-moz-user-select:none; -webkit-user-select:none; -khtml-user-select:none; -ms-user-select:none; user-select:none;

Monday, July 2, 2012

ਮੰਦਰ


ਜਸਬੀਰ ਬੇਦਰਦ ਲੰਗੇਰੀ

ਸੁਰਿੰਦਰ ਨੇ ਕੋਠੀ ਤਿਆਰ ਕਰਨ ਤੋਂ ਪਹਿਲਾਂ ਆਪਣੇ ਆਰਚੀਟੈਕਟ ਦੋਸਤ ਵਿਜੇ ਕੁਮਾਰ ਨੂੰ ਘਰ ਸੱਦਿਆ ਤੇ ਕਿਹਾ, “ਯਾਰ ਵਿਜੇ, ਕੋਠੀ ਬਣਾਉਣੀ ਐ, ਕੋਈ ਚੰਗਾ ਜਿਹਾ ਨਕਸ਼ਾ ਬਣਾਕੇ ਦੇ ਅਤੇ ਨਾਲੇ ਮੈਨੂੰ ਸਮਝਾ ਵੀ ਦੇ।”
“ਭਾਅ ਜੀ, ਮੇਰੇ ਕੋਲ ਕਈ ਨਕਸ਼ੇ ਪਏ ਨੇ, ਪਰ ਆਹ ਵੇਖੋ, ਇਹ ਨਵਾਂ ਤਿਆਰ ਕੀਤੈ, ਸਾਰਾ ਕੁਝ ਆਪੋ ਆਪਣੀ ਜਗ੍ਹਾ ਪੂਰੀ ਤਰ੍ਹਾਂ ਫਿੱਟ ਐ, ਪਰ ਇਹਦੇ ’ਚ ਇਕ ਚੀਜ ਵਾਧੂ ਐ, ਤੁਹਾਡੇ ਕੰਮ ਦੀ ਨਹੀਂ, ਆਹ ਛੋਟਾ ਜਿਹਾ ਪੂਜਾ ਵਾਲਾ ਕਮਰਾ, ਤੁਸੀਂ ਤਾਂ ਹੋਏ ਤਰਕਸ਼ੀਲ।” ਵਿਜੇ ਨੇ ਇੱਕ ਕਾਗਜ਼ ਤੇ ਬਣਾਏ ਹੋਏ ਨਕਸ਼ੇ ਨੂੰ ਵਿਖਾਉਂਦਿਆਂ ਕਿਹਾ।
“ਨਹੀਂ ਭਾਈ ਸਾਬ, ਇਹ ਤਾਂ ਬਹੁਤ ਜ਼ਰੂਰੀ ਐ, ਇਹ ਤਾਂ ਇਕ ਸਾਈਡ ਤੇ ਐ, ਨਾਲੇ ਬਹੁਤ ਛੋਟਾ, ਸਾਨੂੰ ਤਾਂ ਇਹ ਕਮਰਾ ਖੁੱਲਾ-ਡੁੱਲਾ ਚਾਹੀਦੈ, ਨਾਲੇ ਹਵਾਦਾਰ, ਇਸ ਵਿਚ ਅਸੀਂ ਮੂਰਤੀ ਵੀ ਰੱਖਣੀ ਐ, ਉਹ ਵੀ ਜੀਂਦੀ-ਜਾਗਦੀ, ਜੀਹਦੇ ਹਰ ਵੇਲੇ ਦਰਸ਼ਨ ਹੁੰਦੇ ਰਹਿਣ।” ਸੁਰਿੰਦਰ ਨੇ ਉਸਨੂੰ ਕਿਹਾ।
“ਹੈਂ, ਜਿਉਂਦੀ ਜਾਗਦੀ, ਉਹ ਕਿਹੜੀ?” ਵਿਜੇ ਨੇ ਹੈਰਾਨ ਹੁੰਦਿਆਂ ਕਿਹਾ।
“ਆਹ ਵੇਖ, ਸਾਡੇ ਭਗਵਾਨ ਦੀ ਮੂਰਤ।” ਸੁਰਿੰਦਰ ਨੇ ਸੋਫ਼ੇ ਤੇ ਸਾਫ਼ ਸੁਥਰੇ ਕਪੜਿਆਂ ਵਿਚ ਬੈਠੀ ਆਪਣੀ ਮਾਂ ਦੇ ਪਿੱਛੋਂ ਗਲ ਵਿਚ ਬਾਹਾਂ ਪਾ ਕੇ ਘੁਟਦਿਆਂ ਕਿਹਾ।
“ਵਿਜੇ ਪੁੱਤਰ, ਹਾਲੇ ਮਾਵਾਂ ਨੇ ਸਰਵਣ ਪੁੱਤਰਾਂ ਨੂੰ ਪੈਦਾ ਕਰਨਾ ਬੰਦ ਨਹੀਂ ਕੀਤਾ, ਸਮਾਂ ਬੇਸ਼ੱਕ ਬਦਲ ਗਿਆ।” ਮਾਂ ਨੇ ਭਾਵੁਕ ਹੁੰਦਿਆਂ ਕਿਹਾ।
“ਵਾਹ ਬਈ ਵਾਹ! ਉਸ ਘਰ ’ਚ ਮੰਦਰ ਬਣਾਉਣ ਦੀ ਕੀ ਲੋੜ ਐ ਜਿੱਥੇ ਬਜ਼ੁਰਗਾਂ ਦਾ ਇੰਨਾ ਸਤਿਕਾਰ ਹੋਵੇ, ਉਹ ਤਾਂ ਘਰ ਈ ਮੰਦਰ ਐ। ਠੀਕ ਐ, ਮੈਂ ਸਭ ਸਮਝ ਗਿਆ। ਚੰਗਾ ਮੈਂ ਕੱਲ ਆਵਾਂਗਾ।”
ਇੰਨਾ ਕਹਿ ਕਿ ਵਿਜੇ ਉੱਠਣ ਲੱਗਾ ਤਾਂ ਸੁਰਿੰਦਰ ਦੀ ਘਰਵਾਲੀ ਨੇ ਚਾਹ ਅਤੇ ਬਿਸਕੁਟ ਮੇਜ ਉੱਤੇ ਰੱਖਦਿਆਂ ਕਿਹਾ, “ਭਾਅ ਜੀ ਮੰਦਰ ’ਚੋਂ ਖਾਲੀ ਹੱਥ ਨਹੀਂ ਜਾਈਦਾ, ਐਹ ਲਓ ਪ੍ਰਸ਼ਾਦ।”
ਸੁਰਿੰਦਰ ਦੀ ਪਤਨੀ ਦੀ ਇਸ ਅਦਾ ਨੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ।
                                      -0-


Monday, June 25, 2012

ਫ਼ਾਸਲਾ


ਧਰਮਪਾਲ ਸਾਹਿਲ

ਕੈਦੀ ਦੇ ਜੇਲ੍ਹ ਤੋਂ ਛੁੱਟਣ ਵਾਂਗ, ਉਹ ਵੀ ਮਹਿਕਮੇ ਵੱਲੋਂ ਲਾਏ ਪੂਰੇ ਇਕ ਮਹੀਨੇ ਦੇ ਰਿਫਰੈਸ਼ਰ ਕੋਰਸ ਤੋਂ ਫਾਰਗ ਹੋ ਕੇ, ਉੱਡ ਕੇ ਆਪਣੇ ਪਰਿਵਾਰ ਪਾਸ ਪੁੱਜ ਜਾਣਾ ਚਾਹੁੰਦਾ ਸੀ। ਘਿਸੇ-ਪਿਟੇ ਬੋਰ ਲੈਕਚਰ। ਬੇਸੁਆਦੀ ਖਾਣਾ। ਅਜਨਬੀ ਸਾਥੀ। ਬੇਗਾਨਾ ਸ਼ਹਿਰ। ਫੁਰਸਤ ਦੇ ਪਲਾਂ ਵਿਚ ਉਸਨੂੰ ਆਪਣੇ ਸੱਤ ਕੁ ਸਾਲਾ ਪੁੱਤਰ ਰਾਹੁਲ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਤੇ ਦਿਲ ਲੁਭਾਉਣੀਆਂ ਸ਼ਰਾਰਤਾਂ ਬਹੁਤ ਯਾਦ ਆਉਂਦੀਆਂ। ਉਸਦਾ ਦਿਲ ਕਰਦਾ ਕਿ ਉਹ ਰਿਫਰੈਸ਼ਰ ਕੋਰਸ ਵਿੱਚੇ ਛੱਡ ਕੇ ਭੱਜ ਜਾਵੇ ਜਾਂ ਛੁੱਟੀ ਲੈ ਕੇ ਘਰ ਗੇੜਾ ਲਾ ਕੇ ਮੁੜ ਆਵੇ। ਪਰ ਅਕਾਸ਼ ਨੂੰ ਛੂਹੰਦੇ ਕਿਰਾਏ ਬਾਰੇ ਸੋਚ ਕੇ ਉਸਦੀ ਇੱਛਾ ਮਰ ਜਾਂਦੀ। ਉਹ ਸੋਚਦਾ ਕਿਰਾਏ ਤੇ ਲੱਗਣ ਵਾਲੇ ਪੈਸਿਆਂ ਦਾ ਉਹ ਰਾਹੁਲ ਵਾਸਤੇ ਸੁੰਦਰ ਖਿਡੌਣਾ ਲਿਜਾ ਕੇ  ਉਸਨੂੰ ਖੁਸ਼ ਕਰ ਦੇਵੇਗਾ।
ਆਖਿਰ ਕਈ ਘੰਟਿਆਂ ਦਾ ਸਫ਼ਰ ਤੈਅ ਕਰਕੇ ਉਹ ਆਪਣੇ ਘਰ ਪੁੱਜਿਆ। ਸਰਪਰਾਈਜ ਦੇਣ ਦੇ ਇਰਾਦੇ ਨਾਲ ਉਹ ਪੋਲਿਆਂ ਪੱਬੀਂ ਆਪਣੇ ਘਰ ਅੰਦਰ ਦਾਖਿਲ ਹੋਇਆ। ਟੀ.ਵੀ ਮੂਹਰੇ ਬੈਠਾ ਰਾਹੁਲ ਫਿਲਮ ਵਿਚ ਖੁੱਭਾ ਸੀ। ਉਸਨੇ ਦੋਵੇਂ ਬਾਹਾਂ ਪਸਾਰਦਿਆਂ ਮੋਹ ਭਿੱਜੀ ਆਵਾਜ਼ ਵਿਚ ਕਿਹਾ, “ਰਾਹੁਲ…ਦੇਖ ਕੌਣ ਆਇਆ ਹੈ?”
ਰਾਹੁਲ ਨੇ ਉਸਦੀ ਆਵਾਜ਼ ਸੁਣ ਕੇ ਵੀ ਉਸਨੂੰ ਅਣਡਿੱਠਾ ਕਰ ਦਿੱਤਾ। ਉਸਨੇ ਬੈਗ ਵਿੱਚੋਂ ਖਿਡੌਣਾ ਕੱਢ ਕੇ ਵਿਖਾਉਂਦਿਆਂ ਮੁੜ ਕਿਹਾ, “ਰਾਹੁਲ, ਵੇਖ ਮੈਂ ਤੇਰੇ ਲਈ ਕੀ ਲਿਆਇਆ ਹਾਂ।”
ਪਰ ਰਾਹੁਲ ਨੇ ਟੀ.ਵੀ. ਸਕਰੀਨ ਤੇ ਹੁੰਦੀ ਢਿਸ਼ੁੰਗ-ਢਿਸ਼ੁੰਗ ਤੇ ਹੀ ਅੱਖਾਂ ਗੱਡੀ ਰੱਖੀਆਂ। ਇਕ ਹੱਥ ਨਾਲ ਟਰੈਫਿਕ ਪੁਲਿਸ ਦੇ ਸਿਪਾਹੀ ਵਾਂਗ ਇਸ਼ਾਰਾ ਕਰਕੇ ਰੋਕਦਿਆਂ ਬੋਲਿਆ, “ਇਕ ਮਿੰਟ ਰੁਕੋ ਪਾਪਾ…ਇਹ ਸੀਨ ਖਤਮ ਹੋ ਲੈਣ ਦਿਓ।”
ਰਾਹੁਲ ਨੂੰ ਕੁੱਛੜ ਚੁੱਕ ਕੇ ਪਿਆਰਨ ਲਈ ਵਿਵਹਲ, ਉਸਦੀਆਂ ਬਾਹਾਂ ਕੱਟੀਆਂ ਹੋਈਆਂ ਸ਼ਾਖਾਵਾਂ ਵਾਂਗ ਲਮਕ ਗਈਆਂ ਤੇ ਹੱਥਲਾ ਖਿਡੌਣਾ ਛੁੱਟ ਕੇ ਫਰਸ਼ ਤੇ ਡਿੱਗ ਪਿਆ।
                                      -0-


Monday, June 18, 2012

ਬਾਪੂ ਦੀ ਸਕੀਮ


ਲਾਲ ਸਿੰਘ ਕਲਸੀ

“ਬਾਪੂ, ਬੈਂਕ ਕਰਜੇ ਦੀ ਉਗਰਾਹੀ ਵਾਲੇ ਸੰਧੂਰੇ ਤਾਏ ਬਾਰੇ ਪੁੱਛਦੇ ਸੀ।”
“ਫੇਰ…ਤੈਂ ਕੀ ਕਿਹਾ ਤੇ ਸੰਧੂਰੇ ਨੂੰ ਕਿੱਥੇ ਲੁਕਾਇਆ?”
“ਮੈਨੂੰ ਗੂੰਜ ਜਿਹੀ ਸੁਣਕੇ ਪਹਿਲਾਂ ਈ ਜੀਪ ਦੀ ਬਿੜਕ ਪੈਗੀ ਸੀ। ਮੈਂ ਝੱਬਦੇ ਈ ਤਾਏ ਨੂੰ ਭੱਜਣ ਦੀ ਸੈਨਤ ਮਾਰਤੀ।”
“…ਤੇ ਫੇਰ?…”
“ਫੇਰ ਕੀ…ਤਾਏ ਨੇ ਆ ਵੇਖਿਆ ਨਾ ਤਾਅ, ਇੱਕੋ ਛਾਲ ’ਚ ਕੰਧ ਟੱਪ ਕੇ ਪਸ਼ੂਆਂ ਵਾਲੇ ਵਾੜੇ ਜਾ ਲੁਕਿਆ।”
“ਬੱਲੇ ਓਏ ਸੰਧੂਰਿਆ, ਬੜਾ ਦਿਲ ਕੱਢਿਆ ਬਈ ਅੱਜ ਤਾਂ।”
“ਦਿਲ ਤਾਂ ਦਿਲ ਬਾਪੂ, ਅੱਜ ਤਾਂ ਪੁਲਿਸ ਵੀ ਬੈਂਕ ਵਾਲਿਆਂ ਦੇ ਨਾਲ ਈ ਸੀ। ਢਿੱਲਵਾਂ ਦੀ ਪੱਤੀਉਂ ਮੱਘਰ ਨੂੰ ਤਾਂ ਲੈਗੇ ਜੀਪ ’ਚ ਬਹਾ ਕੇ। ਉਹਦਾ ਪਤਾ ਨੀ ਕੀ ਬਣੂੰ?”
“ਓਏ ਬਣਨਾਂ ਕੀ ਐ ਉਹਦਾ, ਪੰਜ-ਸੱਤ ਦਿਨ ਹਵਾਲਾਤ ’ਚ ਬਹਾ ਕੇ ਘਰ ਨੂੰ ਤੋਰ ਦੇਣਗੇ। ਕੋਈ ਨੀ ਉਹਦਾ ਦੁੱਧ ਸੁੱਕਦਾ।”
“…ਤੇ ਬਾਪੂ, ਆਪਣੇ ਸਿਰ ਕਰਜ਼ਾ ਹੈ ਕਿੰਨਾ ਕੁ ਭਲਾ?”
“ਪੈਸਾ ਤਾਂ ਸੂਤ ਈ ਸੀ, ਪਤਿਉਰੇ ਮੇਰੇ ਦਾ ਵਿਆਜ ਈ ਨੀ ਪੱਟੀ ਬੱਝਣ ਦਿੰਦਾ। ਚਾਲੀ ਹਜ਼ਾਰ ਤੋਂ ਲੱਖ ਤੇ ਪਹੁੰਚ ਗਿਆ।”
“…ਤੇ ਬਾਪੂ, ਆਹ ਜੀਪ ਜਿਹੀ ਵੇਚ ਕੇ ਕਰਜ਼ਾ ਲਾਹ ਕੇ ਪਰ੍ਹਾਂ ਕਰੋ, ਆਪਣੇ ਤਿੰਨਾਂ ਕੋਲ ਆਪਣੀ ਆਪਣੀ ਸਵਾਰੀ ਤਾਂ ਹੈਗੀ ਆ।”
“ਓਏ ਤੂੰ ਤਾਂ ਯਬਲੀਆਂ ਮਾਰਦੈਂ, ਪੈਲੀ ਤਾਂ ਭਾਵੇਂ ਪੰਦਰਾਂ ਕਿੱਲੇ ਈ ਐ ਸਾਰੀ, ਪਰ ਇਹ ਮਸ਼ੀਨਰੀ ਤਾਂ ਘਰ ਦੀ ਟੌਹਰ ਵਧਾਉਂਦੀ ਐ। ਜਦੋਂ ਕੋਈ ਰਿਸ਼ਤਾ ਕਰਨ ਵਾਲਾ ਆਊ…ਘਰੇ ਟਰੈਕਟਰ, ਕੰਬਾਈਨ, ਜੀਪ, ਸਕੂਟਰ, ਮੋਟਰ ਸਾਈਕਲ ਖੜ੍ਹੇ ਵੇਖ ਕੇ ਡਿੱਗੂ ਪਿੱਠ ਪਰਨੇ। ਬਿਨ ਮੰਗੇ ਈ ਮਾਰੂਤੀ-ਜੈਨ ਖੜ੍ਹਾ ਜੂ ਵਿਹੜੇ ’ਚ ਠਾਕੇ ਤੇ ਈ, ਫੇਰ ਭਾਵੇਂ ਤੂੰ ਜੀਪ ਵੇਚ ਈ ਲਈਂ।”
“…ਹੈਂ…ਅ!…ਤਾਂ ਇਹ ਗੱਲ ਐ। ਸਦਕੇ ਓਏ ਬਾਪੂ, ਤੇਰੀਆਂ ਸਕੀਮਾਂ ਦੇ।”
                                        -0-

Sunday, June 10, 2012

ਕੱਚੀ ਮਿੱਟੀ


ਸਤਿਪਾਲ ਖੁੱਲਰ
ਗਲੀਆਂ-ਬਾਜ਼ਾਰਾਂ ਵਿਚ ਰੌਣਕਾਂ ਸਨ। ਪੋਸਟਰਾਂ ਝੰਡੀਆਂ ਨਾਲ ਗਲੀਆਂ ਤੇ ਬਾਜ਼ਾਰ ਸਜਾਏ ਜਾ ਰਹੇ ਸਨ।
ਇੱਕ ਸ਼ਾਮ ਸ਼ਾਂਤ ਜਿਹੀ ਆਬਾਦੀ ਵਾਲੇ  ਮੁਹੱਲੇ ਵਿਚ ਰੋਜ਼ ਵਾਂਗ ਬੱਚੇ ਖੇਡ ਰਹੇ ਸਨ। ਗਲੀ ਵਿਚ ਤਾਜ਼ੀ ਮਿੱਟੀ-ਰੇਤ ਦੇ ਢੇਰ ਵਿੱਚੋਂ ਰੇਤ ਦੇ ਘਰ ਬਣਾਉਣ ਦੀ ਖੇਡ। ਆਪਣੀ ਖੇਡ ਵਿਚ ਮਸਤ ਬੱਚੇ ਜਿਵੇਂ ਫੁੱਲਾਂ ਦੀ ਬਗੀਚੀ ਹੋਣ, ਜਿਸ ਵਿਚ ਤਰ੍ਹਾਂ-ਤਰ੍ਹਾਂ ਦੇ ਫੁੱਲ ਖਿੜੇ ਹੋਣ।
ਅਚਾਨਕ ਚੋਣ ਪ੍ਰਚਾਰ ਕਰਦੇ ਦੋ ਪਾਰਟੀਆਂ ਦੇ ਪ੍ਰਚਾਰਕ ਉਸ ਗਲੀ ਵਿਚ ਆ ਧਮਕੇ ਤੇ ਲੱਗੇ ਪੋਸਟਰ ਤੇ ਝੰਡੇ ਵੰਡਣ। ਬੱਚਿਆਂ ਦੀ ਖੇਡ ਰੁਕ ਗਈ। ਚੋਣ ਪ੍ਰਚਾਰ ਵਾਲੇ ਅੱਗੇ ਨਿਕਲ ਗਏ।
“ਚਲੋ ਝੰਡਾ-ਝੰਡਾ ਖੇਡੀਏ।” ਇਕ ਬੱਚਾ ਬੋਲਿਆ।
“ਚਲੋ…ਚਲੋ…” ਬੱਚੇ ਟਪੂਸੀਆਂ ਮਾਰਨ ਲੱਗੇ।
“ਜਿੱਤੂਗਾ ਬਈ ਜਿੱਤੂਗਾ…ਸਾਈਕਲ ਵਾਲਾ…”
“ਨਹੀਂ ਓਏ, ਜਿੱਤੂਗਾ ਬਈ ਜਿੱਤੂਗਾ…ਛਤਰੀ ਵਾਲਾ…”
“ਨਹੀਂ ਸਾਈਕਲ…”
“ਨਹੀਂ ਛਤਰੀ…”
“ਇਨਕਲਾਬ ਜ਼ਿੰਦਾਬਾਦ!” ਇੱਕ ਹੋਰ ਆਵਾਜ਼।
“ਇਹ ਕੋਈ ਇਨਕਲਾਬ ਵਾਲੇ ਥੋੜੀ ਐ…ਇਹ ਤਾਂ ਦੂਜੇ ਆ।” ਇੱਕ ਬੱਚੇ ਨੇ ਮੋੜਾ ਦਿੱਤਾ।
ਬੱਚੇ ਆਪਸ ਵਿਚ ਜਿੱਦ ਪਏ, ਰੁੱਸ ਕੇ ਭਾਰੇ ਕਦਮੀਂ ਗਲੀ ਵਿਚ ਆ ਗਏ। ਉਹਨਾਂ ਦੀ ਖੇਡ ਇਕ ਵਾਰ ਫਿਰ ਰੁਕ ਗਈ।
ਥੋੜ੍ਹਾ ਚਿਰ ਚੁੱਪ ਰਹਿਣ ਪਿੱਛੋਂ ਇਕ ਜਣਾ ਬੋਲਿਆ, “ਬੰਟੀ ਨੇ ਫੜਿਆ ਸੀ ਡੰਡਾ।”
“ਕਦੋਂ…ਰੌਕੀ ਨੇ…”
“ਚਲੋ ਛੱਡੋ…ਅਸੀਂ ਨਹੀਂ ਖੇਡਣੀ ਇਹ ਗੰਦੀ ਖੇਡ, ਵੱਡਿਆਂ ਵਾਲੀ।”
ਬੱਚੇ ਫਿਰ ਆਪਣੀ ਖੇਡ ਵਿਚ ਮਸਤ ਸਨ।
                                      -0-

Thursday, May 24, 2012

ਔਰਤ ਦਾ ਦਰਦ


ਸ਼ਿਆਮ ਸੁੰਦਰ ਅਗਰਵਾਲ

ਦੋ ਕੁ ਦਿਨਾਂ ਤੋਂ ਲਛਮੀ ਆਪਣੀ ਸੋਲ੍ਹਾਂ ਵਰ੍ਹਿਆਂ ਦੀ ਧੀ ਨੂੰ ਵੀ ਮਜ਼ਦੂਰੀ ਵਾਸਤੇ ਆਪਣੇ ਨਾਲ ਹੀ ਲਿਆਉਣ ਲੱਗ ਪਈ ਸੀ।
ਦੁਪਹਿਰ ਦੀ ਛੁੱਟੀ ਵੇਲੇ ਰੋਟੀ ਖਾਂਦਿਆਂ ਉਸਦੀ ਬਸਤੀ ਦੀ ਕਮਲਾ ਬੋਲੀ, “ਤੂੰ ਰਾਧਾ ਨੂੰ ਕਿਉਂ ਨਾਲ ਲਿਆਉਣ ਲੱਗਗੀ, ਲੱਛਮੀ?”
“ਨਾਲ ਨਾ ਲਿਆਵਾਂ ਤਾਂ ਕੀ ਕਰਾਂ ਭੈਣ। ਇੱਕ ਤਾਂ ਅੱਖਾਂ ਸਾਹਮਣੇ ਰਹਿੰਦੀ ਐ, ਨਾਲੇ ਚਾਰ ਪੈਸੇ ਬਣਦੇ ਐ।” ਲੱਛਮੀ ਦੀ ਆਵਾਜ਼ ਵਿੱਚੋਂ ਚਿੰਤਾ ਝਲਕ ਰਹੀ ਸੀ।
“ਠੇਕੇਦਾਰ ਕਰਕੇ ਕਹਿਨੀ ਆਂ ਮੈਂ ਤਾਂ। ਮੋਏ ਦੀ ਨਿਗ੍ਹਾ ਠੀਕ ਨ੍ਹੀਂ। ਜਵਾਨ ਧੀ-ਭੈਣ ਘਰੇ ਈ ਰਵੇ ਤਾਂ ਠੀਕ ਐ।”
ਰੋਟੀ ਦੀ ਬੁਰਕੀ ਲੱਛਮੀ ਦੇ ਸੰਘ ਵਿਚ ਜਿੱਥੇ ਸੀ, ਉੱਥੇ ਈ ਅਟਕ ਗਈ। ਉਸਨੇ ਡੱਬੇ ਵਿੱਚੋਂ ਪਾਣੀ ਪੀ ਕੇ ਗਲਾ ਸਾਫ ਕੀਤਾ। ਫਿਰ ਆਸੇ-ਪਾਸੇ ਦੇਖਿਆ ਤੇ ਡੂਂਘਾ ਸਾਹ ਲੈਂਦੇ ਹੋਏ ਹੌਲੇ ਜਿਹੇ ਬੋਲੀ, “ਘਰ ਕੀਹਦੇ ਕੋਲ ਛੱਡਾਂ ਭੈਣ? ਪਿਓ ਇਹਦਾ ਸ਼ਰਾਬ ਪੀ ਕੇ ਪਿਆ ਰਹਿੰਦੈ ਸਾਰਾ ਦਿਨ। ਉਹਦੀ ਨਿਗ੍ਹਾ ਤਾਂ ਠੇਕੇਦਾਰ ਨਾਲੋਂ ਵੀ ਮਾੜੀ ਲੱਗਦੀ ਐ। ਠੇਕੇਦਾਰ ਤੋਂ ਤਾਂ ਬਚਾ ਲੂੰ, ਉਹਤੋਂ ਕੌਣ ਬਚਾਊ ਕੁੜੀ ਨੂੰ।”
                                  -0-