ਜਸਬੀਰ ਢੰਡ
ਐਂਬੂਲੈਂਸ
ਵਿੱਚੋਂ ਕੱਢ ਕੇ ਪਾਪਾ ਦੀ ਮਿਰਤਕ ਦੇਹ ਸ਼ਮਸ਼ਾਨ ਘਾਟ ਵਿਚਲੇ ਥੜ੍ਹੇ ਉੱਤੇ ਰੱਖ ਦਿੱਤੀ ਗਈ ਹੈ। ਰੋਣ-ਕੁਰਲਾਹਟ
ਮੱਚਿਆ ਹੋਇਆ ਹੈ।
ਸਾਨੂੰ
ਚਾਰਾਂ ਭੈਣਾ ਅਤੇ ਮੰਮੀ ਨੂੰ ਰਿਸ਼ਤੇਦਾਰ ਔਰਤਾਂ ਚੁੱਪ ਕਰਵਾਉਣ ਦਾ ਯਤਨ ਕਰ ਰਹੀਆਂ ਹਨ। ਸਾਰਿਆਂ
ਤੋਂ ਪਹਿਲਾਂ ਮੈਂ, ਜੋ ਸਾਰੀਆਂ ਭੈਣਾਂ ’ਚੋਂ ਛੋਟੀ ਹਾਂ, ਚੁੱਪ ਕਰ ਜਾਂਦੀ ਹਾਂ। ਹੰਝੂ ਪੂੰਝ ਕੇ
ਮੰਮੀ ਤੇ ਵੱਡੀਆਂ ਤਿੰਨਾਂ ਨੂੰ ਚੁੱਪ ਕਰਾਉਂਦੀ ਹਾਂ।
ਪਤਾ
ਨਹੀਂ ਕਿਉਂ ਮੈਂ ਸ਼ੁਰੂ ਤੋਂ ਹੀ ਟੱਬਰ ਵਿੱਚੋਂ ਵੱਖਰੀ ਹਾਂ। ਸ਼ਾਇਦ ਇਸਲਈ ਕਿ ਜਦੋਂ ਸੁਰਤ ਸੰਭਾਲੀ
ਤਾਂ ਇਕ ਦਿਨ ਪਾਪਾ ਦਾਰੂ ਪੀ ਕੇ ਮੰਮੀ ਨੂੰ ਕੁੱਟਣ ਲੱਗ ਪਏ ਸਨ। ਵੱਡੀਆਂ ਤਾਂ ਦੂਰ ਸ਼ਹਿਰਾਂ ਅੰਦਰ
ਹੋਸਟਲਾਂ ਵਿਚ ਰਹਿੰਦੀਆਂ ਸਨ ਤੇ ਕਦੇ-ਕਦਾਈਂ ਹੀ ਉਨ੍ਹਾਂ ਦਾ ਗੇੜਾ ਵੱਜਦਾ। ਮੈਂ ਹੀ ਮੰਮੀ ਨੂੰ
ਚੁੱਪ ਕਰਾਉਂਦੀ ਸਾਂ।
ਉਸ ਦਿਨ
ਪਾਪਾ ਲੜ ਕੇ ਘਰੋਂ ਬਾਹਰ ਚਲੇ ਗਏ ਸਨ ਤਾਂ ਮੰਮੀ ਨੇ ਮੈਨੂੰ ਦੱਸਿਆ ਸੀ ਕਿ ‘ਜਦੋਂ ਤੇਰਾ ਜਨਮ
ਹੋਇਆ ਸੀ ਤਾਂ ਤੇਰੇ ਪਾਪਾ ਸਾਲ ਭਰ ਮੇਰੇ ਨਾਲ ਬੋਲੇ ਨਹੀਂ ਸਨ ਤੇ ਤੈਨੂੰ ਉਨ੍ਹਾਂ ਕਦੇ ਗੋਦੀ
ਨਹੀਂ ਚੁੱਕਿਆ ਸੀ।’
ਭਲਾ
ਮੰਮੀ ਦਾ ਅਤੇ ਮੇਰਾ ਇਸ ਵਿਚ ਕੀ ਦੋਸ਼ ਸੀ?
ਮੇਰੇ ਮਨ
ਵਿਚ ਇਕ ਗੰਢ ਜਿਹੀ ਬੱਝ ਗਈ ਸੀ ਉਸ ਦਿਨ ਤੋਂ।
ਮੈਥੋਂ
ਚਾਰ ਸਾਲ ਬਾਦ ਜਦੋਂ ਵੀਰੇ ਦਾ ਜਨਮ ਹੋਇਆ ਸੀ ਤਾਂ ਇਸ ਘਰ ਵਿਚ ਕਿਵੇਂ ਜਸ਼ਨ ਮਨਾਏ ਗਏ ਸਨ। ਕਿੰਨੇ
ਦਿਨ ਤਕ ਪਾਪਾ ਨੇ ਸ਼ਰਾਬ ਦਾ ਲੰਗਰ ਲਾਈ ਰੱਖਿਆ ਸੀ। ਜਣੇ-ਖਣੇ ਨੂੰ ਫੜ ਕੇ ਮੂਹਰਲੀ ਬੈਠਕ ਵਿਚ ਲਿਆ
ਬਿਠਾਉਂਦੇ। ਦਾਰੂ ਦੀ ਪੇਟੀ ਬੈੱਡ ਥੱਲੇ ਪਈ ਰਹਿੰਦੀ। ‘ਰੱਜ ਕੇ ਪੀ ਯਾਰ! ਇਸ ਘਰ
ਦਾ ਵਾਰਸ ਪੈਦਾ ਹੋਇਆ ਏ! ਸਾਡੀ ਅਰਥੀ ਨੂੰ ਮੋਢਾ ਦੇਣ ਵਾਲਾ ਆ ਗਿਆ ਏ!’
‘ਚੀਅਰਜ਼!’ ਕਹਿ ਉਹ ਸ਼ਰਾਬ
ਨਾਲ ਭਰੇ ਕੱਚ ਦੇ ਗਲਾਸ ਖੜਕਾਉਂਦੇ।
ਪਰ ਰੱਬ
ਦੇ ਘਰ ਦਾ ਉਦੋਂ ਕੀ ਪਤਾ ਸੀ। ਲਾਡ-ਪਿਆਰ ਨਾਲ ਪਾਲਿਆ ਪੁੱਤਰ ਨਕਲਾਂ-ਨੁਕਲਾਂ ਮਾਰ ਕੇ ਮਸਾਂ
ਦਸਵੀਂ ਵਿੱਚੋਂ ਪਾਸ ਹੋਇਆ। ਕਦੇ ਆਪਣੀ ਕਮਾਈ ਦਾ ਧੇਲਾ ਮਾਪਿਆਂ ਦੀ ਹਥੇਲੀ ਤੇ ਨਾ ਧਰਿਆ। ਨਸ਼ੇ
ਵਿਚ ਧੁੱਤ ਲੜਾਈ ਸਹੇੜੀ ਰੱਖਦਾ, ਸਾਰੇ ਟੱਬਰ ਦੀ ਜਾਣ ਮੁੱਠੀ ਵਿਚ ਲਿਆਈ ਰੱਖਦਾ।
ਅਸੀਂ ਸਾਰੀਆਂ
ਭੈਣਾਂ ਚੰਗੀ ਪੜ੍ਹਾਈ ਕਰਕੇ, ਚੰਗੀਆਂ ਪੋਸਟਾਂ ਤੇ ਲੱਗ ਗਈਆਂ। ਚੰਗੇ ਸਰਦੇ-ਪੁੱਜਦੇ ਘਰੀਂ
ਵਿਆਹੀਆਂ ਗਈਆਂ।
ਤੇ ਅੱਜ
ਕਿੱਥੇ ਹੈ ਉਹ ਕੁਲ ਦਾ ਵਾਰਸ? ਬਾਪ ਦੀ ਅਰਥੀ ਨੂੰ ਮੋਢਾ ਦੇਣ ਤੋਂ ਪਹਿਲਾਂ ਹੀ
ਚਿੜੀ-ਪੂੰਝਾ ਛੁਡਾ ਕੇ ਤੁਰ ਗਿਆ ਅਗਲੇ ਜਹਾਨ।
ਮੰਮੀ ਦਾ
ਵਿਰਲਾਪ ਝੱਲਿਆ ਨਹੀਂ ਜਾਂਦਾ, “ਅੱਜ ਕੌਣ ਤੇਰੀ ਅਰਥੀ ਨੂੰ ਮੋਢਾ ਦੇਵੇ ਵੇ ਮੇਰੇ ਸਿਰ ਦੇ
ਸਾਈਆਂ!!…ਕੀਹਦੇ ਆਸਰੇ ਛੱਡ ਕੇ ਤੁਰ ਚੱਲਿਐਂ ਵੇ ਮੈਨੂੰ
ਸਹੇੜਨ ਵਾਲਿਆ…!”
ਅਚਾਨਕ
ਅਸੀਂ ਚਾਰੇ ਭੈਣਾਂ ਫੈਸਲਾ ਕਰ ਲੈਂਦੀਆਂ ਹਾਂ।
“ਰੋ ਨਾ
ਮੰਮੀ! ਅਸੀਂ ਦੇਵਾਂਗੀਆਂ ਮੋਢਾ ਆਪਣੇ ਬਾਬਲ ਦੀ ਅਰਥੀ ਨੂੰ…ਅਸੀਂ ਜਿਉਂਦੀਆਂ ਜਾਗਦੀਆਂ ਬੈਠੀਆਂ
ਤੈਨੂੰ ਸਾਂਭਣ ਵਾਲੀਆਂ।”
ਮੰਮੀ ਦੇ
ਕੀਰਨੇ ਹੌਲੀ-ਹੌਲੀ ਹਟਕੋਰਿਆਂ ਵਿਚ ਬਦਲ ਜਾਂਦੇ ਹਨ।
ਅਸੀਂ
ਚਾਰੇ ਭੈਣਾਂ ਨੇ ਅਰਥੀ ਦੇ ਚਾਰੇ ਪਾਸੇ ਮੱਲ ਲਏ ਹਨ।
ਸਾਰੀ
ਮਜਲਸ ਵਿਚ ਬੜੇ ਜ਼ੋਰ ਦੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ।
-0-