-moz-user-select:none; -webkit-user-select:none; -khtml-user-select:none; -ms-user-select:none; user-select:none;

Wednesday, April 20, 2011

ਸੱਪ


ਜਗਦੀਸ਼ ਰਾਏ ਕੁਲਰੀਆਂ

ਬਰਸਾਤ ਕਈ ਦਿਨਾਂ ਤੋਂ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਲੋਕ ਪਸ਼ੂਆਂ ਲਈ ਹਰੇ ਚਾਰੇ ਕੰਨੀਓਂ ਵੀ ਔਖੇ ਸਨ। ਹਿੰਮਤੀ ਲੋਕ ਸਿਰਾਂ ਉੱਤੇ ਬੋਰੀਆਂ ਦੀਆਂ ਝੁੱਗੀਆਂ ਜਿਹੀਆਂ ਬਣਾ ਕੇ ਪਸ਼ੂਆਂ ਲਈ ਹਰਾ ਚਾਰਾ ਲੈਣ ਲਈ ਘਰੋਂ ਜਾ ਰਹੇ ਸਨ।
ਆਪਣੇ ਇਕਲੌਤੇ ਪੁੱਤਰ ਜੀਤੇ ਨੂੰ ਖੇਤ ਜਾਂਦਿਆਂ ਦੇਖ ਕੇ ਪ੍ਰੀਤਮ ਕੌਰ ਦੇ ਮੂੰਹੋਂ ਸੁਭਾਵਿਕ ਹੀ ਨਿਕਲਿਆ, “ਵੇ ਪੁੱਤ! ਜਰਾ ਦੇਖ ਕੇ ਜਾਈਂ…ਐਸ ਸਿੱਲੇ ਮੌਸਮ ’ਚ ਤਾਂ ਜੈ ਖਾਣੇ ਦੇ ਸੱਪ-ਸਲੋਟੇ ਜਾਨਵਰ ਬਾਹਰ ਨਿਕਲ ਆਉਂਦੇ ਨੇ…।”
ਇਸ ਵਾਕ ਨੇ ਉਸਦੀ ਜ਼ਿੰਦਗੀ ਦੇ ਪਿਛਲੇ ਜ਼ਖ਼ਮਾਂ ਨੂੰ ਹਰਾ ਕਰ ਦਿੱਤਾ। ਉਸ ਨੂੰ ਯਾਦ ਆਇਆ ਕਿ ਪਤੀ ਦੇ ਭੋਗ ਦੀ ਰਸਮ ਉਪਰੰਤ ਸਕੇ ਸੰਬੰਧੀਆਂ ਨੇ ਜ਼ੋਰ ਪਾ ਕੇ ਉਹਦੇ ਜੇਠ ਦੇ ਵੱਡੇ ਮੁੰਡੇ ਨੂੰ ਉਸ ਕੋਲ ਸਹਾਰੇ ਲਈ ਛੱਡ ਦਿੱਤਾ ਸੀ। ਇਕ ਰਾਤ ਅਚਾਨਕ ਜਾਗ ਖੁੱਲ੍ਹ ਗਈ। ਉਸਨੇ ਦੇਖਿਆ ਕਿ ਉਹ ਮੁੰਡਾ ਉਹਦੀਆਂ ਸੁੱਤੀਆਂ ਪਈਆਂ ਜਵਾਨ ਧੀਆਂ ਦੇ ਸਿਰਹਾਣੇ ਖਡ਼ਾ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
‘ਜਾ ਨਿਕਲ ਜਾ ਮੇਰੇ ਘਰੋਂ…ਲੋਡ਼ ਨਹੀਂ ਮੈਨੂੰ ਥੋਡੇ ਸਹਾਰੇ ਦੀ… ਮੈਂ ਤਾਂ ’ਕੱਲੀ ਈ ਰੱਬ ਆਸਰੇ ਮੇਹਨਤ ਨਾਲ ਆਪਣੇ ਧੀਆਂ-ਪੁੱਤਾਂ ਨੂੰ ਪਾਲ ਲੂੰ…ਜਾ ਦਫਾ ਹੋ ਜਾ।’ ਰੋਂਦਿਆਂ ਉਸਨੇ ਅਗਲੀ ਸਵੇਰ ਜੇਠ ਦੇ ਮੁੰਡੇ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ।
‘ਜਾਨਵਰ ਤਾਂ ਛੇਡ਼ੇ ਤੋਂ ਕੁਝ ਕਹਿੰਦੈ…ਉਹਦਾ ਤਾਂ ਪਤਾ ਹੁੰਦੈ ਵੀ ਕੋਈ ਨੁਕਸਾਨ ਪੁਚਾ ਸਕਦੈ…ਪਰ ਘਰ ਵਿਚਲੇ ਸੱਪਾਂ ਦਾ ਕਿਸੇ ਨੂੰ ਕੀ ਪਤਾ ਕਿਹਡ਼ੇ ਵੇਲੇ ਡੰਗ ਮਾਰ ਦੇਣ…।’ ਅਤੀਤ ਦੀਆਂ ਗੱਲਾਂ ਨੂੰ ਚੇਤੇ ਕਰਦਿਆਂ ਪ੍ਰੀਤਮ ਕੌਰ ਦਾ ਗੱਚ ਭਰ ਆਇਆ।
                                       -0-

Monday, April 11, 2011

ਬੁੱਢੀ ਮੰਗਤੀ


ਗੁਰਦੀਪ ਸਿੰਘ ਪੁਰੀ

“ਬੇਟਾ ਸੁਬ੍ਹਾ ਕਾ ਕੁਛ ਨਹੀਂ ਖਾਯਾ , ਭਗਵਾਨ ਕੇ ਨਾਮ ਪਰ ਰੋਟੀ ਦੇ ਦੋ। ਭਗਵਾਨ ਤੁਝੇ ਲੰਬੀ ਉਮਰ ਦੇ। ਤੇਰੀ ਕੁੱਲ ਉੱਚੀ ਹੋ। ਤੇਰਾ ਆਂਗਨ ਖੁਸ਼ੀਓਂ ਸੇ ਭਰਾ ਰਹੇ।” ਬੁੱਢੀ ਮੰਗਤੀ ਨੇ ਦਫਤਰ ਦੇ ਲਾਅਨ ਵਿਚ ਬੈਠੇ ਬਾਬੂ ਨੂੰ ਰੋਟੀ ਵਾਲਾ ਡੱਬਾ ਖੋਲ੍ਹਦਿਆਂ ਹੀ ਤਰਲਾ ਪਾਇਆ।
 ਬਾਬੂ ਨੇ ਰੋਟੀ ਵਾਲਾ ਡੱਬਾ ਖੋਲ੍ਹਿਆ। ਉਸ ਵਿਚ ਪਹਿਲਾਂ ਦੀ ਤਰ੍ਹਾਂ ਤਿੰਨ ਹੀ ਫੁਲਕੇ ਨਿਕਲੇ, ਜੋ ਬਾਬੂ ਲਈ ਕਾਫੀ ਸਨ।
ਬਾਬੂ ਨੇ ਦੋ ਫੁਲਕਿਆਂ ਉੱਪਰ ਥੋੜ੍ਹੀ ਜਿਹੀ ਸਬਜੀ ਰੱਖੀ ਅਤੇ ਹੱਥ ਬੁੱਢੀ ਮੰਗਤੀ ਵੱਲ ਉਲਾਰ ਦਿੱਤਾ।
ਮੰਗਤੀ ਕੋਲ ਖੜ੍ਹੀ ਸਭ ਦੇਖ ਰਹੀ ਸੀ। ਗਿੱਲੀਆਂ ਅੱਖਾਂ ਅਤੇ ਥਿਰਕਦੇ ਬੋਲਾਂ ਤੋਂ ਉਸ ਦੇ ਮੂੰਹੋਂ ਇਹੀ ਨਿਕਲਿਆ, “ ਬੇਟਾ, ਫੁਲਕੇ ਤੋਂ ਤੀਨ ਹੀ ਹੈਂ। ਤੂੰ ਖਾ ਲੋ, ਮੇਰਾ ਕਿਆ ਹੈ… ਮੈਂ ਕਹੀਂ ਔਰ ਮਾਂਗ ਲੂੰਗੀ। ਕਹੀਂ ਤੂੰ ਭੂਖਾ ਰਹਿ ਗਿਆ  ਤੋ…।”
ਇੰਨਾ ਕਹਿ ਬੁੱਢੀ ਮੰਗਤੀ ਬੁਢਾਪੇ ਦੀ ਤੀਸਰੀ ਲੱਤ ਦੇ ਸਹਾਰੇ ਅੱਗੇ ਨੂੰ ਤੁਰ ਪਈ। ਬਾਬੂ ਕਿੰਨੀ ਦੇਰ ਤੱਕ ਆਪਣੀਆਂ ਅੱਖਾਂ ਵਿੱਚ ਅੱਥਰੂ ਡੱਕਣ ਦੀ ਕੋਸ਼ਿਸ਼ ਕਰਦਾ ਰਿਹਾ।
                             -0-

Sunday, April 3, 2011

ਧੀ ਜੰਮੀ


 ਡਾ. ਹਰਦੀਪ ਕੌਰ ਸੰਧੂ


         ਅੱਜ ਫੇਰ ਉਸ ਦਾ ਉਦਾਸ ਚਿਹਰਾ ਦੱਸ ਰਿਹਾ ਸੀ ਕਿ ਸੱਸ ਨੇ ਫੇਰ ਕਲੇਸ਼ ਕੀਤਾ ਹੋਣਾ ।
         ਘਰਵਾਲ਼ਾ ਵੀ ਸਿੱਧੇ ਮੂੰਹ ਗੱਲ ਨਾ ਕਰਦਾ। ਜਦੋਂ ਬੋਲਦਾ ਬੱਸ ਪੁੱਠਾ ਹੀ ਬੋਲਦਾ–‘ਇੱਕ ਪੁੱਤ ਨਹੀਂ ਦੇ ਸਕੀ ਮੈਨੂੰ। ਤਿੰਨ ਪੱਥਰ ਮਾਰੇ ਮੇਰੇ ਮੱਥੇ। ਮੇਰਾ ਬੇੜਾ ਗਰਕ ਕਰਤਾ ਏਸ ਨੇ। ਮੈਨੂੰ ਕਾਣੀ ਕੌਡੀ ਦਾ ਨੀ ਛੱਡਿਆ। ਜੀ ਕਰਦਾ ਥੋਨੂੰ ਚੌਹਾਂ ਨੂੰ ਜ਼ਹਿਰ ਦੇ ਦਵਾਂ।’
         ਸੱਸ ਉੱਤੋਂ ਹੋਰ ਤਾਅਨੇ ਮਾਰਦੀ, ‘ਨੀ ਕਲਜੋਗਣੇ….ਮੇਰੇ ਘਰ ਨੂੰ ਖਾਗੀ ਨੀ ਤੂੰ…ਡੈਣੇ…ਤਿੰਨ ਪੱਥਰ ਜੰਮ ਧਰੇ…ਕੁਲੱਛਣੀ…ਬਦਕਾਰ ਕਿਸੇ ਥਾਂ ਦੀ…ਇੱਕ ਪੋਤੇ ਦਾ ਮੂੰਹ ਨੀ ਦਖਾ ਸਕੀ।’
          ਸੱਸ ਤੇ ਪਤੀ ਦੇ ਤਾਅਨੇ–ਮਿਹਣੇ ਸੁਣ ਓਹ ਉਦਾਸ ਹੋ ਜਾਂਦੀ। ਸੋਚਦੀ ਕਿ ਇਨ੍ਹਾਂ ਮਿਹਣਿਆਂ ਵਿੱਚੋਂ ਉਹ ਕਿਹੜੇ ਇਨਾਮਾਂ ਦੀ ਭਾਗੀਦਾਰ ਹੈ। ਭਰੇ ਮਨ ਨਾਲ ਮੇਰੇ ਕੋਲ ਆ ਜਾਂਦੀ। ਉਸ ਦਾ ਰੋਣ ਮੀਂਹ ਦੀ ਵਾਛੜ ਵਾਂਗ ਉੱਤਰ ਆਉਂਦਾ। ਕਈ ਵਾਰ ਉਸ ਨੂੰ ਸਮਝਾਇਆ…ਬਈ ਏਸ ਹਾਲਤ ਵਿੱਚ ਖਿੱਝੇ-ਖਪੇ ਰਹਿਣ ਨਾਲ ਕੁੱਖ ’ਚ ਪਲ ਰਹੇ ਬੱਚੇ ’ਤੇ ਮਾੜਾ ਅਸਰ ਪੈਂਦਾ ਹੈ।
         ਅੱਜ ਜਦੋਂ ਓਹ ਮੇਰੇ ਕੋਲ ਆਈ ਤਾਂ ਮੈਂ ਮਨੁੱਖੀ ਸਰੀਰ ਦੀ ਬਣਤਰ ਬਾਰੇ ਇੱਕ ਕਿਤਾਬ ਪੜ੍ਹ ਰਹੀ ਸੀ। ਉਸ ਦੀਆਂ ਰੋ-ਰੋ ਕੇ ਸੁੱਜੀਆਂ  ਅੱਖਾਂ ਉਸ ਨਾਲ ਹੋਈ–ਬੀਤੀ ਦੀ ਕਹਾਣੀ ਦੱਸ ਰਹੀਆਂ ਸਨ । ਮੈਂ ਉਸ ਨੂੰ ਕੋਲ ਬਿਠਾ ਕੇ, ਹੁਣੇ-ਹੁਣੇ ਇੱਕੱਠੀ ਕੀਤੀ ਜਾਣਕਾਰੀ ਅਨੁਸਾਰ ਸਮਝਾਉਣਾ ਸ਼ੁਰੂ ਕੀਤਾ:
         “ਮੱਨੁਖੀ ਸਰੀਰ ਦੇ ਹਰ ਕੋਸ਼ ( ਸੈਲ) ਵਿੱਚ 23 ਕਰੋਮੋਸੋਮਾਂ ਦੇ 2 ਸਮੂਹ ਹੁੰਦੇ ਨੇ…ਜਾਣੀ ਕਿ 46 ਕਰੋਮੋਸੋਮ । ਇਨ੍ਹਾਂ ਦੋਹਾਂ ਵਿੱਚੋਂ ਇੱਕ ਸਮੂਹ ਮਾਂ ਵਲੋਂ ਤੇ ਦੂਜਾ ਪਿਓ ਵਲੋਂ ਆਉਂਦਾ ਹੈ। ਕਰੋਮੋਸੋਮਾਂ ਦੇ 22 ਜੋੜੇ ਸਾਡੇ ਨੈਣ-ਨਕਸ਼ ਤਰਾਸ਼ਦੇ ਨੇ ਤੇ ਅਖੀਰਲਾ ਜੋੜਾ ਲਿੰਗ । ਆਖਰੀ ਜੋੜਾ ਐਕਸ-ਐਕਸ( XX) ਹੈ ਤਾਂ ਲੜਕੀ ਅਤੇ ਜੇ ਐਕਸ-ਵਾਈ(XY) ਹੈ ਤਾਂ ਲੜਕਾ ਜਨਮ ਲੈਂਦਾ ਹੈ। ਮਤਲਬ ਕਿ ਅਗਰ ਗਰਭਧਾਰਣ ਸਮੇਂ ਜੇ ਵਾਈ(Y) ਕਰੋਮੋਸੋਮ ਨਹੀਂ ਹੈ ਤਾਂ ਹੋਣ ਵਾਲ਼ਾ ਬੱਚਾ ਲੜਕੀ ਹੋਵੇਗੀ। ਰੌਲ਼ਾ ਤਾਂ ਬੱਸ ‘ਵਾਈ’(Y) ਕਰੋਮੋਸੋਮ ਦਾ ਹੈ….ਜੋ  ਔਰਤਾਂ ਵਿੱਚ ਹੈ ਹੀ ਨਹੀਂ। ਭਰੂਣ ਬਣਨ ਸਮੇਂ  ਮਾਂ ਵਲੋਂ ਤਾਂ ਐਕਸ(X)  ਕਰੋਮੋਸੋਮ ਹੀ ਹੋਣਾ ਹੈ ਤੇ ਪਿਓ ਵਲੋਂ ਐਕਸ(X) ਜਾਂ ਵਾਈ(Y) ਵਿੱਚੋਂ ਕੋਈ ਇੱਕ ਤੇ ਏਸ ਤਰਾਂ ਪਿਓ ਵਾਲਾ ਕਰੋਮੋਸੋਮ ਹੀ ਧੀ ਜਾਂ ਪੁੱਤਰ ਦੇ ਆਗਮਨ ਨੂੰ ਨਿਰਧਾਰਤ ਕਰਦਾ ਹੈ।” ਮੈਂ ਇੱਕੋ ਸਾਹ ਲੰਮਾ-ਚੌੜਾ ਸਾਇੰਸ ਦਾ ਲੈਕਚਰ ਦੇ ਦਿੱਤਾ।
          ਸੁਣਦੇ-ਸੁਣਦੇ ਉਸ ਦੇ ਚਿਹਰੇ ਉੱਤੇ ਚਮਕ ਆ ਗਈ, “ਅੱਛਾ…..!” ਉਸ ਨੇ ਖਿਲੇ ਚਿਹਰੇ ਨਾਲ ਹੁੰਗਾਰਾ ਭਰਿਆ, ਜਿਵੇਂ ਓਸ ਦਾ ਸਾਰਾ ਦੁੱਖ-ਦਰਦ ਕੋਹਾਂ ਦੂਰ ਭੱਜ ਗਿਆ ਹੋਵੇ। ਪਰ ਦੂਜੇ ਹੀ ਛਿਣ ਉਹ ਫੇਰ ਕਿਸੇ ਡੂੰਘੇ ਗਮ ਦੇ ਸਮੁੰਦਰ ਵਿੱਚ ਗੋਤੇ ਖਾਂਦੀ ਕਹਿਣ ਲੱਗੀ, “ਕੀ ਫਾਇਦਾ ਇਨ੍ਹਾਂ ਕਿਤਾਬਾਂ ’ਚ ਲਿਖੀਆਂ ਦਾ। ਮਾਤੜ-ਧਮਾਤੜ ਨੇ ਤਾਂ ਫੇਰ ਵੀ ਏਥੇ ਨਰਕ ਈ ਭੋਗਣੈ। ਰੱਬ ਕਿਸੇ ਨੂੰ ਤੀਮੀਂ ਦੀ ਜੂਨ ’ਚ ਨਾ ਪਾਵੇ।”
          ਉਸ ਦਾ ਗੰਭੀਰ ਚਿਹਰਾ ਮੈਨੂੰ ਸੋਚਾਂ ਵਿੱਚ ਪਾ ਗਿਆ।
                                                                 -0-

Thursday, March 24, 2011

ਫ਼ਰਕ


                                                   
 ਐਮ. ਅਨਵਾਰ ਅੰਜੁਮ
ਸਰਕਾਰੀ ਪ੍ਰਾਇਮਰੀ ਸਕੂਲ ਰਾਹੀਂ ਪੰਜਵੀਂ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਰਾਜੂ ਨੇ ਸਰਕਾਰੀ ਹਾਈ ਸਕੂਲ ਵਿਚ ਦਾਖਲਾ ਲੈ ਲਿਆ।
ਪ੍ਰਾਇਮਰੀ ਸਕੂਲ ਵਿਚ ਪਡ਼੍ਹਦਿਆਂ  ਉਸ ਨੂੰ ਗੈਰ ਹਾਜ਼ਰ ਰਹਿਣ ਦੀ ਆਦਤ ਪੈ ਗਈ ਸੀ। ਹਾਈ ਸਕੂਲ ਵਿਖੇ ਵੀ ਉਹ ਪੰਜ ਦਿਨ ਗ਼ੈਰ ਹਾਜ਼ਰ ਰਹਿਣ ਮਗਰੋਂ ਸਕੂਲ ਪਹੁੰਚਿਆ। ਉਸ ਦੀ ਕਲਾਸ ਇੰਚਾਰਜ ਮੈਡਮ ਰਸ਼ਮੀ ਨੇ ਉਸ ਨੂੰ ਕਲਾਸ ਤੋਂ ਬਾਹਰ ਕੱਢ ਦਿੱਤਾ।
ਰਾਜੂ ਬਾਹਰ ਜਾਣ ਦੀ ਜਗ੍ਹਾ ਮੈਡਮ ਰਸ਼ਮੀ ਕੋਲ ਗਿਆ ਤੇ ਉਸ ਦੀਆਂ ਲੱਤਾਂ ਘੁੱਟਣ ਲੱਗ ਪਿਆ। ਮੈਡਮ ਨੇ ਉਸ ਨੂੰ ਪਰ੍ਹਾਂ ਧੱਕਦੇ ਹੋਏ ਕਿਹਾ, “ਜਾ, ਆਪਣੇ ਪਿਤਾ ਨੂੰ ਨਾਲ ਲੈ ਕੇ ਆਈਂ।” 
ਇਹ ਸੁਣ ਰਾਜੂ ਨੇ ਤਰਲਾ ਲਿਆ, “ਮੈਡਮ! ਮੈਨੂੰ ਕਲਾਸ ’ਚੋਂ ਨਾ ਕੱਢੋ, ਮੈਂ ਆਪ ਦੇ ਵਾਲਾਂ ’ਚ ਤੇਲ ਮਾਲਿਸ਼ ਵੀ ਕਰ ਦਿਆ ਕਰਾਂਗਾ।”
“ਬਦਤਮੀਜ਼! ਚੱਲ ਨਿਕਲ ਜਾ ਹੁਣੇ ਸਕੂਲੋਂ ਬਾਹਰ…।” ਮੈਡਮ ਨੇ ਰਾਜੂ ਦੀ ਗੱਲ੍ਹ ਉੱਤੇ ਇੱਕ ਜ਼ੋਰਦਾਰ  ਥੱਪਡ਼ ਜਡ਼ਦਿਆਂ ਹੁਕਮ ਸੁਣਾਇਆ।
ਆਪਣੀ ਗੱਲ੍ਹ ਨੂੰ ਪਲੋਸਦਾ ਹੋਇਆ ਸਕੂਲੋਂ ਬਾਹਰ ਜਾਂਦਾ ਰਾਜੂ, ਪ੍ਰਾਇਮਰੀ ਸਕੂਲ ਵਾਲੀ ਮੈਡਮ ਅਤੇ ਮੈਡਮ ਰਸ਼ਮੀ ਵਿਚਕਾਰ ਫ਼ਰਕ  ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ।
                                          -0-

Friday, March 11, 2011

ਮਖੌਟਿਆਂ ਵਾਲਾ ਭਾਈ


ਸਵਾਮੀ ਸਰਬਜੀਤ
ਉਹਦੇ ਕੋਲ ਮਖੌਟੇ ਸਨ, ਕਈ ਮਖੌਟੇ। ਰੰਗ-ਬਿਰੰਗੇ, ਵੱਖ-ਵੱਖ ਜਾਨਵਰਾਂ ਦੀਆਂ ਸ਼ਕਲਾਂ ਨਾਲ ਮਿਲਦੇ-ਜੁਲਦੇ ਮਖੌਟੇ। ਇਹ ਮਖੌਟੇ ਉਸਨੇ ਬਡ਼ੀ ਮਿਹਨਤ ਨਾਲ ਆਪਣੇ ਹੱਥੀਂ ਬਣਾਏ ਸਨ, ਆਪਣੇ ਲਈ।
ਉਹ ਹਮੇਸ਼ਾਂ ਹੀ ਮਖੌਟਾ ਪਹਿਣ ਕੇ ਰੱਖਦਾ। ਸਮਾਂ, ਸਥਾਨ ਤੇ ਸਥਿਤੀ ਅਨੁਸਾਰ ਉਹ ਮਖੌਟਾ ਬਦਲ ਲੈਂਦਾ। ਉਹ ਮਖੌਟਾ ਬਦਲਣ ਵਿਚ ਵੀ ਬਹੁਤ ਮਾਹਿਰ ਸੀ।
ਜਦੋਂ ਉਹ ਆਪਣੇ ਬਾਸ ਕੋਲ ਹੁੰਦਾ ਤਾਂ ਭਿੱਜੀ ਬਿੱਲੀ ਵਾਲਾ ਮਖੌਟਾ ਪਹਿਨਦਾ। ਆਪਣੇ ਬੱਚਿਆਂ ਸਾਹਵੇਂ ਸਿਆਣੇ ਕਾਂ ਵਾਲਾ ਮਖੌਟਾ ਨਾ ਉਤਾਰਦਾ। ਤਾਕਤਵਰ ਲੋਕਾਂ ਅੱਗੇ ਗਿੱਦਡ਼ ਦਾ ਅਤੇ ਕਮਜ਼ੋਰ ਲੋਕਾਂ ਸਾਹਮਣੇ ਉਹ ਸ਼ੇਰ ਦਾ ਮਖੌਟਾ ਪਹਿਨ ਕੇ ਰੱਖਦਾ।
ਰਾਤੀਂ ਪਤਨੀ ਦੇ ਬੈੱਡ ਉੱਤੇ ਜਾਣ ਸਮੇਂ ਉਹ ਕੁੱਤੇ ਵਾਲਾ ਮਖੌਟਾ ਪਹਿਨ ਲੈਂਦਾ। ਪਤਨੀ ਦੀ ਰਜਾਮੰਦੀ ਮਿਲਦਿਆਂ ਹੀ ਉਹ ਫਟਾਫਟ ਕੁੱਤੇ ਦਾ ਮਖੌਟਾ ਉਤਾਰ ਕੇ ਭੇਡ਼ੀਏ ਦਾ ਮਖੌਟਾ ਪਾ ਲੈਂਦਾ। ਦਿਨ ਚਡ਼੍ਹਦੇ ਹੀ ਉਹ ਪਤਨੀ ਨੂੰ ਕਦੇ ਸ਼ੇਰ ਤੇ ਕਦੇ ਹਾਥੀ ਦਾ ਮਖੌਟਾ ਲਾ-ਲਾ ਕੇ ਦਿਖਾਉਂਦਾ।
ਉਹ ਹਮੇਸ਼ਾਂ ਮਖੌਟਾ ਪਾ ਕੇ ਰੱਖਣ ਦਾ ਆਦੀ ਹੋ ਗਿਆ ਹੈ। ਹੁਣ ਜਦੋਂ ਵੀ ਉਹ ਸ਼ੀਸ਼ੇ ਸਾਹਵੇਂ ਜਾ ਕੇ, ਸਾਰੇ ਮਖੌਟੇ ਲਾਹ ਕੇ ਆਪਣਾ ਅਸਲ ਚਿਹਰਾ ਦੇਖਦਾ ਹੈ ਤਾਂ ਸ਼ੀਸ਼ੇ ਵਿਚ ਦਿਖਦਾ ਸ਼ਖ਼ਸ ਉਹਦੀ ਪਛਾਣ ਵਿਚ ਨਹੀਂ ਆਉਂਦਾ। ਉਹ ਸ਼ੀਸ਼ੇ ਵਿਚਲੇ ਸ਼ਖ਼ਸ ਤੋਂ ਅਕਸਰ ਹੀ ਪੁੱਛਦਾ ਹੈ:
“ਤੂੰ ਕੌਣ…?”
                                                  -0-

Tuesday, March 1, 2011

ਰੋਣਾ


ਕੁਲਦੀਪ ਮਾਣੂੰਕੇ
ਸ਼ਾਮ ਕੌਰ ਪਿਛਲੇ ਹਫ਼ਤੇ ਤੋਂ ਪੀ.ਜੀ.ਆਈ. ਦਾਖਲ ਸੀ। ਉਸ ਦੇ ਦੋਵੇਂ ਲਡ਼ਕੇ ਅਫਸਰ ਸਨ ਤੇ ਵਾਰੋ-ਵਾਰੀ  ਆ ਕੇ ਉਸਦਾ ਹਾਲ-ਚਾਲ ਪੁੱਛ ਰਹੇ ਸਨ। ਵੱਡੇ ਲਡ਼ਕੇ ਹਰਦੇਵ ਨੇ ਛੋਟੇ ਬਲਦੇਵ ਨੂੰ ਆਖਿਆ, “ਵੀਰ ਬਲਦੇਵ, ਮੈਂ ਹੁਣ ਇੱਕ ਹਫਤਾ ਨਹੀਂ ਆ ਸਕਦਾ ਕਿਉਂਕਿ ਤੇਰੇ ਭਤੀਜੇ ਡਿੰਪੀ ਦੇ ਪੇਪਰ ਹਨ। ਮੈਥੋਂ ਡਰ ਕੇ ਉਹ ਚਾਰ ਅੱਖਰ ਪੜ੍ਹ ਲਊ।”
“ਵੀਰ ਜੀ, ਮੇਰਾ ਤਾਂ ਆਪ ਦਫ਼ਤਰ ਆਡਿਟ ਚਲ ਰਿਹੈ। ਮੇਰਾ ਵੀ ਇੱਥੇ ਮਾਂ ਕੋਲ ਰਹਿਣਾ ਮੁਸ਼ਕਲ ਐ।” ਛੋਟਾ ਬਲਦੇਵ ਬੋਲਿਆ।
ਦੋਹਾਂ ਭਰਾਵਾਂ ਦੀ ਗੱਲ ਸੁਣ ਕੇ ਉਹਨਾਂ ਦੀ ਭੈਣ ਕਿੰਦੀ ਜੋ ਪਹਿਲੇ ਦਿਨ ਤੋਂ ਹੀ ਹਸਪਤਾਲ ਵਿੱਚ ਮਾਂ ਨਾਲ ਸਾਏ ਵਾਂਗ ਰਹਿ ਰਹੀ ਸੀ, ਕਹਿਣ ਲੱਗੀ, “ਵੀਰ ਜੀ, ਤੁਸੀਂ ਦੋਵੇਂ ਚਲੇ ਜਾਓ, ਮੈਂ ਜੋ ਹਾਂ ਇੱਥੇ। ਆਪੇ ਸੰਭਾਲ ਲਵਾਂਗੀ ਮਾਂ ਨੂੰ।”
ਦੋਵੇਂ ਭਰਾ ਵਾਪਸੀ ਦੀ ਤਿਆਰੀ ਕਰਨ ਲੱਗੇ, ਪਰ ਮਾਂ ਇਹ ਸੋਚ ਕੇ ਰੋ ਰਹੀ ਸੀ ਕਿ ਉਹ ਉਸ ਵਕਤ ਕਿਉਂ ਰੋਈ ਸੀ ਜਦ ਕਿੰਦੀ ਨੇ ਜਨਮ ਲਿਆ ਸੀ।
                                      -0-

Sunday, February 20, 2011

ਮਹੱਤਵਪੂਰਨ ਦਿਨ


ਹਰਭਜਨ ਖੇਮਕਰਨੀ
ਮਹੀਨੇ ਦੀ ਪਹਿਲੀ ਤਰੀਕ ਨੂੰ ਬੈਂਕ ’ਚੋਂ ਪੈਸੇ ਕਢਵਾਉਣ ਦੀ ਮਜ਼ਬੂਰੀ-ਵੱਸ ਮੈਨੂੰ ਵੀ ਲੰਬੀ ਕਤਾਰ ਦਾ ਹਿੱਸਾ ਬਨਣਾ ਪਿਆ। ਕਾਉਂਟਰ ਵੱਲ ਹੌਲੀ-ਹੌਲੀ ਸਰਕ ਰਹੀ ਕਤਾਰ ਵਿਚ ਬਹੁਤੇ ਬਜ਼ੁਰਗ ਹੀ ਸਨ, ਜੋ ਸ਼ਾਇਦ ਪੈਨਸ਼ਨ ਦੇ ਪੈਸੇ ਕਢਵਾਉਣ ਆਏ ਸਨ। ਸਮਾਂ ਕੱਟਣ ਲਈ ਅਨਜਾਣ ਬੰਦਿਆਂ ਨਾਲ ਵੀ ਗੱਲਾਂ ਦੀ ਸਾਂਝ ਪਾਈ ਜਾ ਰਹੀ ਸੀ। ਕੁਝ ਜੀਵਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਸਾਂਝਿਆਂ ਕਰ ਰਹੇ ਸਨ ਤੇ ਕੁਝ ਘਰੋਗੀ ਹਾਲਾਤ ਦਾ ਰੋਣਾ ਰੋ ਰਹੇ ਸਨ। ਉਦੋਂ ਹੀ ਮੈਥੋਂ ਤਿੰਨ ਕੁ ਆਦਮੀਆਂ ਬਾਅਦ ਖਡ਼ੇ ਬਜ਼ੁਰਗ ਦੇ ਬੋਲ ਕੰਨੀਂ ਪਏ ਕਿ ਕਿਸਮਤ ਵਾਲਿਆਂ ਦੇ ਬੱਚੇ ਹੀ ਆਪਣੇ ਮਾਪਿਆਂ ਨੂੰ ਪਿਛਲੀ ਉਮਰੇ ਪੂਜਣ-ਯੋਗ ਸਮਝਦਿਆਂ ਸੇਵਾ ਕਰਦੇ ਨੇ। ਬਹੁਤਿਆਂ ਕੋਲੋਂ ਤਾਂ ਹਰ ਮਹੀਨੇ ਕਿਸੇ ਨਾ ਕਿਸੇ ਬਹਾਨੇ ਪੈਨਸ਼ਨ ਵੀ ਖੋਹ ਲਈ ਜਾਂਦੀ ਏ ਤੇ ਉਹਨਾਂ ਨੂੰ ਆਪਣੀਆਂ ਲੋਡ਼ਾਂ ਪੂਰੀਆਂ ਕਰਨ ਲਈ ਮੰਗਤਿਆਂ ਵਾਂਗ ਪੁੱਤਰਾਂ-ਨੂਹਾਂ ਅੱਗੇ ਹੱਥ ਅੱਡਣੇ ਪੈਂਦੇ ਨੇ।
“ਭਾਈ ਸਾਹਿਬ! ਤੁਸੀਂ ਠੀਕ ਕਹਿੰਦੇ ਹੋ। ਮੇਰਾ ਮੁੰਡਾ ਬਾਹਰ ਗੇਟ ਮੱਲ ਕੇ ਖਡ਼ਾ ਏ ਕਿ ਕਦੋਂ ਮੈਂ ਬਾਹਰ ਆਵਾਂ ਤੇ ਉਹ ਮੈਥੋਂ ਪੈਸੇ ਖੋਹੇ।” ਇਕ ਹੋਰ ਨੇ ਗੱਲ ਅੱਗੇ ਤੋਰੀ।
“ਬਈ ਮੇਰੇ ਬੱਚੇ ਤਾਂ ਪੈਨਸ਼ਨ ਨੂੰ ਹੱਥ ਨਹੀਂ ਲਾਉਂਦੇ। ਜਿੱਥੇ ਮਰਜੀ ਖਰਚਾਂ। ਪਹਿਲੀ ਨੂੰ ਦੋਸਤ-ਮਿੱਤਰਾਂ ਨੂੰ ਮਿਲ ਜਾਈਦਾ ਏ ਤੇ ਤਨਖਾਹ ਵਾਂਗ ਪੈਨਸ਼ਨ ਜੇਬ ਵਿਚ ਪਾ ਕੇ ਖੁਸ਼ੀ ਜਿਹੀ ਵੀ ਹੁੰਦੀ ਏ।” ਇਕ ਹੋਰ ਆਦਮੀ ਆਪਣੀ ਗੱਲ ਕਹਿੰਦਿਆ ਮੁਸਕਰਾ ਰਿਹਾ ਸੀ।
“ਘਰੋਗੀ ਹਾਲਾਤ ਤਾਂ ਬਈ ਸਭ ਦੇ ਆਪਣੇ-ਆਪਣੇ ਹੁੰਦੇ ਨੇ। ਮੇਰਾ ਇਕ ਲਡ਼ਕਾ ਡਾਕਟਰ ਏ ਰੇਲਵੇ ਵਿਚ ਤੇ ਇਕ ਫੌਜ ਵਿਚ ਮੇਜਰ ਏ। ਖੁੱਲ੍ਹਾ ਖਰਚਣ ਨੂੰ ਦਿੰਦੇ ਨੇ। ਧੀਆਂ ਆਪਣੇ ਘਰੀਂ ਨੇ। ਕੋਈ ਜਿੰਮੇਵਾਰੀ ਨਹੀਂ। ਮੈਂ ਪੈਨਸ਼ਨ ਦਾ ਇਕ ਪੈਸਾ ਵੀ ਘਰ ਨਹੀਂ ਲਿਜਾਂਦਾ। ਚਾਰ ਗਰੀਬ ਪਰਿਵਾਰਾਂ ਦੀ ਮਦਦ ਹਰ ਮਹੀਨੇ ਬੰਨ੍ਹੀ ਹੋਈ ਏ।”
ਉਸ ਬਜ਼ੁਰਗ ਦੀ ਆਵਾਜ਼ ਜਿੱਥੋਂ ਤੀਕ ਲਾਈਨ ਵਿਚ ਖਡ਼ੇ ਲੋਕਾਂ ਦੇ ਕੰਨੀਂ ਪਈ, ਸਭ ਨੇ ਆਪੋ-ਆਪਣੇ ਤੀਰ ਛੱਡੇ।
“ਬਜ਼ੁਰਗਾਂ ਨੂੰ ਗੱਪ ਮਾਰਨ ਦੀ ਆਦਤ ਲਗਦੀ ਏ।”
“ਦਾਨ ਕਰਨ ਵਾਲੇ ਢਿੰਡੋਰਾ ਨਹੀਂ ਪਿੱਟਦੇ।”
“ਪਹਿਲੀ ਤਰੀਕ ਨੂੰ ਕੀ ਲੋਡ਼ ਏ ਲਾਈਨ ਵਿਚ ਧੱਕੇ ਖਾਣ ਦੀ।”
“ਭਾਈ ਸਾਹਿਬ, ਜੇਕਰ ਤੁਸਾਂ ਪੈਨਸ਼ਨ ਕਢਾ ਕੇ ਦਾਨ ਹੀ ਕਰਨੀ ਏ ਤਾਂ ਦਸ-ਬਾਰਾਂ ਤਰੀਕ ਨੂੰ ਆਇਆ ਕਰੋ। ਧੱਕਿਆਂ ਤੋਂ ਬਚਾ ਹੋ…ਜੇ…ਗਾ।” ਸੋਟੀ ਆਸਰੇ ਖਡ਼ੇ ਇਕ ਬਜ਼ੁਰਗ ਨੇ ਕਹਿ ਹੀ ਦਿੱਤਾ।
“ਤੁਸੀਂ ਠੀਕ ਕਹਿੰਦੇ ਹੋ, ਪਰ ਜਿਨ੍ਹਾਂ ਪਰਿਵਾਰਾਂ ਦੀ ਮੈਂ ਮਦਦ ਕਰਦਾ ਹਾਂ, ਉਹਨਾਂ ਦੀਆਂ ਲੋਡ਼ਾਂ ਵੀ ਤਾਂ ਪਹਿਲੀ ਤਰੀਕ ਨਾਲ ਜੁਡ਼ੀਆਂ ਹੋਈਆਂ ਨੇ।”
ਲਾਈਨ ਵਿਚ ਕੁਝ ਪਲ ਲਈ ਖਾਮੋਸ਼ੀ ਛਾ ਗਈ।
                                                  -0-