ਹਰਭਜਨ ਸਿੰਘ ਖੇਮਕਰਨੀ
ਧੂਮ-ਧਾਮ ਨਾਲ ਹੋਏ ਵਿਆਹ ਪਿੱਛੋਂ ਤਿੰਨ ਮਹੀਨੇ ਅੱਖ ਝਪਕਣ ਵਾਂਗ ਲੰਘ ਗਏ। ਜਸਵਿੰਦਰ ਨੂੰ ਕੈਨੇਡਾ
ਜਾਣ ਦੀ ਤਿਆਰੀ ਕਰਦਿਆਂ ਵੇਖ ਸਿਮਰਨਜੋਤ ਦਾ ਮਨ ਖਿੜ ਗਿਆ ਕਿ ਬਸ ਹੁਣ ਕੁਝ ਦਿਨਾਂ ਨੂੰ ਕੈਨੇਡਾ ਦੀ ਧਰਤੀ
ਉਸ ਦੇ ਪੈਰਾਂ ਹੇਠ ਹੋਵੇਗੀ। ਪਰ ਘਰਦਿਆਂ ਵੱਲੋਂ ਉਸ ਨੂੰ ਤਿਆਰੀ ਕਰਨ ਲਈ ਕੋਈ ਸੰਕੇਤ ਨਹੀਂ ਸੀ
ਮਿਲਿਆ। ਭਾਵੇਂ ਵਿਆਹ ਤੋਂ ਪਹਿਲਾਂ ਇਹ ਤਹਿ ਹੋਇਆ ਸੀ ਕਿ ਉਹ ਦੋਵੇਂ ਜੀਅ ਕੈਨੇਡਾ ਇਕੱਠੇ ਜਾਣਗੇ।
ਪਰ ਕੈਨੇਡਾ ਜਾਣ ਲਈ ਚਾਹੀਦੇ ਕਾਗ਼ਜ਼ਾਂ ਬਾਰੇ ਉਸ ਨੂੰ ਕੁੱਝ ਵੀ ਨਹੀਂ ਸੀ ਦੱਸਿਆ ਜਾ ਰਿਹਾ। ਉਸ ਨੂੰ ਲੱਗ
ਰਿਹਾ ਸੀ ਕਿ ਕਿਤੇ ਤਰੀਕ ਲਾਗੇ ਆਉਣ ਤੇ ਕਾਗ਼ਜ਼ਾਂ ਦੇ ਨਾ ਆਉਣ ਦੇ ਬਹਾਨੇ ਦਾ ਸਾਹਮਣਾ ਨਾ ਕਰਨਾ ਪੈ
ਜਾਏ। ਮਨ ਦੀ ਸ਼ੰਕਾ ਨਵਿਰਤ ਕਰਨ ਲਈ ਉਹਨੇ ਆਪਣੇ ਪਤੀ ਨਾਲ ਗੱਲ ਕਰਨੀ ਠੀਕ ਸਮਝੀ।
“ਲਗਦੈ, ਤੁਸੀਂ ਕੈਨੇਡਾ ਵਾਪਸ ਜਾਣ ਦੀ ਤਿਆਰੀ ਕਰ ਰਹੇ ਹੋ ਤੇ ਮੈਂ?”
“ਐਤਕੀਂ ਤਾਂ ਨਾਲ ਜਾਣਾ ਮੁਸ਼ਕਲ ਏ, ਕਾਗ਼ਜ਼ ਨਹੀਂ ਪੂਰੇ ਹੋ ਰਹੇ।”
“ਕਾਗ਼ਜ਼ਾਂ ਦਾ ਕੀ ਏ, ਅੱਜ ਕੱਲ੍ਹ ਆਨ-ਲਾਈਨ ਸਾਰਾ ਕੰਮ ਹੋ ਜਾਂਦੈ। ਟਿਕਟ ਦੇ ਪੈਸੇ ਵੀ ਮੇਰੇ ਡੈਡੀ
ਨੇ ਪਹਿਲੋਂ ਹੀ ਦੇ ਦਿੱਤੇ ਨੇ।”
“ਉਨ੍ਹਾਂ ਕੋਈ ਅਹਿਸਾਨ ਨਹੀਂ ਕੀਤਾ, ਕੁੜੀਆਂ ਕੈਨੇਡਾ ਭੇਜਣ ਲਈ ਲੋਕੀਂ ਲੱਖਾਂ ਰੁਪਏ ਦੇਣ ਲਈ ਤਿਆਰ ਬੈਠੇ ਨੇ,
ਅਸਾਂ ਤਾਂ ਸਿਰਫ ਕਿਰਾਇਆ ਹੀ ਮੰਗਿਐ।”
“ਉਦੋਂ ਇਹ ਵੀ ਗੱਲ ਫਾਈਨਲ ਹੋਈ ਸੀ ਕਿ ਤੁਸੀਂ ਕੈਨੇਡਾ ਨਾਲ ਹੀ ਲੈ ਕੇ ਜਾਉਗੇ।”
“ਜੇ ਨਾ ਖੜ੍ਹਾਂ ਤਾਂ ਹੁਣ ਕੀ ਕਰ ਲਏਂਗੀ?” ਬੋਲਾਂ ਵਿੱਚ
ਹੁੰਕਾਰ ਝਲਕ ਰਹੀ ਸੀ।
ਸਿਮਰਨਜੀਤ ਇੱਕ ਵਾਰ ਤਾਂ ਥਰ-ਥਰਾ ਗਈ। ਉਸਨੇ ਅਖ਼ਬਾਰਾਂ ਵਿੱਚ
ਵਿਦੇਸ਼ੀ ਮੁੰਡਿਆਂ ਵੱਲੋਂ ਵਿਆਹ ਕਰਵਾ ਕੇ ਕੁੜੀਆਂ ਨੂੰ ਪਿੱਛੇ ਰੰਡੇਪੇ ਵਰਗਾ ਜੀਵਨ ਜਿਉਣ ਲਈ ਛੱਡ
ਜਾਣ ਦੀਆਂ ਘਟਨਾਵਾਂ ਬਾਰੇ ਪੜ੍ਹਿਆ ਸੀ ਤੇ ਉਸ ਨੂੰ ਜਾਪਿਆ ਕਿ ਉਸ ਨਾਲ ਵੀ ਇਸ ਤਰ੍ਹਾਂ ਦਾ ਕੁਝ
ਵਾਪਰਣ ਵਾਲਾ ਏ। ਉਸ ਨੇ ਮਨ ਹੀ ਮਨ ਕੁਝ ਫ਼ੈਸਲਾ ਲਿਆ ਤੇ ਬੋਲੀ, “ਕਰਨਾ ਕੀ ਏ, ਫ਼ੈਸਲਾ ਤੁਹਾਡੇ ’ਤੇ
ਛੱਡਦੀ ਆਂ। ਜਾਂ ਤਾਂ ਨਾਲ ਲਿਜਾਣ ਦਾ ਪ੍ਰਬੰਧ ਕਰ ਲਓ, ਨਹੀਂ ਤਾਂ ਤਲਾਕ…”
ਸਿਮਰਨਜੋਤ ਦੇ ਚਿਹਰੇ ’ਤੇ ਫੈਲੀ ਦ੍ਰਿੜ੍ਹਤਾ ਵੇਖ ਜਸਵਿੰਦਰ
ਨੂੰ ਪੈਰਾਂ ਹੇਠਲੀ ਧਰਤੀ ਹਿਲਦੀ ਜਾਪੀ।
-0-