-moz-user-select:none; -webkit-user-select:none; -khtml-user-select:none; -ms-user-select:none; user-select:none;

Thursday, February 3, 2011

ਚਾਬੀਆਂ ਦਾ ਗੁੱਛਾ


ਸੁਖਚੈਨ ਸਿੰਘ ਭੰਡਾਰੀ
ਨਵੀਂ ਵਿਆਹੀ ਬਹੂ ਕੋਲ ਆ ਕੇ ਸੱਸ ਬਡ਼ੇ ਪਿਆਰ ਨਾਲ ਬੋਲੀ, “ਬਹੂ, ਤੇਰੇ ਆਉਣ ਨਾਲ ਘਰ ਵਿਚ ਰੌਣਕ ਆ ਗਈ। ਤੂੰ ਇਸ ਘਰ ਦੀ ਵੱਡੀ ਬਹੂ ਹੈਂ। ਇਸਲਈ ਅੱਜ ਤੋਂ ਤੂੰ ਹੀ ਚਾਬੀਆਂ ਤੇ ਇਹ ਘਰ ਸੰਭਾਲੇਂਗੀ।”
ਇਹ ਸੁਣ ਕੇ ਬਹੂ ਨਿਹਾਲ ਹੋ ਗਈ। ਉਸਨੂੰ ਸੱਸ ਦੇ ਰੂਪ ਵਿਚ ਆਪਣੀ ਮਾਂ ਨਜ਼ਰ ਆਈ।
ਅਗਲੀ ਸਵੇਰ ਜਦੋਂ ਬਹੂ ਸ਼ਿੰਗਾਰ ਕਰ ਰਹੀ ਸੀ ਤਾਂ ਉਸਦੀ ਸੱਸ ਨੇ ਕਮਰੇ ਵਿਚ ਆ ਕੇ ਕੁੱਝ ਰੁੱਖੀ ਆਵਾਜ਼ ਵਿਚ ਕਿਹਾ, “ਬਹੂ, ਦਾਜ ਵਿਚ ਹੋਰ ਸਾਮਾਨ ਤਾਂ ਸਾਰਾ ਆ ਗਿਆ, ਪਰ ਨਕਦ ਰਕਮ ਦਿਖਈ ਨਹੀਂ ਦਿੱਤੀ?
ਇਸ ਤੇ ਬਹੂ ਨੇ ਬਡ਼ੀ ਹੀ ਸ਼ਾਲੀਨਤਾ ਨਾਲ ਆਖਿਆ, “ਮਾਂ ਜੀ! ਮੇਰੇ ਮਾਪਿਆਂ ਕੋਲੋਂ ਜਿੰਨਾਂ ਵੱਧ ਤੋਂ ਵੱਧ ਹੋ ਸਕਿਆ, ਉਨ੍ਹਾਂ ਦੇ ਦਿੱਤਾ।”
ਇਸ ਤੋਂ ਪਹਿਲਾਂ ਕਿ ਬਹੂ ਕੁੱਝ ਹੋਰ ਸਫਾਈ ਦਿੰਦੀ, ਸੱਸ ਨੇ ਡ੍ਰੈਸਿੰਗ ਟੇਬਲ ਤੇ ਪਿਆ ਚਾਬੀਆਂ ਦਾ ਗੁੱਛਾ ਚੁੱਕਿਆ ਤੇ ਬਡ਼ਬਡ਼ਾਂਦੀ ਹੋਈ ਕਮਰੇ ਤੋਂ ਬਾਹਰ ਨਿਕਲ ਗਈ।
-0-

Thursday, January 20, 2011

ਪਰਾਈ ਪੀਡ਼

ਐਮ. ਅਨਵਾਰ ਅੰਜੁਮ
ਜਦੋਂ ਜ਼ੈਲਦਾਰ ਹਰਨਾਮ ਸਿੰਘ ਦੀ ਪਤਨੀ ਨੇ ਤੀਜੀ ਵਾਰ ਕੁਡ਼ੀ ਨੂੰ ਹੀ ਜਨਮ ਦਿੱਤਾ ਤਾਂ ਉਸ ਦਾ ਦਿਲ ਟੁੱਟ ਗਿਆ। ਬਹੁਤ ਹੀ ਦੁਖੀ ਹਿਰਦੇ ਅਤੇ ਬੋਝਲ ਕਦਮਾਂ ਨਾਲ ਉਹ ਗੁਰਦੁਆਰੇ ਪਹੁੰਚਿਆ। ਵਾਹਿਗੁਰੂ ਨੂੰ ਸੰਬੋਧਤ ਹੁੰਦਿਆਂ ਬੋਲਿਆ, “ਮੈਂ ਤੇਰਾ ਕੀ ਵਿਗਾਡ਼ਿਐ? ਹਰ ਵਾਰ ਈ ਕੁਡ਼ੀ ਦੇ ਦਿਨੈਂ। ਇਨ੍ਹਾਂ ਕੁਡ਼ੀਆਂ ਨਾਲੋਂ ਤਾਂ ਮੈਂ ਬੇਔਲਾਦ ਈ ਚੰਗਾ ਸੀ। ਹੇ ਵਾਹਿਗੁਰੂ, ਸੱਚੇ ਪਾਤਸ਼ਾਹ! ਜੇ ਦੇਣਾ ਈ ਐ ਤਾਂ ਮੈਨੂੰ ਇਕ ਪੁੱਤਰ ਦੇ ਦੇ, ਮੇਰਾ ਵਾਰਸ ਤੇ ਖਾਨਦਾਨ ਚਲਾਉਣ ਵਾਲਾ।”
ਹਰਨਾਮ ਸਿੰਘ ਆਪਣੀ ਅਰਦਾਸ ਵਿਚ ਮਗਨ ਸੀ। ਤਦੇ ਉੱਥੇ ਪਿੰਡ ਦਾ ਸਰਪੰਚ ਸਾਧੂ ਸਿੰਘ ਆਇਆ। ਸਾਧੂ ਸਿੰਘ ਕੋਲ ਕਰੋਡ਼ਾਂ ਦੀ ਜਾਇਦਾਦ ਸੀ। ਸਾਧੂ ਸਿੰਘ ਵੀ ਅਰਦਾਸ ਕਰਨ ਲੱਗਾ, “ਵਾਹਿਗੁਰੂ! ਤੇਰੇ ਘਰ ਕਿਸ ਚੀਜ ਦੀ ਘਾਟ ਐ! ਸਾਡੇ ਘਰ ਵੀ ਇਕ ਔਲਾਦ ਬਖਸ਼ਦੇ। ਮੈਂ ਤਾਂ ਤੇਰੇ ਕੋਲੋਂ ਮੁੰਡਾ ਵੀ ਨਹੀਂ ਮੰਗਦਾ, ਮੈਨੂੰ ਤਾਂ ਭਾਵੇਂ ਕੁਡ਼ੀ ਦੀ ਦਾਤ ਈ ਦੇ ਦੇ। ਮੈਂ ਵੀ ‘ਪਿਓ’ ਕਹਾਉਣ ਦੀ ਖੁਸ਼ੀ ਲੈ ਸਕਾਂ। ਮੇਰੇ ਤੇ ਮਿਹਰ ਕਰ ਰੱਬਾ! ਦੇਖੀਂ ਕਿਤੇ ਦੁਨੀਆਂ ਤੋਂ ਮੈਂ ਔਂਤਰਾ ਈ ਨਾ ਤੁਰ ਜਾਵਾਂ।”
ਸਰਪੰਚ ਸਾਧੂ ਸਿੰਘ ਦੀ ਅਰਦਾਸ ਸੁਣ ਹਰਨਾਮ ਸਿੰਘ ਚੁੱਪਚਾਪ ਆਪਣੇ ਘਰ ਵੱਲ ਤੁਰ ਪਿਆ। ਘਰ ਪਹੁੰਚ ਕੇ ਉਹ ਆਪਣੀ ਨਵਜੰਮੀਂ ਬੱਚੀ ਨੂੰ ਗੋਦੀ ਵਿਚ ਲੈ ਚੁੰਮਣ ਲੱਗ ਪਿਆ।
                                                        -0-


                                                                                        

Saturday, January 8, 2011

ਦਸਵੰਧ


 ਡਾ. ਕਰਮਜੀਤ ਸਿੰਘ ਨਡਾਲਾ
ਹੋਰਨਾਂ ਮਜ਼ਦੂਰਾਂ ਵਾਂਗੂੰ ਜੀਰੂ ਵੀ ਸਾਰਾ ਦਿਨ ਸੀਮਿੰਟ ਵਿਚ ਭੂਤ ਬਣਿਆ ਰਹਿੰਦਾ। ਥੱਕ-ਟੁਟ ਜਾਂਦਾ। ਬਿੰਦ-ਝੱਟ ਆਰਾਮ ਕਰਨ ਨੂੰ ਜੀਅ ਕਰਦਾ ਵੀ ਤਾਂ ਸਾਹਮਣੇ ਬੈਠਾ ਠੇਕੇਦਾਰ ਸੂਈ ਕੁੱਤੀ ਵਾਂਗੂੰ ਪੈ ਨਿਕਲਦਾ।
ਅੱਜ ਉਹਨੂੰ ਪੰਜਾਂ ਦਿਹਾਡ਼ੀਆਂ ਦੇ ਪੈਸੇ ਮਿਲੇ ਤਾਂ ਘਰ ਲਈ ਦਾਲ, ਖੰਡ, ਘਿਉ, ਮਸਾਲੇ ਤੇ ਬੱਚਿਆਂ ਲਈ ਖੱਟੀਆਂ-ਮਿੱਠੀਆਂ ਗੋਲੀਆਂ ਲੈ ਲਈਆਂ। ਅਜੇ ਵੀ ਉਸ ਕੋਲ ਤੀਹ ਕੁ ਰੁਪਏ ਬਚ ਗਏ ਸਨ।
ਮੰਦਰ ਵਾਲੀ ਗਲੀ ਵਿੱਚੋਂ ਲੰਘਦਿਆਂ ਉਸਨੂੰ ਮੰਦਰ ਦੀ ਟੱਲੀ ਖਡ਼ਕਦੀ ਸੁਣਾਈ ਦਿੱਤੀ। ਉਸਦਾ ਜੀਅ ਕੀਤਾ ਕਿ ਅੱਜ ਪੈਸੇ ਮਿਲੇ ਨੇ, ਚਲੋ ਕੁਝ ਦਸਵੰਧ ਕੱਢਕੇ ਮੰਦਰ ਵਿੱਚ ਵੀ ਮੱਥਾ ਟੇਕਿਆ ਜਾਵੇ।
ਪੰਡਤ ਮੂਰਤੀ ਦੇ ਲਾਗੇ ਬੈਠਾ ਗਿਰੀਆਂ ਤੇ ਕਾਜੂ ਦੁੱਧ ਨਾਲ ਛਕ ਰਿਹਾ ਸੀ। ਜੀਰੂ ਨੇ ਮੂਰਤੀ ਅੱਗੇ ਗੋਡੇ ਟੇਕੇ, ਅੱਖਾਂ ਮੂੰਦ ਲਈਆਂ, “ਹੇ ਭਗਵਾਨ…ਤੇਰੀ ਕ੍ਰਿਪਾ ਨਾਲ ਅੱਜ ਵਾਰੇ-ਨਿਆਰੇ ਨੇ…ਚਾਰ ਦਿਨ ਰੁੱਖਾ-ਸੁੱਖਾ ਖਾਵਾਂਗੇ… ਤਾਕਤ ਬਖਸ਼ੀਂ…ਨਾਲੇ ਇਵੇਂ ਈ ਮਾਡ਼ਾ-ਮੋਟਾ ਤੋਰੀ-ਫੁਲਕਾ ਰੇਡ਼੍ਹੀ ਜਾਵੀਂ…।”
ਇੰਨਾਂ ਕੁਝ ਮਨ ਵਿਚ ਕਹਿੰਦਿਆਂ ਉਸਨੇ ਇੱਕ ਰੁਪਈਏ ਦਾ ਸਿੱਕਾ ਬਡ਼ੀ ਸ਼ਰਧਾ ਨਾਲ ਭਗਵਾਨ ਦੇ ਚਰਨਾਂ ਵਿੱਚ ਸੁੱਟ ਦਿੱਤਾ। ਸਿੱਕਾ ਇੰਜ ਖਡ਼ਕਿਆ ਜਿਵੇਂ ਲਾਗੇ ਬੈਠੇ ਪੰਡਤ ਦੇ ਸਿਰ ਵਿਚ ਜਾ ਕੇ ਵੱਜਾ ਹੋਵੇ।
ਪੰਡਤ ਦਾ ਚਿਹਰਾ ਇਕਦਮ ਗੁੱਸੇ ਨਾਲ ਲਾਲ ਹੋ ਗਿਆ। ਅੰਦਰੋਂ-ਅੰਦਰ ਉਹ ਇਵੇਂ ਵਿੱਸ ਘੋਲਣ ਲੱਗਾ ਜਿਵੇਂ ਕੋਈ ਫ਼ਨੀਅਰ ਨਾਗ ਉਸ ਮਜਦੂਰ ਦੀ ਪਟਾਰੀ ਵਿੱਚੋਂ ਨਿਕਲ ਕੇ ਉਸਨੂੰ ਡਸ ਗਿਆ ਹੋਵੇ।
ਪੰਡਤ ਉਸਦੀ ਪਾਟੀ ਕਮੀਜ਼ ਨੂੰ ਦੇਖਕੇ ਖਿਝਿਆ ਤੇ ਸਿੱਕਾ ਚੁੱਕ ਕੇ ਉਸ ਵੱਲ ਵਗ੍ਹਾ ਕੇ ਮਾਰਿਆ, “ਓਏ ਏਨੇ ਦਾ ਤਾਂ ਤੂੰ ਸਾਡਾ ਫਰਸ਼ ਈ ਗੰਦਾ ਕਰ ਦਿੱਤੈ…ਸਾਲਾ ਭੁੱਖਾ-ਨੰਗਾ…ਏਨੀ ਮਹਿੰਗਾਈ ’ਚ ਰੁਪਈਏ ਨਾਲ ਮੱਥਾ ਟੇਕਦਿਆਂ ਤੈਨੂੰ ਸ਼ਰਮ ਨ੍ਹੀਂ ਆਈ…ਇੱਕ ਰੁਪਏ ਨਾਲ ਅੱਜਕੱਲ ਭਗਵਾਨ ਖੁਸ਼ ਨਹੀਂ ਹੁੰਦਾ…ਨਾ ਈ ਏਨੇ ਨਾਲ ਤੇਰੀ ਹਾਲਤ ਸੁਧਰਨੀ ਏ…ਜਿੰਨਾ ਗੁਡ਼ ਪਾਵੇਂਗਾ, ਓਨਾ ਈ ਮਿੱਠਾ ਹੋਊ…।”
ਜੀਰੂ ਕੁਝ ਨਾ ਬੋਲਿਆ। ਸਿੱਕਾ ਫਰਸ਼ ਉੱਤੋਂ ਚੁੱਕਿਆ, ਜੇਬ ਵਿਚ ਪਾਇਆ ਤੇ ਪਿੱਛੇ ਮੁਡ਼ ਮੰਦਰ ਦੀਆਂ ਪੌਡ਼ੀਆਂ ਉਤਰ ਗਿਆ।
                                                  -0-

Saturday, January 1, 2011

ਖੁਸ਼ਆਮਦੀਦ

                                  ‘ਪੰਜਾਬੀ ਮਿੰਨੀ’ ਦੇ ਪਾਠਕਾਂ ਤੇ ਸ਼ੁਭਚਿੰਤਕਾਂ ਦੇ ਵਿਹਡ਼ੇ 
                                        ਨਵਾਂ ਵਰ੍ਹਾ ਲਿਆਵੇ ਨਵੀਆਂ ਖੁਸ਼ੀਆਂ-ਖੇਡ਼ੇ!
                                                          *******
                                       

Wednesday, December 29, 2010

ਬਦਲਾਉ

ਮੰਗਤ ਕੁਲਜਿੰਦ
“ਹੁਣ ਕੀ ਹੋ ਗਿਆ, ਕਿਉਂ ਰੋਕ ਲਈ ਐਥੇ?” ਕਨੇਡਾ ਤੋਂ ਪਰਿਵਾਰ ਸਮੇਤ ਪਿੰਡ ਛੁੱਟੀਆਂ ਕੱਟਣ ਆਇਆ ਕੁਲਦੀਪ, ਸ਼ਹਿਰੋਂ ਬਾਹਰ ਜੀ.ਟੀ. ਰੋਡ ਉੱਪਰ ਕਾਰ ਰੋਕ ਜਿਉਂ ਹੀ ਬਾਹਰ ਨਿਕਲਿਆ, ਉਦੋਂ ਹੀ ਉਹਦੀ ਮਾਂ ਪ੍ਰਸਿੰਨੀ ਨੇ ਮਲਵੇਂ ਜਿਹੇ ਗੁੱਸੇ ਨਾਲ ਨੂੰਹ ਨੂੰ ਪੁੱਛਿਆ।
“ਮੱਮਾ, ਉਹ ਸਾਹਮਣੇ ਸਟੋਰ ਤੋਂ ਵਾਈਨ ਲੈਣ ਗਏ ਨੇ, ਘਰੇ ਬਿਲਕੁਲ ਖਤਮ ਸੀ।”
“ਵੋ…ਆ…ਹ! ਮੌਮ, ਕਿਆ ਬਿਉਟੀਫੁਲ ਪੇਂਟਿੰਗ ਹੈ ਸਾਹਮਣੇ! ਦੇਖੋ ਨਾ, ਦੋ ਬਿਉਟੀਫੁਲ ਲੇਡੀਜ ਔਰ ਏਕ ਹੈਂਡਸਮ ਬੁਆਏ, ਜੰਗਲ ਮੇਂ ਇਨਜੁਆਏ ਕਰ ਰਹੇ ਹੈਂ…!” ਸ਼ਰਾਬ ਦੇ ਠੇਕੇ ਅੱਗੇ ਲੱਗੀ ਇਕ ਬਹੁਤ ਹੀ ਵੱਡੀ ਪੇਂਟਿੰਗ, ਜਿਸ ਵਿਚ ਦੋ ਲਗਭਗ ਨਗਨ ਲਡ਼ਕੀਆਂ ਇੱਕ ਨੌਜਵਾਨ ਨੂੰ ਪੈੱਗ ਦੇ ਰਹੀਆਂ ਸਨ, ਵੱਲ ਦੇਖਦਿਆਂ ਕੁਲਦੀਪ ਦੀ ਨੌਂ ਸਾਲਾ ਬੇਟੀ ਕਿੱਸ ਨੇ ਆਪਣੀ ਮੰਮੀ ਨੂੰ ਹਲੂਣਿਆ।
“ਯੈਸ ਬੇਟਾ! ਦੇਖਾ ਪੰਜਾਬ ਮੇਂ ਭੀ ਅਬ ਐਸੀ ਪੇਂਟਿੰਗ ਮਿਲਤੀ ਹੈਂ।”
“ਪਰ ਮੌਮ, ਇਸ ਮੇਂ ਏਕ ਪ੍ਰਾਬਲਮ ਹੈ, ਵੋ ਜੋ ਪੇਡ਼ੋਂ ਕੀ ਡਾਲੀਆਂ ਇਨ ਕੀ ਬਾਡੀਜ ਪਰ ਪਡ਼ ਰਹੀ ਹੈਂ ਨਾ, ਉਸ ਸੇ ਯੇ ਭੱਦੀ ਲੱਗ ਰਹੀ ਹੈਂ। ਪੇਡ਼ੋਂ ਕੋ ਐਸੇ ਨਹੀਂ ਕਰਨਾ ਚਾਹੀਏ ਥਾ।”
ਕਿੱਸ ਦੀ ਮੰਮੀ ਕੁੱਝ ਬੋਲਦੀ ਉਸ ਤੋਂ ਪਹਿਲਾਂ ਹੀ ਪ੍ਰਸਿੰਨੀ ਦੀ ਨਿਗਾਹ ਉਸ ਪੇਂਟਿੰਗ ਉੱਤੇ ਪੈ ਗਈ। ਮਨ ਵਿਚ ਕੁਝ ਹੀਣਤਾ ਮਹਿਸੂਸ ਕਰਦਿਆਂ ਉਸ ਨੇ ਨਿਹੋਰਾ ਦੇਣ ਦੇ ਰਉਂ ਵਿਚ ਕਿਹਾ, “ਨਹੀਂ ਬੇਟਾ, ਉਹਨਾਂ ਦਰੱਖਤਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਉਹ ਤਾਂ ਔਰਤ ਦੇ ਬਦਨ ਦੀ ਭੱਦੀ ਨੁਮਾਇਸ਼ ਵੇਖਕੇ ਸ਼ਰਮ ਨਾਲ ਪਾਣੀ-ਪਾਣੀ ਹੋ ਕੇ ਝੁਕ ਗਏ ਨੇ।”
ਕਿੱਸ ਨੂੰ ਕੁਝ ਸਮਝ ਲੱਗਿਆ ਜਾਂ ਨਹੀਂ, ਪਰ ਉਸ ਦੀ ਮੰਮੀ ਨੇ ਮਨ ਵਿਚ ਦੁਹਰਾਇਆ, ‘ਇਹ ਬੁਡ਼੍ਹੀ ਜ਼ਮਾਨੇ ਮੁਤਾਬਿਕ ਨਹੀਂ ਬਦਲੇਗੀ।”
                                              -0-



                                                                     

Friday, December 24, 2010

ਖੁਸ਼ੀ

ਹਰਪ੍ਰੀਤ ਸਿੰਘ ਰਾਣਾ
ਨੂੰਹ-ਪੁੱਤ ਨੇ ਬਾਪੂ ਦਾ ਮੰਜਾ ਡੰਗਰਾਂ ਵਾਲੇ ਵਾਡ਼ੇ ਵਿਚ ਡਾਹ ਦਿੱਤਾ। ਇਕ ਦਿਨ ਸਵੇਰੇ-ਸਵੇਰੇ ਪੁੱਤ ਮਠਿਆਈ ਦਾ ਡੱਬਾ ਚੁੱਕੀ ਖੁਸ਼ੀ ਵਿਚ ਖੀਵਾ ਹੋਇਆ ਬਾਪੂ ਕੋਲ ਆ ਕੇ ਬੋਲਿਆ, “ਬਾਪੂ! ਵਧਾਈਆਂ!! ਤੇਰੇ ਪੋਤਾ ਹੋਇਐ।”
ਬਾਪੂ ਟਿਕਟਿਕੀ ਲਾਈ ਪੁੱਤ ਵੱਲ ਤੱਕਣ ਲੱਗਾ।
“ਕੀ ਗੱਲ ਬਾਪੂ, ਤੈਨੂੰ ਖੁਸ਼ੀ ਨਹੀਂ ਹੋਈ…?” ਪੁੱਤ ਬਾਪੂ ਦੇ ਵਿਵਹਾਰ ਤੋਂ ਝੁੰਜਲਾ ਕੇ ਬੋਲਿਆ।
“ਪੁੱਤ! ਖੁਸ਼ੀ ਤਾਂ ਬਥੇਰੀ ਐ…ਪ…ਪਰ ਮੈਂ ਤਾਂ ਤੇਰੇ ਬਾਰੇ ਸੋਚ ਰਿਹੈਂ…।”
“ਕੀ ਬਾਪੂ?” ਪੁੱਤ ਨੇ ਉਤਸੁਕਤਾ ਨਾਲ ਪੁੱਛਿਆ।
“ਹੁਣ ਮੇਰੇ ਬਾਅਦ ਇਸ ਮੰਜੇ ਦਾ ਵਾਰਸ ਤੂੰ ਈ ਬਣਨੈ…।”
ਬਾਪੂ ਦੇ ਵਿਅੰਗਮਈ ਬੋਲਾਂ ਅੱਗੇ ਪੁੱਤ ਨਿਰੁੱਤਰ ਸੀ।
                                        -0-

Friday, December 10, 2010

ਐਡਜੈਸਟਮੈਂਟ


ਸੁਖਮਿੰਦਰ ਸੇਖੋਂ

ਸ਼ੇਰ ਸਿੰਘ ਬੋਲਿਆ, “ਯਾਰ! ਕੁਝ ਨੀਂ ਸਾਲੀ ਆਪਣੀ ਵੀ ਜ਼ਿੰਦਗੀ, ਬਸ ਧੰਦ ਈ ਪਿੱਟਦੇ ਆਂ।”
“ਹਾਂ, ਇਹ ਤਾਂ ਹੈ ਹੀ। ਨੌਕਰੀ ’ਚ ਕੀ ਬਣਦੈ! ਅਫਸਰਾਂ ਨੂੰ ਮੌਜਾਂ ਨੇ ਜਾਂ ਫੇਰ ਬਿਜਨੈਸਮੈਨ ਐਸ਼ ਕਰਦੇ ਨੇ।”
ਰਾਮ ਲਾਲ ਨੇ ਸ਼ੇਰ ਸਿੰਘ ਦੀ ਗੱਲ ਨੂੰ ਹੋਰ ਵਿਸਥਾਰ ਦਿੱਤਾ।
“ਹਾਂ, ਹੁਣ ਇਹ ਆਪਣਾ ਅਫਸਰ ਈ ਲੈ ਲਵੋ। ਚੰਗੀ ਤਨਖਾਹ ਤੇ ਹੋਰ ਛੱਤੀ ਪ੍ਰਕਾਰ ਦੀਆਂ ਸਹੂਲਤਾਂ। ਉਪਰਲੀ ਕਮਾਈ ਵੱਖਰੀ।”
ਸ਼ੇਰ ਸਿੰਘ ਨੇ ਗੱਲਬਾਤ ਨੂੰ ਹੋਰ ਸਪੱਸ਼ਟ ਕੀਤਾ।
“ਆਪਣਾ ਅਫਸਰ ਹੈ ਵੀ ਸਾਲਾ ਬਹੁਤ ਚਲਦਾ ਪੁਰਜਾ। ਪਤਾ ਨੀ ਕਿਸ ਤਰ੍ਹਾਂ ਸਾਮੀਆਂ  ਦੀਆਂ ਜੇਬਾਂ ’ਚੋਂ ਪੈਸੇ ਕਢਵਾ ਲੈਂਦੈ।”
“ਤੇ ਹੋਰ ਕੀ! ਤਨਖਾਹ ’ਚ ਤਾਂ ਸਾਲਾ ਗੁਜ਼ਾਰਾ ਈ ਮੁਸ਼ਕਲ ਨਾਲ ਚੱਲਦੈ। ਪਰ ਇਹਨੇ ਉਪਰਲੀ ਕਮਾਈ ’ਚੋਂ ਲੱਖਾਂ ਦੀ ਜ਼ਮੀਨ ਜਾਇਦਾਦ ਬਣਾ ਲਈ। ਸ਼ਹਿਰ ’ਚ ਇਹਨੇ ਕਈ ਦੁਕਾਨਾਂ ਬਣਾਕੇ ਕਿਰਾਏ ’ਤੇ ਚਾਡ਼੍ਹੀਆਂ ਹੋਈਆਂ ਨੇ।”
ਸ਼ੇਰ ਸਿੰਘ ਨੇ ਗੱਲ ਦਾ ਸਿਲਸਿਲਾ ਅਗਾਂਹ ਤੋਰਦਿਆਂ ਕਿਹਾ, “ਅਯਾਸ਼ ਵੀ ਹੱਦ ਦਰਜੇ ਦਾ ਐ, ਆਪਣੇ ਦਫਤਰ ਦੀਆਂ ਕਈ ਕੁਡ਼ੀਆਂ ਇਹਨੇ ਖਰਾਬ ਕੀਤੀਆਂ ਨੇ। ਸੁਣਿਐ ਆਪਣੇ ਕੰਮ ਕਢਵਾਉਣ ਲਈ ਇਹ ਕੁਡ਼ੀਆਂ ਉੱਪਰਲੇ ਲੈਵਲ ਤੇ ਵੀ ਪੇਸ਼ ਕਰਦੈ।”
ਸ਼ੇਰ ਸਿੰਘ ਨੇ ਕਹਾਣੀ ਸਿਰੇ ਲਾ ਛੱਡੀ।
“ਡੈਡੀ ਚਾਹ!” ਅਚਾਨਕ ਉਹਨਾਂ ਦੀ ਗੱਲਬਾਤ ਦੀ ਲਡ਼ੀ ਟੁੱਟ ਗਈ ਜਦੋਂ ਸ਼ੇਰ ਸਿੰਘ ਦੀ ਜਵਾਨ ਕੁਡ਼ੀ ਚਾਹ ਦੀ ਟਰੇਅ ਟੇਬਲ ਤੇ ਟਿਕਾ ਕੇ ਚਲੀ ਗਈ।
“ਆਹ ਆਪਣੀ ਗੁੱਡੀ ਵੀ ਕਾਫੀ ਵੱਡੀ ਹੋ ਗਈ। ਕਿਹਡ਼ੀ ਕਲਾਸ ’ਚ ਪਡ਼੍ਹਦੀ ਐ?” ਰਾਮ ਲਾਲ ਨੇ ਸਰਸਰੀ ਤੌਰ ਤੇ ਪੁੱਛਿਆ।
“ਇਹ…ਇਹਨੇ ਤਾਂ ਬੀ.ਏ. ਕੀਤੀ ਐ ਪਿਛਲੇ ਸਾਲ। ਟਾਈਪ ਸਿੱਖਣ ਲਾਈ ਐ। ਸੋਚਦੈਂ ਯਾਰ, ਆਪਣੇ ਅਫਸਰ ਨੂੰ ਕਹਿਕੇ ਇਹਨੂੰ ਵੀ ਆਪਣੇ ਦਫਤਰ ’ਚ ਈ ਕਿਤੇ ਐਡਜਸਟ…।”
ਅਗਾਂਹ ਜਿਵੇਂ ਸ਼ੇਰ ਸਿੰਘ ਦੇ ਗਲ ਵਿਚ ਕੁਝ ਅਟਕ ਗਿਆ। ਉਸ ਤੋਂ ਵਾਕ ਪੂਰਾ ਨਾ ਹੋ ਸਕਿਆ।
                                                     -0-