-moz-user-select:none; -webkit-user-select:none; -khtml-user-select:none; -ms-user-select:none; user-select:none;

Friday, August 28, 2009

ਥੋਹਰਾਂ ਦੇ ਸਿਰਨਾਵੇਂ


ਡਾ. ਬਲਦੇਵ ਸਿੰਘ ਖਹਿਰਾ

“ਦੇਖੋ ਬਾਪੂ ਜੀ! ਮੈਨੂੰ ਆਏ ਨੂੰ ਮਹੀਨਾ ਹੋ ਗਿਐ…ਸਾਰੇ ਅੰਗਾਂ-ਸਾਕਾਂ ਨੂੰ ਪੁੱਛ ਲਿਐ…ਕੋਈ ਵੀ ਤੁਹਾਨੂੰ ਦੋਵਾਂ ਨੂੰ ਰੱਖਣ ਲਈ ਤਿਆਰ ਨਹੀਂ…ਮੈਂ ਤੁਹਾਨੂੰ ਇਸ ਬਿਰਧ ਅਵਸਥਾ ’ਚ…ਇਕੱਲੇ ਇਸ ਕੋਠੀ ’ਚ ਬਿਲਕੁਲ ਨਹੀਂ ਛੱਡ ਸਕਦਾ…ਤੁਸੀਂ ਆਪਣਾ ਲੁੱਕ-ਆਫਟਰ ਕਰ ਹੀ ਨਹੀਂ ਸਕਦੇ।”
ਮਾਤਾ ਪਿਤਾ ਨੂੰ ਖਾਮੋਸ਼ ਦੇਖ ਕੇ ਉਹ ਫਿਰ ਬੋਲਿਆ, “ਨਾਲੇ ਅਗਲੇ ਹਫਤੇ ਇਸ ਕੋਠੀ ਦਾ ਕਬਜ਼ਾ ਵੀ ਦੇਣੈ…ਮੈਂ ਸਾਰਾ ਬੰਦੋਬਸਤ ਕਰ ਲਿਐ…ਓਲਡ-ਏਜ ਹੋਮ ਵਾਲੇ ਡੇਢ ਲੱਖ ਲੈਂਦੇ ਨੇ…ਬਾਕੀ ਸਾਰੀ ਉਮਰ ਦੀ ਦੇਖ ਭਾਲ ਉਹਨਾਂ ਦੇ ਜ਼ਿੰਮੇ…।”
“ਪਰਮਿੰਦਰ ਅਸੀਂ ਆਪਣਾ ਘਰ ਛੱਡ ਕੇ ਕਿਤੇ ਨੀ ਜਾਣਾ…ਤੇਰੀ ਮਾਂ ਤਾਂ ਜਮਾ ਈ ਨੀ ਮੰਨਦੀ…ਤੂੰ ਜਾਹ ਅਮਰੀਕਾ…ਸਾਨੂੰ ਸਾਡੇ ਹਾਲ ’ਤੇ ਛੱਡ ਦੇਹ…ਸਾਡਾ ਵਾਹਿਗੁਰੂ ਐ…”
“ਮਾਂ!…ਬਾਪੂ ਜੀ! ਤੁਸੀਂ ਬੱਚਿਆਂ ਵਾਂਗੂ ਜ਼ਿਦ ਕਿਉਂ ਫੜੀ ਬੈਠੇ ਓਂ?…ਕੋਠੀ ਤਾਂ ਵਿਕ ਚੁੱਕੀ ਐ…ਆਪਣੇ ਮਨ ਨੂੰ ਸਮਝਾਓ।” ਕਹਿੰਦਾ ਪਰਮਿੰਦਰ ਆਪਣੇ ਕਮਰੇ ਵਿਚ ਚਲਾ ਗਿਆ। ਉਸੇ ਰਾਤ ਬਾਪੂ ਜੀ ਅਕਾਲ ਚਲਾਣਾ ਕਰ ਗਏ।
ਤਿੰਨ ਦਿਨ ਬਾਦ ਬਾਪੂ ਜੀ ਦੇ ਫੁੱਲ ਕੀਰਤਪੁਰ ਸਾਹਿਬ ਪ੍ਰਵਾਹ ਕਰ ਕੇ ਮੁੜੇ ਤਾਂ ਰਿਸ਼ਤੇਦਾਰਾਂ ਨੇ ਪਰਮਿੰਦਰ ਨੂੰ ਦੱਸਿਆ, “ਮਾਂ ਜੀ ਕਿਸੇ ਨੂੰ ਪਛਾਣਦੇ ਈ ਨਹੀਂ…ਬੱਸ ਵਿਹੜੇ ’ਚ ਬੈਠੇ ਕੋਠੀ ਵੱਲ ਈ ਦੇਖੀ ਜਾਂਦੇ ਨੇ…ਸ਼ਾਇਦ ਉਹ ਪਾਗਲਪਨ ਦੀ ਅਵਸਥਾ ’ਚ ਨੇ।”
“ਤਾਂ ਫਿਰ ਮਾਂ ਨੂੰ ਪਾਗਲਖਾਨੇ ਭਰਤੀ ਕਰਾ ਦਿੰਨੇ ਆਂ…ਥੋਨੂੰ ਨੀ ਪਤਾ, ਇਕ ਇਕ ਦਿਨ ਦਾ ਮੇਰਾ ਕਿੰਨਾ ਨੁਕਸਾਨ ਹੋ ਰਿਹੈ…ਪਿੱਛੇ ਆਪਣੇ ਪਰਿਵਾਰ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਐ ਮੇਰੇ ਸਿਰ ’ਤੇ।”
ਇਹ ਉਹਨਾਂ ਦੇ ਸਹਿਕ ਸਹਿਕ ਕੇ ਲਏ ਪੁੱਤ ਪਰਮਿੰਦਰ ਦੀ ਆਵਾਜ਼ ਸੀ।
-0-

No comments: