ਐਮ. ਅਨਵਾਰ ਅੰਜੁਮ
ਸਰਕਾਰੀ ਪ੍ਰਾਇਮਰੀ ਸਕੂਲ ਰਾਹੀਂ ਪੰਜਵੀਂ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਰਾਜੂ ਨੇ ਸਰਕਾਰੀ ਹਾਈ ਸਕੂਲ ਵਿਚ ਦਾਖਲਾ ਲੈ ਲਿਆ।
ਪ੍ਰਾਇਮਰੀ ਸਕੂਲ ਵਿਚ ਪਡ਼੍ਹਦਿਆਂ ਉਸ ਨੂੰ ਗੈਰ ਹਾਜ਼ਰ ਰਹਿਣ ਦੀ ਆਦਤ ਪੈ ਗਈ ਸੀ। ਹਾਈ ਸਕੂਲ ਵਿਖੇ ਵੀ ਉਹ ਪੰਜ ਦਿਨ ਗ਼ੈਰ ਹਾਜ਼ਰ ਰਹਿਣ ਮਗਰੋਂ ਸਕੂਲ ਪਹੁੰਚਿਆ। ਉਸ ਦੀ ਕਲਾਸ ਇੰਚਾਰਜ ਮੈਡਮ ਰਸ਼ਮੀ ਨੇ ਉਸ ਨੂੰ ਕਲਾਸ ਤੋਂ ਬਾਹਰ ਕੱਢ ਦਿੱਤਾ।
ਰਾਜੂ ਬਾਹਰ ਜਾਣ ਦੀ ਜਗ੍ਹਾ ਮੈਡਮ ਰਸ਼ਮੀ ਕੋਲ ਗਿਆ ਤੇ ਉਸ ਦੀਆਂ ਲੱਤਾਂ ਘੁੱਟਣ ਲੱਗ ਪਿਆ। ਮੈਡਮ ਨੇ ਉਸ ਨੂੰ ਪਰ੍ਹਾਂ ਧੱਕਦੇ ਹੋਏ ਕਿਹਾ, “ਜਾ, ਆਪਣੇ ਪਿਤਾ ਨੂੰ ਨਾਲ ਲੈ ਕੇ ਆਈਂ।”
ਇਹ ਸੁਣ ਰਾਜੂ ਨੇ ਤਰਲਾ ਲਿਆ, “ਮੈਡਮ! ਮੈਨੂੰ ਕਲਾਸ ’ਚੋਂ ਨਾ ਕੱਢੋ, ਮੈਂ ਆਪ ਦੇ ਵਾਲਾਂ ’ਚ ਤੇਲ ਮਾਲਿਸ਼ ਵੀ ਕਰ ਦਿਆ ਕਰਾਂਗਾ।”
“ਬਦਤਮੀਜ਼! ਚੱਲ ਨਿਕਲ ਜਾ ਹੁਣੇ ਸਕੂਲੋਂ ਬਾਹਰ…।” ਮੈਡਮ ਨੇ ਰਾਜੂ ਦੀ ਗੱਲ੍ਹ ਉੱਤੇ ਇੱਕ ਜ਼ੋਰਦਾਰ ਥੱਪਡ਼ ਜਡ਼ਦਿਆਂ ਹੁਕਮ ਸੁਣਾਇਆ।
ਆਪਣੀ ਗੱਲ੍ਹ ਨੂੰ ਪਲੋਸਦਾ ਹੋਇਆ ਸਕੂਲੋਂ ਬਾਹਰ ਜਾਂਦਾ ਰਾਜੂ, ਪ੍ਰਾਇਮਰੀ ਸਕੂਲ ਵਾਲੀ ਮੈਡਮ ਅਤੇ ਮੈਡਮ ਰਸ਼ਮੀ ਵਿਚਕਾਰ ਫ਼ਰਕ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ।
-0-