-moz-user-select:none; -webkit-user-select:none; -khtml-user-select:none; -ms-user-select:none; user-select:none;

Thursday, March 24, 2011

ਫ਼ਰਕ


                                                   
 ਐਮ. ਅਨਵਾਰ ਅੰਜੁਮ
ਸਰਕਾਰੀ ਪ੍ਰਾਇਮਰੀ ਸਕੂਲ ਰਾਹੀਂ ਪੰਜਵੀਂ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਰਾਜੂ ਨੇ ਸਰਕਾਰੀ ਹਾਈ ਸਕੂਲ ਵਿਚ ਦਾਖਲਾ ਲੈ ਲਿਆ।
ਪ੍ਰਾਇਮਰੀ ਸਕੂਲ ਵਿਚ ਪਡ਼੍ਹਦਿਆਂ  ਉਸ ਨੂੰ ਗੈਰ ਹਾਜ਼ਰ ਰਹਿਣ ਦੀ ਆਦਤ ਪੈ ਗਈ ਸੀ। ਹਾਈ ਸਕੂਲ ਵਿਖੇ ਵੀ ਉਹ ਪੰਜ ਦਿਨ ਗ਼ੈਰ ਹਾਜ਼ਰ ਰਹਿਣ ਮਗਰੋਂ ਸਕੂਲ ਪਹੁੰਚਿਆ। ਉਸ ਦੀ ਕਲਾਸ ਇੰਚਾਰਜ ਮੈਡਮ ਰਸ਼ਮੀ ਨੇ ਉਸ ਨੂੰ ਕਲਾਸ ਤੋਂ ਬਾਹਰ ਕੱਢ ਦਿੱਤਾ।
ਰਾਜੂ ਬਾਹਰ ਜਾਣ ਦੀ ਜਗ੍ਹਾ ਮੈਡਮ ਰਸ਼ਮੀ ਕੋਲ ਗਿਆ ਤੇ ਉਸ ਦੀਆਂ ਲੱਤਾਂ ਘੁੱਟਣ ਲੱਗ ਪਿਆ। ਮੈਡਮ ਨੇ ਉਸ ਨੂੰ ਪਰ੍ਹਾਂ ਧੱਕਦੇ ਹੋਏ ਕਿਹਾ, ਜਾ, ਆਪਣੇ ਪਿਤਾ ਨੂੰ ਨਾਲ ਲੈ ਕੇ ਆਈਂ। 
ਇਹ ਸੁਣ ਰਾਜੂ ਨੇ ਤਰਲਾ ਲਿਆ, ਮੈਡਮ! ਮੈਨੂੰ ਕਲਾਸ ’ਚੋਂ ਨਾ ਕੱਢੋ, ਮੈਂ ਆਪ ਦੇ ਵਾਲਾਂ ’ਚ ਤੇਲ ਮਾਲਿਸ਼ ਵੀ ਕਰ ਦਿਆ ਕਰਾਂਗਾ।
ਬਦਤਮੀਜ਼! ਚੱਲ ਨਿਕਲ ਜਾ ਹੁਣੇ ਸਕੂਲੋਂ ਬਾਹਰ…।ਮੈਡਮ ਨੇ ਰਾਜੂ ਦੀ ਗੱਲ੍ਹ ਉੱਤੇ ਇੱਕ ਜ਼ੋਰਦਾਰ  ਥੱਪਡ਼ ਜਡ਼ਦਿਆਂ ਹੁਕਮ ਸੁਣਾਇਆ।
ਆਪਣੀ ਗੱਲ੍ਹ ਨੂੰ ਪਲੋਸਦਾ ਹੋਇਆ ਸਕੂਲੋਂ ਬਾਹਰ ਜਾਂਦਾ ਰਾਜੂ, ਪ੍ਰਾਇਮਰੀ ਸਕੂਲ ਵਾਲੀ ਮੈਡਮ ਅਤੇ ਮੈਡਮ ਰਸ਼ਮੀ ਵਿਚਕਾਰ ਫ਼ਰਕ  ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ।
                                          -0-

Friday, March 11, 2011

ਮਖੌਟਿਆਂ ਵਾਲਾ ਭਾਈ


ਸਵਾਮੀ ਸਰਬਜੀਤ
ਉਹਦੇ ਕੋਲ ਮਖੌਟੇ ਸਨ, ਕਈ ਮਖੌਟੇ। ਰੰਗ-ਬਿਰੰਗੇ, ਵੱਖ-ਵੱਖ ਜਾਨਵਰਾਂ ਦੀਆਂ ਸ਼ਕਲਾਂ ਨਾਲ ਮਿਲਦੇ-ਜੁਲਦੇ ਮਖੌਟੇ। ਇਹ ਮਖੌਟੇ ਉਸਨੇ ਬਡ਼ੀ ਮਿਹਨਤ ਨਾਲ ਆਪਣੇ ਹੱਥੀਂ ਬਣਾਏ ਸਨ, ਆਪਣੇ ਲਈ।
ਉਹ ਹਮੇਸ਼ਾਂ ਹੀ ਮਖੌਟਾ ਪਹਿਣ ਕੇ ਰੱਖਦਾ। ਸਮਾਂ, ਸਥਾਨ ਤੇ ਸਥਿਤੀ ਅਨੁਸਾਰ ਉਹ ਮਖੌਟਾ ਬਦਲ ਲੈਂਦਾ। ਉਹ ਮਖੌਟਾ ਬਦਲਣ ਵਿਚ ਵੀ ਬਹੁਤ ਮਾਹਿਰ ਸੀ।
ਜਦੋਂ ਉਹ ਆਪਣੇ ਬਾਸ ਕੋਲ ਹੁੰਦਾ ਤਾਂ ਭਿੱਜੀ ਬਿੱਲੀ ਵਾਲਾ ਮਖੌਟਾ ਪਹਿਨਦਾ। ਆਪਣੇ ਬੱਚਿਆਂ ਸਾਹਵੇਂ ਸਿਆਣੇ ਕਾਂ ਵਾਲਾ ਮਖੌਟਾ ਨਾ ਉਤਾਰਦਾ। ਤਾਕਤਵਰ ਲੋਕਾਂ ਅੱਗੇ ਗਿੱਦਡ਼ ਦਾ ਅਤੇ ਕਮਜ਼ੋਰ ਲੋਕਾਂ ਸਾਹਮਣੇ ਉਹ ਸ਼ੇਰ ਦਾ ਮਖੌਟਾ ਪਹਿਨ ਕੇ ਰੱਖਦਾ।
ਰਾਤੀਂ ਪਤਨੀ ਦੇ ਬੈੱਡ ਉੱਤੇ ਜਾਣ ਸਮੇਂ ਉਹ ਕੁੱਤੇ ਵਾਲਾ ਮਖੌਟਾ ਪਹਿਨ ਲੈਂਦਾ। ਪਤਨੀ ਦੀ ਰਜਾਮੰਦੀ ਮਿਲਦਿਆਂ ਹੀ ਉਹ ਫਟਾਫਟ ਕੁੱਤੇ ਦਾ ਮਖੌਟਾ ਉਤਾਰ ਕੇ ਭੇਡ਼ੀਏ ਦਾ ਮਖੌਟਾ ਪਾ ਲੈਂਦਾ। ਦਿਨ ਚਡ਼੍ਹਦੇ ਹੀ ਉਹ ਪਤਨੀ ਨੂੰ ਕਦੇ ਸ਼ੇਰ ਤੇ ਕਦੇ ਹਾਥੀ ਦਾ ਮਖੌਟਾ ਲਾ-ਲਾ ਕੇ ਦਿਖਾਉਂਦਾ।
ਉਹ ਹਮੇਸ਼ਾਂ ਮਖੌਟਾ ਪਾ ਕੇ ਰੱਖਣ ਦਾ ਆਦੀ ਹੋ ਗਿਆ ਹੈ। ਹੁਣ ਜਦੋਂ ਵੀ ਉਹ ਸ਼ੀਸ਼ੇ ਸਾਹਵੇਂ ਜਾ ਕੇ, ਸਾਰੇ ਮਖੌਟੇ ਲਾਹ ਕੇ ਆਪਣਾ ਅਸਲ ਚਿਹਰਾ ਦੇਖਦਾ ਹੈ ਤਾਂ ਸ਼ੀਸ਼ੇ ਵਿਚ ਦਿਖਦਾ ਸ਼ਖ਼ਸ ਉਹਦੀ ਪਛਾਣ ਵਿਚ ਨਹੀਂ ਆਉਂਦਾ। ਉਹ ਸ਼ੀਸ਼ੇ ਵਿਚਲੇ ਸ਼ਖ਼ਸ ਤੋਂ ਅਕਸਰ ਹੀ ਪੁੱਛਦਾ ਹੈ:
ਤੂੰ ਕੌਣ…?
                                                  -0-

Tuesday, March 1, 2011

ਰੋਣਾ


ਕੁਲਦੀਪ ਮਾਣੂੰਕੇ
ਸ਼ਾਮ ਕੌਰ ਪਿਛਲੇ ਹਫ਼ਤੇ ਤੋਂ ਪੀ.ਜੀ.ਆਈ. ਦਾਖਲ ਸੀ। ਉਸ ਦੇ ਦੋਵੇਂ ਲਡ਼ਕੇ ਅਫਸਰ ਸਨ ਤੇ ਵਾਰੋ-ਵਾਰੀ  ਆ ਕੇ ਉਸਦਾ ਹਾਲ-ਚਾਲ ਪੁੱਛ ਰਹੇ ਸਨ। ਵੱਡੇ ਲਡ਼ਕੇ ਹਰਦੇਵ ਨੇ ਛੋਟੇ ਬਲਦੇਵ ਨੂੰ ਆਖਿਆ, ਵੀਰ ਬਲਦੇਵ, ਮੈਂ ਹੁਣ ਇੱਕ ਹਫਤਾ ਨਹੀਂ ਆ ਸਕਦਾ ਕਿਉਂਕਿ ਤੇਰੇ ਭਤੀਜੇ ਡਿੰਪੀ ਦੇ ਪੇਪਰ ਹਨ। ਮੈਥੋਂ ਡਰ ਕੇ ਉਹ ਚਾਰ ਅੱਖਰ ਪੜ੍ਹ ਲਊ।
ਵੀਰ ਜੀ, ਮੇਰਾ ਤਾਂ ਆਪ ਦਫ਼ਤਰ ਆਡਿਟ ਚਲ ਰਿਹੈ। ਮੇਰਾ ਵੀ ਇੱਥੇ ਮਾਂ ਕੋਲ ਰਹਿਣਾ ਮੁਸ਼ਕਲ ਐ।ਛੋਟਾ ਬਲਦੇਵ ਬੋਲਿਆ।
ਦੋਹਾਂ ਭਰਾਵਾਂ ਦੀ ਗੱਲ ਸੁਣ ਕੇ ਉਹਨਾਂ ਦੀ ਭੈਣ ਕਿੰਦੀ ਜੋ ਪਹਿਲੇ ਦਿਨ ਤੋਂ ਹੀ ਹਸਪਤਾਲ ਵਿੱਚ ਮਾਂ ਨਾਲ ਸਾਏ ਵਾਂਗ ਰਹਿ ਰਹੀ ਸੀ, ਕਹਿਣ ਲੱਗੀ, ਵੀਰ ਜੀ, ਤੁਸੀਂ ਦੋਵੇਂ ਚਲੇ ਜਾਓ, ਮੈਂ ਜੋ ਹਾਂ ਇੱਥੇ। ਆਪੇ ਸੰਭਾਲ ਲਵਾਂਗੀ ਮਾਂ ਨੂੰ।
ਦੋਵੇਂ ਭਰਾ ਵਾਪਸੀ ਦੀ ਤਿਆਰੀ ਕਰਨ ਲੱਗੇ, ਪਰ ਮਾਂ ਇਹ ਸੋਚ ਕੇ ਰੋ ਰਹੀ ਸੀ ਕਿ ਉਹ ਉਸ ਵਕਤ ਕਿਉਂ ਰੋਈ ਸੀ ਜਦ ਕਿੰਦੀ ਨੇ ਜਨਮ ਲਿਆ ਸੀ।
                                      -0-

Sunday, February 20, 2011

ਮਹੱਤਵਪੂਰਨ ਦਿਨ


ਹਰਭਜਨ ਖੇਮਕਰਨੀ
ਮਹੀਨੇ ਦੀ ਪਹਿਲੀ ਤਰੀਕ ਨੂੰ ਬੈਂਕ ’ਚੋਂ ਪੈਸੇ ਕਢਵਾਉਣ ਦੀ ਮਜ਼ਬੂਰੀ-ਵੱਸ ਮੈਨੂੰ ਵੀ ਲੰਬੀ ਕਤਾਰ ਦਾ ਹਿੱਸਾ ਬਨਣਾ ਪਿਆ। ਕਾਉਂਟਰ ਵੱਲ ਹੌਲੀ-ਹੌਲੀ ਸਰਕ ਰਹੀ ਕਤਾਰ ਵਿਚ ਬਹੁਤੇ ਬਜ਼ੁਰਗ ਹੀ ਸਨ, ਜੋ ਸ਼ਾਇਦ ਪੈਨਸ਼ਨ ਦੇ ਪੈਸੇ ਕਢਵਾਉਣ ਆਏ ਸਨ। ਸਮਾਂ ਕੱਟਣ ਲਈ ਅਨਜਾਣ ਬੰਦਿਆਂ ਨਾਲ ਵੀ ਗੱਲਾਂ ਦੀ ਸਾਂਝ ਪਾਈ ਜਾ ਰਹੀ ਸੀ। ਕੁਝ ਜੀਵਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਸਾਂਝਿਆਂ ਕਰ ਰਹੇ ਸਨ ਤੇ ਕੁਝ ਘਰੋਗੀ ਹਾਲਾਤ ਦਾ ਰੋਣਾ ਰੋ ਰਹੇ ਸਨ। ਉਦੋਂ ਹੀ ਮੈਥੋਂ ਤਿੰਨ ਕੁ ਆਦਮੀਆਂ ਬਾਅਦ ਖਡ਼ੇ ਬਜ਼ੁਰਗ ਦੇ ਬੋਲ ਕੰਨੀਂ ਪਏ ਕਿ ਕਿਸਮਤ ਵਾਲਿਆਂ ਦੇ ਬੱਚੇ ਹੀ ਆਪਣੇ ਮਾਪਿਆਂ ਨੂੰ ਪਿਛਲੀ ਉਮਰੇ ਪੂਜਣ-ਯੋਗ ਸਮਝਦਿਆਂ ਸੇਵਾ ਕਰਦੇ ਨੇ। ਬਹੁਤਿਆਂ ਕੋਲੋਂ ਤਾਂ ਹਰ ਮਹੀਨੇ ਕਿਸੇ ਨਾ ਕਿਸੇ ਬਹਾਨੇ ਪੈਨਸ਼ਨ ਵੀ ਖੋਹ ਲਈ ਜਾਂਦੀ ਏ ਤੇ ਉਹਨਾਂ ਨੂੰ ਆਪਣੀਆਂ ਲੋਡ਼ਾਂ ਪੂਰੀਆਂ ਕਰਨ ਲਈ ਮੰਗਤਿਆਂ ਵਾਂਗ ਪੁੱਤਰਾਂ-ਨੂਹਾਂ ਅੱਗੇ ਹੱਥ ਅੱਡਣੇ ਪੈਂਦੇ ਨੇ।
ਭਾਈ ਸਾਹਿਬ! ਤੁਸੀਂ ਠੀਕ ਕਹਿੰਦੇ ਹੋ। ਮੇਰਾ ਮੁੰਡਾ ਬਾਹਰ ਗੇਟ ਮੱਲ ਕੇ ਖਡ਼ਾ ਏ ਕਿ ਕਦੋਂ ਮੈਂ ਬਾਹਰ ਆਵਾਂ ਤੇ ਉਹ ਮੈਥੋਂ ਪੈਸੇ ਖੋਹੇ।ਇਕ ਹੋਰ ਨੇ ਗੱਲ ਅੱਗੇ ਤੋਰੀ।
ਬਈ ਮੇਰੇ ਬੱਚੇ ਤਾਂ ਪੈਨਸ਼ਨ ਨੂੰ ਹੱਥ ਨਹੀਂ ਲਾਉਂਦੇ। ਜਿੱਥੇ ਮਰਜੀ ਖਰਚਾਂ। ਪਹਿਲੀ ਨੂੰ ਦੋਸਤ-ਮਿੱਤਰਾਂ ਨੂੰ ਮਿਲ ਜਾਈਦਾ ਏ ਤੇ ਤਨਖਾਹ ਵਾਂਗ ਪੈਨਸ਼ਨ ਜੇਬ ਵਿਚ ਪਾ ਕੇ ਖੁਸ਼ੀ ਜਿਹੀ ਵੀ ਹੁੰਦੀ ਏ।ਇਕ ਹੋਰ ਆਦਮੀ ਆਪਣੀ ਗੱਲ ਕਹਿੰਦਿਆ ਮੁਸਕਰਾ ਰਿਹਾ ਸੀ।
ਘਰੋਗੀ ਹਾਲਾਤ ਤਾਂ ਬਈ ਸਭ ਦੇ ਆਪਣੇ-ਆਪਣੇ ਹੁੰਦੇ ਨੇ। ਮੇਰਾ ਇਕ ਲਡ਼ਕਾ ਡਾਕਟਰ ਏ ਰੇਲਵੇ ਵਿਚ ਤੇ ਇਕ ਫੌਜ ਵਿਚ ਮੇਜਰ ਏ। ਖੁੱਲ੍ਹਾ ਖਰਚਣ ਨੂੰ ਦਿੰਦੇ ਨੇ। ਧੀਆਂ ਆਪਣੇ ਘਰੀਂ ਨੇ। ਕੋਈ ਜਿੰਮੇਵਾਰੀ ਨਹੀਂ। ਮੈਂ ਪੈਨਸ਼ਨ ਦਾ ਇਕ ਪੈਸਾ ਵੀ ਘਰ ਨਹੀਂ ਲਿਜਾਂਦਾ। ਚਾਰ ਗਰੀਬ ਪਰਿਵਾਰਾਂ ਦੀ ਮਦਦ ਹਰ ਮਹੀਨੇ ਬੰਨ੍ਹੀ ਹੋਈ ਏ।
ਉਸ ਬਜ਼ੁਰਗ ਦੀ ਆਵਾਜ਼ ਜਿੱਥੋਂ ਤੀਕ ਲਾਈਨ ਵਿਚ ਖਡ਼ੇ ਲੋਕਾਂ ਦੇ ਕੰਨੀਂ ਪਈ, ਸਭ ਨੇ ਆਪੋ-ਆਪਣੇ ਤੀਰ ਛੱਡੇ।
ਬਜ਼ੁਰਗਾਂ ਨੂੰ ਗੱਪ ਮਾਰਨ ਦੀ ਆਦਤ ਲਗਦੀ ਏ।
ਦਾਨ ਕਰਨ ਵਾਲੇ ਢਿੰਡੋਰਾ ਨਹੀਂ ਪਿੱਟਦੇ।
ਪਹਿਲੀ ਤਰੀਕ ਨੂੰ ਕੀ ਲੋਡ਼ ਏ ਲਾਈਨ ਵਿਚ ਧੱਕੇ ਖਾਣ ਦੀ।
ਭਾਈ ਸਾਹਿਬ, ਜੇਕਰ ਤੁਸਾਂ ਪੈਨਸ਼ਨ ਕਢਾ ਕੇ ਦਾਨ ਹੀ ਕਰਨੀ ਏ ਤਾਂ ਦਸ-ਬਾਰਾਂ ਤਰੀਕ ਨੂੰ ਆਇਆ ਕਰੋ। ਧੱਕਿਆਂ ਤੋਂ ਬਚਾ ਹੋ…ਜੇ…ਗਾ।ਸੋਟੀ ਆਸਰੇ ਖਡ਼ੇ ਇਕ ਬਜ਼ੁਰਗ ਨੇ ਕਹਿ ਹੀ ਦਿੱਤਾ।
ਤੁਸੀਂ ਠੀਕ ਕਹਿੰਦੇ ਹੋ, ਪਰ ਜਿਨ੍ਹਾਂ ਪਰਿਵਾਰਾਂ ਦੀ ਮੈਂ ਮਦਦ ਕਰਦਾ ਹਾਂ, ਉਹਨਾਂ ਦੀਆਂ ਲੋਡ਼ਾਂ ਵੀ ਤਾਂ ਪਹਿਲੀ ਤਰੀਕ ਨਾਲ ਜੁਡ਼ੀਆਂ ਹੋਈਆਂ ਨੇ।
ਲਾਈਨ ਵਿਚ ਕੁਝ ਪਲ ਲਈ ਖਾਮੋਸ਼ੀ ਛਾ ਗਈ।
                                                  -0-

Thursday, February 3, 2011

ਚਾਬੀਆਂ ਦਾ ਗੁੱਛਾ


ਸੁਖਚੈਨ ਸਿੰਘ ਭੰਡਾਰੀ
ਨਵੀਂ ਵਿਆਹੀ ਬਹੂ ਕੋਲ ਆ ਕੇ ਸੱਸ ਬਡ਼ੇ ਪਿਆਰ ਨਾਲ ਬੋਲੀ, “ਬਹੂ, ਤੇਰੇ ਆਉਣ ਨਾਲ ਘਰ ਵਿਚ ਰੌਣਕ ਆ ਗਈ। ਤੂੰ ਇਸ ਘਰ ਦੀ ਵੱਡੀ ਬਹੂ ਹੈਂ। ਇਸਲਈ ਅੱਜ ਤੋਂ ਤੂੰ ਹੀ ਚਾਬੀਆਂ ਤੇ ਇਹ ਘਰ ਸੰਭਾਲੇਂਗੀ।”
ਇਹ ਸੁਣ ਕੇ ਬਹੂ ਨਿਹਾਲ ਹੋ ਗਈ। ਉਸਨੂੰ ਸੱਸ ਦੇ ਰੂਪ ਵਿਚ ਆਪਣੀ ਮਾਂ ਨਜ਼ਰ ਆਈ।
ਅਗਲੀ ਸਵੇਰ ਜਦੋਂ ਬਹੂ ਸ਼ਿੰਗਾਰ ਕਰ ਰਹੀ ਸੀ ਤਾਂ ਉਸਦੀ ਸੱਸ ਨੇ ਕਮਰੇ ਵਿਚ ਆ ਕੇ ਕੁੱਝ ਰੁੱਖੀ ਆਵਾਜ਼ ਵਿਚ ਕਿਹਾ, “ਬਹੂ, ਦਾਜ ਵਿਚ ਹੋਰ ਸਾਮਾਨ ਤਾਂ ਸਾਰਾ ਆ ਗਿਆ, ਪਰ ਨਕਦ ਰਕਮ ਦਿਖਈ ਨਹੀਂ ਦਿੱਤੀ?
ਇਸ ਤੇ ਬਹੂ ਨੇ ਬਡ਼ੀ ਹੀ ਸ਼ਾਲੀਨਤਾ ਨਾਲ ਆਖਿਆ, “ਮਾਂ ਜੀ! ਮੇਰੇ ਮਾਪਿਆਂ ਕੋਲੋਂ ਜਿੰਨਾਂ ਵੱਧ ਤੋਂ ਵੱਧ ਹੋ ਸਕਿਆ, ਉਨ੍ਹਾਂ ਦੇ ਦਿੱਤਾ।”
ਇਸ ਤੋਂ ਪਹਿਲਾਂ ਕਿ ਬਹੂ ਕੁੱਝ ਹੋਰ ਸਫਾਈ ਦਿੰਦੀ, ਸੱਸ ਨੇ ਡ੍ਰੈਸਿੰਗ ਟੇਬਲ ਤੇ ਪਿਆ ਚਾਬੀਆਂ ਦਾ ਗੁੱਛਾ ਚੁੱਕਿਆ ਤੇ ਬਡ਼ਬਡ਼ਾਂਦੀ ਹੋਈ ਕਮਰੇ ਤੋਂ ਬਾਹਰ ਨਿਕਲ ਗਈ।
-0-

Thursday, January 20, 2011

ਪਰਾਈ ਪੀਡ਼

ਐਮ. ਅਨਵਾਰ ਅੰਜੁਮ
ਜਦੋਂ ਜ਼ੈਲਦਾਰ ਹਰਨਾਮ ਸਿੰਘ ਦੀ ਪਤਨੀ ਨੇ ਤੀਜੀ ਵਾਰ ਕੁਡ਼ੀ ਨੂੰ ਹੀ ਜਨਮ ਦਿੱਤਾ ਤਾਂ ਉਸ ਦਾ ਦਿਲ ਟੁੱਟ ਗਿਆ। ਬਹੁਤ ਹੀ ਦੁਖੀ ਹਿਰਦੇ ਅਤੇ ਬੋਝਲ ਕਦਮਾਂ ਨਾਲ ਉਹ ਗੁਰਦੁਆਰੇ ਪਹੁੰਚਿਆ। ਵਾਹਿਗੁਰੂ ਨੂੰ ਸੰਬੋਧਤ ਹੁੰਦਿਆਂ ਬੋਲਿਆ, ਮੈਂ ਤੇਰਾ ਕੀ ਵਿਗਾਡ਼ਿਐ? ਹਰ ਵਾਰ ਈ ਕੁਡ਼ੀ ਦੇ ਦਿਨੈਂ। ਇਨ੍ਹਾਂ ਕੁਡ਼ੀਆਂ ਨਾਲੋਂ ਤਾਂ ਮੈਂ ਬੇਔਲਾਦ ਈ ਚੰਗਾ ਸੀ। ਹੇ ਵਾਹਿਗੁਰੂ, ਸੱਚੇ ਪਾਤਸ਼ਾਹ! ਜੇ ਦੇਣਾ ਈ ਐ ਤਾਂ ਮੈਨੂੰ ਇਕ ਪੁੱਤਰ ਦੇ ਦੇ, ਮੇਰਾ ਵਾਰਸ ਤੇ ਖਾਨਦਾਨ ਚਲਾਉਣ ਵਾਲਾ।
ਹਰਨਾਮ ਸਿੰਘ ਆਪਣੀ ਅਰਦਾਸ ਵਿਚ ਮਗਨ ਸੀ। ਤਦੇ ਉੱਥੇ ਪਿੰਡ ਦਾ ਸਰਪੰਚ ਸਾਧੂ ਸਿੰਘ ਆਇਆ। ਸਾਧੂ ਸਿੰਘ ਕੋਲ ਕਰੋਡ਼ਾਂ ਦੀ ਜਾਇਦਾਦ ਸੀ। ਸਾਧੂ ਸਿੰਘ ਵੀ ਅਰਦਾਸ ਕਰਨ ਲੱਗਾ, ਵਾਹਿਗੁਰੂ! ਤੇਰੇ ਘਰ ਕਿਸ ਚੀਜ ਦੀ ਘਾਟ ਐ! ਸਾਡੇ ਘਰ ਵੀ ਇਕ ਔਲਾਦ ਬਖਸ਼ਦੇ। ਮੈਂ ਤਾਂ ਤੇਰੇ ਕੋਲੋਂ ਮੁੰਡਾ ਵੀ ਨਹੀਂ ਮੰਗਦਾ, ਮੈਨੂੰ ਤਾਂ ਭਾਵੇਂ ਕੁਡ਼ੀ ਦੀ ਦਾਤ ਈ ਦੇ ਦੇ। ਮੈਂ ਵੀ ‘ਪਿਓ’ ਕਹਾਉਣ ਦੀ ਖੁਸ਼ੀ ਲੈ ਸਕਾਂ। ਮੇਰੇ ਤੇ ਮਿਹਰ ਕਰ ਰੱਬਾ! ਦੇਖੀਂ ਕਿਤੇ ਦੁਨੀਆਂ ਤੋਂ ਮੈਂ ਔਂਤਰਾ ਈ ਨਾ ਤੁਰ ਜਾਵਾਂ।
ਸਰਪੰਚ ਸਾਧੂ ਸਿੰਘ ਦੀ ਅਰਦਾਸ ਸੁਣ ਹਰਨਾਮ ਸਿੰਘ ਚੁੱਪਚਾਪ ਆਪਣੇ ਘਰ ਵੱਲ ਤੁਰ ਪਿਆ। ਘਰ ਪਹੁੰਚ ਕੇ ਉਹ ਆਪਣੀ ਨਵਜੰਮੀਂ ਬੱਚੀ ਨੂੰ ਗੋਦੀ ਵਿਚ ਲੈ ਚੁੰਮਣ ਲੱਗ ਪਿਆ।
                                                        -0-


                                                                                        

Saturday, January 8, 2011

ਦਸਵੰਧ


 ਡਾ. ਕਰਮਜੀਤ ਸਿੰਘ ਨਡਾਲਾ
ਹੋਰਨਾਂ ਮਜ਼ਦੂਰਾਂ ਵਾਂਗੂੰ ਜੀਰੂ ਵੀ ਸਾਰਾ ਦਿਨ ਸੀਮਿੰਟ ਵਿਚ ਭੂਤ ਬਣਿਆ ਰਹਿੰਦਾ। ਥੱਕ-ਟੁਟ ਜਾਂਦਾ। ਬਿੰਦ-ਝੱਟ ਆਰਾਮ ਕਰਨ ਨੂੰ ਜੀਅ ਕਰਦਾ ਵੀ ਤਾਂ ਸਾਹਮਣੇ ਬੈਠਾ ਠੇਕੇਦਾਰ ਸੂਈ ਕੁੱਤੀ ਵਾਂਗੂੰ ਪੈ ਨਿਕਲਦਾ।
ਅੱਜ ਉਹਨੂੰ ਪੰਜਾਂ ਦਿਹਾਡ਼ੀਆਂ ਦੇ ਪੈਸੇ ਮਿਲੇ ਤਾਂ ਘਰ ਲਈ ਦਾਲ, ਖੰਡ, ਘਿਉ, ਮਸਾਲੇ ਤੇ ਬੱਚਿਆਂ ਲਈ ਖੱਟੀਆਂ-ਮਿੱਠੀਆਂ ਗੋਲੀਆਂ ਲੈ ਲਈਆਂ। ਅਜੇ ਵੀ ਉਸ ਕੋਲ ਤੀਹ ਕੁ ਰੁਪਏ ਬਚ ਗਏ ਸਨ।
ਮੰਦਰ ਵਾਲੀ ਗਲੀ ਵਿੱਚੋਂ ਲੰਘਦਿਆਂ ਉਸਨੂੰ ਮੰਦਰ ਦੀ ਟੱਲੀ ਖਡ਼ਕਦੀ ਸੁਣਾਈ ਦਿੱਤੀ। ਉਸਦਾ ਜੀਅ ਕੀਤਾ ਕਿ ਅੱਜ ਪੈਸੇ ਮਿਲੇ ਨੇ, ਚਲੋ ਕੁਝ ਦਸਵੰਧ ਕੱਢਕੇ ਮੰਦਰ ਵਿੱਚ ਵੀ ਮੱਥਾ ਟੇਕਿਆ ਜਾਵੇ।
ਪੰਡਤ ਮੂਰਤੀ ਦੇ ਲਾਗੇ ਬੈਠਾ ਗਿਰੀਆਂ ਤੇ ਕਾਜੂ ਦੁੱਧ ਨਾਲ ਛਕ ਰਿਹਾ ਸੀ। ਜੀਰੂ ਨੇ ਮੂਰਤੀ ਅੱਗੇ ਗੋਡੇ ਟੇਕੇ, ਅੱਖਾਂ ਮੂੰਦ ਲਈਆਂ, ਹੇ ਭਗਵਾਨ…ਤੇਰੀ ਕ੍ਰਿਪਾ ਨਾਲ ਅੱਜ ਵਾਰੇ-ਨਿਆਰੇ ਨੇ…ਚਾਰ ਦਿਨ ਰੁੱਖਾ-ਸੁੱਖਾ ਖਾਵਾਂਗੇ… ਤਾਕਤ ਬਖਸ਼ੀਂ…ਨਾਲੇ ਇਵੇਂ ਈ ਮਾਡ਼ਾ-ਮੋਟਾ ਤੋਰੀ-ਫੁਲਕਾ ਰੇਡ਼੍ਹੀ ਜਾਵੀਂ…।
ਇੰਨਾਂ ਕੁਝ ਮਨ ਵਿਚ ਕਹਿੰਦਿਆਂ ਉਸਨੇ ਇੱਕ ਰੁਪਈਏ ਦਾ ਸਿੱਕਾ ਬਡ਼ੀ ਸ਼ਰਧਾ ਨਾਲ ਭਗਵਾਨ ਦੇ ਚਰਨਾਂ ਵਿੱਚ ਸੁੱਟ ਦਿੱਤਾ। ਸਿੱਕਾ ਇੰਜ ਖਡ਼ਕਿਆ ਜਿਵੇਂ ਲਾਗੇ ਬੈਠੇ ਪੰਡਤ ਦੇ ਸਿਰ ਵਿਚ ਜਾ ਕੇ ਵੱਜਾ ਹੋਵੇ।
ਪੰਡਤ ਦਾ ਚਿਹਰਾ ਇਕਦਮ ਗੁੱਸੇ ਨਾਲ ਲਾਲ ਹੋ ਗਿਆ। ਅੰਦਰੋਂ-ਅੰਦਰ ਉਹ ਇਵੇਂ ਵਿੱਸ ਘੋਲਣ ਲੱਗਾ ਜਿਵੇਂ ਕੋਈ ਫ਼ਨੀਅਰ ਨਾਗ ਉਸ ਮਜਦੂਰ ਦੀ ਪਟਾਰੀ ਵਿੱਚੋਂ ਨਿਕਲ ਕੇ ਉਸਨੂੰ ਡਸ ਗਿਆ ਹੋਵੇ।
ਪੰਡਤ ਉਸਦੀ ਪਾਟੀ ਕਮੀਜ਼ ਨੂੰ ਦੇਖਕੇ ਖਿਝਿਆ ਤੇ ਸਿੱਕਾ ਚੁੱਕ ਕੇ ਉਸ ਵੱਲ ਵਗ੍ਹਾ ਕੇ ਮਾਰਿਆ, ਓਏ ਏਨੇ ਦਾ ਤਾਂ ਤੂੰ ਸਾਡਾ ਫਰਸ਼ ਈ ਗੰਦਾ ਕਰ ਦਿੱਤੈ…ਸਾਲਾ ਭੁੱਖਾ-ਨੰਗਾ…ਏਨੀ ਮਹਿੰਗਾਈ ’ਚ ਰੁਪਈਏ ਨਾਲ ਮੱਥਾ ਟੇਕਦਿਆਂ ਤੈਨੂੰ ਸ਼ਰਮ ਨ੍ਹੀਂ ਆਈ…ਇੱਕ ਰੁਪਏ ਨਾਲ ਅੱਜਕੱਲ ਭਗਵਾਨ ਖੁਸ਼ ਨਹੀਂ ਹੁੰਦਾ…ਨਾ ਈ ਏਨੇ ਨਾਲ ਤੇਰੀ ਹਾਲਤ ਸੁਧਰਨੀ ਏ…ਜਿੰਨਾ ਗੁਡ਼ ਪਾਵੇਂਗਾ, ਓਨਾ ਈ ਮਿੱਠਾ ਹੋਊ…।
ਜੀਰੂ ਕੁਝ ਨਾ ਬੋਲਿਆ। ਸਿੱਕਾ ਫਰਸ਼ ਉੱਤੋਂ ਚੁੱਕਿਆ, ਜੇਬ ਵਿਚ ਪਾਇਆ ਤੇ ਪਿੱਛੇ ਮੁਡ਼ ਮੰਦਰ ਦੀਆਂ ਪੌਡ਼ੀਆਂ ਉਤਰ ਗਿਆ।
                                                  -0-