-moz-user-select:none; -webkit-user-select:none; -khtml-user-select:none; -ms-user-select:none; user-select:none;

Showing posts with label ਹਰਦਮ ਸਿੰਘ ਮਾਨ. Show all posts
Showing posts with label ਹਰਦਮ ਸਿੰਘ ਮਾਨ. Show all posts

Friday, July 15, 2011

ਲਾਲ ਬੱਤੀ ਦਾ ਸੱਚ


ਹਰਦਮ ਸਿੰਘ ਮਾਨ

          ਐਮ. ਐਲ. ਏ. ਬਣਨ ਤੋਂ ਪੂਰੇ ਸਾਢੇ ਚਾਰ ਸਾਲਾਂ ਬਾਅਦ ਨੇਤਾ ਜੀ ਅੱਜ ਆਪਣੇ ਜਿਗਰੀ ਯਾਰ ਦੇ ਘਰ ਆਏ ਸਨ। ਆਉਂਦਿਆਂ ਹੀ ਆਪਣੇ ਯਾਰ ਨੂੰ ਗਲਵੱਕੜੀ ਪਾਈ, ਲੈ ਵੱਡੇ ਭਾਈ, ਅੱਜ ਮੈਂ ਖੁੱਲ੍ਹਾ ਟੈਮ ਕੱਢ ਕੇ ਆਇਐਂ। ਅੱਜ ਵੱਡੇ ਭਾਈ ਦਾ ਕੋਈ ਉਲਾਂਭਾ ਨਹੀਂ ਰਹਿਣ ਦੇਣਾ ਆਪਣੇ ਸਿਰ।

          ਉਹ ਦੋਵੇਂ ਜਣੇ ਡਰਾਇੰਗ ਰੂਮ ਵਿਚ ਏ. ਸੀ. ਛੱਡ ਕੇ ਬੈਠ ਗਏ। ਗੱਲਾਂ ਬਾਤਾਂ ਸ਼ੁਰੂ ਹੋ ਗਈਆਂ।
          ਅਸਲ ਚ ਅੱਜ ਰਾਜਨੀਤੀ ਦਾ ਕੰਮ ਬੜਾ ਕੁੱਤਾ ਹੋ ਗਿਐ ਵੱਡੇ ਭਾਈ! ਤੈਨੂੰ ਪਤਾ ਈ ਐ ਪਹਿਲਾਂ ਚੋਣਾਂ ਵੇਲੇ ਕਿਵੇਂ ਸਾਲੇ ਹਰੇਕ ਲੰਗੜੇ ਲੂਲੇ ਦੇ ਪੈਰੀਂ ਹੱਥ ਲਾਉਣੇ ਪੈਂਦੇ ਐ, ਥਾਂ ਥਾਂ ਹੱਥ ਜੋੜੋ ਤੇ ਕਰੋੜਾਂ ਰੁਪਏ ਵੀ ਖਰਚੋ। ਫਿਰ ਜੇ ਐਮ. ਐਲ. ਏ. ਬਣ ਗੇ...ਅੱਜ ਜੀ ਓਹਦੇ ਘਰ ਮਰਗ ਦਾ ਭੋਗ ਐ, ਫਲਾਣੇ ਦੀ ਕੁੜੀ ਦਾ ਸ਼ਗਨ, ਢਿਮਕੇ ਦੇ ਮੁੰਡੇ ਦਾ ਵਿਆਹ, ਫਲਾਣੇ ਥਾਂ ਜਗਰਾਤਾ, ਅਖੰਡ ਪਾਠ ਦਾ ਭੋਗ, ਮੈਡੀਕਲ ਕੈਂਪ ਤੇ ਹੋਰ ਪਤਾ ਨੀਂ ਕੀ ਕੀ ਤੇ ਪਤਾ ਨੀਂ ਕਿੱਥੇ ਕਿੱਥੇ ਜਾਣਾ ਪੈਂਦੈ। ਕਦੇ ਕਦੇ ਤਾਂ ਲਗਦੈ ਸਾਲੀ ਇਹ ਕੋਈ ਜ਼ਿੰਦਗੀ ਐ?

       ਆਂਉਂਦੀਐਂ ਗੱਲਾਂ ਐਮ. ਐਲ. ਏ. ਬਣ ਕੇ... ਜਿਗਰੀ ਯਾਰ ਨੇ ਵਿਚਦੀ ਹੁੰਗਾਰਾ ਭਰਿਆ।

       ਨਹੀਂ ਵੱਡੇ ਭਾਈ, ਝੂਠ ਨਹੀਂ ਮੈਂ ਸੱਚ ਕਹਿਨੈਂ

       ਚੱਲ ਮੰਨ ਲੈਨੇਂ ਆਂ।

           ਨੇਤਾ ਜੀ ਦੀ ਵਾਰਤਾਲਾਪ ਜਾਰੀ ਰਹੀ, ਜਿਵੇਂ ਸੱਚਮੁੱਚ ਹੀ ਰਾਜਨੀਤੀ ਤੋਂ ਔਖੇ ਹੋਣ।

           ਜਦੋਂ ਦਿਨ ਛਿਪਾਅ ਜਿਹਾ ਹੋ ਗਿਐ ਤਾਂ ਜਿਗਰੀ ਯਾਰ ਬੋਲਿਆ, ਚੱਲ ਛੱਡ ਹੁਣ ਇੰਜ ਦੱਸ ਬਈ ਵਿਸਕੀ ਕਿਹੜੀ ਚੱਲੂ?

       ਲੈ ਤੈਥੋਂ ਕੁਛ ਭੁੱਲਿਐ ਵੱਡੇ ਭਾਈ!

           ਵਿਸਕੀ ਆ ਗਈ। ਦੋ ਤਿਨ ਪੈੱਗ ਲਾਉਣ ਮਗਰੋਂ ਨੇਤਾ ਜੀ ਅਸਲੀ ਰੌਂਅ ਚ ਆ ਗਏ, ਵੱਡੇ ਭਾਈ ਹੁਣ ਸਾਰੇ ਛੀ ਮਹੀਨੇ ਰਹਿਗੇ ਚੋਣਾਂ ਚ। ਹੁਣ ਤਾਂ ਤੇਰੇ ਰੱਖਣ ਦੇ ਆਂ ... ਤੂੰ ਹੋਣੈਂ ਮੇਰੀ ਚੋਣ ਮੁਹਿੰਮ ਦਾ ਇੰਚਾਰਜ, ਪਹਿਲਾਂ ਵਾਂਗ... ਤੇ ਜੇ ਐਤਕੀਂ ਜਿੱਤ ਨਸੀਬ ਹੋਈ ਤਾਂ ਸਾਰੀ ਉਮਰ ਤੇਰਾ ਪਾਣੀ ਭਰੂੰ, ਨੰਗੇ ਸਿਰ।ਕਹਿੰਦੇ ਹੋਏ ਨੇਤਾ ਨੇ ਇਕ ਵੱਡਾ ਪੈੱਗ ਹੋਰ ਪਾ ਲਿਆ ਤੇ ਫੇਰ ਜਿਗਰੀ ਯਾਰ ਦੇ ਗੋਡੇ ਘੁੱਟਣ ਲੱਗ ਪਿਆ, ਯਾਰਾ, ਤੂੰ ਦੂਜੀ ਵਾਰ ਐਮ. ਐਲ. ਏ. ਬਣਾ ਦੇ, ਆਪਣੀ ਲਾਲ ਬੱਤੀ ਵਾਲੀ ਗੱਡੀ ਪੱਕੀ ਐ। ਫੇਰ ਵੇਖੀਂ ਮੰਤਰੀ ਬਣਨਸਾਰ ਚੰਡੀਗੜੋਂ ਲਾਲ ਬੱਤੀ ਵਾਲੀ ਗੱਡੀ ਸਿੱਧੀ ਤੇਰੇ ਬੂਹੇ ਤੇ ਆ ਕੇ ਰੁਕੂ। ਨੇਤਾ ਜੀ ਪੂਰੇ ਸਰੂਰ ਚ ਆ ਗਏ, ਨਾਲੇ ਇਕ ਗੱਲ ਯਾਦ ਰੱਖੀਂ, ਆਪਾਂ ਕੇਰਾਂ ਮੰਤਰੀ ਬਣਗੇ ਨਾ ਵੱਡੇ ਭਾਈ... ਫੇਰ ਆਪਾਂ ਕਿਸੇ ਕੰਜਰ ਦੀ ਨੀਂ ਸੁਣਨੀਂ। ਰੌਲਾ ਪਾਈ ਜਾਣ ਲੋਕ ਜਿੰਨਾ ਮਰਜ਼ੀ, ਰਾਜਧਾਨੀ ਚ ਰਹਾਂਗੇ ਠਾਠ ਨਾਲ...ਫੇਰ ਆਪਾਂ ਇਹਨਾ ਲੋਕਾਂ ਤੋਂ ਕੀ ਲੈਣੈ...ਐਵੇਂ ਕੀੜੇ ਮਕੌੜੇ… ਨੇਤਾ ਦੇ ਮੂਹੋਂ ਲਾਲ ਬੱਤੀ ਦਾ ਸੱਚ ਡੁੱਲ੍ਹ ਰਿਹਾ ਸੀ।
                                                       -0-

Thursday, January 14, 2010

ਡਰਨਾ


ਹਰਦਮ ਸਿੰਘ ਮਾਨ


ਨੰਗੇ ਪੈਰ, ਤੇਡ਼ ਨਿੱਕਰ, ਗਲ ਵਿਚ ਮੈਲਾ ਕੁਚੈਲਾ ਪਾਟਿਆ ਕੁਡ਼ਤਾ ਲਟਕਾ ਕੇ ਪੋਹ ਦੀ ਠੰਡੀ-ਸੀਤ ਰਾਤ ਦੇ ਪਿਛਲੇ ਪਹਿਰ ਕਣਕ ਨੂੰ ਪਾਣੀ ਲਾਉਂਦੇ ਸਮੇਂ, ਜਦੋਂ ਉਸ ਨੂੰ ਧੋਰੀ ਖਾਲ ਤੱਕ ਪਿੱਛੇ ਜਾ ਕੇ ਦੂਰ ਤੱਕ ਗੇਡ਼ਾ ਮਾਰਨ ਦਾ ਖਿਆਲ ਆਇਆ ਤਾਂ ਉਸ ਦੇ ਸਮੁੱਚੇ ਸਰੀਰ ਵਿਚ ਛਿਡ਼ੀ ਕੰਬਣੀ ਹੋਰ ਤੇਜ਼ ਹੋ ਗਈਮੋਢੇ ਉੱਤੇ ਕਹੀ ਧਰ ਕੇ ਖਾਲ ਦੀ ਵੱਟੇ ਵੱਟ ਉਹ ਸਰਦਾਰਾਂ ਦੇ ਖੇਤ ਕੋਲੋਂ ਲੰਘਿਆ ਤਾਂ ਕਣਕ ਵਿਚ ਖਡ਼੍ਹੇ ਡਰਨੇ ਨੂੰ ਵੇਖ ਕੇ ਉਸ ਨੂੰ ਧੁਰ ਅੰਦਰ ਤੀਕ ਮਹਿਸੂਸ ਹੋਇਆ ਜਿਵੇਂ ਖੇਤ ਵਿਚ ਖਡ਼੍ਹਾ ਸਰਦਾਰ ਉਸ ਨੂੰ ਘੂਰ ਰਿਹਾ ਹੋਵੇ

ਆਪਾ ਸਮੇਟ ਕੇ ਉਹ ਉਥੋਂ ਕਾਹਲੇ ਪੈਰੀਂ ਅੱਗੇ ਲੰਘ ਗਿਆਮੁਡ਼ਦਾ ਆਉਂਦਾ ਫਿਰ ਜਦੋਂ ਡਰਨੇ ਦੇ ਨਜ਼ਦੀਕ ਆਇਆ ਤਾਂ ਉਸ ਦੇ ਮਨ ਵਿਚ ਪਹਿਲਾਂ ਵਾਲਾ ਭੈਅ ਨਹੀਂ ਸੀਹੌਂਸਲਾ ਕਰਕੇ ਉਹ ਡਰਨੇ ਦੇ ਐਨ ਸਿਰ ਤੇ ਜਾ ਖਡ਼੍ਹਾ ਹੋਇਆਕੁਝ ਪਲ ਡਰਨੇ ਨੂੰ ਗ਼ੌਰ ਨਾਲ ਤੱਕਦਾ ਰਿਹਾ ਤੇ ਫਿਰ ਉਥੋਂ ਤੁਰ ਪਿਆਅਜੇ ਕੁਝ ਕਦਮ ਹੀ ਤੁਰਿਆ ਸੀ ਕਿ ਉਸ ਦੇ ਪੈਰ ਆਪ ਮੁਹਾਰੇ ਹੀ ਪਿਛਾਂਹ ਡਰਨੇ ਵੱਲ ਪਰਤ ਆਏਉਸ ਦੀ ਹਿੰਮਤ ਨੇ ਅੰਗਡ਼ਾਈ ਲਈਆਸਪਾਸ ਪਸਰੇ ਸੰਘਣੇ ਹਨੇਰੇ ਨੂੰ ਉਸ ਨੇ ਘੂਰਿਆ

ਤੇ ਅਗਲੇ ਪਲ ਉਸ ਨੇ ਆਪਣੇ ਗਲਮੇਂ ਵਿੱਚੋਂ ਲੀਰੋ-ਲੀਰ ਹੋਇਆ ਕੁਡ਼ਤਾ ਉਤਾਰ ਕੇ ਡਰਨੇ ਉੱਤੇ ਟੰਗ ਦਿੱਤਾ ਅਤੇ ਡਰਨੇ ਉੱਪਰ ਟੰਗਿਆ ਸਰਦਾਰ ਦਾ ਕਲੀਆਂ ਵਾਲਾ ਕੁਡ਼ਤਾ ਪਹਿਨ ਕੇ ਉਹ ਕਿਆਰੇ ਦੇ ਮੂੰਹੇਂ ਕੋਲ ਅਜਬ ਫੁਰਤੀ ਨਾਲ ਪਹੁੰਚ ਗਿਆ

-0-

Friday, November 13, 2009

ਚਾਹ ਦੀ ਪਿਆਲੀ




ਹਰਦਮ ਸਿੰਘ ਮਾਨ

ਤੜਕਸਾਰ ਹੀ ਉਸ ਨੇ ਇਕ ਕੋਠੀ ਦਾ ਦਰ ਖੜਕਾਇਆ। ਕੋਠੀ ਅੰਦਰ ਘੁਸਰ ਫੁਸਰ ਹੋਈ। ਥੋੜ੍ਹੀ ਜਿਹੀ ਹਿਲਜੁਲ ਵੀ ਹੋਈ ਪਰ ਫਿਰ ਚੁੱਪ ਪਸਰ ਗਈ।
ਉਸ ਨੇ ਚਾਹ ਦੀ ਪਿਆਲੀ ਦੀ ਮੰਗ ਕਰਦਿਆਂ ਇਕ ਵਾਰ ਫੇਰ ਬੂਹੇ ਤੇ ਦਸਤਕ ਦਿੱਤੀ ਪਰ ਬੂਹਾ ਫੇਰ ਵੀ ਖਾਮੋਸ਼ ਰਿਹਾ। ਕਾਫੀ ਦੇਰ ਦੀ ਉਡੀਕ ਮਗਰੋਂ ਉਹ ਸੜਕ ਦੇ ਦੂਜੇ ਪਾਸੇ ਵਾਲੀ ਕੋਠੀ ਦੇ ਸਾਹਮਣੇ ਜਾ ਖੜ੍ਹਾ ਹੋਇਆ। ਚਾਹ ਦੀ ਪਿਆਲੀ ਲਈ ਸਵਾਲੀ ਬਣ ਕੇ ਉਸ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ। ਕੋਈ ਜਵਾਬ ਨਾ ਮਿਲਿਆ। ਨੂੰਹ , ਪੋਤਰੇ ਦਾ ਨਾਂ ਲੈ ਕੇ ਤਰਲੇ ਕੱਢੇ ਪਰ ਕੋਠੀ ਅੰਦਰਲੇ ਬੋਲ ਗੂੰਗੇ ਹੋ ਗਏ।
ਖੜ੍ਹਿਆਂ ਖੜ੍ਹਿਆਂ ਉਸ ਨੂੰ ਚੱਕਰ ਜਿਹਾ ਆ ਗਿਆ ਅਤੇ ਡਿਗਦਾ ਡਿਗਦਾ ਮਸਾਂ ਸੰਭਲਿਆ। ਸਿਰ ਫੜ ਕੇ ਉਹ ਦੋਹਾਂ ਕੋਠੀਆਂ ਦੇ ਵਿਚਕਾਰ ਬੈਠ ਗਿਆ।
ਇਹ ਦੋਵੇਂ ਕੋਠੀਆਂ ਉਸ ਨੇ ਬੜੀ ਰੀਝ ਨਾਲ ਬਣਵਾਈਆਂ ਸਨ। ਹੁਣ ਇਨ੍ਹਾਂ ਵਿਚ ਉਸ ਦੇ ਪੁੱਤਰ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਸਨ। ਉਸ ਨੇ ਇਕ ਵਾਰ ਕੋਠੀਆਂ ਦੀ ਉਚੀ ਸ਼ਾਨ ਵੱਲ ਤੱਕਿਆ। ਛੇ ਮਹੀਨੇ ਪਹਿਲਾਂ ਸਦੀਵੀ ਵਿਛੋੜਾ ਦੇਣ ਵਾਲੀ ਪਤਨੀ ਨੂੰ ਯਾਦ ਕੀਤਾ। ਮਨ ਹੀ ਮਨ ਸੋਚਣ ਲੱਗਿਆ 'ਮੈਂ ਕੀ ਕੀ ਪਾਪੜ ਵੇਲੇ ਇਨ੍ਹਾਂ ਕੋਠੀਆਂ ਲਈ। ਠੱਗੀਆਂ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ, ਕੁਫਰ ਵੀ ਤੋਲਿਆ, ਆਪਣੀ ਜ਼ਮੀਰ ਵੀ ਥਾਂ ਥਾਂ ਗਹਿਣੇ ਰੱਖੀ। ਕੀਹਦੇ ਲਈ? ਇਨ੍ਹਾਂ ਪੁੱਤਰਾਂ ਲਈ ਜਿਹੜੇ...।' ਉਸ ਨੇ ਲੰਮਾਂ ਹੌਕਾ ਭਰਿਆ ਅਤੇ ਗੋਡਿਆਂ ਵਿਚ ਸਿਰ ਦੇ ਕੇ ਡੁਸਕਣ ਲੱਗਿਆ।
ਏਨੇ ਨੂੰ ਇਕ ਮੰਗਤਾ ਉਸ ਕੋਲ ਆਇਆ। ਮੰਗਤੇ ਨੇ ਕਈ ਘਰਾਂ ਤੋਂ ਮੰਗ ਕੇ ਇਕੱਠੀ ਕੀਤੀ ਚਾਹ ਦੀ ਗੜਵੀ ਚੋਂ ਇਕ ਪਿਆਲੀ ਭਰ ਕੇ ਉਸ ਦੇ ਹੱਥ ਵਿਚ ਫੜਾ ਦਿੱਤੀ ਅਤੇ ਆਪ ਵੀ ਉਸ ਦੇ ਕੋਲ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਣ ਲੱਗ ਪਿਆ।
-0-