-moz-user-select:none; -webkit-user-select:none; -khtml-user-select:none; -ms-user-select:none; user-select:none;

Sunday, September 23, 2012

ਧਰਵਾਸ ਦਾ ਧੁਰਾ


ਜਸਬੀਰ ਢੰਡ

ਪਤਨੀ ਨੇ ਪਤੀ ਲਈ ਕਈ ਦਿਨ ਵਰਜਿਤ ਕਰਾਰ ਦਿੱਤੇ ਹੋਏ ਸਨ। ਮਸਲਨ ਅੱਜ ਮੰਗਲਵਾਰ ਹੈ ਮਹਾਵੀਰ ਦਾ ਦਿਨਅੱਜ ਨਹੀਂ ਪੀਣੀ। ਅੱਜ ਵੀਰਵਾਰ ਹੈ ਲਾਲਾਂ ਵਾਲੇ ਪੀਰ ਦਾ ਦਿਨ। ਅੱਜ ਜਨਮ ਅਸ਼ਟਮੀ ਹੈ, ਅੱਜ ਰਾਮਨੌਮੀ ਹੈ, ਹੁਣ ਸਰਾਧ ਚੱਲ ਰਹੇ ਹਨ,  ਹੁਣ ਨਰਾਤੇ ਹਨ, …ਤੇ ਇਸ ਤਰ੍ਹਾਂ ਵਰਜਿਤ ਦਿਨਾਂ ਦਾ ਇਕ ਲੰਮਾ ਸਿਲਸਿਲਾ। ਪਤੀ ਹੈਰਾਨ ਹੁੰਦਾ, ਦੇਵੀ ਦੇਵਤਿਆਂ ਦੀ ਗਿਣਤੀ ਤੋਂ ਪ੍ਰੇਸ਼ਾਨ ਹੁੰਦਾ।
ਇਕ ਦਿਨ ਪਤਨੀ ਦੀ ਦਵਾਈ ਲੈਣ ਰਾਜਧਾਨੀ ਦੇ ਵੱਡੇ ਹਸਪਤਾਲ ਜਾਣਾ ਸੀ। ਅਸ਼ਟਮੀ ਦਾ ਦਿਨ ਸੀ। ਭਾਵੇਂ ਪਤਨੀ ਬੀਮਾਰ ਸੀ, ਫੇਰ ਵੀ ਉਸਨੇ ਸਾਰੇ ਟੱਬਰ ਦੇ ਸੁੱਤਿਆਂ-ਸੁੱਤਿਆਂ ਹੀਂ ਵੱਡੇ ਤੜਕੇ ਉੱਠ ਕੇ ਕੜਾਹੀ ਦਾ ਸਾਮਾਨ ਤਿਆਰ ਕਰ ਲਿਆ ਸੀ। ਮੱਥਾ ਟੇਕ ਕੇ ਉਹ ਛੇ ਵਜਦੇ ਨੂੰ ਘਰੋਂ ਤੁਰ ਪਏ ਸਨ। ਵਾਟ ਦੂਰ ਦੀ ਸੀ। ਰਾਹ ਵਿਚ ਕਾਰ ਇਕ ਵੱਡੇ ਸ਼ਹਿਰ ਵਿੱਚੋਂ ਲੰਘੀ ਜਿੱਥੇ ਇਕ ਬੜਾ ਪ੍ਰਸਿੱਧ ਮੰਦਰ ਸੀ। ਜਾਮ ਲੱਗਿਆ ਪਿਆ ਸੀ। ਕਾਰ ਜੂੰ ਦੀ ਤੋਰ ਤੁਰਦੀ ਉਸ ਮੰਦਰ ਅੱਗੋਂ ਲੰਘੀ ਤਾਂ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਦੇਖ ਕੇ  ਹੈਰਾਨ ਰਹਿ ਗਏ।
ਇਨ੍ਹਾਂ ਦੇ ਹੱਥਾਂ ਵਿਚ ਕੀ ਹੈ?ਪਤਨੀ ਨੇ ਹੈਰਾਨੀ ਨਾਲ ਪੁੱਛਿਆ।
ਸ਼ਰਾਬ ਦੀਆਂ ਬੋਤਲਾਂ ਹਨਹੋਰ ਕੀ!ਪਤੀ ਨੇ ਵਿਅੰਗ ਪੂਰਵਕ ਕਿਹਾ ਤਾਂ ਪਤਨੀ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਵਿਚ-ਵਿਚ ਲੋਕ ਬੱਕਰੇ ਤੇ ਪਠੋਰੇ ਵੀ ਲਈ ਖੜ੍ਹੇ ਸਨ।
 ਮਾਤਾ ਇਹ ਕੀ? ਮੈਂ ਤਾਂ ਤੇਰੇ ਨਰਾਤਿਆਂ ਦਾ ਨਾਂ ਲੈ ਕੇ ਇਨ੍ਹਾਂ ਨੂੰ ਸ਼ਰਾਬ ਤੋਂ ਵਰਜਦੀ ਰਹੀ। ਇਹ ਕੀ ਗੋਰਖ ਧੰਦਾ ਹੈ। ਪੁਲੀਸ ਵੀ ਨਹੀਂ ਰੋਕਦੀ ਇਨ੍ਹਾਂ ਨੂੰ। ਏਨੀ ਖਲਕਤ ਸ਼ਰੇਆਮ ਏਨੀ ਸ਼ਰਾਬ ਚੁੱਕੀ ਫਿਰਦੀ ਹੈਤੇ ਇਨ੍ਹਾਂ ਬੇਜੁਬਾਨ ਜਾਨਵਰਾਂ ਦਾ ਕੀ ਕਸੂਰ?
ਹੁਣ ਉਹ ਸ਼ਰਾਬ ਨਹੀਂ ਵੇਖ ਰਹੀ ਸੀ। ਕਾਰ ਦੀ ਸੀਟ ਨਾਲ ਢਾਸਣਾ ਲਾਈ, ਅੱਖਾਂ ਮੂੰਦੀ, ਇਕ ਕਸੀਸ ਜਿਹੀ ਵੱਟੀ ਉਹ ਛਟਪਟਾ ਰਹੀ ਸੀ। ਸਰੀਰਕ ਪੀੜ ਤੋਂ ਵੀ ਵੱਡੀ ਪੀੜ ਨਾਲ।
ਨਿੱਤ ਚਾਹ-ਪਾਣੀ ਪੀਣ ਤੋਂ ਪਹਿਲਾਂ ਪੂਜਾ-ਪਾਠ ਕਰਨ ਵਾਲੀ ਸੁਆਨੀ ਦੇ ਧਰਵਾਸ ਦੀ ਧਰਤੀ ਦਾ ਧੁਰਾ ਹਿੱਲ ਗਿਆ ਸੀ। ਹੰਝੂ ਪਰਲ-ਪਰਲ ਉਹਦੀਆਂ ਅੱਖਾਂ ਵਿੱਚੋਂ ਆਪ-ਮੁਹਾਰੇ ਵਗੀ ਜਾ ਰਹੇ ਸਨ। ਪਤੀ ਨੇ ਉਸ ਦੀ ਹਾਲਤ ਵੇਖੀ ਤਾਂ ਉਸ ਦੇ ਬੁਲ੍ਹਾਂ ਉੱਤੇ ਆਈ ਜੇਤੂ ਮੁਸਕਾਨ ਗਾਇਬ ਹੋ ਗਈ।
ਤੂੰ ਰੋ ਨਾ! ਇਨ੍ਹਾਂ ਤਿੱਥਾਂ-ਵਾਰਾਂ ਦਾ ਨਾਉਂ ਨਾ ਲਿਆ ਕਰ। ਮੈਂ ਉਂਜ ਹੀ ਛੱਡ ਦਿਆਂਗਾਉਸ ਨੇ ਪਤਨੀ ਨੂੰ ਧਰਵਾਸ ਦਿੱਤਾ।
ਕਾਰ ਹੌਲੀ-ਹੌਲੀ ਸ਼ਹਿਰ ਲੰਘ ਆਈ ਸੀ ਅਤੇ ਪੂਰੀ ਸਪੀਡ ਤੇ ਭੱਜਣ ਲੱਗੀ ਸੀ। ਕੁਝ ਦੇਰ ਬਾਦ ਔਰਤ ਆਦਮੀ ਦੇ ਮੋਢੇ ਤੇ ਸਿਰ ਧਰੀ ਘੂਕ ਸੁੱਤੀ ਪਈ ਸੀ।
                       -0-

Monday, September 10, 2012

ਇੰਟਰਵਿਊ


ਜਗਰੂਪ ਸਿੰਘ ਕਿਵੀ

ਅਗਲਾ ਉਮੀਦਵਾਰ ਐਸ.ਡੀ.ਓ. ਸਿਵਲ ਦੀ ਇੰਟਰਵਿਊ ਦੇਣ ਲਈ ਕਮੇਟੀ ਰੂਮ ਵਿਚ ਦਾਖ਼ਲ ਹੋਇਆ ਤਾਂ ਸਿਲੈਕਸ਼ਨ ਬੋਰਡ ਦੇ ਮੈਂਬਰਾ ਦੀਆਂ ਅੱਖਾਂ ਹੀ ਅੱਖਾਂ ਵਿਚ ਇਸ਼ਾਰਾ ਹੋਇਆ।
ਇਹ ਤੇਰਾ ਬੰਦਾ ਐ?
ਨਹੀਂ
ਤੇਰਾ ਐ?
ਨਹੀਂ।
ਮੇਰਾ ਵੀ ਨਹੀਂ।
ਤੇ ਫੇਰ ਜਿਵੇਂ ਸਭ ਨੇ ਆਪਣੇ ਆਪ ਨੂੰ ਕਿਹਾ ਹੋਵੇ, ਨਾ ਜੈੱਕ, ਨਾ ਚੈੱਕ। ਪਤਾ ਨਹੀਂ ਕੀ ਲੈਣ ਆ ਗਿਆ?
ਖੁਸ਼ਗਵਾਰ ਮਾਹੌਲ ਵਿਚ ਇੰਟਰਵਿਊ ਸਮਾਪਤ ਹੋਈ। ਰਿਜ਼ਲਟ ਬਾਰੇ ਉਮੀਦਵਾਰ ਨੂੰ ਤਾਂ ਭੁਲੇਖਾ ਹੋ ਸਕਦਾ ਹੈ, ਪਰ ਕਿਸੇ ਹੋਰ ਨੂੰ ਨਹੀਂ ਹੋਣਾ ਚਾਹੀਦਾ।
                                        -0-

Sunday, September 2, 2012

ਸ਼ਰਾਧ


ਰਣਜੀਤ ਆਜ਼ਾਦ ਕਾਂਝਲਾ

ਅੱਜ ਪ੍ਰਸਿੰਨੀ ਨੇ ਆਪਣੇ ਸਹੁਰੇ ਦੇ ਪਿਤਾ ਦਾ ਸ਼ਰਾਧ ਪਾਉਣਾ ਹੈ। ਉਹ ਪੂਰੀ ਤਿਆਰੀ ਕਰਕੇ ਪੰਡਿਤ ਦੇ ਆਉਣ ਦੀ ਉਡੀਕ ਵਿਚ ਹੈ। ਪਰ ਬ੍ਰਾਹਮਣ ਨੇ ਪਹਿਲਾਂ ਕਈ ਹੋਰ ਘਰ ਸ਼ਰਾਧ ਖਾਣ ਜਾਣਾ ਹੈ, ਜਿਸ ਕਰਕੇ ਕਾਫੀ ਦੇਰ ਹੋ ਗਈ।
ਘਰ ਦੇ ਛੋਟੇ ਬੱਚੇ ਦੇਰ ਕਾਰਨ ਭੁੱਖ ਨਾਲ ਵਿਲਕਦੇ ਉਹਨਾਂ ਦੇ ਦਾਦੇ ਤੋਂ ਦੇਖੇ ਨਾ ਗਏ। ਮਨ ਵਿਚ ਸੋਚਦਾ ਉਹ ਆਪਣੀ ਨੂੰਹ ਨੂੰ ਬੋਲਿਆ, ਬਹੂ ਰਾਣੀ, ਇਨ੍ਹਾਂ ਬੱਚਿਆਂ ਨੂੰ ਭੁਖਾ ਕਿਉਂ ਮਾਰਿਆ ਹੈ? ਦੇਖ ਤਾਂ ਭਾਈ ਇਨ੍ਹਾਂ ਦਾ ਕਿੰਨਾ ਬੁਰਾ ਹਾਲ ਹੋਇਆ ਪਿਆ ਹੈ
ਥੋੜੀ ਉਡੀਕ ਮਗਰੋਂ ਉਹ ਨੂੰਹ ਨੂੰ ਤਾਕੀਦ ਕਰਦਾ ਫਿਰ ਬੋਲਿਆ, ਲਿਆ ਭਾਈ, ਇਨ੍ਹਾਂ ਬੱਚਿਆਂ ਨੂੰ ਖਾਣ ਨੂੰ ਦੇਹ ਜੋ ਕੁਝ ਤੂੰ ਮੇਰੇ ਪਿਤਾ ਦੇ ਸ਼ਰਾਧ ਲਈ ਤਿਆਰ ਕੀਤਾ ਹੈ। ਭੁੱਖ ਨਾਲ ਵਿਲਕਦੇ ਬੱਚਿਆਂ ਨੂੰ ਰੋਟੀ ਖੁਆ ਦੇਣੀ ਸ਼ਰਾਧ ਖੁਆਉਣ ਤੋਂ ਵੀ ਮਹਾਨ ਤੇ ਸ਼ੁਭ ਕੰਮ ਹੈ।
ਦਾਦਾ ਪੋਤਿਆਂ ਨੂੰ ਰੋਟੀ ਖਾਂਦਿਆਂ ਦੇਖ ਕੇ ਬਹੁਤ ਖੁਸ਼ ਹੋਇਆ। ਬਾਬਾ ਮੂੰਹ ਵਿਚ ਬੁੜਬੁੜਾਇਆ, ਅਸਲ ਸ਼ਰਾਧ ਤਾਂ ਮੈਂ ਅੱਜ ਪਾਇਆ ਹੈ।
                                      -0-




Sunday, August 26, 2012

ਸਨਮਾਨ ਸਮਾਰੋਹ


ਡਾ. ਹਰਨੇਕ ਸਿੰਘ ਕੈਲੇ

ਉਹ ਸੀ ਤਾਂ ਭਾਵੇਂ ਕਲਰਕ ਹੀ ਅਤੇ ਥੋੜ੍ਹੀ ਤਨਖਾਹ ਹੋਣ ਕਰਕੇ ਉਸ ਦਾ ਗੁਜ਼ਾਰਾ ਵੀ ਔਖਾ ਹੀ ਹੁੰਦਾ ਸੀ। ਪਰ ਉਹ ਇਲਾਕੇ ਦਾ ਮੰਨਿਆ ਪ੍ਰਮੰਨਿਆ ਸ਼ਾਇਰ ਸੀ ਅਤੇ ਸਾਹਿਤਕ ਹਲਕਿਆਂ ਵਿਚ ਉਸ ਦੀ ਚੰਗੀ ਚਰਚਾ ਸੀ। ਉਸ ਨੂੰ ਇਕ ਸਥਾਨਕ ਸੰਸਥਾ ਦਾ ਖ਼ਤ ਮਿਲਿਆ ਕਿ ਸੰਸਥਾ ਉਸ ਦੇ ਸਨਮਾਨ ਵਿਚ ਮਹੀਨੇ ਦੇ ਆਖਰੀ ਐਤਵਾਰ ਸਮਾਰੋਹ ਕਰਨਾ ਚਾਹੁੰਦੀ ਹੈ। ਉਸ ਨੇ ਝੱਟ ਆਪਣੀ ਸਹਿਮਤੀ ਭੇਜ ਦਿੱਤੀ। ਕਾਰਡ ਛਪ ਗਏ।
ਨਿਸਚਿਤ ਦਿਨ ਉਹ ਨਿਯਤ ਸਮੇਂ ਤੋਂ ਦਸ ਮਿੰਟ ਪਹਿਲਾਂ ਹੀ ਸਮਾਰੋਹ ਵਾਲੇ ਸਥਾਨ ’ਤੇ ਪਹੁੰਚ ਗਿਆ। ਅਜੇ ਗਿਣਤੀ ਦੇ ਦਰਸ਼ਕ ਹੀ ਉੱਥੇ ਪਹੁੰਚੇ ਸਨ। ਉਸ ਨੇ ਸਟੇਜ ਵੱਲ ਨਜ਼ਰ ਮਾਰੀ। ਕੱਪੜੇ ਦੇ ਬੈਨਰ ’ਤੇ ਲਿਖਿਆ ਸੀ ‘ਮਕਬੂਲ ਸਨਮਾਨ ਸਮਾਰੋਹ’।
ਉਹ ਸੋਚੀਂ ਪੈ ਗਿਆ, ‘ਸਨਮਾਨ ਤਾਂ ਮੇਰਾ ਹੋਣੈ। ਫਿਰ ਬੈਨਰ ’ਤੇ ਮਕਬੂਲ ਦਾ ਨਾਂ ਕਿਵੇਂ? ਨਾਲੇ ਮਕਬੂਲ ਨੂੰ ਤਾਂ ਅਦਬੀ ਹਲਕਿਆਂ ’ਚ ਬਹੁਤੇ ਲੋਕ ਜਾਣਦੇ ਈ ਨ੍ਹੀ।’
ਇਕ ਪ੍ਰਬੰਧਕ ਨੇ ਪਿੱਛਿਉਂ ਆ ਕੇ ਉਸ ਦੇ ਮੋਢੇ ’ਤੇ ਪੋਲਾ ਜਿਹਾ ਹੱਥ ਰੱਖਿਆ ਅਤੇ ਉਸ ਨੂੰ ਇਕ ਪਾਸੇ ਲਿਜਾ ਕੇ ਸਮਝਾਉਣ ਲੱਗਿਆ, ਮਕਬੂਲ ਨੇ ਸਮਾਰੋਹ ਦਾ ਸਾਰਾ ਖਰਚਾ ਆਪ ਕਰਨ ਤੋਂ ਬਿਨਾਂ ਸੰਸਥਾ ਨੂੰ ਵੀ ਪੰਜ ਹਜ਼ਾਰ ਦੇਣੈਂ।
                                        -0-

Sunday, August 19, 2012

ਸਾਂਝ


ਵਿਵੇਕ

ਨਾ ਮੰਮੀ, ਨਾ ਮਾਰੀਂ!ਦਸ ਕੁ ਸਾਲ ਦੇ ਭੋਲੂ ਨੇ ਆਪਣੀ ਮੰਮੀ ਅੱਗੇ ਹੱਥ ਜੋਡ਼ਦਿਆਂ ਕਿਹਾ।
ਨਹੀਂ ਮੈਂ ਤੈਨੂੰ ਹੁਣੇ ਦੱਸਦੀ ਆਂ। ਹੁਣ ਖੇਡੇਂਗਾ ਉਹਦੇ ਨਾਲ?ਕਹਿੰਦਿਆਂ  ਊਸ਼ਾ ਦੇਵਾ ਨੇ ਸੋਟੀ ਮੁੰਡੇ ਦੇ ਗਿੱਟਿਆਂ ਉੱਤੇ ਦੇ ਮਾਰੀ।
ਸੋਟੀ ਵੱਜਦਿਆਂ ਹੀ ਭੋਲੂ ਦੀ ਚੀਕ ਨਿਕਲ ਗਈ। ਊਸ਼ਾ ਦੇਵੀ ਨੇ ਫਿਰ ਤੋਂ ਸੋਟੀ ਮਾਰਨ ਲਈ ਹੱਥ ਚੁੱਕਿਆ ਹੀ ਸੀ ਕਿ ਉਸਦੇ ਪਤੀ ਪੰਡਿਤ ਕ੍ਰਿਸ਼ਣਕਾਂਤ ਨੇ ਆ ਉਹਦਾ ਹੱਥ ਫਡ਼ ਲਿਆ। ਪਿਤਾ ਨੂੰ ਆਇਆ ਦੇਖ, ਬਚਾਅ ਲਈ ਭੋਲੂ ਉਹਦੀਆਂ ਲੱਤਾਂ ਨਾਲ ਚਿੰਬਡ਼ ਗਿਆ।
ਹੁਣ ਕਿੱਧਰ ਜਾਨੈਂ? ਤੈਨੂੰ ਕਿੰਨੀ ਵਾਰ ਕਿਹੈ, ਪਰ ਤੇਰੇ ’ਤੇ ਕੋਈ ਅਸਰ ਨਹੀਂ।ਊਸ਼ਾ ਦੇਵੀ ਫਿਰ ਭੋਲੂ ਵੱਲ ਹੋਈ।
ਕੀ ਗੱਲ ਹੋਗੀ? ਕਿਉਂ ਮੁੰਡੇ ਨੂੰ ਮਾਰੀ ਜਾਨੀਂ ਐਂ? ਸਹਿਮੇ ਮੁੰਡੇ ਦੀ ਪਿੱਠ ਉੱਤੇ ਹੱਥ ਰੱਖਦਿਆਂ ਕ੍ਰਿਸ਼ਣਕਾਂਤ ਨੇ ਆਪਣੀ ਘਰਵਾਲੀ ਨੂੰ ਪੁੱਛਿਆ।
ਹੋਣਾ ਕੀ ਐ, ਜਦੋਂ ਵੇਖੋ ਮਜ਼੍ਹਬੀਆਂ ਦੇ ਮੁੰਡੇ ਨਾਲ ਖੇਡਦਾ ਰਹਿੰਦੈ। ਉਹਦੀ ਬਾਹ ’ਚ ਬਾਂਹ ਪਾ ਤੁਰਿਆ ਫਿਰਦੈ। ਕਦੇ ਉਹਦੇ ਘਰ ਆਪ ਜਾ ਵਡ਼ਦੈ, ਕਦੇ ਉਹਨੂੰ ਆਪਣੇ ਘਰ ਲੈ ਆਉਂਦੈ…ਮੈਨੂੰ ਨਹੀਂ ਇਹ ਗੱਲਾਂ ਚੰਗੀਆਂ ਲਗਦੀਆਂ…ਇਹਨੂੰ ਕਈ ਵਾਰ ਸਮਝਾਇਐ, ਪਰ ਸੁਣਦਾ ਈ ਨਹੀਂ। ਅਖੇ, ਉਹ ਮੇਰਾ ਬੇਲੀ ਐ…ਬੇਲੀ ਬਣਾਉਣੈ ਤਾਂ ਜਾਤ ਬਰਾਦਰੀ ਤਾਂ ਵੇਖ ਲੈ…।ਊਸ਼ਾ ਦੇਵੀ ਨੇ ਮੁੰਡੇ ਨੂੰ ਘੂਰਦਿਆਂ ਕਿਹਾ।
ਓਏ ਛੱਡ, ਇਹ ਕਿਹਡ਼ੀ ਗੱਲ ਹੋਈ। ਆਪਾਂ ਵੀ ਦਿਹਾਡ਼-ਦੱਪਾ ਕਰਕੇ ਖਾਣ ਵਾਲੇ ਆਂ ਤੇ ਉਹ ਵੀ ਮਿਹਨਤ-ਮਜ਼ਦੂਰੀ ਕਰਕੇ ਖਾਣ ਵਾਲੇ। ਦੱਸ ਫੇਰ ਫਰਕ ਕੀ ਹੋਇਆ? ਆਪਾਂ ਵੀ ਗਰੀਬ ਤੇ ਉਹ ਵੀ ਗਰੀਬ। ਸਾਡੀ ਤਾਂ ਸਾਂਝ ਐ। ਜਾਤ ਬਿਰਾਦਰੀ ਨੇ ਕਿਤੇ ਰੋਟੀ ਦੇਣੀ ਐ! ਮਿਹਨਤ-ਮਜ਼ਦੂਰੀ ਕਰਕੇ ਈ ਖਾਣੀ ਐ। ਐਵੇਂ ਨਾ ਮੁੰਡੇ ਨੂੰ ਮਾਰਿਆ ਕਰ, ਖੇਡਣ ਦੇ ਜੀਹਦੇ ਨਾਲ ਖੇਡਦੈ। ਇੰਨਾ ਕਹਿ ਉਹਨੇ ਊਸ਼ਾ ਦੇਵੀ ਦੇ ਹੱਥੋਂ ਸੋਟੀ ਫਡ਼ ਪਰੇ ਸਿੱਟ ਦਿੱਤੀ।
                                         -0-

Sunday, August 12, 2012

ਖਾਲੀ ਖਾਨਾ


ਜਗਰੂਪ ਸਿੰਘ ਕਿਵੀ

ਬੈੱਲਟ ਪੇਪਰ ਤੇ ਮੋਹਰ ਲਾਉਣ ਲੱਗਿਆਂ ਬਾਬਾ ਖੜੋ ਗਿਆ। ਕਿੰਨਾ ਹੀ ਚਿਰ ਬੈੱਲਟ ਪੇਪਰ ਨੂੰ ਗਹੁ ਨਾਲ ਤੱਕਦਾ ਰਿਹਾ।
ਬਾਬਾ, ਕਿਹੜਾ ਨਿਸ਼ਾਨ ਭਾਲਦੈਂ, ਮੈਂ ਮਦਦ ਕਰਾਂ?ਪੋਲਿੰਗ ਅਫ਼ਸਰ ਨੇ ਬਾਬੇ ਨੂੰ ਚਿੰਤਾ ’ਚ ਪਏ ਦੇਖ ਕੇ ਆਖਿਆ।
ਨਹੀਂ ਪੁੱਤਰ, ਮੈਂ ਤਾਂ ਖਾਲੀ ਖਾਨਾ ਲੱਭਦਾਂ, ਜਿਥੇ ਕਿਸੇ ਵੀ ਪਾਰਟੀ ਦਾ ਨਿਸ਼ਾਨ ਨਾ ਹੋਵੇ। ਇਹਨਾਂ ’ਚੋਂ ਕੋਈ ਵੀ ਪਾਰਟੀ ਰਾਜ ਕਰਨ ਦੇ ਕਾਬਿਲ ਨਹੀਂ। ਸਾਰੇ ਲੁਟੇਰੇ ’ਕੱਠੇ ਹੋਏ ਐ ਮੇਰੇ ਸਾਲੇ ਦੇ।
ਬੁੜਬੁੜ ਕਰਦਾ ਬੁੜ੍ਹਾ ਬਿਨਾਂ ਮੋਹਰ ਲਾਇਆਂ ਹੀ ਵਾਪਸ ਤੁਰ ਗਿਆ
ਪੋਲਿੰਗ ਅਫ਼ਸਰ ਬੁੜ੍ਹੇ ਵੱਲ ਤੱਕਦਾ ਹੀ ਰਹਿ ਗਿਆ।
                                          -0-

Monday, August 6, 2012

ਸਟੰਟ


 ਡਾ. ਗੁਰਚਰਨ ਸਿੰਘ ਸੇਕ

ਉਹ ਚਾਹੁੰਦਾ ਸੀ ਕਿ ਉਸਦੀ ਕੈਸਟ ਲੱਖਾਂ ਵਿਚ ਵਿਕੇ। ਪਰ ਅਜੇ ਉਸਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਸੀ। ਆਖਿਰ ਇਕ ਢੰਗ ਉਸਨੇ ਸੋਚ ਹੀ ਲਿਆ। ਉਹ ਉਸ ਕਵੀ ਕੋਲ ਗਿਆ, ਜਿਸਨੇ ਕੈਸਟ ਦੇ ਗੀਤ ਲਿਖੇ ਸਨ। ਬੜੀ ਮਿਠਾਸ ਨਾਲ ਉਸਨੂੰ ਕਿਹਾ, ਮੈਂ ਚਾਹੁੰਦਾ ਹਾਂ, ਤੇਰਾ ਨਾਂ ਲੱਖਾਂ ਕੈਸਟਾਂ ਉੱਤੇ ਛਪ ਕੇ ਦੁਨੀਆਂ ਵਿਚ ਮਸ਼ਹੂਰ ਹੋ ਜਾਵੇ।
ਕਵੀ ਦੀਆਂ ਵਾਛਾਂ ਖਿੜ ਗਈਆਂ। ਉਹ ਬੋਲਿਆ, ਬੜੀ ਖੁਸ਼ੀ ਦੀ ਗੱਲ ਹੈ
ਉਸ ਲਈ ਮੈਂ ਇਕ ਸਕੀਮ ਸੋਚੀ ਹੈ।
ਕੀ?
ਮੈਂ ਅਫਸਰਾਂ ਨਾਲ ਮਿਲ ਕੇ ਉਨ੍ਹਾਂ ਕੋਲੋਂ ਕੈਸਟ ਜਬਤ ਕਰਵਾ ਦੇਵਾਂਗਾ। ਦੋਸ਼ ਇਹ ਲਾਵਾਂਗੇ ਕਿ ਗੀਤ ਕਾਮ ਉਕਸਾਊ, ਦੇਸ਼ ਵਿਰੋਧੀ ਤੇ ਕੌਮ ਭੜਕਾਊ ਹਨ। ਸਿੱਟੇ ਵੱਜੋਂ ਤੈਨੂੰ ਜੇਲ ਭੇਜ ਦਿੱਤਾ ਗਿਆ ਹੈ। ਬਸ ਜਬਤ ਹੋਈ ਕੈਸਟ ਲੱਖਾਂ ਦੀ ਗਿਣਤੀ ਵਿਚ ਵਿਕੂ, ਨਾਲੇ ਵਿਕੂ ਦੂਣੇ ਰੇਟਾਂ ਤੇ। ਤੇਰਾ ਨਾਂ ਬੱਚੇ ਬੱਚੇ ਦੀ ਜ਼ਬਾਨ ਤੇ ਹੋਵੇਗਾ।ਫਰਮ ਦੇ ਮਾਲਕ ਨੇ ਕਵੀ ਨੂੰ ਸਕੀਮ ਸਮਝਾਈ।
ਪਰ ਮੇਰੇ ਮਗਰੋਂ ਮੇਰੇ ਬੱਚਿਆਂ ਦਾ ਕੀ ਹੋਵੇਗਾ?
ਉਨ੍ਹਾਂ ਨੂੰ ਅਸੀਂ ਚੜ੍ਹੇ ਮਹੀਨੇ ਦੋ ਹਜ਼ਾਰ ਰੁਪਿਆ ਦੇ ਦਿਆ ਕਰਾਂਗੇ।
ਇਕ ਵਾਰ ਤਾਂ ਕਵੀ ਨੂੰ ਮਸ਼ਹੂਰੀ ਤੇ ਪੱਕੀ ਆਮਦਨ ਦਾ ਆਨੰਦ ਜਿਹਾ ਆਇਆ। ਪਰ ਛੇਤੀ ਹੀ ਇਕ ਹੋਰ ਖਿਆਲ ਉਸਦੇ ਜ਼ਿਹਨ ਵਿਚ ਉਭਰਿਆ। ਉਸ ਦੀਆਂ ਭਵਾਂ ਤਣ ਗਈਆਂ ਤੇ ਕ੍ਰੋਧ ਜਿਹਾ ਛਾ ਗਿਆ। ਉਹ ਗਰਮੀ ਵਿਚ ਬੋਲਿਆ, ਕੀ ਬਲੀ ਦਾ ਬਕਰਾ ਬਣਨ ਲਈ ਮੈਂ ਹੀ ਲੱਭਾ ਹਾਂ?
                                   -0-