-moz-user-select:none; -webkit-user-select:none; -khtml-user-select:none; -ms-user-select:none; user-select:none;

Friday, October 29, 2010

19ਵਾਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ


ਪੰਜਾਬੀ ਤ੍ਰੈਮਾਸਿਕ ‘ਮਿੰਨੀ’ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਆਪਸੀ ਸਹਿਯੋਗ ਨਾਲ 19ਵਾਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ 23 ਅਕਤੂਬਰ, 2010 ਨੂੰ ਸੂਦ ਭਵਨ, ਪੰਚਕੂਲਾ(ਹਰਿਆਣਾ) ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਮੁਕਤਾ(ਡਾਇਰੈਕਟਰ, ਹਰਿਆਣਾ ਸਾਹਿਤ ਅਕਾਦਮੀ), ਸ਼੍ਰੀ ਸੀ. ਆਰ. ਮੋਦਗਿਲ (ਡਾਇਰੈਕਟਰ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ), ਸ਼੍ਰੀ ਵਿਜੇ ਸਹਿਗਲ(ਰਿਟਾ. ਸੰਪਾਦਕ, ਦੈਨਿਕ ਟ੍ਰਿਬਿਊਨ, ਚੰਡੀਗਡ਼੍ਹ), ਸ਼੍ਰੀ ਸੁਰਿੰਦਰ ਕੈਲੇ(ਮੀਤ ਪ੍ਰਧਾਨ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ), ਸ਼੍ਰੀ ਸੂਰਯਕਾਂਤ ਨਾਗਰ(ਇੰਦੌਰ) ਅਤੇ ਪ੍ਰਸਿਧ ਲਘੁਕਥਾ ਲੇਖਕ ਸ਼੍ਰੀ ਸੁਕੇਸ਼ ਸਾਹਨੀ(ਬਰੇਲੀ)ਸੁਸ਼ੋਭਿਤ ਸਨ।
ਆਰੰਭ ਵਿਚ ਚੰਡੀਗਡ਼੍ਹ ਦੇ ਰਤਨ ਚੰਦ ‘ਰਤਨੇਸ਼’ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ ਨੂੰ’ ਕਿਹਾ। ਸ਼ਿਆਮ ਸੁੰਦਰ ਅਗਰਵਾਲ ਨੇ ਸਮਾਗਮ ਦੇ ਮਕਸਦ ਤੇ ਪਿਛਲੇ ਸਮਾਗਮਾਂ ਸਬੰਧੀ ਜਾਣਕਾਰੀ ਦਿੱਤੀ। ਸਮਾਗਮ ਦੇ ਪਹਿਲੇ ਸੈਸ਼ਨ ਵਿਚ ਕੋਟਾ(ਰਾਜਸਥਾਨ) ਤੋਂ ਆਏ ਸ਼੍ਰੀ ਭਗੀਰਥ ਨੇ ਹਿੰਦੀ ਲਘੁਕਥਾ ਸੰਗ੍ਰਹਿ ‘ਬਾਲ-ਮਨੋਵੈਗਿਆਨਿਕ ਲਘੁਕਥਾਏਂ’ ਵਿਚ ਸ਼ਾਮਿਲ ਰਚਨਾਵਾਂ ਨੂੰ ਆਧਾਰ ਬਣਾ ਕੇ ਆਪਣਾ ਪਰਚਾ ‘ਲਘੁਕਥਾ ਕੇ ਆਈਨੇ ਮੇਂ ਬਾਲਮਨ’ ਪਡ਼੍ਹਿਆ। ਪਤ੍ਰਿਕਾ ‘ਮਿੰਨੀ’ ਦੇ ਅੰਕ-87 ਨੂੰ ਆਧਾਰ ਬਣਾ ਕੇ ਬਾਲ ਮਨੋਵਿਗਿਆਨ ਦੇ ਵਿਸ਼ੇ ਉੱਤੇ ਹੀ ਦੂਜਾ ਪਰਚਾ ‘‘ਸਾਊ ਦਿਨ’ ਮਿੰਨੀ ਕਹਾਣੀ ਦੀ ਪੁਖਤਗੀ ਵੱਲ ਕਦਮ’ ਡਾ. ਅਨੂਪ ਸਿੰਘ ਵੱਲੋਂ ਪਡ਼੍ਹਿਆ ਗਿਆ। ਦੋਹਾਂ ਪਰਚਿਆਂ ਵਿਚ ਹੀ ਬਾਲ ਮਾਨਸਿਕਤਾ ਨੂੰ ਜਾਣਨ-ਪਰਖਣ ਅਤੇ ਇਸ ਵਿਸ਼ੇ ਉੱਤੇ ਸਾਹਿਤ ਸਿਰਜਣਾ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਗਿਆ। ਸੁਭਾਸ਼ ਨੀਰਵ(ਦਿੱਲੀ) ਅਤੇ ਡਾ. ਮੱਖਣ ਸਿੰਘ(ਨਡਾਲਾ) ਨੇ ਬਹਿਸ ਵਿਚ ਭਾਗ ਲੈਂਦਿਆਂ ਅਜਿਹੀਆਂ ਪੁਸਤਕਾਂ ਦੇ ਪ੍ਰਕਾਸ਼ਨ ਦੀ ਪ੍ਰਸੰਗਿਕਤਾ ਉੱਪਰ ਰੌਸ਼ਨੀ ਪਾਈ। ਇਸ ਸਬੰਧ ਵਿਚ ਸੁਕੇਸ਼ ਸਾਹਨੀ, ਵਿਜੇ ਸਹਿਗਲ ਤੇ ਸੁਰਿੰਦਰ ਕੈਲੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਸੈਸ਼ਨ ਵਿਚ ‘ਸਾਊ ਦਿਨ’(ਸੰਪਾਦਕ:ਦੀਪਤੀ, ਅਗਰਵਾਲ, ਨੂਰ), ‘ਭਾਰਤ ਕਾ ਲਘੁਕਥਾ ਸੰਸਾਰ’ (ਸੰਪਾਦਕ: ਡਾ. ਰਾਮ ਕੁਮਾਰ ਘੋਟਡ਼), ‘ਆਓ ਜਿਊਣ ਜੋਗੇ ਹੋਈਏ’(ਸੰਪਾਦਕ:ਜਗਦੀਸ਼ ਰਾਏ ਕੁਲਰੀਆਂ, ਸੰਦੀਪ ਕੁਮਾਰ) ਅਤੇ ‘ਠੰਡੀ-ਤੱਤੀ ਰੇਤ’(ਹਰਭਜਨ ਖੇਮਕਰਨੀ) ਪੁਸਤਕਾਂ ਦਾ ਵਿਮੋਚਨ ਹੋਇਆ। ਨਾਲ ਹੀ ਪਤ੍ਰਿਕਾ ਮਿੰਨੀ ਦਾ ਲੇਖਿਕਾ-ਵਿਸ਼ੇਸ਼ਾਂਕ(ਅੰਕ-89) ਤੇ ‘ਮਿੰਨੀ’ ਵੱਲੋਂ ਪ੍ਰਕਾਸ਼ਿਤ ਸਾਲ-2011 ਦੀ ਡਾਇਰੀ ਦਾ ਵਿਮੋਚਨ ਵੀ ਹੋਇਆ। ਇਸ ਪੁਸਤਕ-ਵਿਮੋਚਨ ਸਮਾਰੋਹ ਵਿਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਬਿਕਰਮਜੀਤ ਨੂਰ, ਪਵਨ ਸ਼ਰਮਾ(ਛਿੰਦਵਾਡ਼ਾ-ਮੱਧ ਪ੍ਰਦੇਸ਼) ਡਾ. ਅਨੂਪ ਸਿੰਘ, ਡਾ. ਸੁਭਾਸ਼ ਰਸਤੋਗੀ, ਸੁਭਾਸ਼ ਨੀਰਵ, ਡਾ. ਇੰਦੂ ਬਾਲੀ, ਲਕਸ਼ਮੀ ਰੂਪਲ ਤੇ ਮਨੋਜ ਸਿੰਘ ਵੀ ਸ਼ਾਮਿਲ ਹੋਏ।
ਸੈਸ਼ਨ ਦੇ ਅੰਤ ਵਿਚ ‘ਮਿੰਨੀ ਕਹਾਣੀ ਲੇਖਕ ਮੰਚ, ਅੰਮ੍ਰਿਤਸਰ’ ਵੱਲੋਂ ਕਰਵਾਈ ਗਈ ਮਿੰਨੀ ਕਹਾਣੀ ਪ੍ਰਤਿਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕੀਤਾ।
ਸਮਾਗਮ ਦੇ ਅੰਤਿਮ ਪਡ਼ਾਅ ਵਿਚ ਲਘੁਕਥਾ/ਮਿੰਨੀ ਕਹਾਣੀ ਪਾਠ ਕਰਵਾਇਆ ਗਿਆ। ਲਘੁਕਥਾ-ਪਾਠ ਵਿਚ ਅਸ਼ੋਕ ਦਰਦ ਤੇ ਵਿਜੇ ਉਪਾਧਿਆਏ(ਡਲਹੌਜੀ),ਰਤਨ ਚੰਦ ‘ਨਿਰਝਰ(ਬਿਲਾਸਪੁਰ), ਊਸ਼ਾ ਮਹਿਤਾ ਦੀਪਾ(ਚੰਬਾ), ਡਾ. ਪੂਨਮ ਗੁਪਤ(ਪਟਿਆਲਾ), ਡਾ. ਰਾਮ ਕੁਮਾਰ ਘੋਟਡ਼(ਚੂਰੂ), ਭੂਪ ਸਿੰਘ ਬਲਡੋਦੀਆ(ਰਿਵਾਡ਼ੀ), ਸੁਦਰਸ਼ਨ ਰਤਨਾਕਰ(ਫਰੀਦਾਬਾਦ), ਡਾ. ਸ਼ਸ਼ਿ ਪ੍ਰਭਾ, ਅਨੰਤ ਸ਼ਰਮਾ ‘ਅਨੰਤ’, ਕੁਮਾਰ ਸ਼ਰਮਾ ‘ਅਨਿਲ’, ਸੁਸ਼ੀਲ ‘ਹਸਰਤ’ ਨਰੇਲਵੀ( ਸਭ ਚੰਡੀਗਡ਼੍ਹ) ਨੇ ਭਾਗ ਲਿਆ।
ਬੇਬੀ ਨਿਹਾਰਿਕਾ ਅਗਰਵਾਲ, ਅਸ਼ਵਨੀ ਖੁਡਾਲ, ਐਮ. ਅਨਵਾਰ ਅੰਜੁਮ, ਸਤਿਪਾਲ ਖੁੱਲਰ, ਸਰਵਨ ਸਿੰਘ ‘ਪਤੰਗ’, ਡਾ. ਸਾਧੂ ਰਾਮ ਲੰਗੇਆਣਾ, ਹਰਪ੍ਰੀਤ ਸਿੰਘ ਰਾਣਾ, ਡਾ. ਕਰਮਜੀਤ ਸਿੰਘ ਨਡਾਲਾ, ਕੰਵਲਜੀਤ ‘ਭੋਲਾ’ ਲੰਡੇ, ਜਸਪਾਲ ਪੰਜਗਰਾਈਂ, ਜਸਬੀਰ ਢੰਡ, ਜਸਵੀਰ ਭਲੂਰੀਆ, ਜਗਦੀਸ਼ ਰਾਏ ਕੁਲਰੀਆਂ, ਨਾਇਬ ਸਿੰਘ ਮੰਡੇਰ, ਬੂਟਾ ਰਾਮ, ਰਸ਼ੀਦ ਅੱਬਾਸ, ਰਣਜੀਤ ਆਜ਼ਾਦ ਕਾਂਝਲਾ, ਡਾ. ਰਾਜਵੀਰ ਭਲੂਰੀਆ, ਰਾਜਿੰਦਰ ਸਿੰਘ ‘ਬੇਗਾਨਾ’ ਤੇ ਵਿਵੇਕ ਨੇ ਮਿੰਨੀ ਕਹਾਣੀ ਪਾਠ ਵਿਚ ਭਾਗ ਲਿਆ।
ਸਮਾਗਮ ਦੇ ਅੰਤ ਵਿਚ ਸ੍ਰੀ ਸੀ. ਆਰ ਮੋਦਗਿਲ ਤੇ ਡਾ. ਮੁਕਤਾ ਨੇ ਮਿੰਨੀ ਕਹਾਣੀ/ਲਘੂਕਥਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਤੇ ਇਸ ਵਿਧਾ ਦੇ ਵਿਕਾਸ ਸਬੰਧੀ ਹਰਿਆਣਾ ਸਾਹਿਤ ਅਕਾਦਮੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਰਤਨ ਚੰਦ ‘ਰਤਨੇਸ਼’ ਨੇ ਕੀਤਾ।
ਦੇਸ਼ ਭਰ ਤੋਂ ਆਏ ਸੌ ਦੇ ਕਰੀਬ ਲੇਖਕਾਂ ਨੇ ਇਸ ਸਮਾਗਮ ਵਿਚ ਬਡ਼ੇ ਉਤਸ਼ਾਹ ਨਾਲ ਭਾਗ ਲਿਆ।
********

Thursday, October 21, 2010

ਭਾਂਜ

                               
 ਗੁਰਬਚਨ ਸਿੰਘ ਭੁੱਲਰ

ਪੁੱਤਰ, ਹੁਣੇ ਮੁਡ਼ਨਾ ਤਾਂ ਬਲਬੀਰ ਕੌਰ ਨੂੰ ਗੱਡੀ ਚਡ਼੍ਹਾ ਦੇਈਂ, ਨਹੀਂ ਤਾਂ ਸਾਨੂੰ ਕਿਸੇ ਨੂੰ ਕੰਮ ਛੱਡ ਕੇ ਜਾਣਾ ਪੈਣਾ।
ਮੁਡ਼ਨਾ ਤਾਂ ਮੈਂ ਹੁਣੇ ਹੈ, ਪਰ ਬਲਬੀਰ ਕੌਰ ਕੌਣ?ਮੈਂ ਪੁੱਛਿਆ।
ਹੁਣ ਭੁੱਲ ਗਿਆ?…ਜੀਹਨੂੰ ਕਹਿੰਦਾ ਸੀ, ਫਡ਼ਿਓ ਓਇ ਜੱਟੀ ਭੱਜ ਗਈ…।ਮਾਸੀ ਹੱਸ ਪਈ।
ਛੋਟੇ ਛੋਟੇ ਹੁੰਦੇ ਸੀ। ਮੇਰੀ ਹਾਨਣ ਇਹ ਕੁਡ਼ੀ, ਆਪਣੀ ਭੈਣ, ਮੇਰੀ ਮਾਸੀ ਦੀ ਨੂੰਹ, ਕੋਲ ਰਿਹਾ ਕਰਦੀ ਸੀ। ਇਕ ਦਿਨ ਖੇਡਦਿਆਂ ਮੈਂ ਜੱਟ ਬਣ ਗਿਆ ਤੇ ਉਹ ਜੱਟੀ। ਪਤਾ ਨਹੀਂ ਕਿਸ ਗੱਲੋਂ ਉਹ ਰੁੱਸ ਗਈ ਤੇ ਖੇਡ ਵਿਚਾਲੇ ਛੱਡ ਕੇ ਭੱਜ ਗਈ। ਮੈਂਨੂੰ ਰੋਸਾ ਸੀ ਕਿ ਉਹਨੇ ਖੇਡ ਪੂਰੀ ਕਿਉਂ ਨਹੀਂ ਸੀ ਕੀਤੀ। ਮੈਂ, ‘ਜਾਣ ਨ੍ਹੀਂ ਦਿੰਦਾ, ਫਡ਼ਿਓ ਓਇ, ਜੱਟੀ ਭੱਜ ਗਈ…ਜੱਟੀ ਭੱਜ ਗਈ…।’ ਕਹਿੰਦਾ ਉਹਦੇ ਪਿੱਛੇ ਭੱਜਿਆ। ਸਾਡੇ ਘਰਾਂ ਵਿਚ ਬਹੁਤ ਹਾਸਾ ਮੱਚਿਆ।
ਮੈਂ ਕਹਾਂ ਕਿਹਡ਼ੀ ਬਲਬੀਰ ਕੌਰ, ਬੀਰਾਂ ਨੀ ਕਹਿੰਦੇ।ਮਾਸੀ ਦੀ ਗੱਲ ਦੇ ਜੁਆਬ ਵਿਚ ਮੈਂ ਹੱਸ ਪਿਆ।
ਹੁਣ ਤਾਂ ਭਾਈ ਸੁੱਖ ਨਾਲ ਵਿਆਹੀ ਗਈ, ਬਲਬੀਰ ਕੌਰ ਬਣ ਗਈ…ਤੇਰੀ ਭਾਬੀ ਨੇ ਤਾਂ ਤੈਨੂੰ ਏਨਾ ਜ਼ੋਰ ਲਾਇਆ ਰਿਸ਼ਤੇ ਵਾਸਤੇ, ਤੂੰ ਤਾਂ ਮੁੰਡਿਆ ਲੱਤ ਹੀ ਨੀ ਲਾਈ।
…ਰਸਮੀ ਸੁੱਖ ਸਾਂਦ ਪੁੱਛਣ ਮਗਰੋਂ ਮੈਂ, ਬੀਰਾਂ ਤੇ ਉਹਦਾ ਦਸ ਬਾਰਾਂ ਸਾਲ ਦਾ ਭਾਈ, ਟਾਂਗੇ ਵਿਚ ਮੂਹਰੇ ਬੈਠ ਗਏ।
ਅੱਧ ਵਾਲੀ ਟਾਹਲੀ ਆ ਗਈ। ਬੀਰਾਂ ਦਾ ਭਾਈ ਤੇ ਪਿਛਲੀਆਂ ਸੁਆਰੀਆਂ ਨਲਕੇ ਤੋਂ ਪਾਣੀ ਪੀਣ ਲੱਗ ਗਈਆਂ। ਟਾਂਗੇ ਵਾਲਾ ਘੋਡ਼ੇ ਲਈ ਪਾਣੀ ਦੀ ਬਾਲਟੀ ਲੈਣ ਚਲਿਆ ਗਿਆ। ਮੈਂ ਲਹਿੰਬਰੀ ਟਾਹਲੀ ਵੱਲ ਵੇਖਣ ਲੱਗ ਪਿਆ। ਮੈਂ ਤ੍ਰਭਕਿਆ, ਬੀਰਾਂ ਦਾ ਹੱਥ ਮੇਰੇ ਗੋਡੇ ਉੱਤੇ ਟਿਕ ਗਿਆ ਸੀ। ਉਹ ਹੋਲੀ ਆਵਾਜ਼ ਵਿਚ ਬੋਲੀ, ਉਦੋਂ ਤਾਂ ਕਹਿੰਦਾ ਸੀ, ਜੱਟੀ ਨੂੰ ਜਾਣ ਨਹੀਂ ਦਿੰਦਾ। ਜੱਟਾ ਤੂੰ ਤਾਂ ਆਪ ਹੀ ਭੱਜ ਗਿਆ।…ਮੈਂ ਭੈਣ ਹੱਥ ਕਹਾਇਆ ਸੀ, ਤੂੰ ਗੱਲ ਤਾਂ ਸੁਣ ਲੈਣੀ ਸੀ…ਮੈਂ ਤੇਰੇ ਪੈਰ ਧੋ ਧੋ ਪੀਂਦੀ…।
ਮੈਂਨੂੰ ਕੋਈ ਜਵਾਬ ਨਾ ਅਹੁਡ਼ਿਆ। ਜੋ ਬੋਲਦਾ, ਮੈਂ ਬੋਲਦਾ ਵੀ ਕੀ? ਮੈਂ ਖਾਲੀ ਖਾਲੀ ਨਜ਼ਰਾਂ ਨਾਲ ਵੇਖਿਆ, ਉਹਦੀਆਂ ਅੱਖਾਂ ਦੇ ਕੋਇਆਂ ਦੇ ਵਿਚ ਸਿਲ੍ਹ ਤਿਲ੍ਹਕ ਆਈ ਸੀ ਅਤੇ ਉਹਨਾਂ ਹੇਠਲੀ ਕਲੱਤਣ ਤੇ ਮੱਥੇ ਉਤਲੀ ਥਕਾਵਟ ਗੂਡ਼੍ਹੀ ਹੋ ਗਈ ਸੀ।
                                          -0-


Friday, October 15, 2010

ਸਮੇਂ ਦੀ ਮਾਰ


ਸੰਜੀਵ ਛਾਬੜਾ

ਉਜਾਗਰ ਸਿੰਘ ਪੰਝਤਰਾਂ ਨੂੰ ਪਾਰ ਕਰ ਚੁੱਕਿਆ ਸੀ। ਉਹ ਪਿਛਲੇ ਦਸ ਦਿਨਾਂ ਤੋਂ ਮੰਜੇ ਤੇ ਪਿਆ ਸੀ। ਵਾਰੀ ਦਾ ਬੁਖਾਰ ਆਇਆ ਸੀ। ਉਸਦੀ ਧਰਮ ਪਤਨੀ ਗੁਰਨਾਮ ਕੌਰ ਉਸਨੂੰ ਬਡ਼ਾ ਹੌਂਸਲਾ ਦੇਂਦੀ, ਪਰ ਉਹ ਅੰਦਰੋਂ ਟੁੱਟ ਚੁੱਕਿਆ ਸੀ। ਪਿਛਲੇ ਪੰਜ-ਸੱਤ ਸਾਲਾਂ ਤੋਂ ਨਰਮੇ ਦੀ ਫਸਲ ਵੀ ਮਾਰੀ ਗਈ ਸੀ। ਬੈਂਕ ਤੇ ਆਡ਼੍ਹਤੀਏ ਦਾ ਕਰਜਾ ਸਿਰ ਤੋਂ ਉੱਚਾ ਹੋ ਗਿਆ ਸੀ।
ਬੀਮਾਰ ਹੋਣ ਤੋਂ ਪਹਿਲਾਂ ਉਜਾਗਰ ਸਿੰਘ ਆਡ਼੍ਹਤੀਏ ਰਾਧੇ ਸ਼ਿਆਮ ਕੋਲ ਸੱਤ-ਅੱਠ ਵਾਰੀ ਹੋ ਆਇਆ ਸੀ। ਪਰ ਆਡ਼੍ਹਤੀਆ ਸੀ ਕਿ ਪੈਸੇ ਵੱਲੋਂ ਕੋਈ ਉਂਗਲ-ਅੰਗੂਠਾ ਨਹੀਂ ਫਡ਼ਾਉਂਦਾ ਸੀ। ਗੁਰਨਾਮ ਕੌਰ ਨੇ ਸਵੇਰੇ ਚੁੱਲ੍ਹਾ-ਚੌਂਕਾ ਕੀਤਾ ਤੇ ਉਜਾਗਰ ਸਿੰਘ ਕੋਲ ਮੰਜੇ ਉੱਤੇ ਬੈਠਦਿਆਂ ਕਿਹਾ, ਸਰਦਾਰਾ…ਅੱਜ ਮੈਂ…ਜਾਵਾਂ ਚੌਧਰੀ ਰਾਧੇ ਸ਼ਿਆਮ ਕਿਆਂ ਦੇ? ਕੀ ਹੋਇਆ ਬੰਦੇ ਦੇ ਮਾਡ਼ੇ-ਚੰਗੇ ਦਿਨ ਆਉਂਦੇ ਈ ਰਹਿੰਦੇ ਨੇ। ਕੀ ਅਸੀਂ ਹੁਣ ਭੁੱਖੇ ਮਰ ਜਾਈਏ? ਤਿੰਨ ਪੀਡ਼੍ਹੀਆਂ ਤੋਂ ਆਪਣੇ ਤੇ ਉਨ੍ਹਾਂ ਦੇ ਪਰਿਵਾਰ ਦਾ ਸਾਥ ਚਲਦਾ ਆ ਰਿਹੈ।
ਉਜਾਗਰ ਸਿੰਘ ਚਾਹੁੰਦਾ ਹੋਇਆ ਵੀ ਨਾ ਰੋਕ ਸਕਿਆ।
ਗੁਰਨਾਮ ਕੌਰ ਪਿੰਡ ਚੌਧਰੀਵਾਲ ਤੋਂ ਸ਼ਹਿਰ ਵੱਲ ਨੂੰ ਜਾਂਦੀ ਹੋਈ ਸੋਚਦੀ ਜਾ ਰਹੀ ਸੀ– ‘ਅੱਜ ਉਸਦੇ ਚਾਰ ਪੁੱਤਰ ਆਪਣੇ ਘਰ-ਪਰਿਵਾਰ ਵਾਲੇ ਹੋ ਗਏ ਹਨ, ਪਰ ਉਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦੇ ਹਨ। ਫਿਰ ਦੂਸਰੇ ਪਲ ਸੋਚਣ ਲਗਦੀ ਕਿ ਉਹ ਕਿਹਡ਼ਾ ਘਰੋਂ ਸੌਖੇ ਹਨ। ਉਹ ਵੀ ਤਾਂ ਫਸਲ ਨਾ ਹੋਣ ਕਰਕੇ ਕਰਜਾਈ ਹੋਏ ਪਏ ਹਨ। ਫਿਰ ਸੁਖ ਨਾਲ ਪਰਿਵਾਰ ਵੀ ਉਨ੍ਹਾਂ ਦਾ ਵੱਡਾ ਸੀ।’
ਇਹ ਸੋਚਦੀ ਹੋਈ ਗੁਰਨਾਮ ਕੌਰ ਚੌਧਰੀ ਰਾਧੇ ਸ਼ਿਆਮ ਦੀ ਆਡ਼੍ਹਤ ਤੇ ਪਹੁੰਚ ਗਈ। ਉੱਥੇ ਪਹੁੰਚਣ ਤੇ ਪਤਾ ਚੱਲਿਆ ਕਿ ਚੌਧਰੀ ਰਾਧੇ ਸ਼ਿਆਮ ਕੁਝ ਦਿਨਾਂ ਤੋਂ ਆਡ਼੍ਹਤ ਤੇ ਨਹੀਂ ਆ ਰਿਹਾ ਸੀ। ਉਸਨੇ ਉਹਨੂੰ ਘਰ ਮਿਲਣ ਦੀ ਸੋਚੀ।
ਚੌਧਰੀ ਰਾਧੇ ਸ਼ਿਆਮ ਆਪਣੇ ਘਰ ਦੇ ਡਰਾਇੰਗ ਰੂਮ ਵਿਚ ਕੁਝ ਬਾਬੂ ਲੋਕਾਂ ਨਾਲ ਬੈਠਾ ਹੋਇਆ ਪਰੇਸ਼ਾਨ ਨਜ਼ਰ ਆ ਰਿਹਾ ਸੀ।
ਆ ਚਾਚੀ! ਕਿਵੇਂ ਆਉਣਾ ਹੋਇਆ? ਰਾਧੇ ਸ਼ਿਆਮ ਨੇ ਉੱਠ ਕੇ ਗੁਰਨਾਮ ਕੌਰ ਨੂੰ ਸਿਰ ਨਿਵਾਉਂਦੇ ਹੋਏ ਕਿਹਾ।
ਪੁੱਤ!…ਤੇਰਾ ਚਾਚਾ ਬਹੁਤ ਬੀਮਾਰ ਐ। ਘਰ ਦੇ ਰਾਸ਼ਨ-ਪਾਣੀ ਤੇ ਕਪਡ਼ੇ ਲੀਡ਼ੇ ਲਈ ਪੰਜ ਹਜ਼ਾਰ ਰੁਪਏ ਚਾਹੀਦੇ ਸੀ। ਗੁਰਨਾਮ ਕੌਰ ਨੇ ਰਾਧੇ ਸ਼ਿਆਮ ਦੀ ਪਿੱਠ ਤੇ ਹੱਥ ਫੇਰਦੇ ਹੋਏ ਕਿਹਾ।
ਚਾਚੀ!…ਪੈਸਾ ਤਾਂ ਹੈ ਨਹੀਂ! ਤੈਨੂੰ ਪਤਾ ਈ ਐ, ਪਿਛਲੇ ਚਾਰ-ਪੰਜ ਸਾਲ ਤੋਂ ਫਸਲ ਦੀ ਮਾਰ ਕਰਕੇ, ਫੈਕਟਰੀ ਬਹੁਤ ਬੁਰੀ ਤਰ੍ਹਾਂ ਘਾਟੇ ’ਚ ਐ। ਤੇ ਫਿਰ ਕੁਝ ਵੱਡੇ ਘਰ ਵੀ…ਪੈਸੇ ਲੈ ਕੇ…ਤੂੰ ਵੇਖਦੀ ਪਈ ਐਂ, ਕਮਰੇ ’ਚ ਬੈਠੇ ਇਹ ਬੈਂਕ ਵਾਲੇ ਮੇਰੇ ਘਰ ਤੇ ਫੈਕਟਰੀ ਦੀ ਕੁਰਕੀ ਕਰਨ ਨੂੰ ਫਿਰਦੇ ਨੇ।ਰਾਧੇ ਸ਼ਿਆਮ ਨੇ ਠੰਡਾ ਹਉਕਾ ਲੈਂਦੇ ਹੋਏ ਕਿਹਾ।
ਗੁਰਨਾਮ ਕੌਰ ਨੂੰ ਹੁਣ ਆਪਣਾ ਆਪ ਭਾਰਾ-ਭਾਰਾ ਜਾਪ ਰਿਹਾ ਸੀ।
                                                   -0-