ਸਤਿਪਾਲ
ਖੁੱਲਰ
ਬੱਸ ਤੋਂ ਉੱਤਰ ਕੇ ਉਸਨੇ ਬੱਸ ਅੱਡੇ ਵੱਲ ਪੰਛੀ ਝਾਤ ਪਾਈ। ਅੱਡੇ ਤੇ ਅਜੇ ਪੂਰੀ ਰੌਣਕ ਨਹੀਂ
ਸੀ ਹੋਈ। ਫਿਰ ਉਹ ਮੇਨ ਸੜਕ ਵੱਲ ਹੋ ਤੁਰੀ। ਸੜਕ ਦੇ ਕਿਨਾਰੇ ਤੇ ਰੁਕ ਕੇ ਉਸਨੇ ਖੱਬੇ-ਸੱਜੇ ਵੇਖਿਆ। ਸੜਕ ਬਿਲਕੁਲ ਵਿਰਾਨ ਸੀ। ਉਸਨੇ ਸੜਕ ਪਾਰ ਕੀਤੀ ਤੇ ਸੜਕ ਦੇ ਖੱਬੇ ਪਾਸੇ, ਨਾਲ-ਨਾਲ ਤੁਰ ਪਈ। ਉਹ ਬਜ਼ਾਰ ਵੱਲ ਜਾ ਰਹੀ ਸੀ।
ਬਜ਼ਾਰ ਸ਼ੁਰੂ ਹੁੰਦਿਆਂ ਹੀ ਉਹ
ਕੁਝ ਸੰਭਲ ਕੇ ਤੁਰਨ ਲੱਗ ਪਈ। ਅੱਠ ਸਾਲ ਤੋਂ ਅੱਸੀ ਸਾਲ ਦੀ ਉਮਰ ਤੱਕ ਦੀ ਹਰ ਨਜ਼ਰ ਨੇ ਉਸਨੂੰ
ਮੈਲੀ ਅੱਖ ਨਾਲ ਤੱਕਿਆ। ਉਸਦੇ ਸਰੀਰ ਦਾ ਜੁਗਰਾਫੀਆ ਕੀਤਾ। ਕਈਆਂ ਨੇ ਦੋ-ਅਰਥੀ ਆਵਾਜ਼ਾਂ ਵੀ ਕੱਸੀਆਂ। ਪਰ ਉਹ ਚੇਤੰਨ ਹੋਈ ਤੁਰਦੀ ਗਈ। ਉਸਦਾ
ਦਫਤਰ ਬਾਜ਼ਾਰ ਲੰਘ ਕੇ ਚੜ੍ਹਦੇ ਪਾਸੇ ਸਟੇਸ਼ਨ ਵੱਲ ਸੀ। ਉਹ ਤੁਰਦੀ ਗਈ, ਗੰਦੀਆਂ ਆਵਾਜ਼ਾਂ ਉਸਦੇ ਨਾਲ-ਨਾਲ ਛਿੱਟੇ ਬਣ ਕੇ ਟਕਰਾਉਂਦੀਆਂ ਰਹੀਆਂ।
“ਅਸ਼ਕੇ ਰਕਾਨ ਦੇ।” ਇਕ ਫਿੱਡਾ ਜਿਹਾ ਦੁਕਾਨਦਾਰ ਡੱਡੂ ਵਰਗੀ ਗੜੈਂ-ਗੜੈਂ ਵਾਲੀ ਆਵਾਜ਼ ਵਿਚ ਬੋਲਿਆ।
“ਲੈ ਗਈ ਓਏ, ਨਿਰਨੇ ਕਾਲਜੇ…ਸਭ ਕੁਸ਼।”
ਇਕ ਰੇਹੜੀ ਵਾਲੇ ਨੇ ਕੱਛੂਕੁੰਮੇ ਵਾਂਗ ਧੌਣ ਬਾਹਰ ਕੱਢਦੇ ਆਖਿਆ।
ਨੰਗੀਆਂ ਆਵਾਜ਼ਾਂ ਦਾ ਜਿਵੇਂ ਹੜ੍ਹ ਜਿਹਾ ਆ ਗਿਆ। ਪਰ ਕੁੜੀ ਆਪਣੀ ਚੁੰਨੀ ਸੰਭਾਲਦੀ ਮਟਕ-ਮਟਕ ਕਰਦੀ ਤੁਰਦੀ ਗਈ…ਤੁਰਦੀ ਗਈ।
ਉਸ ਬੱਤਖ ਵਰਗੀ ਕੁੜੀ ਨੇ ਵੇਖਦਿਆਂ-ਵੇਖਦਿਆਂ ਰੋਜ਼ ਵਾਂਗ ਅੱਜ ਵੀ ਗੰਦਾ ਨਾਲਾ ਪਾਰ ਕਰ ਲਿਆ ਸੀ। ਹੁਣ ਉਹ ਆਪਣੇ
ਦਫਤਰ ਵੱਲ ਜਾ ਰਹੀ ਸੀ।
-0-