Tuesday, June 30, 2009
ਸਾਂਝੀਦਾਰ
ਦਰਸ਼ਨ ਮਿਤਵਾ
ਉਸ ਦਸ-ਗਿਆਰਾਂ ਸਾਲਾਂ ਦੇ ਮੁੰਡੇ ਦਾ ਆਪਣੇ ਸਾਈਕਲ ਉੱਤੇ ਕਾਬੂ ਨਾ ਰਿਹਾ ਅਤੇ ਉਹ ਸਾਈਕਲ ਸਣੇ ਸੜਕ ਦੇ ਵਿਚਕਾਰ ਧੜੰਮ ਦੇ ਕੇ ਜਾ ਡਿੱਗਿਆ। ਸਾਈਕਲ ਦੇ ਪਿੱਛੇ ਖੁਰਜੀ ਵਿਚ ਲੱਦੀਆਂ ਖਾਲੀ ਬੋਤਲਾਂ ਵੀ ਸੜਕ ਉੱਤੇ ਖਿੱਲਰ ਗਈਆਂ। ਉਹਨਾਂ ਵਿਚੋਂ ਕੁੱਝ ਫੁੱਟ ਕੇ ਕੀਚਰ-ਕੀਚਰ ਹੋ ਗਈਆਂ।
ਦੇਖਣ ਵਾਲੇ ਖਿੜਖਿੜਾ ਕੇ ਹੱਸ ਪਏ।
“ਸਾਲੇ ਤੋਂ ਆਪਦਾ ਆਪ ਸੰਭਦਾ ਨੀਂ…ਚਿੱਤੜਾਂ ਥੱਲੇ ਸੈਂਕਲ ਪਹਿਲਾਂ ਦੇ ਲਿਆ।” ਪਹਿਲਾ ਬੋਲਿਆ।
“ਇਹੋਜੇ ਮਾਂ-ਪਿਓ ਐ, ਜੇਹੜੇ ਆਈਂ ਜੁਆਕਾਂ ਨੂੰ ਜਾਣਬੁੱਝ ਕੇ ਮਰਨ ਵਾਸਤੇ ਤੋਰ ਦਿੰਦੇ ਐ, ਬਈ ਇਹਦੀ ਕੋਈ ਉਮਰ ਐ ਹਾਲੇ ਸੈਂਕਲ ਤੇ ਏਨਾ ਭਾਰ ਖਿੱਚਣ ਦੀ…।” ਦੂਸਰੇ ਨੇ ਕਿਹਾ।
ਪਰ ਤੀਸਰੇ ਵਿਅਕਤੀ ਨੇ ਭੱਜ ਕੇ ਕਾਹਲੀ ਨਾਲ ਉਸ ਨੂੰ ਖੜਾ ਕੀਤਾ, “ਸੱਟ ਤਾਂ ਨੀ ਵੱਜੀ, ਸ਼ੇਰਾ!” ਉਸ ਨੂੰ ਆਪਣਾ ਮੁੰਡਾ ਮੱਖਣ ਯਾਦ ਆਇਆ ਤਾਂ ਉਸ ਨੇ ਸੜਕ ਤੇ ਖਿੱਲਰੀਆਂ ਖਾਲੀ ਬੋਤਲਾਂ ਚੁੱਕ-ਚੁੱਕ ਕੇ ਉਸ ਮੁੰਡੇ ਦੀ ਖੁਰਜੀ ਵਿਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ, “ਸੈਂਕਲ ਧਿਆਨ ਨਾਲ ਚਲਾਇਆ ਕਰ ਪੁੱਤ…!”
ਉਸਨੇ ਉਸ ਦੇ ਸਿਰ ਉੱਤੇ ਹੱਥ ਫੇਰਦਿਆਂ ਕਿਹਾ।
“ਖਾਲੀ ਬੋਤਲਾਂ, ਪੀਪੀਆਂ-ਪੀਪੇ, ਰੱਦੀ ਵੇਚ ਲੈ…।”
ਥੋੜੀ ਦੂਰ ਜਾ ਕੇ ਉਸ ਮੁੰਡੇ ਨੇ ਭਰਵਾਂ ਜਿਹਾ ਹੋਕਰਾ ਮਾਰਿਆ ਤਾਂ ਉਸ ਤੀਸਰੇ ਵਿਅਕਤੀ ਦਾ ਮਨ ਤਸੱਲੀ ਨਾਲ ਭਰ ਗਿਆ ਜਿਵੇਂ ਸਾਈਕਲ ਉੱਤੇ ਪਿੰਡਾਂ ਵਿਚ ਜਾ ਕੇ ਸਬਜ਼ੀ ਵੇਚ ਰਿਹਾ ਉਸਦਾ ਆਪਣਾ ਮੁੰਡਾ ਮੱਖਣ ਹੋਕਾ ਲਾ ਰਿਹਾ ਹੋਵੇ, “ਆਲੂ, ਗੋਭੀ, ਬੈਂਗਣ ਏ…।”
-0-
Wednesday, June 17, 2009
ਮੁਕਤੀ
ਜਗਦੀਸ਼ ਰਾਏ ਕੁਲਰੀਆਂ
“ਪੁੱਤਰ! ਮੇਰੀ ਤਾਂ ਇਹੀ ਅਰਜ਼ ਐ ਕਿ ਮੇਰੇ ਮਰਨ ਤੋਂ ਬਾਦ ਮੇਰੇ ਫੁੱਲ ਗੰਗਾ ਜੀ ਪਾ ਕੇ ਆਈਂ…।” ਮਰਨ ਕਿਨਾਰੇ ਪਏ ਬਿਸ਼ਨੇ ਬੁੜ੍ਹੇ ਨੇ ਆਪਣੇ ਇਕਲੌਤੇ ਪੁੱਤਰ ਵਿਸਾਖਾ ਸਿੰਘ ਅੱਗੇ ਤਰਲਾ ਜਿਹਾ ਕੀਤਾ ਸੀ। ਘਰ ਦੀ ਗੁਰਬਤ ਦੇ ਕਾਰਨ ਇਲਾਜ ਕਰਾਉਣਾ ਹੀ ਔਖਾ ਸੀ। ਉੱਪਰੋਂ ਮਰਨੇ ਦੇ ਖਰਚੇ, ਫੁੱਲ ਪਾਉਣ ਆਦਿ ਦੀਆਂ ਰਸਮਾਂ ਤੇ ਹੋਣ ਵਾਲੇ ਸੰਭਾਵੀ ਖਰਚਿਆਂ ਬਾਰੇ ਕਿਆਸ ਕਰ ਕੇ, ਉਹ ਧੁਰ ਅੰਦਰ ਤੱਕ ਕੰਬ ਜਾਂਦਾ ਸੀ।
“ਲਓ ਬੱਚਾ! ਪਾਂਚ ਰੁਪਏ ਹਾਥ ਮੇਂ ਲੇਕਰ ਸੂਰਜ ਦੇਵਤਾ ਕਾ ਧਿਆਨ ਕਰੋ।” ਫੁਟਬਾਲ ਵਰਗੇ ਢਿੱਡ ਵਾਲੇ ਪੰਡੇ ਦੇ ਬੋਲਾਂ ਨੇ ਉਸਦੀ ਸੁਰਤੀ ਨੂੰ ਵਾਪਸ ਮੋੜਿਆ।
ਗੰਗਾ ਵਿਚ ਖੜੇ ਉਸਨੂੰ ਕਾਫੀ ਸਮਾਂ ਹੋ ਗਿਆ ਸੀ। ਪੰਡਾ ਕਦੇ ਕਿਸੇ ਦੇ ਨਾਂ ਤੇ, ਕਦੇ ਕਿਸੇ ਦੇ ਨਾਂ ਤੇ, ਉਸ ਤੋਂ ਪੰਜ-ਪੰਜ, ਦਸ-ਦਸ ਕਰ ਕੇ ਰੁਪਏ ਬਟੋਰ ਰਿਹਾ ਸੀ।
“ਏਸੇ ਕਰੋ ਬੇਟਾ! ਦਸ ਰੁਪਏ ਦਾਏਂ ਹਾਥ ਮੇਂ ਲੇਕਰ ਅਪਨੇ ਪੂਰਵਜੋਂ ਕਾ ਧਿਆਨ ਕਰੋ…ਇਸ ਸੇ ਮਰਨੇ ਵਾਲੇ ਕੀ ਆਤਮਾ ਕੋ ਸ਼ਾਤੀ ਮਿਲਤੀ ਹੈ…।”
ਹੁਣ ਉਸ ਤੋਂ ਰਿਹਾ ਨਾ ਗਿਆ, “ਪੰਡਤ ਜੀ, ਆਹ ਕੀ ਠੱਗੀ-ਠੋਰੀ ਫੜੀ ਐ…ਇਕ ਤਾਂ ਸਾਡਾ ਬੰਦਾ ਜਹਾਨ ਤੋਂ ਚਲਾ ਗਿਆ, ਉੱਤੋਂ ਤੁਸੀਂ ਮਰੇ ਦਾ ਮਾਸ ਖਾਣੋਂ ਨਹੀਂ ਹਟਦੇ। ਇਹ ਕਿਹੋ ਜਿਹੇ ਸੰਸਕਾਰ ਨੇ?”
“ਅਰੇ ਮੂਰਖ! ਤੁਮ੍ਹੇਂ ਪਤਾ ਨਹੀਂ ਬ੍ਰਾਹਮਣੋਂ ਸੇ ਕੈਸੇ ਬਾਤ ਕੀ ਜਾਤੀ ਹੈ! ਜਾਓ, ਮੈਂ ਨਹੀਂ ਕਰਵਾਤਾ ਪੂਜਾ। ਡਾਲੋ, ਕੈਸੇ ਡਾਲੋਗੇ ਗੰਗਾ ਮੇਂ ਫੂਲ?…ਅਬ ਤੁਮ੍ਹਾਰੇ ਬਾਪ ਕੀ ਗਤੀ ਨਹੀਂ ਹੋਗੀ…ਉਸ ਕੀ ਆਤਮਾ ਭਟਕਤੀ ਫਿਰੇਗੀ…।” ਪੰਡੇ ਨੇ ਗੁੱਸੇ ਹੁੰਦਿਆਂ ਕਿਹਾ।
“ਬਾਪੂ ਨੇ ਜਦੋਂ ਏਥੇ ਸਵਰਗ ਨਹੀਂ ਭੋਗਿਆ…ਸਾਰੀ ਉਮਰ ਦੁੱਖਾਂ ’ਚ ਗਾਲਤੀ… ਆਹ ਤੇਰੇ ਮੰਤਰ ਕਿਹੜੇ ਸਵਰਗਾਂ ’ਚ ਵਾੜ ਦੇਣਗੇ…ਲੋੜ ਨੀਂ ਮੈਨੂੰ ਥੋਡੇ ਇਨ੍ਹਾਂ ਮੰਤਰਾਂ ਦੀ…ਜੇ ਤੂੰ ਨਹੀਓਂ ਫੁੱਲ ਪਵਾਉਂਦਾ ਤਾਂ…” ਇੰਨਾ ਕਹਿੰਦਿਆਂ ਉਸ ਨੇ ਆਪਣੇ ਹੱਥਾਂ ਵਿਚ ਫੜੇ ਫੁੱਲਾਂ ਨੂੰ ਥੋੜਾ ਨੀਵਾਂ ਕਰ ਕੇ ਗੰਗਾ ਦੀਆਂ ਲਹਿਰਾਂ ਨਾਲ ਇਕਮਿਕ ਕਰਦਿਆਂ ਫੇਰ ਕਿਹਾ, “ਲੈ ਆਹ ਪਾਤੇ।”
ਉਸਦਾ ਇਹ ਢੰਗ ਦੇਖ ਕੇ ਪੰਡੇ ਦਾ ਮੂੰਹ ਅੱਡਿਆ ਰਹਿ ਗਿਆ।
-0-
Subscribe to:
Posts (Atom)