-moz-user-select:none; -webkit-user-select:none; -khtml-user-select:none; -ms-user-select:none; user-select:none;

Thursday, May 24, 2012

ਔਰਤ ਦਾ ਦਰਦ


ਸ਼ਿਆਮ ਸੁੰਦਰ ਅਗਰਵਾਲ

ਦੋ ਕੁ ਦਿਨਾਂ ਤੋਂ ਲਛਮੀ ਆਪਣੀ ਸੋਲ੍ਹਾਂ ਵਰ੍ਹਿਆਂ ਦੀ ਧੀ ਨੂੰ ਵੀ ਮਜ਼ਦੂਰੀ ਵਾਸਤੇ ਆਪਣੇ ਨਾਲ ਹੀ ਲਿਆਉਣ ਲੱਗ ਪਈ ਸੀ।
ਦੁਪਹਿਰ ਦੀ ਛੁੱਟੀ ਵੇਲੇ ਰੋਟੀ ਖਾਂਦਿਆਂ ਉਸਦੀ ਬਸਤੀ ਦੀ ਕਮਲਾ ਬੋਲੀ, “ਤੂੰ ਰਾਧਾ ਨੂੰ ਕਿਉਂ ਨਾਲ ਲਿਆਉਣ ਲੱਗਗੀ, ਲੱਛਮੀ?”
“ਨਾਲ ਨਾ ਲਿਆਵਾਂ ਤਾਂ ਕੀ ਕਰਾਂ ਭੈਣ। ਇੱਕ ਤਾਂ ਅੱਖਾਂ ਸਾਹਮਣੇ ਰਹਿੰਦੀ ਐ, ਨਾਲੇ ਚਾਰ ਪੈਸੇ ਬਣਦੇ ਐ।” ਲੱਛਮੀ ਦੀ ਆਵਾਜ਼ ਵਿੱਚੋਂ ਚਿੰਤਾ ਝਲਕ ਰਹੀ ਸੀ।
“ਠੇਕੇਦਾਰ ਕਰਕੇ ਕਹਿਨੀ ਆਂ ਮੈਂ ਤਾਂ। ਮੋਏ ਦੀ ਨਿਗ੍ਹਾ ਠੀਕ ਨ੍ਹੀਂ। ਜਵਾਨ ਧੀ-ਭੈਣ ਘਰੇ ਈ ਰਵੇ ਤਾਂ ਠੀਕ ਐ।”
ਰੋਟੀ ਦੀ ਬੁਰਕੀ ਲੱਛਮੀ ਦੇ ਸੰਘ ਵਿਚ ਜਿੱਥੇ ਸੀ, ਉੱਥੇ ਈ ਅਟਕ ਗਈ। ਉਸਨੇ ਡੱਬੇ ਵਿੱਚੋਂ ਪਾਣੀ ਪੀ ਕੇ ਗਲਾ ਸਾਫ ਕੀਤਾ। ਫਿਰ ਆਸੇ-ਪਾਸੇ ਦੇਖਿਆ ਤੇ ਡੂਂਘਾ ਸਾਹ ਲੈਂਦੇ ਹੋਏ ਹੌਲੇ ਜਿਹੇ ਬੋਲੀ, “ਘਰ ਕੀਹਦੇ ਕੋਲ ਛੱਡਾਂ ਭੈਣ? ਪਿਓ ਇਹਦਾ ਸ਼ਰਾਬ ਪੀ ਕੇ ਪਿਆ ਰਹਿੰਦੈ ਸਾਰਾ ਦਿਨ। ਉਹਦੀ ਨਿਗ੍ਹਾ ਤਾਂ ਠੇਕੇਦਾਰ ਨਾਲੋਂ ਵੀ ਮਾੜੀ ਲੱਗਦੀ ਐ। ਠੇਕੇਦਾਰ ਤੋਂ ਤਾਂ ਬਚਾ ਲੂੰ, ਉਹਤੋਂ ਕੌਣ ਬਚਾਊ ਕੁੜੀ ਨੂੰ।”
                                  -0-

Sunday, May 6, 2012

ਮੋਢਾ


ਜਸਬੀਰ ਢੰਡ

ਐਂਬੂਲੈਂਸ ਵਿੱਚੋਂ ਕੱਢ ਕੇ ਪਾਪਾ ਦੀ ਮਿਰਤਕ ਦੇਹ ਸ਼ਮਸ਼ਾਨ ਘਾਟ ਵਿਚਲੇ ਥੜ੍ਹੇ ਉੱਤੇ ਰੱਖ ਦਿੱਤੀ ਗਈ ਹੈ। ਰੋਣ-ਕੁਰਲਾਹਟ ਮੱਚਿਆ ਹੋਇਆ ਹੈ।
ਸਾਨੂੰ ਚਾਰਾਂ ਭੈਣਾ ਅਤੇ ਮੰਮੀ ਨੂੰ ਰਿਸ਼ਤੇਦਾਰ ਔਰਤਾਂ ਚੁੱਪ ਕਰਵਾਉਣ ਦਾ ਯਤਨ ਕਰ ਰਹੀਆਂ ਹਨ। ਸਾਰਿਆਂ ਤੋਂ ਪਹਿਲਾਂ ਮੈਂ, ਜੋ ਸਾਰੀਆਂ ਭੈਣਾਂ ’ਚੋਂ ਛੋਟੀ ਹਾਂ, ਚੁੱਪ ਕਰ ਜਾਂਦੀ ਹਾਂ। ਹੰਝੂ ਪੂੰਝ ਕੇ ਮੰਮੀ ਤੇ ਵੱਡੀਆਂ ਤਿੰਨਾਂ ਨੂੰ ਚੁੱਪ ਕਰਾਉਂਦੀ ਹਾਂ।
ਪਤਾ ਨਹੀਂ ਕਿਉਂ ਮੈਂ ਸ਼ੁਰੂ ਤੋਂ ਹੀ ਟੱਬਰ ਵਿੱਚੋਂ ਵੱਖਰੀ ਹਾਂ। ਸ਼ਾਇਦ ਇਸਲਈ ਕਿ ਜਦੋਂ ਸੁਰਤ ਸੰਭਾਲੀ ਤਾਂ ਇਕ ਦਿਨ ਪਾਪਾ ਦਾਰੂ ਪੀ ਕੇ ਮੰਮੀ ਨੂੰ ਕੁੱਟਣ ਲੱਗ ਪਏ ਸਨ। ਵੱਡੀਆਂ ਤਾਂ ਦੂਰ ਸ਼ਹਿਰਾਂ ਅੰਦਰ ਹੋਸਟਲਾਂ ਵਿਚ ਰਹਿੰਦੀਆਂ ਸਨ ਤੇ ਕਦੇ-ਕਦਾਈਂ ਹੀ ਉਨ੍ਹਾਂ ਦਾ ਗੇੜਾ ਵੱਜਦਾ। ਮੈਂ ਹੀ ਮੰਮੀ ਨੂੰ ਚੁੱਪ ਕਰਾਉਂਦੀ ਸਾਂ।
ਉਸ ਦਿਨ ਪਾਪਾ ਲੜ ਕੇ ਘਰੋਂ ਬਾਹਰ ਚਲੇ ਗਏ ਸਨ ਤਾਂ ਮੰਮੀ ਨੇ ਮੈਨੂੰ ਦੱਸਿਆ ਸੀ ਕਿ ‘ਜਦੋਂ ਤੇਰਾ ਜਨਮ ਹੋਇਆ ਸੀ ਤਾਂ ਤੇਰੇ ਪਾਪਾ ਸਾਲ ਭਰ ਮੇਰੇ ਨਾਲ ਬੋਲੇ ਨਹੀਂ ਸਨ ਤੇ ਤੈਨੂੰ ਉਨ੍ਹਾਂ ਕਦੇ ਗੋਦੀ ਨਹੀਂ ਚੁੱਕਿਆ ਸੀ।’
ਭਲਾ ਮੰਮੀ ਦਾ ਅਤੇ ਮੇਰਾ ਇਸ ਵਿਚ ਕੀ ਦੋਸ਼ ਸੀ?
ਮੇਰੇ ਮਨ ਵਿਚ ਇਕ ਗੰਢ ਜਿਹੀ ਬੱਝ ਗਈ ਸੀ ਉਸ ਦਿਨ ਤੋਂ।
ਮੈਥੋਂ ਚਾਰ ਸਾਲ ਬਾਦ ਜਦੋਂ ਵੀਰੇ ਦਾ ਜਨਮ ਹੋਇਆ ਸੀ ਤਾਂ ਇਸ ਘਰ ਵਿਚ ਕਿਵੇਂ ਜਸ਼ਨ ਮਨਾਏ ਗਏ ਸਨ। ਕਿੰਨੇ ਦਿਨ ਤਕ ਪਾਪਾ ਨੇ ਸ਼ਰਾਬ ਦਾ ਲੰਗਰ ਲਾਈ ਰੱਖਿਆ ਸੀ। ਜਣੇ-ਖਣੇ ਨੂੰ ਫੜ ਕੇ ਮੂਹਰਲੀ ਬੈਠਕ ਵਿਚ ਲਿਆ ਬਿਠਾਉਂਦੇ। ਦਾਰੂ ਦੀ ਪੇਟੀ ਬੈੱਡ ਥੱਲੇ ਪਈ ਰਹਿੰਦੀ। ‘ਰੱਜ ਕੇ ਪੀ ਯਾਰ! ਇਸ ਘਰ ਦਾ ਵਾਰਸ ਪੈਦਾ ਹੋਇਆ ਏ! ਸਾਡੀ ਅਰਥੀ ਨੂੰ ਮੋਢਾ ਦੇਣ ਵਾਲਾ ਆ ਗਿਆ ਏ!’
 ‘ਚੀਅਰਜ਼!’ ਕਹਿ ਉਹ ਸ਼ਰਾਬ ਨਾਲ ਭਰੇ ਕੱਚ ਦੇ ਗਲਾਸ ਖੜਕਾਉਂਦੇ।
ਪਰ ਰੱਬ ਦੇ ਘਰ ਦਾ ਉਦੋਂ ਕੀ ਪਤਾ ਸੀ। ਲਾਡ-ਪਿਆਰ ਨਾਲ ਪਾਲਿਆ ਪੁੱਤਰ ਨਕਲਾਂ-ਨੁਕਲਾਂ ਮਾਰ ਕੇ ਮਸਾਂ ਦਸਵੀਂ ਵਿੱਚੋਂ ਪਾਸ ਹੋਇਆ। ਕਦੇ ਆਪਣੀ ਕਮਾਈ ਦਾ ਧੇਲਾ ਮਾਪਿਆਂ ਦੀ ਹਥੇਲੀ ਤੇ ਨਾ ਧਰਿਆ। ਨਸ਼ੇ ਵਿਚ ਧੁੱਤ ਲੜਾਈ ਸਹੇੜੀ ਰੱਖਦਾ, ਸਾਰੇ ਟੱਬਰ ਦੀ ਜਾਣ ਮੁੱਠੀ ਵਿਚ ਲਿਆਈ ਰੱਖਦਾ।
ਅਸੀਂ ਸਾਰੀਆਂ ਭੈਣਾਂ ਚੰਗੀ ਪੜ੍ਹਾਈ ਕਰਕੇ, ਚੰਗੀਆਂ ਪੋਸਟਾਂ ਤੇ ਲੱਗ ਗਈਆਂ। ਚੰਗੇ ਸਰਦੇ-ਪੁੱਜਦੇ ਘਰੀਂ ਵਿਆਹੀਆਂ ਗਈਆਂ।
ਤੇ ਅੱਜ ਕਿੱਥੇ ਹੈ ਉਹ ਕੁਲ ਦਾ ਵਾਰਸ? ਬਾਪ ਦੀ ਅਰਥੀ ਨੂੰ ਮੋਢਾ ਦੇਣ ਤੋਂ ਪਹਿਲਾਂ ਹੀ ਚਿੜੀ-ਪੂੰਝਾ ਛੁਡਾ ਕੇ ਤੁਰ ਗਿਆ ਅਗਲੇ ਜਹਾਨ।
ਮੰਮੀ ਦਾ ਵਿਰਲਾਪ ਝੱਲਿਆ ਨਹੀਂ ਜਾਂਦਾ, “ਅੱਜ ਕੌਣ ਤੇਰੀ ਅਰਥੀ ਨੂੰ ਮੋਢਾ ਦੇਵੇ ਵੇ ਮੇਰੇ ਸਿਰ ਦੇ ਸਾਈਆਂ!!…ਕੀਹਦੇ ਆਸਰੇ ਛੱਡ ਕੇ ਤੁਰ ਚੱਲਿਐਂ ਵੇ ਮੈਨੂੰ ਸਹੇੜਨ ਵਾਲਿਆ…!”
ਅਚਾਨਕ ਅਸੀਂ ਚਾਰੇ ਭੈਣਾਂ ਫੈਸਲਾ ਕਰ ਲੈਂਦੀਆਂ ਹਾਂ।
“ਰੋ ਨਾ ਮੰਮੀ! ਅਸੀਂ ਦੇਵਾਂਗੀਆਂ ਮੋਢਾ ਆਪਣੇ ਬਾਬਲ ਦੀ ਅਰਥੀ ਨੂੰ…ਅਸੀਂ ਜਿਉਂਦੀਆਂ ਜਾਗਦੀਆਂ ਬੈਠੀਆਂ ਤੈਨੂੰ ਸਾਂਭਣ ਵਾਲੀਆਂ।”
ਮੰਮੀ ਦੇ ਕੀਰਨੇ ਹੌਲੀ-ਹੌਲੀ ਹਟਕੋਰਿਆਂ ਵਿਚ ਬਦਲ ਜਾਂਦੇ ਹਨ।
ਅਸੀਂ ਚਾਰੇ ਭੈਣਾਂ ਨੇ ਅਰਥੀ ਦੇ ਚਾਰੇ ਪਾਸੇ ਮੱਲ ਲਏ ਹਨ।
ਸਾਰੀ ਮਜਲਸ ਵਿਚ ਬੜੇ ਜ਼ੋਰ ਦੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ।
                                                  -0-

                  

Monday, April 30, 2012

ਅਹਿਸਾਸ


 ਅਸ਼ਵਨੀ ਖੁਡਾਲ

ਮਾਂ ਵੱਡੇ ਭਰਾ ਵੱਲ ਰਹਿੰਦੀ ਹੋਣ ਕਰਕੇ, ਮੌਤ ਤੋਂ ਬਾਅਦ ਦੀਆਂ ਕਿਰਿਆਵਾਂ ਵੱਡੇ ਭਰਾ ਘਰ ਹੀ ਹੋਈਆਂ ਸਨ। ਰਿਸ਼ਤੇਦਾਰਾਂ ਅਤੇ ਸਮਾਜ ਦੇ ਲੋਕਾਂ ਦਾ ਆਉਣਾ-ਜਾਣਾ ਵੀ ਉੱਥੇ ਹੀ ਸੀ। ਮਹਿੰਦਰ ਕੁਮਾਰ ਅਤੇ ਉਹਦੀ ਪਤਨੀ ਸਵੇਰੇ ਵੱਡੇ ਭਰਾ ਦੇ ਘਰ ਜਾ ਕੇ ਸ਼ਾਮ ਨੂੰ ਆਪਣੇ ਘਰ ਆ ਜਾਂਦੇ।
ਅੱਜ ਘਰ ਆਉਂਦਿਆਂ ਹੀ ਪਤਨੀ ਬੋਲੀ, “ਚਲੋ ਜੀ, ਆਹ ਤਾਂ ਚੰਗਾ ਐ, ਸਵੇਰੇ ਜਾ ਕੇ ਸ਼ਾਮ ਨੂੰ ਘਰ ਆ ਜਾਨੇਂ ਆਂ। ਨਹੀਂ ਤਾਂ ਕੌਣ ਸਾਂਭੇ ਅੱਜ ਕੱਲ ਲੋਕਾਂ ਨੂੰ।”
ਪਤੀ ਨੇ ਗੱਲ ਮੋਡ਼ਦਿਆਂ ਕਿਹਾ, “ ਉਂਜ ਭਾਬੀ ਹੈ ਵੀ ਬਡ਼ੀ ਚੰਗੀ, ਬਡ਼ੀ ਸੇਵਾ ਕੀਤੀ ਮਾਂ ਦੀ। ਨਾਲੇ ਮੈਂ ਆਪਣੇ ਬੰਟੀ ਨੂੰ ਮਾਂ ਬਾਰੇ ਫੋਨ ਕਰ ਦਿੱਤਾ ਸੀ।”
ਪਤਨੀ ਨੇ ਜਿਵੇਂ ਕੋਈ ਮਾਡ਼ੀ ਖਬਰ ਸੁਣ ਲਈ ਹੋਵੇ, “ਨਾ ਜੀ, ਏਨੀ ਦੂਰ ਜੁਆਕ ਨੂੰ ਕਾਹਤੋਂ ਫਿਕਰ ਪਾਉਣਾ ਸੀ। ਦੱਸ ਦਿੰਦੇ ਹੌਲੀ-ਹੌਲੀ। ਕਿਤੇ ਹੁਣੇ ਈ ਨਾ ਆ ਜਾਵੇ। ਇਸ ਕੰਪਨੀ ’ਚ ਤਾਂ ਛੁੱਟੀ ਵੀ ਮਸਾਂ ਮਿਲਦੀ ਐ। ਨਾਲੇ ਸੁਣਿਐ, ਉਹਦੀ ਤਰੱਕੀ ਵੀ ਨੇਡ਼ੇ ਈ ਐ।”
“ਭਲੀਏ ਮਾਨਸੇ, ਉਹਦੀ ਵੀ ਤਾਂ ਦਾਦੀ ਸੀ। ਤੂੰ ਤਾਂ ਏਸ ਸ਼ਹਿਰ ’ਚ ਰਹਿ ਕੇ ਵੀ ਕਿਵੇਂ ਸੋਚਦੀ ਐਂ…ਕਿ ਮਾਂ ਆਪਣੇ ਘਰ ਨਹੀਂ ਸੀ ਤਾਂ ਚੰਗਾ ਹੋਇਆ। ਪਰ ਆਪਣਾ ਪੁੱਤ ਤਾਂ ਕਿੰਨੀ ਦੂਰ ਮਹਾਨਗਰ ’ਚ ਬੈਠੈ। ਉਹਦੇ ਅੰਦਰ ਤਾਂ ਰਿਸ਼ਤਿਆਂ ਦਾ ਕੁਝ ਅਹਿਸਾਸ ਰਹਿਣ ਦੇ। ਇਹ ਨਾ ਹੋਵੇ ਕਿ ਆਪਣੇ ਵੇਲੇ ਉਹ ਚਿਖਾ ਨੂੰ ਅਗਨੀ ਦੇਣ ਵੀ ਨਾ ਆਵੇ।”
ਪਤੀ ਦੀਆਂ ਖਰੀਆਂ-ਖਰੀਆਂ ਸੁਣ ਕੇ ਪਤਨੀ ਚੁੱਪ ਸੀ।
                                        -0-

Tuesday, April 17, 2012

ਬਹਾਨਾ


ਹਰਭਜਨ ਖੇਮਕਰਨੀ
ਸਕੂਟਰ ਦੇ ਪਿੱਛੇ ਬੈਠੀ ਪਤਨੀ ਦੀ ਅੱਖ ਲਾਗੇ, ਹਵਾ ਵਿਚ ਉੱਡਦੀ ਕਿਸੇ ਜ਼ਹਿਰੀਲੀ ਚੀਜ਼ ਨੇ ਡੰਗ ਮਾਰਿਆ ਤਾਂ ਉਹ ਤਡ਼ਪ ਉੱਠੀ। ਵੇਖਦਿਆਂ-ਵੇਖਦਿਆਂ ਹੀ ਅੱਖ ਤੇ ਸੋਜ਼ ਆਉਣੀ ਸ਼ੁਰੂ ਹੋ ਗਈ। ਰਸਤੇ ਵਿਚ ਡਾਕਟਰ ਦਾ ਕਲਿਨਿਕ ਵੇਖ, ਉਹ ਰੁਕ ਗਏ।
 ਡਾਕਟਰ ਨੇ ਚੈੱਕ ਕਰਨ ਉਪਰੰਤ ਅੰਦਾਜ਼ੇ ਨਾਲ ਕਿਹਾ, “ਭੂੰਡ ਲਡ਼ ਗਿਆ ਜਾਪਦੈ, ਘਬਰਾਉਣ ਦੀ ਕੋਈ ਗੱਲ ਨਹੀਂ। ਛੇ-ਅੱਠ ਘੰਟਿਆਂ ਵਿਚ ਸੋਜ਼ ਉਤਰ ਜਾਵੇਗੀ। ਐਹ ਦਰਦ ਵਾਸਤੇ ਗੋਲੀਆਂ ਨੇ, ਤਿੰਨ-ਤਿਨ ਘੰਟੇ ਬਾਦ ਖਾ ਲੈਣੀਆਂ।”
‘ਭੂੰਡਾਂ ਦੀਆਂ ਖੱਖਰਾਂ ਤਾਂ ਮੇਰੇ ਵਿਹਡ਼ੇ ਦੀ ਨਿੰਮ ਤੇ ਵੀ ਨੇ। ਉਹਨਾਂ ਨੂੰ ਲਾਹੁਣਾ ਮੈਂ ਪਿੰਡ ਤਬਾਹ ਕਰਨ ਦੇ ਬਰਾਬਰ ਸਮਝਦੈਂ। ਪਰ ਹੁਣ ਕੁਝ ਕਰਨਾ ਹੀ ਪੈਣੈ।’ ਘਰ ਵੱਲ ਸਕੂਟਰ ਚਲਾਉਂਦਿਆਂ ਪਤਨੀ ਦੀ ਅੱਖ ਤੇ ਵਧ ਰਹੀ ਸੋਜ਼ ਨੂੰ ਵੇਖਦਿਆਂ ਉਹ ਮਨ ਹੀ ਮਨ ਬੁਡ਼ਬੁਡ਼ਾਇਆ।
ਘਰ ਆਉਂਦਿਆਂ ਹੀ ਉਸਨੇ ਡਾਂਗ ਦੇ ਸਿਰੇ ਤੇ ਕਪਡ਼ਾ ਬੰਨ੍ਹ, ਮਿੱਟੀ ਦਾ ਤੇਲ ਪਾ ਕੇ ਅੱਗ ਲਾਈ ਤਾਂ ਧੂਆਂ ਦੇਖ ਗੁਆਂਢੀ ਭੱਜਾ-ਭੱਜਾ ਆਇਆ।
“ਇਹ ਕੀ ਕਰਨ ਲੱਗੇ ਓ?”
“ਯਾਰ, ਸਕੂਟਰ ਤੇ ਆਉਂਦਿਆਂ ਪਤਨੀ ਦੀ ਅੱਖ ਤੇ ਭੂੰਡ ਲਡ਼ ਗਿਆ, ਮੈਂ ਸਾਰੇ ਮਾਰ ਦੇਣੇ ਨੇ।” ਵਿਹਡ਼ ਦੀ ਨਿੰਮ ਤੇ ਲੱਗੀ ਭੂੰਡਾਂ ਦੀ ਖੱਖਰ ਵੱਲ ਇਸ਼ਾਰਾ ਕਰਦਿਆਂ ਉਹ ਬੋਲਿਆ।
“ਪਰ ਯਾਰ, ਕਸੂਰ ਤਾਂ ਸਡ਼ਕ ਵਾਲੇ ਭੂੰਡ ਦਾ ਸੀ। ਇਹ ਤਾਂ ਬੇਦੋਸ਼ੇ ਨੇ।”
“ਬੇਦੋਸ਼ੇ! ਹਮਲਾਵਰ ਤਾਂ ਇਹਨਾਂ ਦੀ ਕੌਮ ਦਾ ਈ ਸੀ।” ਕਹਿੰਦਿਆਂ ਉਹ ਨਿੰਮ ਤੇ ਲੱਗੀਆਂ ਖੱਖਰਾਂ ਸਾਡ਼ਨ ਲੱਗ ਪਿਆ।
                                                   -0-