ਜਦੋਂ ਜ਼ੈਲਦਾਰ ਹਰਨਾਮ ਸਿੰਘ ਦੀ ਪਤਨੀ ਨੇ ਤੀਜੀ ਵਾਰ ਕੁਡ਼ੀ ਨੂੰ ਹੀ ਜਨਮ ਦਿੱਤਾ ਤਾਂ ਉਸ ਦਾ ਦਿਲ ਟੁੱਟ ਗਿਆ। ਬਹੁਤ ਹੀ ਦੁਖੀ ਹਿਰਦੇ ਅਤੇ ਬੋਝਲ ਕਦਮਾਂ ਨਾਲ ਉਹ ਗੁਰਦੁਆਰੇ ਪਹੁੰਚਿਆ। ਵਾਹਿਗੁਰੂ ਨੂੰ ਸੰਬੋਧਤ ਹੁੰਦਿਆਂ ਬੋਲਿਆ, “ਮੈਂ ਤੇਰਾ ਕੀ ਵਿਗਾਡ਼ਿਐ? ਹਰ ਵਾਰ ਈ ਕੁਡ਼ੀ ਦੇ ਦਿਨੈਂ। ਇਨ੍ਹਾਂ ਕੁਡ਼ੀਆਂ ਨਾਲੋਂ ਤਾਂ ਮੈਂ ਬੇਔਲਾਦ ਈ ਚੰਗਾ ਸੀ। ਹੇ ਵਾਹਿਗੁਰੂ, ਸੱਚੇ ਪਾਤਸ਼ਾਹ! ਜੇ ਦੇਣਾ ਈ ਐ ਤਾਂ ਮੈਨੂੰ ਇਕ ਪੁੱਤਰ ਦੇ ਦੇ, ਮੇਰਾ ਵਾਰਸ ਤੇ ਖਾਨਦਾਨ ਚਲਾਉਣ ਵਾਲਾ।”
ਹਰਨਾਮ ਸਿੰਘ ਆਪਣੀ ਅਰਦਾਸ ਵਿਚ ਮਗਨ ਸੀ। ਤਦੇ ਉੱਥੇ ਪਿੰਡ ਦਾ ਸਰਪੰਚ ਸਾਧੂ ਸਿੰਘ ਆਇਆ। ਸਾਧੂ ਸਿੰਘ ਕੋਲ ਕਰੋਡ਼ਾਂ ਦੀ ਜਾਇਦਾਦ ਸੀ। ਸਾਧੂ ਸਿੰਘ ਵੀ ਅਰਦਾਸ ਕਰਨ ਲੱਗਾ, “ਵਾਹਿਗੁਰੂ! ਤੇਰੇ ਘਰ ਕਿਸ ਚੀਜ ਦੀ ਘਾਟ ਐ! ਸਾਡੇ ਘਰ ਵੀ ਇਕ ਔਲਾਦ ਬਖਸ਼ਦੇ। ਮੈਂ ਤਾਂ ਤੇਰੇ ਕੋਲੋਂ ਮੁੰਡਾ ਵੀ ਨਹੀਂ ਮੰਗਦਾ, ਮੈਨੂੰ ਤਾਂ ਭਾਵੇਂ ਕੁਡ਼ੀ ਦੀ ਦਾਤ ਈ ਦੇ ਦੇ। ਮੈਂ ਵੀ ‘ਪਿਓ’ ਕਹਾਉਣ ਦੀ ਖੁਸ਼ੀ ਲੈ ਸਕਾਂ। ਮੇਰੇ ਤੇ ਮਿਹਰ ਕਰ ਰੱਬਾ! ਦੇਖੀਂ ਕਿਤੇ ਦੁਨੀਆਂ ਤੋਂ ਮੈਂ ਔਂਤਰਾ ਈ ਨਾ ਤੁਰ ਜਾਵਾਂ।”
ਸਰਪੰਚ ਸਾਧੂ ਸਿੰਘ ਦੀ ਅਰਦਾਸ ਸੁਣ ਹਰਨਾਮ ਸਿੰਘ ਚੁੱਪਚਾਪ ਆਪਣੇ ਘਰ ਵੱਲ ਤੁਰ ਪਿਆ। ਘਰ ਪਹੁੰਚ ਕੇ ਉਹ ਆਪਣੀ ਨਵਜੰਮੀਂ ਬੱਚੀ ਨੂੰ ਗੋਦੀ ਵਿਚ ਲੈ ਚੁੰਮਣ ਲੱਗ ਪਿਆ।
-0-