ਹਰਭਜਨ ਖੇਮਕਰਨੀ
ਮਹੀਨੇ ਦੀ ਪਹਿਲੀ ਤਰੀਕ ਨੂੰ ਬੈਂਕ ’ਚੋਂ ਪੈਸੇ ਕਢਵਾਉਣ ਦੀ ਮਜ਼ਬੂਰੀ-ਵੱਸ ਮੈਨੂੰ ਵੀ ਲੰਬੀ ਕਤਾਰ ਦਾ ਹਿੱਸਾ ਬਨਣਾ ਪਿਆ। ਕਾਉਂਟਰ ਵੱਲ ਹੌਲੀ-ਹੌਲੀ ਸਰਕ ਰਹੀ ਕਤਾਰ ਵਿਚ ਬਹੁਤੇ ਬਜ਼ੁਰਗ ਹੀ ਸਨ, ਜੋ ਸ਼ਾਇਦ ਪੈਨਸ਼ਨ ਦੇ ਪੈਸੇ ਕਢਵਾਉਣ ਆਏ ਸਨ। ਸਮਾਂ ਕੱਟਣ ਲਈ ਅਨਜਾਣ ਬੰਦਿਆਂ ਨਾਲ ਵੀ ਗੱਲਾਂ ਦੀ ਸਾਂਝ ਪਾਈ ਜਾ ਰਹੀ ਸੀ। ਕੁਝ ਜੀਵਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਸਾਂਝਿਆਂ ਕਰ ਰਹੇ ਸਨ ਤੇ ਕੁਝ ਘਰੋਗੀ ਹਾਲਾਤ ਦਾ ਰੋਣਾ ਰੋ ਰਹੇ ਸਨ। ਉਦੋਂ ਹੀ ਮੈਥੋਂ ਤਿੰਨ ਕੁ ਆਦਮੀਆਂ ਬਾਅਦ ਖਡ਼ੇ ਬਜ਼ੁਰਗ ਦੇ ਬੋਲ ਕੰਨੀਂ ਪਏ ਕਿ ਕਿਸਮਤ ਵਾਲਿਆਂ ਦੇ ਬੱਚੇ ਹੀ ਆਪਣੇ ਮਾਪਿਆਂ ਨੂੰ ਪਿਛਲੀ ਉਮਰੇ ਪੂਜਣ-ਯੋਗ ਸਮਝਦਿਆਂ ਸੇਵਾ ਕਰਦੇ ਨੇ। ਬਹੁਤਿਆਂ ਕੋਲੋਂ ਤਾਂ ਹਰ ਮਹੀਨੇ ਕਿਸੇ ਨਾ ਕਿਸੇ ਬਹਾਨੇ ਪੈਨਸ਼ਨ ਵੀ ਖੋਹ ਲਈ ਜਾਂਦੀ ਏ ਤੇ ਉਹਨਾਂ ਨੂੰ ਆਪਣੀਆਂ ਲੋਡ਼ਾਂ ਪੂਰੀਆਂ ਕਰਨ ਲਈ ਮੰਗਤਿਆਂ ਵਾਂਗ ਪੁੱਤਰਾਂ-ਨੂਹਾਂ ਅੱਗੇ ਹੱਥ ਅੱਡਣੇ ਪੈਂਦੇ ਨੇ।
“ਭਾਈ ਸਾਹਿਬ! ਤੁਸੀਂ ਠੀਕ ਕਹਿੰਦੇ ਹੋ। ਮੇਰਾ ਮੁੰਡਾ ਬਾਹਰ ਗੇਟ ਮੱਲ ਕੇ ਖਡ਼ਾ ਏ ਕਿ ਕਦੋਂ ਮੈਂ ਬਾਹਰ ਆਵਾਂ ਤੇ ਉਹ ਮੈਥੋਂ ਪੈਸੇ ਖੋਹੇ।” ਇਕ ਹੋਰ ਨੇ ਗੱਲ ਅੱਗੇ ਤੋਰੀ।
“ਬਈ ਮੇਰੇ ਬੱਚੇ ਤਾਂ ਪੈਨਸ਼ਨ ਨੂੰ ਹੱਥ ਨਹੀਂ ਲਾਉਂਦੇ। ਜਿੱਥੇ ਮਰਜੀ ਖਰਚਾਂ। ਪਹਿਲੀ ਨੂੰ ਦੋਸਤ-ਮਿੱਤਰਾਂ ਨੂੰ ਮਿਲ ਜਾਈਦਾ ਏ ਤੇ ਤਨਖਾਹ ਵਾਂਗ ਪੈਨਸ਼ਨ ਜੇਬ ਵਿਚ ਪਾ ਕੇ ਖੁਸ਼ੀ ਜਿਹੀ ਵੀ ਹੁੰਦੀ ਏ।” ਇਕ ਹੋਰ ਆਦਮੀ ਆਪਣੀ ਗੱਲ ਕਹਿੰਦਿਆ ਮੁਸਕਰਾ ਰਿਹਾ ਸੀ।
“ਘਰੋਗੀ ਹਾਲਾਤ ਤਾਂ ਬਈ ਸਭ ਦੇ ਆਪਣੇ-ਆਪਣੇ ਹੁੰਦੇ ਨੇ। ਮੇਰਾ ਇਕ ਲਡ਼ਕਾ ਡਾਕਟਰ ਏ ਰੇਲਵੇ ਵਿਚ ਤੇ ਇਕ ਫੌਜ ਵਿਚ ਮੇਜਰ ਏ। ਖੁੱਲ੍ਹਾ ਖਰਚਣ ਨੂੰ ਦਿੰਦੇ ਨੇ। ਧੀਆਂ ਆਪਣੇ ਘਰੀਂ ਨੇ। ਕੋਈ ਜਿੰਮੇਵਾਰੀ ਨਹੀਂ। ਮੈਂ ਪੈਨਸ਼ਨ ਦਾ ਇਕ ਪੈਸਾ ਵੀ ਘਰ ਨਹੀਂ ਲਿਜਾਂਦਾ। ਚਾਰ ਗਰੀਬ ਪਰਿਵਾਰਾਂ ਦੀ ਮਦਦ ਹਰ ਮਹੀਨੇ ਬੰਨ੍ਹੀ ਹੋਈ ਏ।”
ਉਸ ਬਜ਼ੁਰਗ ਦੀ ਆਵਾਜ਼ ਜਿੱਥੋਂ ਤੀਕ ਲਾਈਨ ਵਿਚ ਖਡ਼ੇ ਲੋਕਾਂ ਦੇ ਕੰਨੀਂ ਪਈ, ਸਭ ਨੇ ਆਪੋ-ਆਪਣੇ ਤੀਰ ਛੱਡੇ।
“ਬਜ਼ੁਰਗਾਂ ਨੂੰ ਗੱਪ ਮਾਰਨ ਦੀ ਆਦਤ ਲਗਦੀ ਏ।”
“ਦਾਨ ਕਰਨ ਵਾਲੇ ਢਿੰਡੋਰਾ ਨਹੀਂ ਪਿੱਟਦੇ।”
“ਪਹਿਲੀ ਤਰੀਕ ਨੂੰ ਕੀ ਲੋਡ਼ ਏ ਲਾਈਨ ਵਿਚ ਧੱਕੇ ਖਾਣ ਦੀ।”
“ਭਾਈ ਸਾਹਿਬ, ਜੇਕਰ ਤੁਸਾਂ ਪੈਨਸ਼ਨ ਕਢਾ ਕੇ ਦਾਨ ਹੀ ਕਰਨੀ ਏ ਤਾਂ ਦਸ-ਬਾਰਾਂ ਤਰੀਕ ਨੂੰ ਆਇਆ ਕਰੋ। ਧੱਕਿਆਂ ਤੋਂ ਬਚਾ ਹੋ…ਜੇ…ਗਾ।” ਸੋਟੀ ਆਸਰੇ ਖਡ਼ੇ ਇਕ ਬਜ਼ੁਰਗ ਨੇ ਕਹਿ ਹੀ ਦਿੱਤਾ।
“ਤੁਸੀਂ ਠੀਕ ਕਹਿੰਦੇ ਹੋ, ਪਰ ਜਿਨ੍ਹਾਂ ਪਰਿਵਾਰਾਂ ਦੀ ਮੈਂ ਮਦਦ ਕਰਦਾ ਹਾਂ, ਉਹਨਾਂ ਦੀਆਂ ਲੋਡ਼ਾਂ ਵੀ ਤਾਂ ਪਹਿਲੀ ਤਰੀਕ ਨਾਲ ਜੁਡ਼ੀਆਂ ਹੋਈਆਂ ਨੇ।”
ਲਾਈਨ ਵਿਚ ਕੁਝ ਪਲ ਲਈ ਖਾਮੋਸ਼ੀ ਛਾ ਗਈ।
-0-