ਸਵਾਮੀ ਸਰਬਜੀਤ
ਉਹਦੇ ਕੋਲ ਮਖੌਟੇ ਸਨ, ਕਈ ਮਖੌਟੇ। ਰੰਗ-ਬਿਰੰਗੇ, ਵੱਖ-ਵੱਖ ਜਾਨਵਰਾਂ ਦੀਆਂ ਸ਼ਕਲਾਂ ਨਾਲ ਮਿਲਦੇ-ਜੁਲਦੇ ਮਖੌਟੇ। ਇਹ ਮਖੌਟੇ ਉਸਨੇ ਬਡ਼ੀ ਮਿਹਨਤ ਨਾਲ ਆਪਣੇ ਹੱਥੀਂ ਬਣਾਏ ਸਨ, ਆਪਣੇ ਲਈ।
ਉਹ ਹਮੇਸ਼ਾਂ ਹੀ ਮਖੌਟਾ ਪਹਿਣ ਕੇ ਰੱਖਦਾ। ਸਮਾਂ, ਸਥਾਨ ਤੇ ਸਥਿਤੀ ਅਨੁਸਾਰ ਉਹ ਮਖੌਟਾ ਬਦਲ ਲੈਂਦਾ। ਉਹ ਮਖੌਟਾ ਬਦਲਣ ਵਿਚ ਵੀ ਬਹੁਤ ਮਾਹਿਰ ਸੀ।
ਜਦੋਂ ਉਹ ਆਪਣੇ ਬਾਸ ਕੋਲ ਹੁੰਦਾ ਤਾਂ ਭਿੱਜੀ ਬਿੱਲੀ ਵਾਲਾ ਮਖੌਟਾ ਪਹਿਨਦਾ। ਆਪਣੇ ਬੱਚਿਆਂ ਸਾਹਵੇਂ ਸਿਆਣੇ ਕਾਂ ਵਾਲਾ ਮਖੌਟਾ ਨਾ ਉਤਾਰਦਾ। ਤਾਕਤਵਰ ਲੋਕਾਂ ਅੱਗੇ ਗਿੱਦਡ਼ ਦਾ ਅਤੇ ਕਮਜ਼ੋਰ ਲੋਕਾਂ ਸਾਹਮਣੇ ਉਹ ਸ਼ੇਰ ਦਾ ਮਖੌਟਾ ਪਹਿਨ ਕੇ ਰੱਖਦਾ।
ਰਾਤੀਂ ਪਤਨੀ ਦੇ ਬੈੱਡ ਉੱਤੇ ਜਾਣ ਸਮੇਂ ਉਹ ਕੁੱਤੇ ਵਾਲਾ ਮਖੌਟਾ ਪਹਿਨ ਲੈਂਦਾ। ਪਤਨੀ ਦੀ ਰਜਾਮੰਦੀ ਮਿਲਦਿਆਂ ਹੀ ਉਹ ਫਟਾਫਟ ਕੁੱਤੇ ਦਾ ਮਖੌਟਾ ਉਤਾਰ ਕੇ ਭੇਡ਼ੀਏ ਦਾ ਮਖੌਟਾ ਪਾ ਲੈਂਦਾ। ਦਿਨ ਚਡ਼੍ਹਦੇ ਹੀ ਉਹ ਪਤਨੀ ਨੂੰ ਕਦੇ ਸ਼ੇਰ ਤੇ ਕਦੇ ਹਾਥੀ ਦਾ ਮਖੌਟਾ ਲਾ-ਲਾ ਕੇ ਦਿਖਾਉਂਦਾ।
ਉਹ ਹਮੇਸ਼ਾਂ ਮਖੌਟਾ ਪਾ ਕੇ ਰੱਖਣ ਦਾ ਆਦੀ ਹੋ ਗਿਆ ਹੈ। ਹੁਣ ਜਦੋਂ ਵੀ ਉਹ ਸ਼ੀਸ਼ੇ ਸਾਹਵੇਂ ਜਾ ਕੇ, ਸਾਰੇ ਮਖੌਟੇ ਲਾਹ ਕੇ ਆਪਣਾ ਅਸਲ ਚਿਹਰਾ ਦੇਖਦਾ ਹੈ ਤਾਂ ਸ਼ੀਸ਼ੇ ਵਿਚ ਦਿਖਦਾ ਸ਼ਖ਼ਸ ਉਹਦੀ ਪਛਾਣ ਵਿਚ ਨਹੀਂ ਆਉਂਦਾ। ਉਹ ਸ਼ੀਸ਼ੇ ਵਿਚਲੇ ਸ਼ਖ਼ਸ ਤੋਂ ਅਕਸਰ ਹੀ ਪੁੱਛਦਾ ਹੈ:
“ਤੂੰ ਕੌਣ…?”
-0-
1 comment:
ਬਹੁਤ ਹੀ ਵਧੀਆ ਲੱਗੀ ਇਹ ਕਹਾਣੀ....ਬੰਦਾ ਆਪਣਾ ਅਸਲੀਅਤ ਬਿਲਕੁਲ ਭੁੱਲ ਚੁੱਕਾ ਹੈ | ਕਿੰਨਾ ਆਦੀ ਹੋ ਗਿਆ ਹੈ ਨਕਲੀ ਜਿਓਣ ਦਾ | ਓਹ ਭੁੱਲ ਗਿਆ ਹੈ ਆਪਣੇ-ਆਪ ਦਾ ਮਨੁੱਖ ਹੋਣਾ |
ਹਰਦੀਪ
Post a Comment