-moz-user-select:none; -webkit-user-select:none; -khtml-user-select:none; -ms-user-select:none; user-select:none;

Wednesday, July 8, 2009

ਜਵਾਬ


ਜਸਬੀਰ ਢੰਡ

ਨਵੀਂ-ਨਵੀਂ ਪਿੰਡ ਵਿਚ ਵਿਆਹੀ ਆਈ ਸਾਂ।
ਮੇਰੇ ਮਾਪਿਆਂ ਵੱਲੋਂ ਔਖੇ ਹੋ ਕੇ ਦਿੱਤੇ ਦਾਜ ਦੀ ਜਿਵੇਂ ਕੋਈ ਵੀ ਚੀਜ਼ ਇਨ੍ਹਾਂ ਦੇ ਘਰਦਿਆਂ ਦੇ ਪਸੰਦ ਨਹੀਂ ਸੀ।
ਪੰਜ-ਛੇ ਦਿਨਾਂ ਬਾਦ ਹੀ ਚੌਂਕੇ ਚੜ੍ਹਾ ਦਿੱਤੀ ਗਈ ਸਾਂ। ਬਸ ਫੇਰ ਚੱਲ ਸੋ ਚੱਲ…।
ਇਹ ਤਾਂ ਸਵੇਰੇ ਹੀ ਸ਼ਹਿਰ ਡਿਊਟੀ ਤੇ ਚਲੇ ਜਾਂਦੇ। ਮੂੰਹ-ਹਨੇਰੇ ਉੱਠ ਰੋਟੀਆਂ ਪਕਾ ਕੇ ਇਨ੍ਹਾਂ ਦਾ ਟਿਫ਼ਿਨ ਤਿਆਰ ਕਰ ਦਿੰਦੀ। ਸਵੇਰ ਦੇ ਗਏ ਸ਼ਾਮ ਨੂੰ ਆਉਂਦੇ।
ਬਾਦ ਵਿਚ ਇੰਜ ਜਾਪਦਾ ਕਿ ਸਾਰਾ ਟੱਬਰ ਇੱਕ ਪਾਸੇ ਹੈ ਤੇ ਮੈਂ ਇਕੱਲੀ ਇੱਕ ਪਾਸੇ।
ਇਨ੍ਹਾਂ ਦੇ ਜਾਣ ਬਾਦ ਪਹਿਲਾਂ ਤਾਂ ਸਾਰੇ ਟੱਬਰ ਨੂੰ ਚਾਹ-ਨਾਸ਼ਤਾ ਕਰਾਉਂਦੀ, ਫੇਰ ਕਪੜੇ ਧੋਣ ਬੈਠ ਜਾਂਦੀ। ਵਿਹੜੇ ਵਿਚ ਲੱਗਿਆ ਗੱਡੇ ਵਰਗਾ ਭਾਰਾ ਨਲਕਾ ਵੀ ਜਿਵੇਂ ਮੈਥੋਂ ਬਦਲਾ ਲੈਣ ਲਈ ਹੀ ਖੜਾ ਸੀ।
ਸਾਰਾ ਟੱਬਰ ਲਾਹ-ਲਾਹ ਕੇ ਕਪੜੇ ਸੁੱਟੀ ਜਾਂਦਾ।
ਨਲਕਾ ਗੇੜਨ ਲਗਦੀ ਤਾਂ ਵੱਖੀਆਂ ਚੜ੍ਹ ਜਾਂਦੀਆਂ। ਨਲਕੇ ਦੀ ਹੱਥੀ ਤੇ ਪੂਰਾ ਜ਼ੋਰ ਲਾ ਕੇ ਥੱਲੇ ਲਿਆਉਂਦੀ ਤਾਂ ਉਹ ਜਿਵੇਂ ਸਪਰਿੰਗ ਵਾਂਗ ਉੱਛਲ ਕੇ ਫੇਰ ਉੱਪਰ ਆ ਜਾਂਦੀ। ਪਾਣੀ ਦੀ ਬੱਝਵੀਂ ਧਾਰ ਤਾਂ ਪੈਂਦੀ ਹੀ ਨਹੀਂ ਸੀ। ਇਕ ਗੇੜੇ ’ਚ ਕੌਲੀ ਕੁ ਪਾਣੀ ਦੀ ਮਸੀਂ ਨਿਕਲਦੀ। ਪਾਣੀ ਤਾਂ ਜਿਵੇਂ ਪਿੱਛੇ ਨੂੰ ਮੁੜ ਜਾਂਦਾ। ਇਕ ਬਾਲਟੀ ਪਾਣੀ ਦੀ ਭਰਨ ਤੇ ਘੰਟਾ ਲੱਗ ਜਾਂਦਾ। ਕੁੱਝ ਤਾਂ ਨਲਕਾ ਗੇੜਦਿਆਂ ਤੇ ਕੁੱਝ ਥਾਪੀ ਨਾਲ ਢੇਰ ਕਪੜਿਆਂ ਦਾ ਧੋਂਦਿਆਂ ਬਾਹਾਂ ਟੁੱਟਣ ਵਾਲੀਆਂ ਹੋ ਜਾਂਦੀਆਂ। ਬੈਠੀ-ਬੈਠੀ ਦੀ ਢੂਹੀ ਦੁਖਣ ਲੱਗ ਜਾਂਦੀ।
ਉਸ ਦਿਨ ਛੁੱਟੀ ਸੀ।
ਮੈਂ ਸੰਗਦਿਆਂ-ਸੰਗਦਿਆਂ ਇਨ੍ਹਾਂ ਨੂੰ ਦੋ ਬਾਲਟੀਆਂ ਪਾਣੀ ਦੀਆਂ ਭਰਨ ਲਈ ਕਹਿ ਦਿੱਤਾ। ਨਲਕਾ ਗੇੜਦਿਆਂ ਇਨ੍ਹਾਂ ਨੂੰ ਵੀ ਮਹਿਸੂਸ ਹੋਇਆ ਕਿ ਮੈਂ ਹਰ ਰੋਜ਼ ਕਿੰਨੀ ਤੰਗ ਹੁੰਦੀ ਹੋਵਾਂਗੀ।
ਨਨਾਣ ਅੰਦਰੋਂ ਨਿਕਲੀ। ਇਨ੍ਹਾਂ ਨੂੰ ਨਲਕਾ ਗੇੜਦਿਆਂ ਵੇਖ, ਚਾਂਭਲ ਕੇ ਬੋਲੀ, “ਕਿਉਂ ਵੀਰੇ, ਲੱਗ ਗਿਆ ਨਾ ਆਉਣ ਸਾਰ ਭਾਬੋ ਦਾ ਪਾਣੀ ਭਰਨ।”
ਇਹ ਝੇਂਪ ਜਿਹੀ ਖਾ ਗਏ। ਮੈਨੂੰ ਵੀ ਲਾ ਕੇ ਆਖੀ ਗੱਲ ਚੁਭਣ ਲੱਗੀ।
ਫੇਰ ਅੰਦਰੋਂ ਹੋਰ ਆਵਾਜ਼ਾਂ ਆਉਣ ਲੱਗੀਆਂ।
“ਪਤਾ ਨੀ ਆਉਣ ਸਾਰ ਈ ਬੰਦਿਆਂ ਦੇ ਸਿਰ ’ਚ ਕੀ ਧੂੜਦੀਐਂ ਅੱਜ-ਕੱਲ੍ਹ ਦੀਆਂ…।”
“ਜੋਰੂ ਦਾ ਗੁਲਾਮ!”
“ਪਹਿਲਾਂ ਵੀ ਤਾਂ ਇਹੀ ਨਲਕਾ ਸੀ…।”
ਸਾਨੂੰ ਦੋਹਾਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਹ ਆਵਾਜ਼ਾਂ ਨਹੀਂ, ਕੋਈ ਜ਼ਹਿਰ ਬੁਝੇ ਤੀਰ ਹੋਣ। ਇਹ ਨਲਕਾ ਗੇੜਦੇ ਥੱਕ ਗਏ, ਮੈਂ ਕਪੜੇ ਧੋਂਦੀ। ਇੰਜ ਜਾਪਿਆ ਜਿਵੇਂ ਅਸੀਂ ਇਸ ਟੱਬਰ ਦੇ ਮੁਜਰਮ ਹੋਈਏ।
ਫਿਰ ਪਤਾ ਨਹੀਂ ਇਨ੍ਹਾਂ ਦੇ ਮਨ ਵਿਚ ਕੀ ਆਈ, ਅਚਾਨਕ ਇਨ੍ਹਾਂ ਨਲਕਾ ਗੇੜਨਾ ਬੰਦ ਕਰ ਦਿੱਤਾ। ਅੰਦਰ ਜਾਕੇ ਆ ਰਹੀਆਂ ਆਵਾਜ਼ਾਂ ਦਾ ਜਵਾਬ ਦੇਣ ਦੀ ਥਾਂ ਇਹ ਬਾਹਰ ਨੂੰ ਤੁਰ ਪਏ।
ਥੋੜੀ ਦੇਰ ਬਾਦ ਮਿਸਤਰੀ ਰੇੜ੍ਹੇ ਉੱਤੇ ਮੋਟਰ ਲਾਉਣ ਵਾਲਾ ਸਮਾਨ ਲੈ ਕੇ ਆ ਗਿਆ।
ਮੇਰੀ ਸਾਰੀ ਥਕਾਵਟ ਜਿਵੇਂ ਖੰਭ ਲੈ ਕੇ ਕਿੱਧਰੇ ਉੱਡ-ਪੁੱਡ ਗਈ ਸੀ।
-0-

No comments: