ਨਰਿੰਦਰਜੀਤ ਕੌਰ
ਸਮਰਾਲੇ ਤੋਂ ਚੰਡੀਗੜ੍ਹ ਜਾ ਰਹੀ ਬੱਸ ਖਚਾਖਚ ਭਰੀ ਹੋਈ ਸੀ। ਬੈਠਣ ਨੂੰ ਤਾਂ ਕੀ, ਖੜਨ ਨੂੰ ਵੀ ਥਾਂ ਮਿਲਣੀ ਔਖੀ ਸੀ। ਗਰਮੀ ਅਤੇ ਘੁਟਣ ਨਾਲ ਲੋਕਾਂ ਦਾ ਬੁਰਾ ਹਾਲ ਸੀ। ਫਿਰ ਵੀ ਹਰ ਕੋਈ ਚੜ੍ਹੀ ਜਾ ਰਿਹਾ ਸੀ। ਹਰ ਸਟਾਪ ਤੇ ਲਗਦਾ ਕਿ ਹੁਣ ਤਾਂ ਬੱਸ ਨਹੀ ਰੁਕਣੀ, ਪਰ ਕੰਡਕਟਰ ਨੇ ਵੀ ਤਾਂ ਕਮਾਈ ਕਰਨੀ ਸੀ।
ਖਮਾਣੋਂ ਤੋਂ ਇਕ ਕੁੜੀ ਚੜ੍ਹੀ ਤੇ ਬੂਹੇ ਕੋਲ ਖੜੀ ਹੋ ਗਈ। ਬੱਸ ਵਿਚ ਹਲਕੀ ਜਿਹੀ ਹਲਚਲ ਮਚ ਗਈ। ਉੱਚਾ ਜਿਹਾ ਜੂੜਾ, ਗੁਲਾਬੀ ਸੂਟ, ਮੋਢੇ ਉੱਤੇ ਪਰਸ ਅਤੇ ਅੱਖਾਂ ਉੱਤੇ ਕਾਲਾ ਚਸ਼ਮਾ। ਸਵਾਰੀਆਂ ਨੂੰ ਗਰਮੀ ਅਤੇ ਘੁਟਨ ਭੁੱਲ ਗਈ ਅਤੇ ਸਾਰੀਆਂ ਅੱਖਾਂ ਉਸ ਇਕ ਚਿਹਰੇ ਉੱਤੇ ਗੱਡੀਆਂ ਗਈਆਂ। ਹਰ ਕਿਸੇ ਨੂੰ, ਭਾਵੇਂ ਉਹ ਸੋਲ੍ਹਾਂ ਸਾਲਾਂ ਦਾ ਜੁਆਨ ਮੁੰਡਾ ਸੀ ਜਾਂ ਸੱਠ ਸਾਲਾਂ ਦਾ ਬੁੜ੍ਹਾ, ਆਲੇ ਦੁਆਲੇ ਦੀਆਂ ਹੋਰ ਸਵਾਰੀਆਂ ਦਿਖਣੀਆਂ ਹੀ ਬੰਦ ਹੋ ਗਈਆਂ। ਸਭ ਨੂੰ ਬਸ ਇਕ ਕੁੜੀ ਨਜ਼ਰ ਆ ਰਹੀ ਸੀ।
ਹਰ ਦਿਲ ਵਿਚ ਬਸ ਇਕ ਹੀ ਸੋਚ ਸੀ–‘ਕਾਸ਼ ਇਹ ਕੁੜੀ ਮੇਰੇ ਨਾਲ ਦੀ ਸੀਟ ’ਤੇ ਆ ਕੇ ਬਹਿ ਜਾਵੇ ਤਾਂ ਸਵਰਗ ਹੀ ਮਿਲ ਜਾਵੇ। ਪਰ ਮੈਂ ਉੱਠ ਕੇ ਸੀਟ ਨਹੀਂ ਦੇਣੀ ਕਿਉਂਕਿ ਫੇਰ ਤਾਂ ਉਹ ਮੇਰੇ ਨਾਲ ਦੇ ਬੰਦੇ ਕੋਲ ਬਹਿ ਜਾਵੇਗੀ, ਮੇਰੇ ਨਾਲ ਤਾਂ ਨਹੀਂ ਨਾ। ਬਸ ਕਿਸੇ ਤਰ੍ਹਾਂ ਮੇਰੇ ਨਾਲ ਦਾ ਬੰਦਾ ਉਠ ਜਾਵੇ ਤਾਂ ਹੀ ਗੱਲ ਹੈ। ਪਰ ਚੱਲ ਨਹੀਂ ਤਾਂ ਸਾਮ੍ਹਣੇ ਹੀ ਖੜੀ ਰਹੇ, ਅੱਖਾਂ ਨੂੰ ਹੀ ਠੰਡਕ ਦੇਈ ਜਾਵੇ।’
ਇੰਨੇ ਚਿਰ ਨੂੰ ਦੋ ਸਵਾਰੀਆਂ ਵਾਲੀ ਸੀਟ ਉੱਤੇ ਬੈਠੇ ਇਕ ਮੁੰਡੇ ਨੇ ਤਿਰਛੇ ਜਿਹੇ ਹੁੰਦੇ ਹੋਏ ਮਾੜੀ ਜਿਹੀ ਥਾਂ ਬਣਾ ਕੇ ਕੁੜੀ ਨੂੰ ਕਿਹਾ, “ਜੀ ਤੁਸੀਂ ਇੱਥੇ ਆ ਜਾਓ।”
ਸਾਰੀ ਬੱਸ ਵਿਚ ਸ਼ਾਂਤੀ ਫੈਲ ਗਈ।
‘ਲੈ ਗਿਆ ਬਾਜੀ, ਸਾਲਾ ਉੱਲੂ ਦਾ ਪੱਠਾ!’
“ਥੈਂਕ ਯੂ, ਭਾਈ ਸਾਬ੍ਹ! ਤੁਸੀਂ ਇਨ੍ਹਾਂ ਬਾਬਾ ਜੀ ਨੂੰ ਬਿਠਾ ਲਓ।” ਕੁੜੀ ਨੇ ਇਕ ਬਹੁਤ ਹੀ ਕਮਜ਼ੋਰ ਜਿਹੇ ਬਜ਼ੁਰਗ ਨੂੰ ਉਸ ਸੀਟ ਤੇ ਭੇਜ ਦਿੱਤਾ।
‘ਐਥੇ ਰੱਖ!’
ਹੁਣ ਇਕ ਨੂੰ ਛੱਡ ਬਾਕੀ ਸਾਰੇ ਚਿਹਰੇ ਖੁਸ਼ੀ ਨਾਲ ਖਿੜ ਗਏ ਸਨ।