-moz-user-select:none; -webkit-user-select:none; -khtml-user-select:none; -ms-user-select:none; user-select:none;

Saturday, January 1, 2011

ਖੁਸ਼ਆਮਦੀਦ

                                  ‘ਪੰਜਾਬੀ ਮਿੰਨੀ’ ਦੇ ਪਾਠਕਾਂ ਤੇ ਸ਼ੁਭਚਿੰਤਕਾਂ ਦੇ ਵਿਹਡ਼ੇ 
                                        ਨਵਾਂ ਵਰ੍ਹਾ ਲਿਆਵੇ ਨਵੀਆਂ ਖੁਸ਼ੀਆਂ-ਖੇਡ਼ੇ!
                                                          *******
                                       

Wednesday, December 29, 2010

ਬਦਲਾਉ

ਮੰਗਤ ਕੁਲਜਿੰਦ
ਹੁਣ ਕੀ ਹੋ ਗਿਆ, ਕਿਉਂ ਰੋਕ ਲਈ ਐਥੇ? ਕਨੇਡਾ ਤੋਂ ਪਰਿਵਾਰ ਸਮੇਤ ਪਿੰਡ ਛੁੱਟੀਆਂ ਕੱਟਣ ਆਇਆ ਕੁਲਦੀਪ, ਸ਼ਹਿਰੋਂ ਬਾਹਰ ਜੀ.ਟੀ. ਰੋਡ ਉੱਪਰ ਕਾਰ ਰੋਕ ਜਿਉਂ ਹੀ ਬਾਹਰ ਨਿਕਲਿਆ, ਉਦੋਂ ਹੀ ਉਹਦੀ ਮਾਂ ਪ੍ਰਸਿੰਨੀ ਨੇ ਮਲਵੇਂ ਜਿਹੇ ਗੁੱਸੇ ਨਾਲ ਨੂੰਹ ਨੂੰ ਪੁੱਛਿਆ।
ਮੱਮਾ, ਉਹ ਸਾਹਮਣੇ ਸਟੋਰ ਤੋਂ ਵਾਈਨ ਲੈਣ ਗਏ ਨੇ, ਘਰੇ ਬਿਲਕੁਲ ਖਤਮ ਸੀ।
ਵੋ…ਆ…ਹ! ਮੌਮ, ਕਿਆ ਬਿਉਟੀਫੁਲ ਪੇਂਟਿੰਗ ਹੈ ਸਾਹਮਣੇ! ਦੇਖੋ ਨਾ, ਦੋ ਬਿਉਟੀਫੁਲ ਲੇਡੀਜ ਔਰ ਏਕ ਹੈਂਡਸਮ ਬੁਆਏ, ਜੰਗਲ ਮੇਂ ਇਨਜੁਆਏ ਕਰ ਰਹੇ ਹੈਂ…!ਸ਼ਰਾਬ ਦੇ ਠੇਕੇ ਅੱਗੇ ਲੱਗੀ ਇਕ ਬਹੁਤ ਹੀ ਵੱਡੀ ਪੇਂਟਿੰਗ, ਜਿਸ ਵਿਚ ਦੋ ਲਗਭਗ ਨਗਨ ਲਡ਼ਕੀਆਂ ਇੱਕ ਨੌਜਵਾਨ ਨੂੰ ਪੈੱਗ ਦੇ ਰਹੀਆਂ ਸਨ, ਵੱਲ ਦੇਖਦਿਆਂ ਕੁਲਦੀਪ ਦੀ ਨੌਂ ਸਾਲਾ ਬੇਟੀ ਕਿੱਸ ਨੇ ਆਪਣੀ ਮੰਮੀ ਨੂੰ ਹਲੂਣਿਆ।
ਯੈਸ ਬੇਟਾ! ਦੇਖਾ ਪੰਜਾਬ ਮੇਂ ਭੀ ਅਬ ਐਸੀ ਪੇਂਟਿੰਗ ਮਿਲਤੀ ਹੈਂ।
ਪਰ ਮੌਮ, ਇਸ ਮੇਂ ਏਕ ਪ੍ਰਾਬਲਮ ਹੈ, ਵੋ ਜੋ ਪੇਡ਼ੋਂ ਕੀ ਡਾਲੀਆਂ ਇਨ ਕੀ ਬਾਡੀਜ ਪਰ ਪਡ਼ ਰਹੀ ਹੈਂ ਨਾ, ਉਸ ਸੇ ਯੇ ਭੱਦੀ ਲੱਗ ਰਹੀ ਹੈਂ। ਪੇਡ਼ੋਂ ਕੋ ਐਸੇ ਨਹੀਂ ਕਰਨਾ ਚਾਹੀਏ ਥਾ।
ਕਿੱਸ ਦੀ ਮੰਮੀ ਕੁੱਝ ਬੋਲਦੀ ਉਸ ਤੋਂ ਪਹਿਲਾਂ ਹੀ ਪ੍ਰਸਿੰਨੀ ਦੀ ਨਿਗਾਹ ਉਸ ਪੇਂਟਿੰਗ ਉੱਤੇ ਪੈ ਗਈ। ਮਨ ਵਿਚ ਕੁਝ ਹੀਣਤਾ ਮਹਿਸੂਸ ਕਰਦਿਆਂ ਉਸ ਨੇ ਨਿਹੋਰਾ ਦੇਣ ਦੇ ਰਉਂ ਵਿਚ ਕਿਹਾ, ਨਹੀਂ ਬੇਟਾ, ਉਹਨਾਂ ਦਰੱਖਤਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਉਹ ਤਾਂ ਔਰਤ ਦੇ ਬਦਨ ਦੀ ਭੱਦੀ ਨੁਮਾਇਸ਼ ਵੇਖਕੇ ਸ਼ਰਮ ਨਾਲ ਪਾਣੀ-ਪਾਣੀ ਹੋ ਕੇ ਝੁਕ ਗਏ ਨੇ।
ਕਿੱਸ ਨੂੰ ਕੁਝ ਸਮਝ ਲੱਗਿਆ ਜਾਂ ਨਹੀਂ, ਪਰ ਉਸ ਦੀ ਮੰਮੀ ਨੇ ਮਨ ਵਿਚ ਦੁਹਰਾਇਆ, ‘ਇਹ ਬੁਡ਼੍ਹੀ ਜ਼ਮਾਨੇ ਮੁਤਾਬਿਕ ਨਹੀਂ ਬਦਲੇਗੀ।
                                              -0-



                                                                     

Friday, December 24, 2010

ਖੁਸ਼ੀ

ਹਰਪ੍ਰੀਤ ਸਿੰਘ ਰਾਣਾ
ਨੂੰਹ-ਪੁੱਤ ਨੇ ਬਾਪੂ ਦਾ ਮੰਜਾ ਡੰਗਰਾਂ ਵਾਲੇ ਵਾਡ਼ੇ ਵਿਚ ਡਾਹ ਦਿੱਤਾ। ਇਕ ਦਿਨ ਸਵੇਰੇ-ਸਵੇਰੇ ਪੁੱਤ ਮਠਿਆਈ ਦਾ ਡੱਬਾ ਚੁੱਕੀ ਖੁਸ਼ੀ ਵਿਚ ਖੀਵਾ ਹੋਇਆ ਬਾਪੂ ਕੋਲ ਆ ਕੇ ਬੋਲਿਆ, ਬਾਪੂ! ਵਧਾਈਆਂ!! ਤੇਰੇ ਪੋਤਾ ਹੋਇਐ।
ਬਾਪੂ ਟਿਕਟਿਕੀ ਲਾਈ ਪੁੱਤ ਵੱਲ ਤੱਕਣ ਲੱਗਾ।
ਕੀ ਗੱਲ ਬਾਪੂ, ਤੈਨੂੰ ਖੁਸ਼ੀ ਨਹੀਂ ਹੋਈ…? ਪੁੱਤ ਬਾਪੂ ਦੇ ਵਿਵਹਾਰ ਤੋਂ ਝੁੰਜਲਾ ਕੇ ਬੋਲਿਆ।
ਪੁੱਤ! ਖੁਸ਼ੀ ਤਾਂ ਬਥੇਰੀ ਐ…ਪ…ਪਰ ਮੈਂ ਤਾਂ ਤੇਰੇ ਬਾਰੇ ਸੋਚ ਰਿਹੈਂ…।
ਕੀ ਬਾਪੂ?ਪੁੱਤ ਨੇ ਉਤਸੁਕਤਾ ਨਾਲ ਪੁੱਛਿਆ।
ਹੁਣ ਮੇਰੇ ਬਾਅਦ ਇਸ ਮੰਜੇ ਦਾ ਵਾਰਸ ਤੂੰ ਈ ਬਣਨੈ…।
ਬਾਪੂ ਦੇ ਵਿਅੰਗਮਈ ਬੋਲਾਂ ਅੱਗੇ ਪੁੱਤ ਨਿਰੁੱਤਰ ਸੀ।
                                        -0-

Friday, December 10, 2010

ਐਡਜੈਸਟਮੈਂਟ


ਸੁਖਮਿੰਦਰ ਸੇਖੋਂ

ਸ਼ੇਰ ਸਿੰਘ ਬੋਲਿਆ, ਯਾਰ! ਕੁਝ ਨੀਂ ਸਾਲੀ ਆਪਣੀ ਵੀ ਜ਼ਿੰਦਗੀ, ਬਸ ਧੰਦ ਈ ਪਿੱਟਦੇ ਆਂ।
ਹਾਂ, ਇਹ ਤਾਂ ਹੈ ਹੀ। ਨੌਕਰੀ ’ਚ ਕੀ ਬਣਦੈ! ਅਫਸਰਾਂ ਨੂੰ ਮੌਜਾਂ ਨੇ ਜਾਂ ਫੇਰ ਬਿਜਨੈਸਮੈਨ ਐਸ਼ ਕਰਦੇ ਨੇ।
ਰਾਮ ਲਾਲ ਨੇ ਸ਼ੇਰ ਸਿੰਘ ਦੀ ਗੱਲ ਨੂੰ ਹੋਰ ਵਿਸਥਾਰ ਦਿੱਤਾ।
ਹਾਂ, ਹੁਣ ਇਹ ਆਪਣਾ ਅਫਸਰ ਈ ਲੈ ਲਵੋ। ਚੰਗੀ ਤਨਖਾਹ ਤੇ ਹੋਰ ਛੱਤੀ ਪ੍ਰਕਾਰ ਦੀਆਂ ਸਹੂਲਤਾਂ। ਉਪਰਲੀ ਕਮਾਈ ਵੱਖਰੀ।
ਸ਼ੇਰ ਸਿੰਘ ਨੇ ਗੱਲਬਾਤ ਨੂੰ ਹੋਰ ਸਪੱਸ਼ਟ ਕੀਤਾ।
ਆਪਣਾ ਅਫਸਰ ਹੈ ਵੀ ਸਾਲਾ ਬਹੁਤ ਚਲਦਾ ਪੁਰਜਾ। ਪਤਾ ਨੀ ਕਿਸ ਤਰ੍ਹਾਂ ਸਾਮੀਆਂ  ਦੀਆਂ ਜੇਬਾਂ ’ਚੋਂ ਪੈਸੇ ਕਢਵਾ ਲੈਂਦੈ।
ਤੇ ਹੋਰ ਕੀ! ਤਨਖਾਹ ’ਚ ਤਾਂ ਸਾਲਾ ਗੁਜ਼ਾਰਾ ਈ ਮੁਸ਼ਕਲ ਨਾਲ ਚੱਲਦੈ। ਪਰ ਇਹਨੇ ਉਪਰਲੀ ਕਮਾਈ ’ਚੋਂ ਲੱਖਾਂ ਦੀ ਜ਼ਮੀਨ ਜਾਇਦਾਦ ਬਣਾ ਲਈ। ਸ਼ਹਿਰ ’ਚ ਇਹਨੇ ਕਈ ਦੁਕਾਨਾਂ ਬਣਾਕੇ ਕਿਰਾਏ ’ਤੇ ਚਾਡ਼੍ਹੀਆਂ ਹੋਈਆਂ ਨੇ।
ਸ਼ੇਰ ਸਿੰਘ ਨੇ ਗੱਲ ਦਾ ਸਿਲਸਿਲਾ ਅਗਾਂਹ ਤੋਰਦਿਆਂ ਕਿਹਾ, ਅਯਾਸ਼ ਵੀ ਹੱਦ ਦਰਜੇ ਦਾ ਐ, ਆਪਣੇ ਦਫਤਰ ਦੀਆਂ ਕਈ ਕੁਡ਼ੀਆਂ ਇਹਨੇ ਖਰਾਬ ਕੀਤੀਆਂ ਨੇ। ਸੁਣਿਐ ਆਪਣੇ ਕੰਮ ਕਢਵਾਉਣ ਲਈ ਇਹ ਕੁਡ਼ੀਆਂ ਉੱਪਰਲੇ ਲੈਵਲ ਤੇ ਵੀ ਪੇਸ਼ ਕਰਦੈ।
ਸ਼ੇਰ ਸਿੰਘ ਨੇ ਕਹਾਣੀ ਸਿਰੇ ਲਾ ਛੱਡੀ।
ਡੈਡੀ ਚਾਹ!ਅਚਾਨਕ ਉਹਨਾਂ ਦੀ ਗੱਲਬਾਤ ਦੀ ਲਡ਼ੀ ਟੁੱਟ ਗਈ ਜਦੋਂ ਸ਼ੇਰ ਸਿੰਘ ਦੀ ਜਵਾਨ ਕੁਡ਼ੀ ਚਾਹ ਦੀ ਟਰੇਅ ਟੇਬਲ ਤੇ ਟਿਕਾ ਕੇ ਚਲੀ ਗਈ।
ਆਹ ਆਪਣੀ ਗੁੱਡੀ ਵੀ ਕਾਫੀ ਵੱਡੀ ਹੋ ਗਈ। ਕਿਹਡ਼ੀ ਕਲਾਸ ’ਚ ਪਡ਼੍ਹਦੀ ਐ?ਰਾਮ ਲਾਲ ਨੇ ਸਰਸਰੀ ਤੌਰ ਤੇ ਪੁੱਛਿਆ।
ਇਹ…ਇਹਨੇ ਤਾਂ ਬੀ.ਏ. ਕੀਤੀ ਐ ਪਿਛਲੇ ਸਾਲ। ਟਾਈਪ ਸਿੱਖਣ ਲਾਈ ਐ। ਸੋਚਦੈਂ ਯਾਰ, ਆਪਣੇ ਅਫਸਰ ਨੂੰ ਕਹਿਕੇ ਇਹਨੂੰ ਵੀ ਆਪਣੇ ਦਫਤਰ ’ਚ ਈ ਕਿਤੇ ਐਡਜਸਟ…।
ਅਗਾਂਹ ਜਿਵੇਂ ਸ਼ੇਰ ਸਿੰਘ ਦੇ ਗਲ ਵਿਚ ਕੁਝ ਅਟਕ ਗਿਆ। ਉਸ ਤੋਂ ਵਾਕ ਪੂਰਾ ਨਾ ਹੋ ਸਕਿਆ।
                                                     -0-

Monday, November 29, 2010

ਬੀਮਾਰ


                            
ਪਾਂਧੀ ਨਨਕਾਣਵੀ

ਕਲਾਸ ਖਤਮ ਹੋਣ ਪਿੱਛੋਂ ਪ੍ਰੋ. ਅਰੋਡ਼ਾ ਨੇ ਮਿਸਿਜ ਰੀਟਾ ਨੂੰ ਪੁੱਛਿਆ, ਮਿਸਿਜ ਰੀਟਾ, ਤੂੰ ਕਈ ਦਿਨਾਂ ਤੋਂ ਕਾਲਜ ਨਹੀਂ ਆਉਂਦੀ ਰਹੀ?
ਮੇਰੇ ਹਸਬੈਂਡ ਬੀਮਾਰ ਸਨ, ਪ੍ਰੋਫੈਸਰ ਸਾਹਿਬ।
ਹੱਛਾ! ਫਿਰ ਤਾਂ ਕਾਫੀ ਕੁਝ ਪਡ਼੍ਹਾ ਚੁੱਕਾ ਮੈਂ। ਨਾਲੇ ‘ਹੀਰ’ ਬਾਰੇ ਵੀ ਆਪਣਾ ਲੈਕਚਰ ਦੇ ਚੁੱਕਾ।
ਮੈਂ ਨੋਟਸ ਲੈ ਲਵਾਂਗੀ ਆਪਣੇ ਕੁਲੀਗ ਤੋਂ, ਪ੍ਰੋਫੈਸਰ ਸਾਹਿਬ।
ਚੱਲ ਤੇਰੀ ਖਾਤਰ…ਜੇ ਤੂੰ ਸੰਡੇ ਨੂੰ ਟਾਈਮ ਕੱਢੇਂ ਤਾਂ…।
ਹਾਂ-ਹਾਂ, ਕਿਉਂ ਨਹੀਂ। ਚਲੋ ਕੱਲ ਸੰਡੇ ਐ, ਮੈਂ ਆ ਜਾਵਾਂਗੀ।
ਠੀਕ ਐ, ਠੀਕ ਚਾਰ ਵਜੇ ਸ਼ਾਮ। ਮੈਂ ਦੋ ਘੰਟਿਆਂ ਵਿਚ…ਦਰਅਸਲ ਮੇਰੀ ਇੱਛਾ ਹੈ ਕਿ ਤੂੰ ਯੂਨੀਵਰਸਿਟੀ ’ਚੋਂ ਫਸਟ ਕਲਾਸ ਫਸਟ ਆਵੇਂ।
ਥੈਂਕ ਯੂ, ਸਰ!ਮਿਸਿਜ ਰੀਟਾ ਦਿਲਕਸ਼ ਅੰਦਾਜ਼ ਵਿਚ ਮੁਸਕਰਾਈ ਤਾਂ ਪ੍ਰੋ. ਅਰੋਡ਼ਾ ਦੀਆਂ ਅੱਖਾਂ ਵਿਚ ਚਮਕ ਆ ਗਈ।
ਤੇ ਅਗਲੀ ਸ਼ਾਮ ਮਿਸਿਜ ਰੀਟਾ ਪ੍ਰੋ. ਅਰੋਡ਼ਾ ਦੇ ਘਰ ਸੀ। ਅਰੋਡ਼ਾ ਨੇ ਵੀ ਬਡ਼ੇ ਤਪਾਕ ਨਾਲ ਉਸਦਾ ਸਵਾਗਤ ਕੀਤਾ।
ਡਰਾਇੰਗ-ਰੂਮ ਵਿਚ ਵਡ਼ਦਿਆਂ ਹੀ ਰੀਟਾ ਨੇ ਪ੍ਰੋਫੈਸਰ ਸਾਹਿਬ ਦੀ ਪਤਨੀ ਨੂੰ ਗੈਰਹਾਜ਼ਰ ਵੇਖਕੇ ਪੁੱਛਿਆ, ਤੁਹਾਡੇ ਮਿਸਿਜ ਕਿੱਥੇ ਨੇ, ਪ੍ਰੋਫੈਸਰ ਸਾਹਿਬ?
ਉਹ ਤਾਂ ਜਲੰਧਰ ਗਏ ਹੋਏ ਨੇ। ਅਗਲੇ ਹਫਤੇ ਆਉਣਗੇ। ਏਸੇ ਲਈ ਮੈਂ ਕਿਹਾ ਸੀ ਕਿ ਦੋ ਘੰਟਿਆਂ ’ਚ ਸਾਰਾ ਲੈਕਚਰ…ਹੱਛਾ, ਚਾਹ ਪੀਉਗੇ ਨਾ?
ਹਾਂ-ਹਾਂ, ਮੈਂ ਆਪੇ ਬਣਾ ਲੈਨੀਂ ਐਂ, ਪ੍ਰੋਫੈਸਰ ਸਾਹਿਬ।ਤੇ ਮਿਸਿਜ ਰੀਟਾ ਕਿਚਨ ਵਿਚ ਚਲੀ ਗਈ। ਉਹ ਚਾਹ ਬਨਾਉਣ ਵਿਚ ਰੁੱਝੀ ਹੋਈ ਸੀ ਕਿ ਇਤਨੇ ਵਿਚ ਪ੍ਰੋ. ਅਰੋਡ਼ਾ ਨੇ ਉਸ ਨੂੰ ਪਿੱਛੋਂ ਆ ਘੁੱਟਿਆ।
ਓਹ, ਪ੍ਰੋਫੈਸਰ ਸਾਹਿਬ, ਇਹ ਕੀ?
ਇਹ…ਇਹ…ਹੇ…ਹੇ…ਹੈਂ…।
ਮਾਲੂਮ ਹੁੰਦੈ, ਤੁਸੀਂ ਵੀ ਬੀਮਾਰ ਓ ਅੱਜ। ਤੁਹਾਨੂੰ ਰੈਸਟ ਦੀ ਲੋਡ਼ ਏ। ਚਲੋ, ਫਿਰ ਕਦੇ ਪਡ਼੍ਹ ਲਵਾਂਗੀ ਮੈਂ।
ਤੇ ਇਹ ਕਹਿੰਦਿਆਂ ਹੋਇਆਂ ਉਹ ਕੋਠੀਉਂ ਬਾਹਰ ਨਿਕਲ ਗਈ।
ਪ੍ਰੋ. ਅਰੋਡ਼ਾ ਦੇ ਚਿਹਰੇ ਦਾ ਰੰਗ ਇੰਜ ਪੀਲਾ ਜ਼ਰਦ ਹੋ ਗਿਆ, ਜਿਵੇਂ ਉਹ ਸੱਚਮੁਚ ਹੀ ਬੀਮਾਰ ਹੋਵੇ।
                                                -0-

Thursday, November 18, 2010

ਮੋਢਾ


                                
ਸਤਿਪਾਲ ਖੁੱਲਰ
 ਉਸਦਾ ਦੋਸਤ ਮਰ ਗਿਆ ਸੀ। ਉਂਜ ਤਾਂ ਉਸਨੇ ਜ਼ਿੰਦਗੀ ਵਿਚ ਕਈਆਂ ਨਾਲ ਦੋਸਤੀ ਪਾਈ ਸੀ। ਪਰ ਬਹੁਤਿਆਂ ਨਾਲ ਉਹ ਨਿਭਾ ਨਹੀਂ ਸੀ ਸਕਿਆ। ਮੂੰਹ ਤੇ ਸੱਚੀ ਗੱਲ ਕਹਿਣ ਦੀ ਆਦਤ ਨੇ ਉਸਨੂੰ ਸਾਰੇ ਦੋਸਤਾਂ ਨਾਲੋਂ ਅਲੱਗ-ਥਲੱਗ ਕਰ ਦਿੱਤਾ ਸੀ। ਇੱਥੋਂ ਤਕ ਕਿ ਕਈ ਰਿਸ਼ਤੇਦਾਰ ਵੀ ਮੂੰਹ ਮੋਡ਼ ਗਏ ਸਨ। ਬਸ ਇਹੀ ਦੋਸਤ ਰਹਿ ਗਿਆ ਸੀ ਤੇ ਅੱਜ ਉਸਦੀ ਵੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ ਜਿਵੇਂ।
ਉਹ ਤੇ ਉਹਦੀ ਪਤਨੀ ਭਰੇ ਮਨ ਨਾਲ ਦੋਸਤ ਦੇ ਘਰ ਪਹੁੰਚੇ ਸਨ। ਪਤਨੀ ਔਰਤਾਂ ਵਿਚ ਬੈਠੀ ਮਰਨ ਵਾਲੇ ਦੀ ਪਤਨੀ ਦੇ ਗਲ ਲੱਗ ਕੇ ਰੋ ਰਹੀ ਸੀ। ਉਹ ਮਰਦਾਂ ਵਿਚ ਜਾ ਬੈਠਾ ਸੀ। ਸੱਥਰ ਤੇ ਉਹਦੇ ਦੋਸਤ ਦੇ ਤਾਏ ਚਾਚੇ, ਉਹਨਾਂ ਦੇ ਪੁੱਤਰ ਤੇ ਹੋਰ ਬਾਹਰੋਂ ਆਏ ਬੈਠੇ ਸਨ। ਉਹ ਨੀਂਵੀਂ ਪਾਈ ਬੈਠਾ ਹੰਝੂ ਕੇਰਦਾ ਰਿਹਾ। ਕੀਹਦੇ ਗਲ ਨਾਲ ਲੱਗ ਕੇ ਰੋਂਦਾ? ਸੱਥਰ ਤੇ ਬੈਠਿਆਂ ਦੀਆਂ ਗੱਲਾਂ ਸੁਣ-ਸੁਣ ਉਹ ਹੈਰਾਨ ਹੁੰਦਾ ਰਿਹਾ। ਸਭ ਕਾਰੋਬਾਰੀ ਗੱਲਾਂ ਕਰ ਰਹੇ ਸਨ।
ਪਿਛਲੇ ਸਾਲ ਦੀ ਗੱਲ ਹੈ ਜਦ ਉਸਦੇ ਇਸ ਦੋਸਤ ਦਾ ਪਿਉ ਮਰਿਆ ਸੀ। ਉਹ ਦੋਸਤ ਦੇ ਗਲ ਲੱਗ ਕੇ ਕਿੰਨਾਂ ਰੋਇਆ ਸੀ। ਸੱਥਰ ਤੇ ਕਾਨਾਫੂਸੀ ਹੋਣ ਲੱਗ ਪਈ ਸੀ। ਇਹ ਕੌਣ ਹੈ? ਇਸਨੂੰ ਸਾਡੇ ਨਾਲੋਂ ਜ਼ਿਆਦਾ ਦੁੱਖ ਤਾਂ ਨਹੀਂ! ਕਿਸੇ ਨੇ ਉੱਚੀ ਬੋਲ ਵੀ ਕੱਢ ਮਾਰਿਆ ਸੀ। ਮਾਂ ਤਾਂ ਬਹੁਤ ਪਹਿਲਾਂ ਹੀ ਰੱਬ ਨੂੰ ਪਿਆਰੀ ਹੋ ਗਈ ਸੀ।
 ਸਸਕਾਰ ਕਰਾ ਕੇ ਉਹ ਪਤਨੀ ਨਾਲ ਆਪਣੇ ਘਰ ਆ ਗਿਆ। ਮਨ ਭਰਿਆ ਹੋਇਆ ਸੀ। ਸ਼ਾਮ ਨੂੰ ਉਸਦੀ ਪਤਨੀ ਰੋਟੀ ਪੁੱਛਣ ਆਈ ਤਾਂ ਮਰਨ ਵਾਲੇ ਦੀਆਂ ਗੱਲਾਂ ਚੱਲ ਪਈਆਂ। ਮਨ ਦਾ ਫੋਡ਼ਾ ਫਿਸ ਪਿਆ। ਉਹਨੇ ਆਪਣੀ ਪਤਨੀ ਦੇ ਗੱਲ ਲੱਗ ਕੇ ਉੱਚੀ ਸਾਰੀ ਧਾਹ ਮਾਰੀ, ਹਾਏ ਓਏ ਮੇਰੇ ਮਿੱਤਰਾ! ਤੂੰ ਮੈਨੂੰ ਇਕੱਲਾ…
ਪਤਨੀ ਦੀਆਂ ਵੀ ਭੁੱਬਾਂ ਨਿਕਲ ਗਈਆਂ। ਕਿੰਨਾਂ ਹੀ ਚਿਰ ਉਹ ਦੋਵੇਂ ਇਕ ਦੂਜੇ ਦੇ ਗਲ ਲੱਗ ਕੇ ਰੋਂਦੇ ਰਹੇ।
                                                     -0-

Thursday, November 11, 2010

ਚੌਧਰ


                                      
ਭੀਮ ਸਿੰਘ ਗਰਚਾ

ਰੌਣਕੀ ਗੁੱਸੇ ਜਿਹੇ ਨਾਲ ਰਾਮ ਲਾਲ ਰਾਮਦਾਸੀਏ ਦੇ ਘਰ ਵਿਚ ਵਡ਼ਦਾ ਹੀ ਕਡ਼ਕਵੀਂ ਆਵਾਜ਼ ਵਿਚ ਬੋਲਿਆ, ਓਏ ਮੁੰਡਿਓ, ਮੈਨੂੰ ਕਿਸੇ ਪੱਕੇ ਬੰਦੇ ਨੇ ਦੱਸਿਐ, ਅੱਜ ਤੁਹਾਡੀ ਮਾਂ ਸਾਡੇ ਖੇਤ ’ਚੋਂ ਚੋਰੀ ਪੱਠੇ ਵੱਢ ਕੇ ਲਿਆਈ ਐ। ਜੇ ਮੈਂ ਵੇਖ ਲੈਂਦਾ ਤਾਂ ਹਰਾਮਜ਼ਾਦੀ ਨੂੰ ਗੁੱਤੋਂ ਫਡ਼ ਲੈਂਦਾ…।
ਵਿਹਡ਼ੇ ਵਿਚ ਡਾਹੇ ਮੰਜੇ ਉੱਤੇ ਆਰਾਮ ਨਾਲ ਬੈਠੇ ਰਾਮ ਲਾਲ ਦੇ ਦੋਵੇਂ ਮੁੰਡੇ ਇੱਕਦਮ ਗੁੱਸੇ ਨਾਲ ਉੱਠੇ ਤੇ ਝੱਟ ਰੌਣਕੀ ਨੂੰ ਆ ਚਿੰਬਡ਼ੇ। ਉਹਨਾਂ ਵਿੱਚੋਂ ਇਕ ਤੈਸ਼ ਵਿਚ ਆ ਕੇ ਬੋਲਿਆ, ਤੂੰ ਸਾਡੀ ਮਾਂ ਨੂੰ ਗੁੱਤੋਂ ਫਡ਼ਨ ਵਾਲਾ ਕੌਣ ਹੁਨੈਂ?
ਉਸੇ ਵੇਲੇ ਰਾਮ ਲਾਲ ਕਮਰੇ ਵਿੱਚੋਂ ਬਾਹਰ ਨਿਕਲਿਆ ਤੇ ਰੌਣਕੀ ਨੂੰ ਬਾਂਹ ਤੋਂ ਫਡ਼ਦਾ ਹੋਇਆ ਬਡ਼ੀ ਹਲੀਮੀ ਨਾਲ ਬੋਲਿਆ, ਰੌਣਕ ਸਿਆਂ, ਕਿਉਂ ਖਹਿਬਡ਼ਦੈਂ ਇਨ੍ਹਾਂ ਨਿਆਣਿਆਂ ਨਾਲ…? ਆ ਕੋਈ ਕੰਮ ਦੀ ਗੱਲ ਕਰੀਏ।
ਰਾਮ ਲਾਲ ਨੇ ਰੌਣਕੀ ਨੂੰ ਕਮਰੇ ਵਿਚ ਲਿਜਾਕੇ ਮੰਜੇ ਉੱਤੇ ਬਿਠਾ ਦਿੱਤਾ ਤੇ ਆਪ ਉਸਦੇ ਪੈਰਾਂ ਵਿਚ ਬੈਠਦਾ ਹੋਇਆ ਆਪਣੇ ਬੁੱਲ੍ਹਾਂ ਤੇ ਖਚਰੀ ਜਿਹੀ ਮੁਸਕਾਣ ਲਿਆਉਂਦਾ ਹੋਇਆ ਬੋਲਿਆ, ਰੌਣਕ ਸਿਆਂ, ਸਰਪੰਚੀ ਦੀ ਚੋਣ ਸਿਰ ਤੇ ਆ ਗਈ ਐ। ਸਾਡੇ ਸਾਰੇ ਵਿਹਡ਼ੇ ਨੇ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਐ ਕਿ ਇਸ ਵਾਰ ਪਿੰਡ ਦਾ ਸਰਪੰਚ ਤੇਰੇ ਬਾਪ ਮਿਲਖਾ ਸਿੰਘ ਨੂੰ ਬਣਾਇਆ ਜਾਵੇ। ਉਸ ਤੋਂ ਸਿਆਣਾ ਬੰਦਾ ਸਾਨੂੰ ਪਿੰਡ ’ਚ ਹੋਰ ਕੋਈ ਨਹੀਂ ਦਿੱਸਦਾ।
ਰੌਣਕੀ ਦੇ ਚਿਹਰੇ ਤੋਂ ਗੁੱਸੇ ਦੇ ਹਾਵ-ਭਾਵ ਇਕਦਮ ਉਡਾਰੀ ਮਾਰ ਗਏ ਤੇ ਉਸਦੇ ਅੰਦਰ ਇਕ ਖੁਸ਼ੀ ਦੀ ਲਹਿਰ ਜਿਹੀ ਕੰਬਣ ਲੱਗੀ। ਇਸ ਮੁੱਦੇ ਤੇ ਉਸ ਨੇ ਰਾਮ ਲਾਲ ਨਾਲ ਹੋਰ ਕਈ ਗੱਲਾਂ ਕੀਤੀਆਂ। ਫੇਰ ਕਮਰੇ ਤੋਂ ਬਾਹਰ ਆ ਕੇ ਉਸਨੇ ਮੁੰਡਿਆਂ ਨੂੰ ਸੰਬੋਧਨ ਕਰਦਿਆਂ ਕਿਹਾ, ਪੁੱਤਰੋ, ਮੈਂ ਤਾਂ ਤੁਹਾਡੇ ਨਾਲ ਹੱਸ ਰਿਹਾ ਸੀ। ਪੱਠਿਆਂ ਸਾਲਿਆਂ ਨੇ ਕਿਤੇ ਨਾਲ ਜਾਣੈ। ਹੁਣ ਤਾਂ ਸਾਡੇ ਸਾਰੇ ਖੇਤ ਤੁਸੀਂ ਆਪਣੇ ਹੀ ਸਮਝੋ।
ਦੋਵੇਂ ਮੁੰਡੇ ਹੱਕੇ-ਬੱਕੇ ਹੋਏ ਰੌਣਕੀ ਵੱਲ ਵੇਖ ਰਹੇ ਸਨ।
                                                         -0-