-moz-user-select:none; -webkit-user-select:none; -khtml-user-select:none; -ms-user-select:none; user-select:none;

Friday, August 14, 2009

ਰੁਜ਼ਗਾਰ



ਵਿਵੇਕ

“ਅੱਜ ਸ਼ਰਮੇ ਦੇ ਘਰ ਤਾਂ ਬਹੁਤ ਲੜਾਈ ਹੋਈ। ਦੋਵੇਂ ਨੂਹਾਂ ਇਕ ਦੂਜੀ ਨੂੰ ਟੁੱਟ-ਟੁੱਟ ਕੇ ਪੈ ਰਹੀਆਂ ਸਨ। ਹੁਣ ਨਹੀਂ ਦੋਵੇਂ ਭਰਾ ਇੱਕਠੇ ਰਹਿੰਦੇ।” ਕੰਮ ਤੋਂ ਆ ਸ਼ੀਲੋ ਆਪਣੇ ਘਰਵਾਲੇ ਨੂੰ ਦੱਸ ਰਹੀ ਸੀ।
“ਫਿਰ ਕੀ ਏ…? ਇਹ ਗੱਲ ਤਾਂ ਤੂੰ ਅੱਗੇ ਵੀ ਕਈ ਵਾਰ ਸੁਣਾ ਚੁੱਕੀ ਏਂ।” ਸ਼ੀਲੋ ਦੇ ਘਰਵਾਲੇ ਨੇ ਮੰਜੀ ਉੱਤੇ ਬਹਿ ਬੰਡਲ ਵਿਚੋਂ ਇਕ ਬੀੜੀ ਕੱਢਦਿਆਂ ਕਿਹਾ ਤੇ ਬੀੜੀ ਨੂੰ ਸੁਲਗਾ ਇਕ ਜ਼ੋਰਦਾਰ ਸੂਟਾ ਅੰਦਰ ਨੂੰ ਖਿੱਚਿਆ।
“ਨਹੀਂ ਨਹੀਂ, ਹੁਣ ਉਹ ਗੱਲ ਨਹੀਂ ਰਹਿ ਗਈ। ਸ਼ਰਮੇ ਨੇ ਦੋਵਾਂ ਦੀ ਲੜਾਈ ਤੋਂ ਤੰਗ ਆ ਕੇ ਅੱਜ ਆਖਰ ਕਹਿ ਹੀ ਦਿੱਤਾ ਵਹੁਟੀਆਂ ਨੂੰ, ਬਈ ਤੁਹਾਡੀ ਨਹੀਂ ਨਿਭ ਸਕਦੀ ਤਾਂ ਆਪਣਾ ਅਲੱਗ-ਅਲੱਗ ਹੋ ਜਾਵੋ। ਮੈਂ ਤਾਂ ਕਹਿੰਨੀ ਆਂ, ਜਲਦੀ ਜਲਦੀ ਦੋਵੇਂ ਮੁੰਡੇ ਅੱਡ ਹੋ ਜਾਣ।” ਸ਼ੀਲੋ ਦੇ ਚਿਹਰੇ ਉੱਤੇ ਖੁਸ਼ੀ ਨੱਚ ਰਹੀ ਸੀ।
“ਅਗਲੇ ਦਾ ਘਰ ਦੋਫਾੜ ਹੋ ਜਾਣੈ, ਤੂੰ ਖੁਸ਼ੀ ਮਣਾਈ ਜਾਵੇਂ, ਇਹ ਗੱਲ ਠੀਕ ਨਹੀਂ।” ਸ਼ੀਲੋ ਦੇ ਘਰ ਵਾਲੇ ਨੇ ਬੀੜੀ ਦਾ ਧੂਆਂ ਹਵਾ ਵਿਚ ਛੱਡਿਆ।
“ਖੁਸ਼ੀ ਦੀ ਗੱਲ ਕਿਉਂ ਨਹੀਂ…! ਜੇ ਉਨ੍ਹਾਂ ਦੇ ਇਕ ਤੋਂ ਦੋ ਘਰ ਹੋ ਜਾਣਗੇ ਤਾਂ ਕੰਮ ਤਾਂ ਮੈਂ ਹੀ ਕਰਾਂਗੀ ਦੋਵਾਂ ਘਰਾਂ ’ਚ। ਆਪਣੀ ਆਮਦਨ ਨਾ ਵਧੇਗੀ?” ਸ਼ੀਲੋ ਜ਼ੋਰ ਨਾਲ ਬੋਲੀ ਤੇ ਨਾਲ ਹੀ ਬਾਲਟੀ ਚੁੱਕ ਸਰਕਾਰੀ ਟੂਟੀ ਤੋਂ ਪਾਣੀ ਲੈਣ ਲਈ ਕਮਰੇ ਵਿਚੋਂ ਬਾਹਰ ਨਿਕਲ ਗਈ।
-0-