ਉਸ ਦਾ ਜੀਅ ਕੀਤਾ, ਛਾਵੇਂ ਲੰਮੀ ਪੈ ਜਾਵੇ। ਸੌਂ ਜਾਵੇ…

ਤੇ ਫਿਰ ਪਤਾ ਨਹੀਂ, ਮਹਿਲਾਂ ਵਾਲੀਆਂ, ਦੂਰ ਪਿੰਡ ਵਡ਼ਦੀਆਂ ਕੁਡ਼ੀਆਂ ਦੀਆਂ ਪਿੱਠਾਂ ’ਤੇ ਨਜ਼ਰ ਗੱਡੀ ਉਸ ਨੂੰ ਕੀ ਖਿਆਲ ਆਇਆ। ਮਾਂ ਨੂੰ ਪੁੱਛਣ ਲੱਗੀ, ਮਾਂ ਨੀ ਮਾਂ! ਭਲਾ ਜਵਾਨੀ ਕਦੋਂ ਕੁ ਆਉਂਦੀ ਹੈ?
ਬੁੱਢਡ਼ੀ ਮਾਂ ਨੇ ਚੁੱਚੀਆਂ ਅੱਖਾਂ ਵਿੱਚੋਂ ਧੀ ਦੇ ਚਿਹਰੇ ਵੱਲ ਡੂੰਘਾ ਤੱਕਿਆ। ਫਿਰ ਜਿਵੇਂ ਕੋਈ ਫਿਲਾਸਫਰ ਬੋਲਦਾ ਹੈ, ਪੁੱਤ! ਜਦੋਂ ਬਹੁਤ ਹਾਸਾ ਆਵੇ। ਖਿਡ਼ ਖਿਡ਼ਾ ਕੇ – ਬਿਨਾਂ ਕਿਸੇ ਗੱਲ ਤੋਂ…।
ਕੁਡ਼ੀ ਦੇ ਬੋਲਾਂ ਵਿਚ ਜਿਵੇਂ ਸਾਰੇ ਜਹਾਨ ਦਾ ਦਰਦ ਇਕੱਠਾ ਹੋ ਗਿਆ, ਹਾਇ! ਹਾਇ!…ਨੀ ਮਾਂ ਇਹ ਤਾਂ ਪਿਛਲੇ ਸਾਲ ਬਡ਼ਾ ਆਇਆ ਸੀ…।ਹੱਥ ਵਿਚ ਫਡ਼ਿਆ ਸਿੱਟਾ ਉਸ ਉਂਗਲਾਂ ਵਿਚ ਜ਼ੋਰਾਂ ਦੀ ਮਲ ਦਿੱਤਾਂ।
ਦੂਰ ਤੱਕ ਚਾਰੇ ਪਾਸੇ ਕਾਲੀ ਧੁੱਪ ਧਰਤੀ ਦਾ ਪਿੰਡਾ ਲੂਹ ਰਹੀ ਸੀ।
                                                   -0-

Monday, July 12, 2010

ਕਾਲਾ ਕੁੱਤਾ

ਡਾ. ਹਰਜੀਤ ਸਿੰਘ ਸੱਧਰ

ਆਪਣੇ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਨਿਕਲ ਕੇ, ਨਾਲ ਦੇ ਪਿੰਡ ਨੂੰ ਜਾਂਦੀ ਪਹੁੰਚ ਸਡ਼ਕ ’ਤੇ ਚਲਦਿਆਂ ਅਜੇ ਡੇਢ ਕਿਲੋਮੀਟਰ ਵੀ ਤਹਿ ਨਹੀਂ ਕੀਤਾ ਹੋਣਾ ਕਿ ਸਡ਼ਕ ਦੇ ਕਿਨਾਰੇ ਖਡ਼ੀ ਇਕ ਔਰਤ ਦੀ ਆਵਾਜ਼ ਕੰਨੀਂ ਪਈ, “ਬਚਾਓ ਵੇ ਮੁੰਡਿਓ ਉਸ ਗਰੀਬ ਨੂੰ! ਵਿਚਾਰਾ ਕਦੋਂ ਤਕ ਝਾਡ਼ੀਆਂ ’ਚ ਲੁਕਦਾ ਫਿਰੂ! ਰੋਕੋ ਏਸ ਦੈਂਤ ਨੂੰ…।”
ਮੈਂ ਸਕੂਟਰ ਰੋਕ ਲਿਆ। ਔਰਤ ਦੇ ਹੱਥ ਅਤੇ ਅੱਖਾਂ ਦੀ ਦਿਸ਼ਾ ਵੱਲ ਨਜ਼ਰ ਦੁਡ਼ਾਈ। ਦੇਖਿਆ ਕਿ ਇਕ ਆਦਮੀ ਦੋ-ਤਿੰਨ ਮੁੰਡਿਆਂ ਨੂੰ ਨਾਲ ਲੈ ਕੇ ਉੱਖਡ਼ਵੀਂ ਚਾਲ ਦੌਡ਼ਦੇ ਇਕ ਖਰਗੋਸ਼ ਨੂੰ, ਇਕ ਕਾਲੇ ਕੁੱਤੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਕੁੱਤੇ ਤੋਂ ਬਚਣ ਲਈ ਮੋਡ਼-ਘੋਡ਼ ਪਾ ਕੇ ਦੌਡ਼ਦਾ ਹੋਇਆ ਖਰਗੋਸ਼, ਹੱਫਿਆ ਹੋਇਆ ਉਸ ਆਦਮੀ ਦੇ ਪੈਰਾਂ ਵਿਚ ਆ ਕੇ ਡਿੱਗ ਪਿਆ। ਨਾਲ ਦੇ ਮੁੰਡਿਆਂ ਨੇ ਲਪਕ ਕੇ ਆ ਰਹੇ ਕਾਲੇ ਕੁੱਤੇ ਨੂੰ ਡੰਡੇ ਮਾਰ ਕੇ ਭਜਾ ਦਿੱਤਾ।
ਜ਼ੋਰ-ਜ਼ੋਰ ਦੀ ਧਡ਼ਕ ਰਿਹਾ ਮੇਰਾ ਦਿਲ ਇਕਦਮ ਉਤਸੁਕਤਾ ਭਰਪੂਰ ਤਣਾਉ ਤੋਂ ਮੁਕਤ ਹੋ ਗਿਆ। ਉਸ ਆਦਮੀ ਅਤੇ ਔਰਤ ਨੇ ਖਰਗੋਸ਼ ਨੂੰ ਪਾਣੀ ਪਿਲਾ ਕੇ, ਪੁਚਕਾਰ ਕੇ, ਸਾਧਾਰਨ ਹਾਲਤ ਵਿਚ ਲਿਆਂਦਾ।
“ਇਸ ਦਾ ਮਤਲਬ, ਅਜੇ ਵੀ, ਕਿਤੇ ਰੱਬ ਵਸਦਾ ਹੈ।” ਇਕ ਨਿਰਦੋਸ਼ ਜੀਵ ਦੀ ਜਾਨ ਬਚਾਉਣ ਵਾਲਿਆਂ ਨੂੰ ਮੈਂ ਇਹੀ ਸ਼ਾਬਾਸ਼ ਦੇ ਸਕਦਾ ਸੀ। ਇੰਨਾ ਆਖ ਕੇ ਮੈਂ ਫਿਰ ਸਕੂਟਰ ਤੇ ਸਵਾਰ ਹੋ ਗਿਆ ਤੇ ਉਹ ਔਰਤ ਵੀ ਸ਼ੁਕਰ ਸ਼ੁਕਰ ਕਰਦੀ ਉੱਥੋਂ ਤੁਰ ਪਈ।
ਦੋ ਕੁ ਘੰਟਿਆਂ ਬਾਅਦ ਜਦੋਂ ਮੈੰ ਵਾਪਿਸ ਆ ਰਿਹਾ ਸੀ ਤਾਂ ਉਸੇ ਹੀ ਥਾਂ ਤੋਂ ਥੋਡ਼ੀ ਦੂਰ ਸਡ਼ਕ ਕਿਨਾਰੇ ਬਣੇ ਇਕ ਮਕਾਨ ਕੋਲ ਖਡ਼ੇ ਉਸੇ ਆਦਮੀ ਨੇ ਹੱਥ ਦੇ ਕੇ ਮੇਰਾ ਸਕੂਟਰ ਰੋਕ ਲਿਆ। ਕਹਿਣ ਲੱਗਾ, “ਸਰਦਾਰ ਜੀ, ਆ ਜਾਓ, ਰੋਟੀ ਖਾ ਕੇ ਜਾਣਾ, ਬਹੁਤ ਹੀ ਸੁਆਦੀ ਬਣਿਆ ਜੇ!”
“ਕੀ?” ਮੈਂ ਪੁੱਛਿਆ।
“ਓਹੀਓ…ਖਰਗੋਸ਼।”
ਮੈਨੂੰ ਲੱਗਾ ਜਿਵੇਂ ਕਾਲਾ ਕੁੱਤਾ ਅਜੇ ਵੀ ਉੱਥੇ ਹੀ ਖਡ਼ਾ ਹੋਵੇ, ਮੇਰੇ ਕੋਲ।
                                                              -0-

Sunday, July 4, 2010

ਖੁਸ਼ੀ ਦੀ ਸੌਗਾਤ


       


ਸੁਧੀਰ ਕੁਮਾਰ ਸੁਧੀਰ

ਬਾਬੂ ਗਿਆਨ ਚੰਦ ਦੀ ਥੋਡ਼੍ਹੀ ਤਨਖਾਹ ਅਤੇ ਪਰਿਵਾਰ ਦੀ ਪੂਰੀ ਕਬੀਲਦਾਰੀ ਸੀ। ਹਰ ਮਹੀਨੇ ਤਨਖਾਹ ਮਿਲਦੀ ਤਾਂ ਦੁਕਾਨਾਂ ਦੇ ਢੇਰ ਸਾਰੇ ਬਿੱਲ ਤੇ ਹੋਰ ਖਰਚੇ ਆ ਨਿਕਲਦੇ। ਤਨਖਾਹ ਵਿੱਚੋਂ ਕੁਝ ਬਚਾ ਸਕਨਾ ਔਖਾ ਕਾਰਜ ਜਾਪਦਾ। ਮਾਂ ਦੀ ਦਵਾਈ, ਬੱਚਿਆਂ ਦੀ ਫੀਸ, ਰਾਸ਼ਨ ਤੇ ਦੁੱਧ ਦੇ ਬਿੱਲ, ਮਕਾਨ ਦਾ ਕਿਰਾਇਆ ਤੇ ਹੋਰ ਨਿੱਕ ਸੁੱਕ ਵਿਚ ਹੀ ਪੂਰੀ ਤਨਖਾਹ ਲੱਗ ਜਾਂਦੀ ਸੀ। ਬੱਚਿਆਂ ਦੀਆਂ ਫਰਮਾਇਸ਼ਾਂ ਤੋਂ ਡਰਦਾ ਉਹ ਉਹਨਾਂ ਨੂੰ ਬਾਜ਼ਾਰ ਲੈ ਜਾਣ ਤੋਂ ਝਿਜਕਦਾ ਸੀ। ਪਿਛਲੇ ਕਈ ਮਹੀਨਿਆਂ ਤੋਂ ਉਹਦੀ ਪਤਨੀ ਇਕ ਸਾਡ਼ੀ ਦੀ ਮੰਗ ਕਰਦੀ ਆ ਰਹੀ ਸੀ। ਲੇਕਿਨ ਹੱਥ ਸੌਖਾ ਨਾ ਹੋਣ ਕਾਰਨ, ਟਾਲ ਮਟੋਲ ਹੁੰਦੀ ਆਈ।
ਉਹਨੂੰ ਆਪਣੀ ਪਤਨੀ ਨਾਲ ਬਾਜ਼ਾਰ ਗਿਆਂ ਮੁੱਦਤ ਹੀ ਹੋ ਗਈ ਸੀ। ਅੱਜ ਤਨਖਾਹ ਮਿਲੀ ਤਾਂ ਉਸਦੀ ਪਤਨੀ ਉਸ ਨਾਲ ਮੰਦਰ ਜਾਣ ਲਈ ਬਜਿੱਦ ਹੋ ਗਈ।
ਮੰਦਰ ਜਾਣ ਲਈ ਤੁਰੇ ਤਾਂ ਬਾਬੂ ਗਿਆਨ ਚੰਦ ਨੂੰ ਖਿਆਲ ਆਇਆ, ‘ਮੰਦਰ ਦਾ ਤਾਂ ਬਹਾਨਾ ਹੈ, ਜਦੋਂ ਵਾਪਸ ਪਰਤਾਂਗੇ ਤਾਂ ਬਾਜ਼ਾਰ ਵਿਚ ਇਹ ਸਾਡ਼ੀ ਲੈਣ ਲਈ ਆਖੇਗੀ। ਸਾਡ਼ੀ ਕਿੱਥੋਂ…? ਪੂਰਾ ਬੱਜਟ ਹਿਲ ਜਾਵੇਗਾ। ਪੂਰਾ ਮਹੀਨਾ ਕਿਵੇਂ…?’
ਤਦੇ ਉਸਦੀ ਪਤਨੀ ਨੇ ਉਸਦੀ ਬਾਂਹ ਹਿਲਾਈ ਤੇ ਬੋਲੀ, ਦੇਖੋ ਬਾਜ਼ਾਰ ਵਿਚ ਕਿੰਨੀ ਰੌਣਕ ਹੈ! ਕਦੇ ਕਦੇ ਬਾਜ਼ਾਰ ਲੈ ਆਇਆ ਕਰੋ…ਜ਼ਰੂਰੀ ਨਹੀਂ ਕਿ ਬਾਜ਼ਾਰ ਕੁਝ ਖਰੀਦੋ-ਫਰੋਕਤ ਕਰਨ ਈ ਆਇਆ ਜਾਵੇ।
ਪਤਨੀ ਦੀ ਗੱਲ ਸੁਣ ਕੇ ਬਾਬੂ ਗਿਆਨ ਚੰਦ ਦਾ ਉਤਰਿਆ ਚਿਹਰਾ ਸੁਰਖ ਹੋ ਗਿਆ ਅਤੇ ਆਪਣੀ ਪਤਨੀ ਦਾ ਹੱਥ ਘੁਟਦਿਆਂ ਉਹ ਬੋਲਿਆ, ਹਾਂ, ਤੂੰ ਠੀਕ ਕਹਿੰਦੀ ਐਂ। ਬਾਜ਼ਾਰ ਵਿਚ ਖੁਸ਼ੀ ਤਾਂ ਮੁੱਲ ਨਹੀਂ ਵਿਕਦੀ।
ਦੋਵੇਂ ਪਤੀ-ਪਤਨੀ ਮੰਦਰ ਹੋ ਕੇ ਘਰ ਨੂੰ ਵਾਪਸ ਪਰਤ ਆਏ।
                                                      -0-