-moz-user-select:none; -webkit-user-select:none; -khtml-user-select:none; -ms-user-select:none; user-select:none;

Monday, October 6, 2014

ਸਰਦਾਰ ਨਿਵਾਸ



ਗੁਰਪ੍ਰੀਤ ਸਿੰਘ ਸੋਂਦ

ਪਿੰਡੋਂ ਬਾਹਰ ਬਣੀ ਕੋਠੀ ਦੇ ਗੋਟ ਉੱਤੇ ਮੋਟੇ-ਮੋਟੇ ਅੱਖਰਾਂ ਵਿੱਚ ਲਿਖਿਆ ਸਰਦਾਰ ਨਿਵਾਸ੍ਹ ਕੇ ਮਰਦਮ ਸ਼ੁਮਾਰੀ ਕਰਨ ਆਏ ਦੋ ਸ਼ਹਿਰੀ ਬਾਬੂਆਂ ਨੇ ਡੋਰ-ਬੈੱਲ ਦਿੱਤੀ ਤਾਂ ਅੰਦਰੋਂ  ਇਕ ਭਈਆ ਆਇਆ। ਜਿਸ ਪੁੱਛਿਆ
ਜੀ ਬਾਊ ਜੀ?”
ਘਰ ਕੇ ਮਾਲਕ ਸਰਦਾਰ ਸਾਹਿਬ ਨੂੰ ਬੁਲਾਓ। ਇਕ ਬਾਬੂ ਬੋਲਿਆ।
ਸਰਦਾਰ ਸਾਹਿਬ ਤਾਂ ਇੱਥੇ ਨਹੀਂ ਹਨ। ਉਹ ਜਰਮਨੀ ਰਹਿੰਦੇ ਹਨ।
ਉਹਨਾਂ ਦੀ ਧਰਮਪਤਨੀ, ਧੀ, ਪੁੱਤਰ ਜਾਂ ਫਿਰ ਘਰ ਦੇ ਕਿਸੇ ਹੋਰ ਮੈਂਬਰ ਨੂੰ ਬੁਲਾਉ।
ਘਰੇ ਤਾਂ ਕੋਈ ਨਹੀਂ ਹੈ ਜੀ।
ਫਿਰ ਕਿੱਥੇ ਨੇ ਸਾਰੇ? ਚੱਲ ਤੂੰ ਹੀ ਲਿਖਾ ਦੇ।”
“ਦੋ ਲੜਕੇ ਤੇ ਇਕ ਲੜਕੀ ਹੈ ਉਨ੍ਹਾਂ ਦੀ। ਲੜਕੀ ਆਸਟ੍ਰੇਲੀਆ ਵਿਆਹੀ ਹੋਈ ਹੈ। ਵੱਡਾ ਮੁੰਡਾ ਵਲੈਤ ਵਿੱਚ ਪੱਕਾ ਹੈ। ਛੋਟਾ ਅਮਰੀਕਾ ਵਿੱਚ। ਸਰਦਾਰਨੀ ਜੀ ਪਿਛਲੇ ਸਾਲ ਸੰਸਾਰ ਨੂੰ ਵਿਛੋੜਾ ਪਾ ਗਏ। ਫਿਲਹਾਲ ਘਰ ਮੇਂ ਇਕੱਲਾ ਹੀ ਹੂੰ। ਪਰ ਕੱਲ੍ਹ ਨੂੰ ਮੇਰੀ ਪਤਨੀ ਤੇ ਮੇਰਾ ਮੁੰਡਾ ਬਿਹਾਰ ਤੋਂ ਆ ਜਾਣਗੇ।” ਭਈਆ ਇੱਕੋ ਸਾਹ ਵਿੱਚ ਕਹਿ ਗਿਆ।
ਬਾਬੂਆਂ ਕੁਝ ਸੋਚਿਆ। ਭਈਏ ਦਾ ਨਾਮ ਲਿਖਿਆ ਤੇ ਪਿੰਡ ਦੇ ਬਾਕੀ ਘਰਾਂ ਵੱਲ ਤੁਰ ਪਏ।
                                       -0-

Monday, September 29, 2014

ਆਟਾ



ਕੁਲਵਿੰਦਰ ਕੌਸ਼ਲ

ਪਿਛਲੇ ਤਿੰਨ-ਚਾਰ ਦਿਨ ਤੋਂ ਪੈ ਰਹੀ ਠੰਡ ਕਾਰਨ ਭੀਖੂ ਤੋਂ ਦਿਹਾੜੀ ਤੇ ਨਹੀਂ ਜਾਇਆ ਗਿਆ। ਕੱਲ੍ਹ ਸ਼ਾਮ ਨੂੰ ਉਸ ਦੀ ਘਰਵਾਲੀ ਨੇ ਆਟੇ ਵਾਲਾ ਖਾਲੀ ਪੀਪਾ ਉਸਨੂੰ ਦਿਖਾ ਦਿੱਤਾ ਸੀ। ਅੱਜ ਸਵੇਰ ਦਾ ਉਹ ਕੰਮ ਲੱਭਣ ਲਈ ਬਾਹਰ ਜਾਣ ਦੀ ਜਕੋ ਤਕੀ ਵਿੱਚ ਬੈਠਾ ਸੀ। ਪਰ ਏਨੀ ਠੰਡ ਵਿੱਚ ਨਾ ਤਾਂ ਉਸ ਵਿੱਚ ਬਾਹਰ ਕੰਮ ਤੇ ਜਾਣ ਦੀ ਹਿੰਮਤ ਸੀ ਤੇ ਨਾ ਹੀ ਕੰਮ ਲੱਭਣ ਦੀ ਕੋਈ ਆਸ।
ਪਿੰਡ ਵਿੱਚ ਗਰੀਬਾਂ ਨੂੰ ਕੰਬਲ ਵੰਡਣ ਲਈ ਸ਼ਹਿਰੋਂ ਉੱਚ ਅਧਿਕਾਰੀ ਆਏ ਹੋਏ ਸਨ। ਭੀਖੂ ਆਪਣਾ ਫਟਿਆ ਜਿਹਾ ਕੰਬਲ ਉੱਪਰ ਲੈ ਕੇ ਉੱਧਰ ਨੂੰ ਤੁਰ ਪਿਆ, ਜਿਥੇ ਵਾਰੋ-ਵਾਰੀ ਸਭ ਨੂੰ ਕੰਬਲ ਵੰਡੇ ਜਾ ਰਹੇ ਸਨ। ਪਿੰਡ ਦੇ ਸਰਪੰਚ ਨੇ ਜਿਉਂ ਹੀ ਭੀਖੂ ਦਾ ਫਟਿਆ ਕੰਬਲ ਲਾਹ ਕੇ ਉਸ ਉੱਪਰ ਨਵਾਂ ਕੰਬਲ ਦੇਣਾ ਚਾਹਿਆ, ਉਹ ਇੱਕ ਦਮ ਪਿੱਛੇ ਹਟ ਗਿਆ ਤੇ ਆਪਣੇ ਪੁਰਾਣੇ ਕੰਬਲ ਨੂੰ ਸੰਭਾਲਣ ਲੱਗਾ। ਉਸ ਦੀ ਇਸ ਹਰਕਤ ਤੇ ਸਾਰੇ ਹੱਸਣ ਲੱਗੇ।
ਭੀਖੂ ਨੇ ਆਪਣਾ ਕੰਬਲ ਫੜਿਆ ਤੇ ਚੁੱਪ-ਚਾਪ ਆਟੇ ਦੀ ਚੱਕੀ ਵੱਲ ਤੁਰ ਪਿਆ। ਇਸ ਆਸ ਨਾਲ ਕਿ ਚੱਕੀ ਵਾਲੇ ਦੀ ਮਿੰਨਤ ਤਰਲਾ ਕਰਕੇ ਕੰਬਲ ਬਦਲੇ ਕੁਝ ਆਟਾ ਲੈ ਲਵੇਗਾ।
                                       -0-

Sunday, September 21, 2014

ਦਹਿਲੀਜ਼



ਸਤਿਪਾਲ ਖੁੱਲਰ

ਘਰ ਵਿੱਚ ਪੰਜਵਾਂ ਮੁੰਡਾ ਹੋਇਆ ਸੀ। ਸ਼ਰੀਕੇ-ਕਬੀਲੇ ਵਾਲੇ ਵਧਾਈਆਂ ਦੇਣ ਆ ਰਹੇ ਸਨ।
ਛੇ ਕੁ ਸਾਲ ਦੀ ਕੁੀ ਵਿਹੇ ਵਿੱਚ ਨੱਚ-ਟੱਪ ਰਹੀ ਸੀ, ਆਹਾ ਜੀ, ਸਾਡੇ ਘਰ ਕਿੰਨੇ ਮੁੰਡੇ! ਆਹਾ ਜੀ
ਵਿਹੜੇ ਵਿੱਚ ਬੈਠੀ ਉਸ ਦੀ ਤਾਈ ਗੁੱਸੇ ਹੋਣ ਲੱਗੀ, “ਮਰ ਪਰੇ ਸਿਰ ਸੜੀਏ, ਕਦੇ ਮੁੰਡੇ ਵੀ ਬਹੁਤੇ ਹੋਏ ਨੇ! ਜਾ ਦਫਾ ਹੋ, ਖੇਡ ਪਰ੍ਹਾਂ ਜਾ ਕੇ।”
ਅਗਲੇ ਦਿਨ ਰੱਖੜੀ ਦਾ ਤਿਉਹਾਰ ਸੀ। ਉਸ ਨੇ ਸਾਰੇ ਭਰਾਵਾਂ ਦੇ ਰੱਖੜੀ ਬੰਨ੍ਹੀ। ਉਸ ਦੇ ਚਾਚੇ ਦੀਆਂ ਕੁੜੀਆਂ ਵੀ ਰੱਖੜੀ ਬੰਨ੍ਹਣ ਆਈਆਂ। ਉਹਨਾਂ ਨਵੇਂ ਜੰਮੇ ਬੱਚੇ ਨੂੰ ਰੱਖੜੀ ਬੰਨ੍ਹੀ ਤੇ ਉਸ ਨਾਲ ਲਾਡ ਕਰਨ ਲੱਗੀਆਂ।
ਚਾਚੇ ਦੀਆਂ ਕੁੜੀਆਂ ਨੂੰ ਆਪਣੇ ਨਿੱਕੇ ਵੀਰ ਨਾਲ ਲਾਡ ਕਰਦਿਆਂ ਦੇਖ ਕੁੜੀ ਨੇ ਆਪਣੀ ਮਾਂ ਨੂੰ ਕਿਹਾ,“ਮੰਮੀ, ਮੰਮੀ, ਆਪਾਂ ਵੀਰਾ ਚਾਚੀ ਨੂੰ ਦੇ ਦੇਈਏ। ਆਪਣੇ ਘਰ ਤਾਂ ਮੁੰਡੇ ਹੈਗੇ, ਚਾਚੀ ਵਿਚਾਰੀ ਕੋਲ ਕੋਈ ਵੀ ਹੈ ਨੀ।”
ਕੁੜੀਆਂ ਨੇ ਤਰਸ ਭਰੀ ਨਿਗਾਹ ਨਾਲ ਨਵ-ਜੰਮੇਂ ਬੱਚੇ ਵੱਲ ਦੇਖਿਆ।
ਮਾਂ ਨੇ ਮੁੰਡੇ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ।
“ਇਹਨੂੰ ਕਿੱਡੀ ਆਖਰ ਆਈ ਏ! ਕੱਲ੍ਹ ਦੀ ਇਹੋ ਰੱਟ ਲਾਈ ਬੈਠੀ ਏ—ਸਾਡੇ ਕੋਲ ਕਿੰਨੇ ਮੁੰਡੇ, ਸਾਡੇ ਕੋਲ…!” ਉਸ ਦੀ ਤਾਈ ਨੇ ਝਿੜਕਦਿਆਂ ਕਿਹਾ।
ਮਾਂ ਨੇ ਸਮਝਾਉਣ ਦੇ ਲਹਿਜ਼ੇ ਵਿੱਚ ਕਿਹਾ, “ਬੱਚੇ ਕਿੰਨੇ ਵੀ ਹੋਣ, ਦਿੱਤੇ ਥੋੜਾ ਈ ਜਾਂਦੇ ਨੇ।”
“ਮੰਮੀ-ਮੰਮੀ, ਫੇਰ ਮੇਰੀ ਭੈਣ ਕਿਉਂ ਮਾਮੇ ਨੂੰ ਦੇਤੀ ਸੀ? ਅਸੀਂ ਤਾਂ ਦੋ ਈ ਸਾਂ।” ਕਹਿੰਦੇ ਹੋਏ ਕੁੜੀ ਬਾਹਰ ਸਹੇਲੀਆਂ ਨਾਲ ਖੇਡਣ ਲਈ ਘਰ ਦੀ ਦਹਿਲੀਜ਼ ਟੱਪ ਗਈ।
                                       -0-

Saturday, September 13, 2014

ਰੋਲ ਮਾਡਲ



ਡਾ. ਹਰਦੀਪ ਕੌਰ ਸੰਧੂ

  ਖੇਡਾਂ ਦੀ ਘੰਟੀ ਸੀ। ਸਕੂਲ ਦੇ ਰੋਲ ਮਾਡਲ ਮੰਨੇ ਜਾਣ ਵਾਲ ਹੋਣਹਾਰ ਖਿਡਾਰੀ ਮੰਦ -ਬੁੱਧੀ ਬੱਚਿਆਂ ਨੂੰ ਫੁੱਟਬਾਲ ਖੇਡਣ ਦੀ ਟ੍ਰੇਨਿੰਗ ਦੇ ਰਹੇ ਸਨ। ਵਾਰ -ਵਾਰ ਮਿਲੀਆਂ ਹਦਾਇਤਾਂ ਦੇ ਬਾਵਜੂਦ ਵੀ ਉਹ ਟ੍ਰੇਨਿੰਗ ਦੇਣਾ ਭੁੱਲ ਕੇ ਕਈ ਵਾਰ ਆਪਸ 'ਚ ਹੀ ਖੇਡਣ ਵਿੱਚ ਮਸਤ ਹੋ ਜਾਂਦੇ। ਅਚਾਨਕ ਤੇਜ਼ ਹਵਾ ਚੱਲਣ ਨਾਲ ਖੇਡ -ਮੈਦਾਨ 'ਚ ਇਧਰੋਂ -ਓਧਰੋਂ ਲਿਫਾਫ਼ੇ ਤੇ ਕੂੜਾ ਕਰਕੱਟ ਉੱਡ ਕੇ ਇੱਕਤਰ ਹੋਣ ਲੱਗਾ । ਸਕੂਲ ਦੇ ਫਾਰਮ ਦਾ ਮੇਨ -ਗੇਟ ਵੀ ਤੇਜ਼ ਹਵਾ ਨੇ ਖੋਲ੍ਹ ਦਿੱਤਾ। ਫਾਰਮ 'ਚੋਂ ਇੱਕ ਵੱਛਾ ਚਰਦਾ -ਚਰਾਉਂਦਾ ਖੇਡ ਮੈਦਾਨ 'ਚ ਆ ਵੜਿਆ ਤੇ ਖਿਲਰੇ ਪਏ ਕੂੜੇ ਨੂੰ ਮੂੰਹ ਮਾਰਨ ਲੱਗਾ। 
ਮੰਦ -ਬੁੱਧੀ ਬੱਚਿਆਂ ਦਾ ਧਿਆਨ ਵੱਛੇ ਵੱਲ ਗਿਆ। ਉਹ ਆਪਣੀ ਖੇਡ ਭੁੱਲ ਕੇ ਵੱਛੇ ਵੱਲ ਨੂੰ ਹੋ ਤੁਰੇ। ਇੱਕ ਨੇ ਚਿੰਤਾਤੁਰ ਹੁੰਦਿਆਂ ਕਿਹਾ, " ਲਿਫਾਫ਼ਾ  ਖਾ ਕੇ ਕਿਤੇ ਵੱਛਾ ਮਰ ਹੀ ਨਾ ਜਾਵੇ।" ਉਹ ਵੱਛੇ ਦੇ ਮੂੰਹ 'ਚੋਂ ਲਿਫ਼ਾਫ਼ਾ ਖਿੱਚਣ ਲੱਗਾ। ਦੂਜੇ ਨੇ ਆਪਣੇ ਸਾਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ, " ਚੱਲੋ ਆਪਾਂ ਪਹਿਲਾਂ ਖਿਲਰੇ ਲਿਫਾਫ਼ੇ ਤੇ ਕੂੜਾ ਚੁੱਗ ਦੇਈਏ।"  ਉਹਨਾਂ ਨੇ ਰਲ ਕੇ ਪਹਿਲਾਂ ਵੱਛੇ ਨੂੰ ਫਾਰਮ 'ਚ ਵਾੜ ਦਿੱਤਾ। ਫੇਰ ਅਗਲੇ ਕੁਝ ਹੀ ਪਲਾਂ ਵਿੱਚ ਖੇਡ ਮੈਦਾਨ ਸਾਫ਼ ਕਰ ਦਿੱਤਾ ਜਦੋਂ ਕਿ ਹੋਣਹਾਰ ਖਿਡਾਰੀ ਅਜੇ ਵੀ ਆਪਣੀ ਖੇਡ 'ਚ ਮਸਤ ਸਨ। ਅੱਜ ਮੰਦ -ਬੁੱਧੀ ਬੱਚੇ ਸਕੂਲ ਦੇ ਰੋਲ- ਮਾਡਲ ਬਣ ਗਏ ਸਨ। 
                                                   -0-