ਡਾ. ਕਰਮਜੀਤ ਸਿੰਘ ਨਡਾਲਾ
ਰਿਟਾਇਰ ਹੋਏ ਕਲਰਕ ਜੀਵਨ ਸਿੰਘ ਦੇ ਸੁਪਨੇ ਤੇ ਲੋਡ਼ਾਂ, ਮਾਡ਼ੇ ਪਲਸਤਰ ਵਾਂਗ ਦਿਨੋਂ-ਦਿਨ ਭੁਰਦੇ ਜਾ ਰਹੇ ਸਨ। ਕਲੋਨੀ ਦੇ ਪਾਰਕ ਵਿਚ ਬੈਠਾ ਗਹਿਰੀਆਂ ਸੋਚਾਂ ਵਿਚ ਡੁੱਬਿਆ, ਡੁੱਬ ਹੀ ਚੱਲਿਆ ਸੀ ਕਿ ਕਿਸੇ ਨੇ ਆ ਕੇ ਜਿਵੇਂ ਬਾਹਰ ਕੱਢ ਲਿਆ ਹੋਵੇ, “ਬਾਬੂ ਜੀਵਨ ਲਾਲ, ਕਿੱਥੇ ਪਹੁੰਚਿਆ ਹੋਇਐਂ…?”
“ਕਿੱਥੇ ਪਹੁੰਚਣੈ ਪ੍ਰਤਾਪ ਸਿਆਂ…ਹੁਣ ਤਾਂ ਅਗਲੇ ਜਹਾਨ ਦੀਆਂ ਤਿਆਰੀਐਂ…ਹੁਣ ਤਾਂ ਵਾਧੂ ਜਿਹੇ ਹੋਗੇ…ਕਵਾਡ਼ਖਾਨੇ ’ਚ ਵਿਕਣ ਜੋਗੇ ਵੀ ਨਹੀਂ…ਕੀ ਖੱਟਿਆ ਮਿਹਨਤਾਂ ਕਰਕੇ… ਜਿੱਥੇ ਘਰਦੇ ਚਾਰ ਜੀਅ ਇੱਕ ਬੁੱਢੇ ਨੂੰ ਰੱਖਣ ਨੂੰ ਵੀ ਤਿਆਰ ਨਹੀਂ…ਹੁਣ ਤਾਂ ਬੇਵਾਹ ਹੋ ਗੀ…।” ਤੇ ਨਾਲ ਹੀ ਉਹ ਡੁਸਕਣ ਲੱਗ ਪਿਆ।
“ਬਾਊ ਜੀਵਨ, ਤੂੰ ਤਾਂ ਬਹੁਤਾ ਈ ਦਿਲ ਨੂੰ ਲਾ ਬੈਠੈਂ… ਏਸ ਗੰਦੀ ਔਲਾਦ ਨਾਲ ਜ਼ਿਆਦਾ ਮੋਹ ਪਾਈ ਬੈਠੈਂ, ਤਾਂ ਹੀ ਏਨਾ ਜ਼ਿਆਦਾ ਦੁਖੀ ਏਂ…ਮੈਨੂੰ ਦੇਖਿਆ, ਮੈਂ ਬਹੁਤੀ ਪਰਵਾਹ ਨਹੀਂ ਕਰਦਾ ਤੇ ਖੁਸ਼ ਰਹਿਨਾਂ… ਪੈਨਸ਼ਨ ਲੈਨਾਂ…ਬੁੱਲੇ ਲੁੱਟਦਾਂ…।”
“ਮੈਂ ਦੱਸ ਕੀ ਕਰਾਂ…ਕਿੱਥੇ ਜਾਵਾਂ…?”
“ਜਾਣਾ ਕਿੱਥੇ ਐ…ਇੱਥੇ ਈ ਰਹਿ…ਇਹ ਜੀਵਨ ਕਿਤੇ ਬਾਰ-ਬਾਰ ਮਿਲਣੈ…ਪੈਨਸ਼ਨ ਤੂੰ ਲੈਨੈਂ…ਕੋਈ ਲੋਡ਼ਵੰਦ ਤੀਵੀਂ ਲੱਭ ਲੈ…ਤੇਰੀ ਰੋਟੀ ਪੱਕਦੀ ਹੋਜੂ…।”
“ਹੈਂ! ਚੰਗਾ ਤੂੰ ਮੇਰਾ ਯਾਰ ਏਂ…ਬੁੱਢੇ ਵਾਰੇ ਲੱਗੈਂ ਮੇਰੇ ਸਿਰ ’ਚ ਸੁਆਹ ਪੁਆਉਣ…ਨਿਆਣੇ…ਸਮਾਜ…ਮੈਨੂੰ ਜੀਣ ਦੇਣਗੇ…ਏਦਾਂ ਦਾ ਮਖੌਲ ਨਾ ਕਰ ਭੈਡ਼ਿਆ।”
“ਸਮਾਜ ਨੂੰ ਤੇਰੀ ਪਰਵਾਹ ਨਹੀਂ ਤਾਂ ਤੂੰ ਸਮਾਜ ਤੋਂ ਪਾਪਡ਼ ਲੈਣੇ ਨੇ…ਤੈਨੂੰ ਗੱਲਾਂ ਕਰਨ ਵਾਲਾ ਸਾਥ ਮਿਲ ਜੂ… ਜ਼ਿੰਦਗੀ ਦੇ ਬਾਕੀ ਦੇ ਦਿਨ ਖੁਸ਼ੀ-ਖੁਸ਼ੀ ਲੰਘ ਜਾਣਗੇ…ਤੂੰ ਕਿਹਡ਼ੇ ਏਸ ਉਮਰੇ ਜਵਾਕ ਜੰਮਣੇ ਨੇ…।”
“ਹਾਂ, ਗੱਲ ਤਾਂ ਤੇਰੀ ਠੀਕ ਏ…।”
ਤੇ ਕੁਝ ਦਿਨ ਬਾਦ ਜੀਵਨ ਲਾਲ ਦਾ ਚੁੱਲ੍ਹਾ ਬਲਣ ਲੱਗ ਪਿਆ। ਇੱਕ ਅਭਾਗਣ ਸੀਤਾ ਦੇਵੀ ਨੂੰ ਵੀ ਉਸਦੀ ਛੱਤ ਮਿਲ ਗਈ ਤੇ ਖਾਣ ਨੂੰ ਰੋਟੀ।
ਕਈ ਦਿਨ ਲੋਕਾਂ ਨੇ ਮੂੰਹਾਂ ਵਿਚ ਉਂਗਲਾਂ ਪਾਈਆਂ। ਨੂੰਹਾਂ-ਪੁੱਤ ਵੱਢੂੰ-ਖਾਊਂ ਕਰਦੇ ਰਹੇ। ਪਰ ਜੀਵਨ ਲਾਲ ਨੇ ਸਭ ਨੂੰ ਠੁੱਠ ਦਿਖਾ ਦਿੱਤਾ।
ਸਾਰਾ ਟੱਬਰ ਸਿਰ ਫਡ਼ਕੇ ਬੈਠ ਗਿਆ। ਬੇਵਸ ਹੋਈ ਵੱਡੀ ਨੂੰਹ ਬੋਲੀ, “ਮੈਨੂੰ ਤਾਂ ਭਾਪੇ ਦੀ ਸ਼ਕਲ ਤੋਂ ਵੀ ਡਰ ਲਗਦਾ ਸੀ…ਕਦੇ ਰੋਟੀ ਪੰਜ ਮਿੰਟ ਲੇਟ ਹੋ ਜਾਣੀ ਤਾਂ ਮੇਰੇ ਵੱਲ ਬਿਟਰ-ਬਿਟਰ ਦੇਖੀ ਜਾਂਦਾ…ਮੈਨੂੰ ਤਾਂ ਸ਼ਰਮ ਆਉਂਦੀ…ਭਾਪੇ ਨੂੰ ਕੀ ਹੋ ਗਿਆ… ਮੈਂ ਇਹਦੀ ਧੀਆਂ ਵਰਗੀ ਆਂ।”
ਨਿੱਕੀ ਨੂੰਹ ਵਿਚ ਹੀ ਬੋਲ ਪਈ, “ਮੈਂ ਵੀ ਜਦੋਂ ਇਕੱਲੀ ਘਰ ਹੁੰਦੀ ਤਾਂ ਮੈਨੂੰ ਡਰ ਆਉਂਦਾ…ਭਾਪਾ ਮੈਨੂੰ ਤਾਡ਼ਦਾ ਰਹਿੰਦਾ। ਕਿੱਧਰ-ਕਿੱਧਰ ਨੂੰ ਜਾਂਦੀ ਏ…ਮੈਂ ਤਾਂ ਡਰ ਲੁਕ ਕੇ ਮਸਾਂ ਟੈਮ ਕੱਢਦੀ…।”
“ਅੱਛਾ, ਇਹੋ ਜਿਹਾ ਸੀ ਬੁੱਢਾ!…ਪਹਿਲਾਂ ਤਾਂ ਤੁਸੀਂ ਕਦੀ ਜ਼ਿਕਰ ਨਹੀਂ ਕੀਤਾ। ਇਹੋ ਜਿਹੀ ਭੈਡ਼ੀ ਹਾਲਤ ’ਚ ਤੁਸੀਂ ਦਿਨ ਕੱਢਦੀਆਂ ਰਹੀਆਂ। ਫਿਰ ਵੀ ਤੁਸੀਂ ਘਰ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿੱਤਾ।” ਵੱਡਾ ਮੁੰਡਾ ਬੋਲਿਆ।
“ਹੋਰ ਅਸੀਂ ਕੀ ਕਰਦੀਆਂ…ਘਰ ’ਚ ਫਸਾਦ ਪੈ ਜਾਣਾ ਸੀ…।” ਦੋਵੇਂ ਇਕੱਠੀਆਂ ਹੀ ਬੋਲ ਪਈਆਂ।
ਜਿਉਂ-ਜਿਉਂ ਜੀਵਨ ਲਾਲ ਦੀ ਰਸੋਈ ਵਿੱਚੋਂ ਪਰੌਂਠਿਆਂ ਦੀ ਮਹਿਕ ਵਧਦੀ ਜਾਂਦੀ, ਤਿਵੇਂ-ਤਿਵੇਂ ਮੁੰਡੇ ਤੇ ਨੂੰਹਾਂ ਸਡ਼ੇ-ਬਲੇ, ਉਹਦੇ ਖਿਲਾਫ਼ ਹੋਰ ਵਿਸ ਘੋਲੀ ਜਾਂਦੇ।
-0-