-moz-user-select:none; -webkit-user-select:none; -khtml-user-select:none; -ms-user-select:none; user-select:none;

Thursday, January 2, 2014

 ‘ਪੰਜਾਬੀ ਮਿੰਨੀ’ ਅਤੇ ਪੰਜਾਬੀ ਤ੍ਰੈਮਾਸਿਕ ‘ਮਿੰਨੀ’ 
                        ਦੇ ਪਾਠਕਾਂ ਨੂੰ 
       ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ

Thursday, December 19, 2013

ਥੱਪੜ




ਰਾਣਾ ਲੰਗੇਆਣਾ
ਜੀਤੋ ਆਪਣੀ ਬੇਟੀ ਗਗਨ ਨੂੰ ਬੜੀ ਬੇਰਹਿਮੀ ਨਾਲ ਮਾਰਦੀ ਹੋਈ ਅੰਦਰ ਲੈ ਗਈ।
“ਹੁਣ ਅੱਡ ਮੂੰਹ, ਹਰਾਮਜਾਦੀਏ! ਕਿਵੇਂ ਸੰਘ ਅੱਡਦੀ ਐ, ਕੁਲੈਹਣੀ!”
“ਨੀ ਐਵੇਂ ਕਾਹਨੂੰ ਮਾਰੀ ਜਾਨੀਂ ਐਂ ਬੇ-ਜਬਾਨ ਨੂੰ?” ਕਹਿੰਦੀ ਜੀਤੋ ਦੀ ਸੱਸ ਰੋਂਦੀ ਗਗਨ ਨੂੰ ਗੋਦੀ ਚੁੱਕ ਵਰਾਉਂਦੀ ਹੋਈ ਬਾਹਰ ਲੈ ਆਈ।
ਪਰ ਵੈੜੇ ਸੁਭਾਅ ਦੀ ਜੀਤੋ ਕਿੱਥੇ ਚੁੱਪ ਕਰਨ ਵਾਲੀ ਸੀ, “ਕਿੱਥੋਂ ਜੰਮ ਪਈ ਤਿੱਖਲ! ਜੰਮਦੀ ਨੇ ਮੇਰਾ ਪਿਓ ਲੈ ਲਿਆ…!”
ਬਾਹਰ ਬੈਠੀ ਜੀਤੋ ਦੀ ਸੱਸ ਤੋਂ ਰਿਹਾ ਨਹੀਂ ਗਿਆ, “ਇਹਨੂੰ ਕੁਲਹਿਣੀ ਦੱਸਦੀ ਐਂ, ਤੂੰ ਕਿੱਥੋਂ ਆ ਗਈ ਕਰਮਾਂ ਵਾਲੀ? ਆਪਦਾ ਭੁੱਲਗੀ? ਹਾਲੇ ਦਸ ਦਿਨ ਈ ਹੋਏ ਸੀ ਤੈਨੂੰ ਵਿਆਹੀ ਆਈ ਨੂੰ, ਜਦੋਂ ਸ਼ਿੰਦੇ ਦਾ ਬਾਪੂ ਚੱਲ ਵੱਸਿਆ ਸੀ।”
ਇੰਨੀ ਗੱਲ ਸੁਣ ਕੇ ਜੀਤੋ ਇਕਦਮ ਚੁੱਪ ਕਰ ਗਈ, ਜਿਵੇਂ ਮੂੰਹ ਤੇ ਜ਼ੋਰਦਾਰ ਥੱਪੜ ਵੱਜਿਆ ਹੋਵੇ।
                                        -0-

Tuesday, November 5, 2013

ਸੌਦਾ



ਮੁਖਤਾਰ ਗਿੱਲ

ਰਾਖਵੇਂਕਰਨ ਦੇ ਹੱਕ ਵਿੱਚ ਤੇ ਵਿਰੋਧ ਵਿੱਚ ਅੰਦੋਲਨ ਬੜਾ ਤੇਜ਼ ਹੋ ਰਿਹਾ ਸੀ। ਕੁਝ ਸਿਆਸੀ ਪਾਰਟੀਆਂ ਦੀ ਸਾਜ਼ਸ਼ੀ ਚੁੱਪ ਨੇ ਇਸ ਨੂੰ ਹੋਰ ਭੜਕਾਇਆ। ਕਈ ਥਾਈਂ ਅੰਦੋਲਨ ਹਿੰਸਕ ਰੂਪ ਧਾਰਨ ਕਰ ਗਿਆ ਸੀ। ਦੋਹਾਂ ਧਿਰਾਂ ਦੀਆਂ ਭੀੜਾਂ ਬਰਬਾਦੀ ਕਰ ਰਹੀਆਂ ਸਨ। ਸਰਕਾਰੀ ਅਤੇ ਗੈਰ ਸਰਕਾਰੀ ਵਾਹਨ (ਗੱਡੀਆਂ) ਸਾੜੇ ਜਾ ਰਹੇ ਸਨ। ਕਿਧਰੇ ਕਰਫਿਊ ਤੇ ਕਿਧਰੇ ਬਜ਼ਾਰ ਬੰਦ ਹੋ ਰਹੇ ਸਨ।
ਡਰਾਈਵਰ ਦੀ ਬੇਸਮਝੀ ਕਾਰਨ ਸਾਡੀ ਵੈਨ ਅੰਦੋਲਨਕਾਰੀਆਂ ਦੇ ‘ਨਾਕੇ’ ਵਿੱਚ ਫਸ ਗਈ। ਸਾਰਿਆਂ ਕੋਲ ਪੱਥਰਾਂ ਰੋੜਿਆਂ ਦਾ ਢੇਰ ਸੀ। ਅਸੀਂ ਪੂਰੀ ਤਰ੍ਹਾਂ ਡਰ ਗਏ ਕਿ ਵੈਨ ਦੀ ਤੇ ਸਾਡੀ ਖੈਰ ਨਹੀਂ।
ਇਕ ਲੀਡਰ ਨੁਮਾ ਲੜਕਾ ਮੇਰੇ ਕੋਲ ਆਇਆ।
“ਵੈਨ ਦਾ ਅਗਲਾ ਸ਼ੀਸ਼ਾ ਕਿੰਨੇ ਦਾ ਪੈਂਦੈॽ”
“ਛੇ ਸੌ ਜਾਂ ਸੱਤ ਸੌ ਦਾ ਹੋਊ।”
“ਬਾਕੀ ਸ਼ੀਸ਼ੇ ਕਿੰਨੇ ਦੇ ਪੈਣਗੇॽ”
“ਹਜ਼ਾਰ ਡੇਢ ਹਜ਼ਾਰ ਤਾਂ ਲੱਗੂ।”
“ਚਲੋ ਕੱਢੇ ਪੰਜ ਸੌ ਰੁਪਏ ਤੇ ਜਾਓ।”
ਮੈਨੂੰ ‘ਸੌਦਾ’ ਮਨਜ਼ੂਰ ਸੀ।
                                    -0-

Tuesday, October 29, 2013

ਰਾਵਣ



ਜਸਵੀਰ ਭਲੂਰੀਆ

ਅਖ਼ਬਾਰ ਵਿਚ ਦਸ ਸਿਰਾਂ ਵਾਲੇ ਰਾਵਣ ਦੀ ਫੋਟੋ ਦੇਖ ਕੇ ਬੱਚੇ ਨੇ ਪਿਤਾ ਨੂੰ ਪੁੱਛਿਆ, “ਪਾਪਾ, ਦਸ ਸਿਰਾਂ ਵਾਲੇ ਰਾਵਣ ਹੁਣ ਕਿਉਂ ਨੀ ਪੈਦਾ ਹੁੰਦੇ?”
“ਹੁੰਦੇ ਐ ਬੇਟੇ, ਤੈਨੂੰ ਕਿਸ ਕਿਹਾ ਹੁਣ ਰਾਵਣ ਪੈਦਾ ਨੀ ਹੁੰਦੇ?” ਪਿਤਾ ਨੇ ਪੁੱਤਰ ਨੂੰ ਫਿਰ ਸਵਾਲ ਕਰ ਦਿੱਤਾ।
“ਪਰ ਪਾਪਾ, ਕਿਤੇ ਦੇਖੇ ਤਾਂ ਹੈਨੀ!” ਪੁੱਤਰ ਨੇ ਫਿਰ ਸਵਾਲ ਕੀਤਾ।
“ਬੇਟੇ, ਇਹ ਵੋਟਾਂ ਲੈ ਕੇ ਰਾਜਧਾਨੀ ਚਲੇ ਜਾਂਦੇ ਨੇ। ਫਿਰ ਇਨ੍ਹਾਂ ਨੇ ਉੱਥੇ ਹੀ ਪੰਜ ਸਾਲ ਰਾਵਣ ਲੀਲ੍ਹਾ ਖੇਡਣੀ ਹੁੰਦੀ ਐ। ਇਸ ਲਈ ਆਪਾਂ ਨੂੰ ਪਿੰਡਾਂ ’ਚ ਦਿਖਾਈ ਨੀ ਦਿੰਦੇ।”
“ਪਰ ਪਾਪਾ ਜੀ, ਵੋਟਾਂ ਵੇਲੇ ਵੀ ਇਨ੍ਹਾਂ ਦੇ ਦਸ ਸਿਰ ਨਹੀਂ, ਸਗੋਂ ਇਕ ਈ ਹੁੰਦਾ ਐ?” ਬੇਟੇ ਨੇ ਫਿਰ ਸਵਾਲ ਦਾਗ ਦਿੱਤਾ।
“ਬੇਟੇ, ਉਦੋਂ ਇਹ ਰਾਮ ਜੀ ਦਾ ਸਿਰ ਲਾ ਕੇ ਆਉਂਦੇ ਨੇ।”
                                        -0-

Tuesday, October 22, 2013

ਖੁਦਗਰਜ਼



ਡਾ. ਸਾਧੂ ਰਾਮ ਲੰਗੇਆਣਾ

ਸੱਸ ਨੂੰਹ ਨੂੰ ਸੰਬੋਧਨ ਕਰਦੀ ਹੋਈ ਕਹਿਣ ਲੱਗੀ, “ਕੁੜੇ ਬਹੂ, ਮੈਂ ਆਪਣਾ ਸੂਟ ਉਤਾਰ ਦੇਵਾਂ, ਜੇ ਤੂੰ ਧੋ ਕੇ ਪਾਣੀ ਜਿਹਾ ਹੀ ਕੱਢ ਦੇਵੇਂ ਤਾਂ ਚੰਗਾ ਐ…।”
ਬਹੂ ਬੋਲੀ, “ਬੁੱਢੜੀਏ, ਕਦੇ ਕਿਸੇ ਦੀ ਚੰਗੀ ਸੁੱਖ ਵੀ ਮੰਗ ਲਿਆ ਕਰ। ਇਕ ਤਾਂ ਉੱਤੋਂ ਦਿਨ ਵੀਰਵਾਰ ਐ, ਇਕ ਬਿਜਲੀ ਦਾ ਡਾਹਢਾ ਖਰਚ ਐ। ਰਾਤ ਤੇਰੇ ਸਾਹਮਣੇ ਜਦੋਂ ਮੈਂ ਮਸ਼ੀਨ ਨਾਲ ਕੱਪੜੇ ਧੋਂਦੀ ਸੀ, ਉਦੋਂ ਨੀ ਮੈਨੂੰ ਸੂਟ ਮਚਾਈ ਦਾ ਫੜਾਈਦਾ ਸੀ। ਵਿੱਚੇ ਇਹਦਾ ਫਾਹਾ ਵੱਢਿਆ ਜਾਂਦਾ…ਹੁਣ ਚਿੱਟੇ ਦਿਨ ਕਿੱਥੋਂ ਬਿਜਲੀ ਦੀ ਕੁੰਡੀ ਲਾ ਕੇ ਤੇਰਾ ਸਿਆਪਾ…ਨਾਲੇ ਹੁਣ ਤੂਂ ਸਜ-ਧਜ ਮੇਲਣ ਬਣਕੇ ਕਿਹੜੇ ਮੋਤੀ ਪੁੰਨ ਕਰਨ ਜਾਣੈ…!”
 “ਕੁੜੇ, ਮੈਂ ਕਿਹੜਾ ਕੁਸ਼ ਪੇਕਿਆਂ ਨੂੰ ਘੱਲਣੈ। ਜੋ ਬਣਾ ਲਓਂਗੇ ਥੋਡਾ ਈ ਐ…।”  ਨੂੰਹ ਦੇ ਤਾਬੜ ਤੋੜ ਬੋਲਾਂ ਦਾ ਸਾਹਮਣਾ ਕਰਦੀ ਹੋਈ ਸੱਸ ਮਰਦਾਊਂ ਜਿਹੀ ਆਵਾਜ਼ ਵਿਚ ਬੋਲੀ, “ਆਹ ਮੈਨੂੰ ਤਾਂ ਬੁੜੀ ਨਿਹਾਲੀ ਦੱਸ ਕੇ ਗਈ ਐ, ਵਈ ਅੱਜ ਸ਼ਾਮੀਂ ਤਿੰਨ ਕੁ ਵਜੇ ਪੰਚੈਤ ਵਾਲਿਆਂ ਨੇ ਪੈਲਸਨਾ(ਪੈਨਸ਼ਨਾਂ) ਦਾ ਬਕਾਇਆ ਵੰਡਣੈ।”
ਹੈਰਾਨ ਹੁੰਦੀ ਬਹੂ ਬੋਲੀ, “ਬੇਬੇ ਜੀ, ਆਹ ਕਿੱਧਰੋਂ ਕੱਛ ’ਚੋਂ  ਮੂੰਗਲੀ ਕੱਢ ਮਾਰੀ!”
ਨੂੰਹ ਨੇ ਆਪਣੀ ਬਜ਼ੁਰਗ ਸੱਸ ਦਾ ਸੂਟ ਤੁਰੰਤ ਹੀ ਬਿਨਾਂ ਕਿਸੇ ਵਿਚਾਰ ਕੀਤਿਆਂ ਹੱਥੀਂ ਧੋ ਕੇ ਪ੍ਰੈਸ ਵੀ ਕਰ ਦਿੱਤਾ।
                                         -0-