-moz-user-select:none; -webkit-user-select:none; -khtml-user-select:none; -ms-user-select:none; user-select:none;

Thursday, September 2, 2010

ਦਖਲ-ਅੰਦਾਜ਼ੀ


                                   



ਬਿਕਰਮਜੀਤ ਨੂਰ

ਸਕੂਲ ਦੇ ਪ੍ਰਿੰਸੀਪਲ ਸਮੇਤ ਅੱਧੇ ਤੋਂ ਵੱਧ ਸਟਾਫ ਗੁਰਚਰਨ ਸਿੰਘ ਦੇ ਹੱਕ ਵਿਚ ਬੋਲ ਰਿਹਾ ਸੀ। ਸਾਰਿਆਂ ਦੀ ਸਾਂਝੀ ਰਾਇ ਇਹੀ ਸੀ ਕਿ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸੁਰਜੀਤ ਸਿੰਘ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਮੁੰਡਾ ਬੇਸ਼ੱਕ ਪਡ਼੍ਹਾਈ ਵਿਚ ਹੁਸ਼ਿਆਰ ਸੀ, ਪਰ ਉਸਨੂੰ ਇਹ ਹੱਕ ਬਿਲਕੁਲ ਨਹੀਂ ਸੀ ਕਿ ਉਹ ਅਰਥ-ਸ਼ਾਸਤਰ ਦੇ ਲੈਕਚਰਾਰ ਗੁਰਚਰਨ ਸਿੰਘ ਅਤੇ ਹਿੰਦੀ ਵਾਲੀ ਮੈਡਮ ਕਮਲੇਸ਼ ਦੇ ‘ਆਪਸੀ ਸਬੰਧਾਂ’ ਨੂੰ ਆਪਣੇ ਸਾਥੀਆਂ ਵਿਚ ਹੀ ਨਹੀਂ, ਸਗੋਂ ਸਕੂਲੋਂ ਬਾਹਰ ਵੀ ਉਛਾਲਦਾ ਫਿਰੇ। ਗੱਲ ਆਈ ਗਈ ਵੀ ਹੋ ਜਾਂਦੀ, ਪਰ ਸੁਰਜੀਤ ਦਾ ਸਾਰਿਆਂ ਸਾਹਮਣੇ ‘ਗੁਰਚਰਨ ਸਰ’ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ, ‘ਸਰ ਜੀ, ਅਸੀਂ ਤੁਹਾਡੇ ਪਾਸੋਂ ਮਿਲੀ ਉੱਚੇ ਚਰਿੱਤਰ ਦੀ ਸਿਖਿਆ ਨੂੰ ਕਿਹਡ਼ੇ ਅਰਥਾਂ ’ਚ ਆਪਣੇ ਨਾਲ ਲੈ ਜਾਵਾਂਗੇ!’ ਕਹਿ ਦੇਣਾ ਬਲਦੀ ਤੇ ਤੇਲ ਵਾਂਗ ਪਿਆ ਸੀ। ਵਿਦਿਆਰਥੀ ਵੱਲੋਂ ਬੋਲਿਆ ਗਿਆ ਦਲੇਰੀ ਭਰਿਆ ਸੱਚ, ਉਸ ਦੁਆਰਾ ਕੀਤੀ ਗਈ ਅਨੁਸ਼ਾਸ਼ਨ-ਹੀਨਤਾ ਗਰਦਾਨ ਦਿੱਤੀ ਗਈ। ’ਅਹਿਸਾਸ’ ਕਰ ਲੈਣਾ ਤਾਂ ਪਿੱਛੇ ਰਹਿ ਗਿਆ ਸੀ।
ਹੰਗਾਮੀ ਮੀਟਿੰਗ ਹੋਈ ਸੀ ਤੇ ਸੁਰਜੀਤ ਦੇ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਸਕੂਲੋਂ ਕੱਢ ਦਿੱਤਾ ਗਿਆ ਸੀ। ਲੈਕਚਰਾਰ ਗੁਰਚਰਨ ਸਿੰਘ ਨੂੰ ਸੁਖ ਦਾ ਸਾਹ ਆਇਆ ਸੀ। ਮੈਡਮ ਵੀ ਖੁਸ਼ ਸੀ।
ਅਜੇ ਹਫ਼ਤਾ ਵੀ ਨਹੀਂ ਸੀ ਬੀਤਿਆ ਕਿ ਇਕ ਦਿਨ ਗੁਰਚਰਨ ਸਿੰਘ ਨੇ ਦੇਖਿਆ, ਸੁਰਜੀਤ ਆਪਣੇ ਬਾਪੂ ਨੂੰ ਨਾਲ ਲੈ ਕੇ ਪ੍ਰਿੰਸੀਪਲ ਦੇ ਦਫ਼ਤਰ ਵਿਚ ਦਾਖਲ ਹੋ ਰਿਹਾ ਸੀ। ਨਾਲ ਤਿੰਨ ਆਦਮੀ ਹੋਰ ਵੀ ਸਨ। ਗੁਰਚਰਨ ਸਿੰਘ ਨੂੰ ਕੁਝ ਫਿਕਰ ਜਿਹਾ ਹੋਇਆ।
ਥੋਡ਼੍ਹੀ ਦੇਰ ਬਾਅਦ ਸੇਵਾਦਾਰ ਨੇ ਆ ਕੇ ਕਿਹਾ, “ਸਰ, ਤੁਹਾਨੂੰ ਪ੍ਰਿੰਸੀਪਲ ਸਾਹਿਬ ਨੇ ਬੁਲਾਇਐ।”
ਗੁਰਚਰਨ ਸਿੰਘ ਆਪਣੇ ਇਕ ਮਿੱਤਰ ਸਹਿ-ਕਰਮੀ ਨੂੰ ਨਾਲ ਲੈ ਕੇ ਦਫ਼ਤਰ ਵਿਚ ਪਹੁੰਚ ਗਿਆ।
ਪ੍ਰਿੰਸੀਪਲ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਇਕ ਪੰਚਾਇਤ ਮੈਂਬਰ ਨੇ ਗੁਚਰਨ ਸਿੰਘ ਨੂੰ ਸੰਬੋਧਨ ਕਰਕੇ ਬਹੁਤ ਹੀ ਗੰਭੀਰਤਾ ਨਾਲ ਕਿਹਾ, “ਮੁਆਫ ਕਰ ਦਿਓ ਮਾਸਟਰ ਜੀ ਮੁੰਡੇ ਨੂੰ।”
“ਤੁਹਾਡਾ ਆਪਣਾ ਹੀ ਬੱਚੈ ਜੀ, ਬੱਚਿਆਂ ਤੋਂ ਗਲਤੀ ਹੋ ਜਾਂਦੀ ਐ।” ਕਿਸੇ ਦੂਸਰੇ ਨੇ ਪ੍ਰਿੰਸੀਪਲ ਵੱਲ ਦੇਖਦਿਆਂ ਕਿਹਾ।
ਸੁਰਜੀਤ ਨੀਵੀਂ ਪਾਈ ਚੁੱਪਚਾਪ ਖਡ਼ਾ ਸੀ।
“ਪੇਪਰਾਂ ਦੇ ਦਿਨ ਐ ਜੀ, ਜੁਆਕ ਦਾ ਸਾਲ ਖਰਾਬ ਹੋ ਜੂਗਾ।” ਇਸ ਆਵਾਜ਼ ਵਿਚ ਵੀ ਪੂਰੀ ਨਿਮਰਤਾ ਸੀ।
“ਮੈਂ ਤਾਂ ਜੀ ਇਸ ਬੇਵਕੂਫ ਨੂੰ ਰੋਜ਼ ਹੀ ਸਮਝਾਉਂਦਾ ਰਹਿਨੈਂ” ਸੁਰਜੀਤ ਦਾ ਬਾਪੂ ਜਿਵੇਂ ਗਿਡ਼ਗਿਡ਼ਾ ਕੇ ਕਹਿ ਰਿਹਾ ਸੀ, “ਆਪ ਤੋਂ ਵੱਡਿਆਂ ਦੇ ਕੰਮਾਂ ਵਿਚ ਕਦੇ ਦਖਲ ਨ੍ਹੀਂ ਦੇਣਾ ਚਾਹੀਦਾ।”
ਫਿਰ ਬਾਪੂ ਨੇ ਸੁਰਜੀਤ ਨੂੰ ਝਾਡ਼ ਪਾਉਂਦਿਆਂ ਕਿਹਾ, “ਲੈ ਮੰਗ ਸਾਰਿਆਂ ਦੇ ਸਾਹਮਣੇ ਮਾਫੀ।”
ਅਜਿਹਾ ਕਹਿੰਦਿਆਂ ਮੁੰਡੇ ਦੇ ਬਾਪੂ ਨੇ ਵਾਰੋ-ਵਾਰੀ ਪਹਿਲਾਂ ਗੁਰਚਰਨ ਸਿੰਘ ਅਤੇ ਫਿਰ ਪ੍ਰਿੰਸੀਪਲ ਦੇ ਚਿਹਰੇ ਵੱਲ ਵੀ ਦੇਖਿਆ ਸੀ।
ਸੁਰਜੀਤ ਰੋਣਹਾਕਾ ਹੋ ਗਿਆ ਸੀ। ਉਸਦੇ ਮੂੰਹੋਂ ਬੋਲ ਨਹੀਂ ਸਨ ਨਿਕਲ ਰਹੇ। ਉਸਨੇ ਆਪਣਾ ਸਿਰ ਹੋਰ ਨੀਵਾਂ ਕਰ ਲਿਆ ਸੀ।
…ਤੇ ਸਿਰ ਤਾਂ ਅਰਥ ਸ਼ਾਸਤਰ ਦੇ ਲੈਕਚਰਾਰ ਗੁਰਚਰਨ ਸਿੰਘ ਤੋਂ ਵੀ ਉਤਾਂਹ ਨਹੀਂ ਸੀ ਚੁੱਕਿਆ ਜਾ ਰਿਹਾ।
                                                 -0-

Sunday, August 22, 2010

ਔਲਾਦ




ਡਾ. ਕਰਮਜੀਤ ਸਿੰਘ ਨਡਾਲਾ
           

ਰਿਟਾਇਰ ਹੋਏ ਕਲਰਕ ਜੀਵਨ ਸਿੰਘ ਦੇ ਸੁਪਨੇ ਤੇ ਲੋਡ਼ਾਂ, ਮਾਡ਼ੇ ਪਲਸਤਰ ਵਾਂਗ ਦਿਨੋਂ-ਦਿਨ ਭੁਰਦੇ ਜਾ ਰਹੇ ਸਨ। ਕਲੋਨੀ ਦੇ ਪਾਰਕ ਵਿਚ ਬੈਠਾ ਗਹਿਰੀਆਂ ਸੋਚਾਂ ਵਿਚ ਡੁੱਬਿਆ, ਡੁੱਬ ਹੀ ਚੱਲਿਆ ਸੀ ਕਿ ਕਿਸੇ ਨੇ ਆ ਕੇ ਜਿਵੇਂ ਬਾਹਰ ਕੱਢ ਲਿਆ ਹੋਵੇ, “ਬਾਬੂ ਜੀਵਨ ਲਾਲ, ਕਿੱਥੇ ਪਹੁੰਚਿਆ ਹੋਇਐਂ…?”
            “ਕਿੱਥੇ ਪਹੁੰਚਣੈ ਪ੍ਰਤਾਪ ਸਿਆਂ…ਹੁਣ ਤਾਂ ਅਗਲੇ ਜਹਾਨ ਦੀਆਂ ਤਿਆਰੀਐਂ…ਹੁਣ ਤਾਂ ਵਾਧੂ ਜਿਹੇ ਹੋਗੇ…ਕਵਾਡ਼ਖਾਨੇ ’ਚ ਵਿਕਣ ਜੋਗੇ ਵੀ ਨਹੀਂ…ਕੀ ਖੱਟਿਆ ਮਿਹਨਤਾਂ ਕਰਕੇ… ਜਿੱਥੇ ਘਰਦੇ ਚਾਰ ਜੀਅ ਇੱਕ ਬੁੱਢੇ ਨੂੰ ਰੱਖਣ ਨੂੰ ਵੀ ਤਿਆਰ ਨਹੀਂ…ਹੁਣ ਤਾਂ ਬੇਵਾਹ ਹੋ ਗੀ…।” ਤੇ ਨਾਲ ਹੀ ਉਹ ਡੁਸਕਣ ਲੱਗ ਪਿਆ।
            “ਬਾਊ ਜੀਵਨ, ਤੂੰ ਤਾਂ ਬਹੁਤਾ ਈ ਦਿਲ ਨੂੰ ਲਾ ਬੈਠੈਂ… ਏਸ ਗੰਦੀ ਔਲਾਦ ਨਾਲ ਜ਼ਿਆਦਾ ਮੋਹ ਪਾਈ ਬੈਠੈਂ, ਤਾਂ ਹੀ ਏਨਾ ਜ਼ਿਆਦਾ ਦੁਖੀ ਏਂ…ਮੈਨੂੰ ਦੇਖਿਆ, ਮੈਂ ਬਹੁਤੀ ਪਰਵਾਹ ਨਹੀਂ ਕਰਦਾ ਤੇ ਖੁਸ਼ ਰਹਿਨਾਂ… ਪੈਨਸ਼ਨ ਲੈਨਾਂ…ਬੁੱਲੇ ਲੁੱਟਦਾਂ…।”
            “ਮੈਂ ਦੱਸ ਕੀ ਕਰਾਂ…ਕਿੱਥੇ ਜਾਵਾਂ…?”
            “ਜਾਣਾ ਕਿੱਥੇ ਐ…ਇੱਥੇ ਈ ਰਹਿ…ਇਹ ਜੀਵਨ ਕਿਤੇ ਬਾਰ-ਬਾਰ ਮਿਲਣੈ…ਪੈਨਸ਼ਨ ਤੂੰ ਲੈਨੈਂ…ਕੋਈ ਲੋਡ਼ਵੰਦ ਤੀਵੀਂ ਲੱਭ ਲੈ…ਤੇਰੀ ਰੋਟੀ ਪੱਕਦੀ ਹੋਜੂ…।”
            “ਹੈਂ! ਚੰਗਾ ਤੂੰ ਮੇਰਾ ਯਾਰ ਏਂ…ਬੁੱਢੇ ਵਾਰੇ ਲੱਗੈਂ ਮੇਰੇ ਸਿਰ ’ਚ ਸੁਆਹ ਪੁਆਉਣ…ਨਿਆਣੇ…ਸਮਾਜ…ਮੈਨੂੰ ਜੀਣ ਦੇਣਗੇ…ਏਦਾਂ ਦਾ ਮਖੌਲ ਨਾ ਕਰ ਭੈਡ਼ਿਆ।”
            “ਸਮਾਜ ਨੂੰ ਤੇਰੀ ਪਰਵਾਹ ਨਹੀਂ ਤਾਂ ਤੂੰ ਸਮਾਜ ਤੋਂ ਪਾਪਡ਼ ਲੈਣੇ ਨੇ…ਤੈਨੂੰ ਗੱਲਾਂ ਕਰਨ ਵਾਲਾ ਸਾਥ ਮਿਲ ਜੂ… ਜ਼ਿੰਦਗੀ ਦੇ ਬਾਕੀ ਦੇ ਦਿਨ ਖੁਸ਼ੀ-ਖੁਸ਼ੀ ਲੰਘ ਜਾਣਗੇ…ਤੂੰ ਕਿਹਡ਼ੇ ਏਸ ਉਮਰੇ ਜਵਾਕ ਜੰਮਣੇ ਨੇ…।”
           “ਹਾਂ, ਗੱਲ ਤਾਂ ਤੇਰੀ ਠੀਕ ਏ…।”
           ਤੇ ਕੁਝ ਦਿਨ ਬਾਦ ਜੀਵਨ ਲਾਲ ਦਾ ਚੁੱਲ੍ਹਾ ਬਲਣ ਲੱਗ ਪਿਆ। ਇੱਕ ਅਭਾਗਣ ਸੀਤਾ ਦੇਵੀ ਨੂੰ ਵੀ ਉਸਦੀ ਛੱਤ ਮਿਲ ਗਈ ਤੇ ਖਾਣ ਨੂੰ ਰੋਟੀ।
           ਕਈ ਦਿਨ ਲੋਕਾਂ ਨੇ ਮੂੰਹਾਂ ਵਿਚ ਉਂਗਲਾਂ ਪਾਈਆਂ। ਨੂੰਹਾਂ-ਪੁੱਤ ਵੱਢੂੰ-ਖਾਊਂ ਕਰਦੇ ਰਹੇ। ਪਰ ਜੀਵਨ ਲਾਲ ਨੇ ਸਭ ਨੂੰ ਠੁੱਠ ਦਿਖਾ ਦਿੱਤਾ।
           ਸਾਰਾ ਟੱਬਰ ਸਿਰ ਫਡ਼ਕੇ ਬੈਠ ਗਿਆ। ਬੇਵਸ ਹੋਈ ਵੱਡੀ ਨੂੰਹ ਬੋਲੀ, “ਮੈਨੂੰ ਤਾਂ ਭਾਪੇ ਦੀ ਸ਼ਕਲ ਤੋਂ ਵੀ ਡਰ ਲਗਦਾ ਸੀ…ਕਦੇ ਰੋਟੀ ਪੰਜ ਮਿੰਟ ਲੇਟ ਹੋ ਜਾਣੀ ਤਾਂ ਮੇਰੇ ਵੱਲ ਬਿਟਰ-ਬਿਟਰ ਦੇਖੀ ਜਾਂਦਾ…ਮੈਨੂੰ ਤਾਂ ਸ਼ਰਮ ਆਉਂਦੀ…ਭਾਪੇ ਨੂੰ ਕੀ ਹੋ ਗਿਆ… ਮੈਂ ਇਹਦੀ ਧੀਆਂ ਵਰਗੀ ਆਂ।”
           ਨਿੱਕੀ ਨੂੰਹ ਵਿਚ ਹੀ ਬੋਲ ਪਈ, “ਮੈਂ ਵੀ ਜਦੋਂ ਇਕੱਲੀ ਘਰ ਹੁੰਦੀ ਤਾਂ ਮੈਨੂੰ ਡਰ ਆਉਂਦਾ…ਭਾਪਾ ਮੈਨੂੰ ਤਾਡ਼ਦਾ ਰਹਿੰਦਾ। ਕਿੱਧਰ-ਕਿੱਧਰ ਨੂੰ ਜਾਂਦੀ ਏ…ਮੈਂ ਤਾਂ ਡਰ ਲੁਕ ਕੇ ਮਸਾਂ ਟੈਮ ਕੱਢਦੀ…।”
           “ਅੱਛਾ, ਇਹੋ ਜਿਹਾ ਸੀ ਬੁੱਢਾ!…ਪਹਿਲਾਂ ਤਾਂ ਤੁਸੀਂ ਕਦੀ ਜ਼ਿਕਰ ਨਹੀਂ ਕੀਤਾ। ਇਹੋ ਜਿਹੀ ਭੈਡ਼ੀ ਹਾਲਤ ’ਚ ਤੁਸੀਂ ਦਿਨ ਕੱਢਦੀਆਂ ਰਹੀਆਂ। ਫਿਰ ਵੀ ਤੁਸੀਂ ਘਰ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿੱਤਾ।” ਵੱਡਾ ਮੁੰਡਾ ਬੋਲਿਆ।
           “ਹੋਰ ਅਸੀਂ ਕੀ ਕਰਦੀਆਂ…ਘਰ ’ਚ ਫਸਾਦ ਪੈ ਜਾਣਾ ਸੀ…।” ਦੋਵੇਂ ਇਕੱਠੀਆਂ ਹੀ ਬੋਲ ਪਈਆਂ।
           ਜਿਉਂ-ਜਿਉਂ ਜੀਵਨ ਲਾਲ ਦੀ ਰਸੋਈ ਵਿੱਚੋਂ ਪਰੌਂਠਿਆਂ ਦੀ ਮਹਿਕ ਵਧਦੀ ਜਾਂਦੀ, ਤਿਵੇਂ-ਤਿਵੇਂ ਮੁੰਡੇ ਤੇ ਨੂੰਹਾਂ ਸਡ਼ੇ-ਬਲੇ, ਉਹਦੇ ਖਿਲਾਫ਼ ਹੋਰ ਵਿਸ ਘੋਲੀ ਜਾਂਦੇ।
                                                                          -0-

Saturday, August 14, 2010

ਸ਼ਰੀਫਾਂ




 ਸੋਢੀ ਸੱਤੋਵਾਲੀ

ਪਿੰਡ ਦੀ ਗਲੀ, ਮੁਹੱਲੇ ਅਤੇ ਘਰ-ਘਰ ਵਿਚ ਸ਼ਰੀਫਾਂ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਪਿੰਡ ਦੀਆਂ ਤ੍ਰੀਮਤਾਂ ਮੂੰਹ ਵਿਚ ਮੂੰਹ ਪਾ ਕੇ ਇਕ ਦੂਜੀ ਨਾਲ ਗੱਲਾਂ ਕਰ ਰਹੀਆਂ ਸਨ। ਸ਼ਰੀਫਾਂ ਦੀ ਜੰਞ ਪਿੰਡ ਦੀ ਲਹਿੰਦੀ ਪੱਤੀ ਦੀ ਧਰਮਸ਼ਾਲਾ ਵਿਚ ਉੱਤਰੀ ਹੋਈ ਸੀ। ਵੱਡੇ ਤਡ਼ਕੇ ਲਾਵਾਂ ਦੇ ਸਮੇਂ ਤੋਂ ਹੀ ਵਿਆਂਦਡ਼ ਕੁਡ਼ੀ ਸ਼ਰੀਫਾਂ ਘਰੋਂ ਲਾਪਤਾ ਸੀ। ਮਾਂ ਪਿਓ ਦੀ ਖਾਨਿਓਂ ਗਈ ਅਤੇ ਸਾਰਾ ਪਿੰਡ ਆਪਣੀ ਨੱਕ ਵੱਢੀ ਗਈ ਮਹਿਸੂਸ ਕਰਦਾ ਸੀ।
ਵਿਆਹ ਤੋਂ ਹਫਤਾ ਪਹਿਲਾਂ ਹੀ ਸ਼ਰੀਫਾਂ ਨੇ ਆਪਣੇ ਮਾਂ ਬਾਪ ਨੂੰ ਸਾਫ ਸਾਫ ਦੱਸ ਦਿੱਤਾ ਸੀ, “ਮਾਂ, ਮੈਂ ਕਿਸੇ ਹਾਲਤ ਵਿਚ ਵੀ ਦੂਜੀ ਥਾਂ ਵਿਆਹ ਨਹੀਂ ਕਰਵਾਉਣਾ।”
ਪਰ ਮਾਪਿਆਂ ਨੇ ਸ਼ਰੀਫਾਂ ਦੀ ਗੱਲ ਸੁਣੀ ਅਣਸੁਣੀ ਕਰਕੇ ਵਿਆਹ ਦਾ ਦਿਨ ਰੱਖ ਦਿੱਤਾ ਸੀ।
ਪਿੰਡ ਦੀ ਪੰਚਾਇਤ ਬਰਾਤ ਵਾਲਿਆਂ ਦਾ ਦਿਲ ਰੱਖਣ ਲਈ ਕਹਿ ਰਹੀ ਸੀ, “ਭਾਈ ਸਾਹਿਬ! ਅਸੀਂ ਬਡ਼ੇ ਸ਼ਰਮਿੰਦਾ ਹਾਂ, ਤੁਹਾਨੂੰ ਬਡ਼ਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕੁਡ਼ੀ ਨੇ ਮਾਂ ਬਾਪ ਦੀ ਹੀ ਨਹੀਂ ਸਗੋਂ ਸਾਰੇ ਪਿੰਡ ਦੀ ਇੱਜ਼ਤ ਮਿੱਟੀ ਵਿਚ ਮਿਲਾ ਦਿੱਤੀ ਹੈ। ਅੱਜ ਦਾ ਦਿਨ ਠਹਿਰੋ, ਅਸੀਂ ਤੁਹਾਨੂੰ ਖਾਲੀ ਨਹੀਂ ਤੋਰ ਸਕਦੇ।”
ਵਿੱਚੋਂ ਖੁੰਢਾਂ ਤੇ ਬੈਠੇ ਚੋਭਰ ਸ਼ਰੀਫਾਂ ਅਤੇ ਰਸ਼ੀਦ ਤੋਂ ਬਲਿਹਾਰੇ ਜਾ ਰਹੇ ਸਨ। ਕੋਈ ਆਖਦਾ, “ਕੱਲ੍ਹ ਨੂੰ ਭਾਵੇਂ ਕੁੱਝ ਵੀ ਹੋਵੇ, ਪਰ ਯਾਰੀ ਆਖਦੇ ਨੇ ਇਸ ਨੂੰ। ਇਕ ਵਾਰੀ ਤਾਂ ਪੁਗਾ ਕੇ ਵਿਖਾ ਦਿੱਤੀ ਨਾ ਯਾਰੀ।”
ਦੂਜਾ ਆਖਦਾ, “ਪੰਚਾਇਤ ਵਾਲਿਆਂ ਬਰਾਤ ਤੋਂ ਛਿੱਕੂ ਲੈਣੇ ਐ? ਖਾਲੀ ਜਾਣ ਦੇਣ ਬਰੰਗ, ਪਤਾ ਲੱਗ ਜੇ ਬਈ ਪਿਆਰ ਤੇ ਜਵਾਨੀ ਪੈਸਿਆਂ ਨਾਲ ਨਹੀਂ ਖਰੀਦੇ ਜਾ ਸਕਦੇ।”
ਖੂਹ ਤੋਂ ਜਾਂਦੀਆਂ ਮੁਟਿਆਰਾਂ ਵੀ ਸ਼ਰੀਫਾਂ ਦੀ ਗੱਲ ਕਰਕੇ ਇਕ ਦੂਜੀ ਦੇ ਕੰਨਾਂ ਵਿਚ ਘੁਸਰ ਮੁਸਰ ਕਰ ਰਹੀਆਂ ਸਨ ਤੇ ਦੁਪੱਟੇ ਮੂੰਹਾਂ ਵਿਚ ਲੈ ਕੇ ਆਪਣੇ ਭਾਵ ਪ੍ਰਗਟ ਕਰ ਰਹੀਆਂ ਸਨ।
ਇਕ ਨੇ ਕਿਹਾ, “ਨੀ ਉਸ ਦਾ ਕੀ ਕਸੂਰ? ਕਸੂਰ ਤਾਂ ਸਾਰਾ ਸ਼ਰੀਫਾਂ ਦੇ ਬਾਪੂ ਦਾ ਐ, ਜਿਸ ਨੇ ਧੀ ਨੂੰ ਖੂਹ ’ਚ ਧੱਕਾ ਦੇਣ ਦੀ ਸੋਚੀ ਸੀ।”
ਦੂਜੀ ਬੋਲੀ, “ਚੰਗਾ ਹੋਇਆ ਸ਼ਰੀਫਾਂ ਨੇ ਦੋਹਾਂ ਧਿਰਾਂ ਨੂੰ ਸਬਕ ਸਿਖਾ ਦਿੱਤਾ। ਲੋਕ ਧੀਆਂ ਨੂੰ ਗਊਆਂ ਸਮਝ, ਰੱਸਾ ਜਿਸ ਨੂੰ ਮਰਜੀ ਫਡ਼ਾ ਦਿੰਦੇ ਨੇ।”
ਪਿੰਡ ਦੇ ਸਿਆਣੇ ਬੰਦਿਆਂ ਨੇ ਕਈ ਘਰ ਟੋਹੇ ਕਿ ਬਰਾਤ ਨੂੰ ਖਾਲੀ ਨਾ ਤੋਰਿਆ ਜਾਵੇ, ਪਰ ਗਰੀਬ ਤੋਂ ਗਰੀਬ ਘਰ ਨੇ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ।
ਸ਼ਾਮ ਦੇ ਘੁਸਮੁਸੇ ਵਿਚ ਬਰਾਤ ਕਿਸੇ ਮਕਾਣ ਵਾਂਗ ਚੁੱਪਚਾਪ ਮੂੰਹ ਲਟਕਾਈ ਨਿੰਮੋਝੂਣੀ ਜਿਹੀ ਹੋ ਵਾਪਿਸ ਬਰੰਗ ਪਰਤ ਰਹੀ ਸੀ।
                                                     -0-

Monday, July 26, 2010

ਬਜ਼ੁਰਗ

ਰਸ਼ੀਦ ਅੱਬਾਸ
            ਹਾਡ਼ ਦੇ ਮਹੀਨੇ ਹੈਦਰ ਸ਼ੇਖ ਦੇ ਜੇਠੀ ਚੌਂਕੀ ਕਾਰਨ ਬਾਜ਼ਾਰ ਵਿਚ ਭੀਡ਼ ਸੀ। ਰੇਹਡ਼ੀ ਉੱਪਰ ਸਰੀਆ ਲੱਦੀ ਆ ਰਿਹਾ ਇਕ ਮਜ਼ਦੂਰ ਜਦੋਂ ਭੀਡ਼ ਤੋਂ ਬਚਾਉਂਦਾ ਹੋਇਆ ਰੇਹਡ਼ੀ ਸਡ਼ਕ ਕਿਨਾਰੇ ਖਡ਼ੇ ਇਕ ਮੋਟਰ ਸਾਈਕਲ ਲਾਗਿਓਂ ਕੱਢਣ ਲੱਗਾ ਤਾਂ ਰੇਹਡ਼ੀ ਉੱਪਰ ਲੱਦਿਆ ਸਰੀਆ ਮੋਟਰ ਸਾਈਕਲ ਨਾਲ ਖਹਿਣ ਲੱਗਿਆ।
           “ਦੇਖੀਂ ਬਜੁਰਗਾ! ਕਿਤੇ ਹੋਰ ਨੁਕਸਾਨ ਈ ਨਾ ਕਰਦੀਂ…ਇਕ ਪਾਸੇ ਕਰਕੇ ਕੱਢ ਲੈ…ਸਰੀਆ ਵੀ ਸਾਰੇ ਸ਼ਹਿਰ ਦਾ ਈ ਲੱਦੀ ਫਿਰਦੈਂ…।” ਮੋਟਰ ਸਾਈਕਲ ਦੀ ਫਿਕਰ ਵਿਚ, ਸ਼ਾਪਿੰਗ ਅੱਧ ਵਿਚਾਲੇ ਛੱਡ, ਮਾਸਟਰ ਮਿੰਦਰ ਸਿੰਘ ਸ਼ੋਰੂਮ ਵਿੱਚੋਂ ਤੇਜ਼ੀ ਨਾਲ ਬਾਹਰ ਆਉਂਦੇ ਹੋਏ ਬੋਲਿਆ।
           “ਸਾਸਰੀ ਕਾਲ ਮਾਸਟਰ ਜੀ…!”ਮਜ਼ਦੂਰ ਨੇ ਨਿਮਰਤਾ ਪੂਰਵਕ ਹੱਥ ਜੋਡ਼ਦਿਆਂ ਕਿਹਾ।
           “ਸਤਿ ਸ੍ਰੀ ਅਕਾਲ! ਬਜੁਰਗਾ, ਤੂੰ ਐਨਾ ਸਰੀਆ ਕਿਉਂ ਲੱਦਿਆ?…ਆਪਣੀ ਉਮਰ ਦਾ ਤਾਂ ਖਿਆਲ ਕਰਿਆ ਕਰ…।” ਮਜ਼ਦੂਰ ਦੀ ਧੌਲੀ ਦਾਡ਼੍ਹੀ ਤੇ ਖਸਤਾ ਸਿਹਤ ਵੱਲ ਵੇਖਦਿਆਂ ਮਾਸਟਰ ਜੀ ਨੇ ਆਪਣੀ ਡਾਈ ਕੀਤੀ ਦਾਡ਼੍ਹੀ ਤੇ ਹੱਥ ਫੇਰਦਿਆਂ ਹਮਦਰਦੀ ਭਰੇ ਲਹਿਜੇ ਵਿਚ ਕਿਹਾ।
           “ਮਾਸਟਰ ਜੀ…ਤੁਸੀਂ ਸ਼ੈਦ ਪਛਾਣਿਆ ਨੀਂ…ਤਾਹੀਓਂ ਮੈਨੂੰ ਬਾਰ-ਬਾਰ ਬਜ਼ੁਰਗ ਕਹੀ ਜਾਨੇ ਓਂ…ਮੈਂ ਬੰਤਾ ਆਂ…ਥੋਡਾ ਸ਼ਗਿਰਦ…ਰੁਡ਼ਕੀ ਪਿੰਡ ਦੇ ਵਿਹਡ਼ੇ ਆਲਾ…।” ਪਰਨੇ ਨਾਲ ਮੁਡ਼੍ਹਕਾ ਸਾਫ ਕਰਦਿਆਂ ਮਜ਼ਦੂਰ ਨੇ ਕਿਹਾ।
           ਭੀਡ਼ ਦੇ ਧੱਕਿਆਂ ਕਾਰਨ ਬੰਤਾ ਰੇਹਡ਼ੀ ਧੱਕਦਾ ਅੱਗੇ ਹੋ ਗਿਆ ਅਤੇ ਮਾਸਟਰ ਜੀ ਧੱਕਿਆਂ ਤੋਂ ਬੇਸੁਧ ਖਡ਼ੇ ਪੰਦਰਾਂ-ਵੀਹ ਸਾਲ ਪਹਿਲੇ ਉਹਨਾਂ ਦਿਨਾਂ ਬਾਰੇ ਸੋਚਣ ਲੱਗੇ ਜਦੋਂ ਬੰਤਾ ਦਸਵੀਂ ਜਮਾਤ ਦਾ ਹੋਣਹਾਰ ਵਿਦਿਆਰਥੀ ਸੀ।
                                                                             -0-

Monday, July 19, 2010

ਕਾਲੀ ਧੁੱਪ




ਵਰਿਆਮ ਸੰਧੂ


ਤਿੱਖਡ਼ ਦੁਪਹਿਰ। ਕਿਰਨਾਂ ਦੇ ਮੂੰਹ ਵਿੱਚੋਂ ਅੱਗ ਵਰ੍ਹਦੀ ਪਈ ਸੀ।
ਸਵੇਰੇ ਸੂਰਜ ਚਡ਼੍ਹਨ ਤੋਂ ਪਹਿਲਾਂ ਦੀਆਂ, ਦੋਵੇਂ ਮਾਵਾਂ-ਧੀਆਂ, ਪੈਲੀ-ਪੈਲੀ ਫਿਰ ਕੇ ਕਣਕ ਦੇ ਵੱਢਾਂ ਵਿੱਚੋਂ ਸਿੱਟੇ ਚੁਣ ਰਹੀਆਂ ਸਨ। ਸਾਰੇ ਦਿਨ ਦੀ ਹੱਡ-ਭੰਨਵੀਂ ਮਿਹਨਤ ਕਰਕੇ ਮਸਾਂ ਰਾਤ ਦੇ ਇਕ ਡੰਗ ਦੀ ਰੋਟੀ।
ਬੁਢਡ਼ੀ ਮਾਂ ਥੱਕ ਕੇ ਵੱਢ ਦੇ ਕਿਨਾਰੇ ਇਕ ਛੋਟੀ ਜਿਹੀ ਬੇਰੀ ਹੇਠਾਂ ਬੈਠ ਗਈ। ਪਰ ਧੀ ਸਿੱਟੇ ਚੁਣਦੀ ਜਾ ਰਹੀ ਸੀ, ਚੁਣਦੀ ਜਾ ਰਹੀ ਸੀ। ਪਸੀਨਾ ਚੋ ਚੋ ਕੇ ਉਸਦੇ ਸਾਂਵਲੇ ਰੰਗ ਵਿਚ ਘੁਲਦਾ ਜਾ ਰਿਹਾ ਸੀ।
ਪਰੇ ਸਡ਼ਕ ਉੱਤੋਂ ਉੱਤਰ ਕੇ, ਡੰਡੀ ਡੰਡੀ, ਮਹਿਲਾਂ ਵਾਲੇ ਸਰਦਾਰਾਂ ਦੀਆਂ ਦੋਵੇਂ ਕੁਡ਼ੀਆਂ ਸ਼ਹਿਰੋਂ ਪਡ਼੍ਹ ਕੇ ਮੁਡ਼ ਰਹੀਆਂ ਸਨ। ਕਾਲੀਆਂ ਐਨਕਾਂ ਲਾਈ, ਛਤਰੀਆਂ ਤਾਣੀ। ਫਿੱਟ ਕਪਡ਼ਿਆਂ ਵਿਚ ਉਹਨਾਂ ਦੇ ਸ਼ਰੀਰ ਦੀਆਂ ਗੁਲਾਈਆਂ ਮੱਛੀਆਂ ਵਾਂਗ ਮਚਲ ਰਹੀਆਂ ਸਨ। ਰੁਮਾਲਾਂ ਨਾਲ ਮੂੰਹ ਨੂੰ ਹਵਾ ਦਿੰਦੀਆਂ, ਆਪੋ ਵਿਚ ਗੱਲਾਂ ਕਰਦੀਆਂ ਖਿਡ਼ ਖਿਡ਼ ਹੱਸਦੀਆਂ, ਉਹ ਉਹਨਾਂ ਕੋਲੋਂ ਗੁਜ਼ਰ ਗਈਆਂ।
ਧੀ ਉਹਨਾਂ ਨੂੰ ਜਾਂਦਿਆਂ ਕਿੰਨਾਂ ਚਿਰ ਪਿੱਛੋਂ ਵੇਖਦੀ ਰਹੀ। ਪਸੀਨਾ ਉਸ ਦੇ ਸਿਰ ਤੋਂ ਲੈ ਕੇ ਪੈਰਾਂ ਤਾਈਂ ਚੋ ਰਿਹਾ ਸੀ। ਉਹਦੇ ਲੱਕ ਵਿੱਚੋਂ ਥਕਾਵਟ ਨਾਲ ਪੀਡ਼ਾਂ ਨਿਕਲ ਰਹੀਆਂ ਸਨ। ਢਿੱਡ ਵਿਚ ਭੁੱਖ ਨਾਲ ਵੱਟ ਪੈ ਰਹੇ ਸਨ। ਪਿੰਡੇ ਵਿਚ ਜਿਵੇਂ ਸੂਈਆਂ ਚੁਭ ਰਹੀਆਂ ਹੋਣ। ਉਸਨੂੰ ਲੱਗਾ ਜਿਵੇਂ ਉਹ ਹੁਣੇ ਡਿੱਗ ਪਵੇਗੀ। ਕਾਹਲੀ ਕਾਹਲੀ ਉਹ ਮਾਂ ਦੇ ਕੋਲ ਬੇਰੀ ਹੇਠਾਂ ਜਾ ਕੇ ਬੈਠ ਗਈ। ਬੇਰੀ ਦੇ ਪੱਤਿਆਂ ਦੀਆਂ ਵਿਰਲਾਂ ਰਾਹੀਂ ਧੁੱਪ ਛਣ ਛਣ ਕੇ ਪੈ ਰਹੀ ਸੀ।
ਟਾਕੀਆਂ ਲੱਗੀ ਸਲਵਾਰ ਨੂੰ ਉਸ ਗਿੱਟਿਆਂ ਤੋਂ ਉਤਾਂਹ ਚੁੱਕਿਆ। ਫਿਰ ਪਾਟੀ ਚੁੰਨੀ ਨਾਲ ਮੁਡ਼੍ਹਕਾ ਪੂੰਝਿਆ। ਉਹਦੇ ਸਰੀਰ ਦਾ ਅੰਗ ਅੰਗ ਥਕਾਵਟ ਵਿਚ ਨਿੰਦਰਾਇਆ ਪਿਆ ਸੀ। ਉਸ ਦਾ ਜੀਅ ਕੀਤਾ, ਛਾਵੇਂ ਲੰਮੀ ਪੈ ਜਾਵੇ। ਸੌਂ ਜਾਵੇ…

ਤੇ ਫਿਰ ਪਤਾ ਨਹੀਂ, ਮਹਿਲਾਂ ਵਾਲੀਆਂ, ਦੂਰ ਪਿੰਡ ਵਡ਼ਦੀਆਂ ਕੁਡ਼ੀਆਂ ਦੀਆਂ ਪਿੱਠਾਂ ’ਤੇ ਨਜ਼ਰ ਗੱਡੀ ਉਸ ਨੂੰ ਕੀ ਖਿਆਲ ਆਇਆ। ਮਾਂ ਨੂੰ ਪੁੱਛਣ ਲੱਗੀ, “ਮਾਂ ਨੀ ਮਾਂ! ਭਲਾ ਜਵਾਨੀ ਕਦੋਂ ਕੁ ਆਉਂਦੀ ਹੈ?”
ਬੁੱਢਡ਼ੀ ਮਾਂ ਨੇ ਚੁੱਚੀਆਂ ਅੱਖਾਂ ਵਿੱਚੋਂ ਧੀ ਦੇ ਚਿਹਰੇ ਵੱਲ ਡੂੰਘਾ ਤੱਕਿਆ। ਫਿਰ ਜਿਵੇਂ ਕੋਈ ਫਿਲਾਸਫਰ ਬੋਲਦਾ ਹੈ, “ਪੁੱਤ! ਜਦੋਂ ਬਹੁਤ ਹਾਸਾ ਆਵੇ। ਖਿਡ਼ ਖਿਡ਼ਾ ਕੇ – ਬਿਨਾਂ ਕਿਸੇ ਗੱਲ ਤੋਂ…।”
ਕੁਡ਼ੀ ਦੇ ਬੋਲਾਂ ਵਿਚ ਜਿਵੇਂ ਸਾਰੇ ਜਹਾਨ ਦਾ ਦਰਦ ਇਕੱਠਾ ਹੋ ਗਿਆ, “ਹਾਇ! ਹਾਇ!…ਨੀ ਮਾਂ ਇਹ ਤਾਂ ਪਿਛਲੇ ਸਾਲ ਬਡ਼ਾ ਆਇਆ ਸੀ…।” ਹੱਥ ਵਿਚ ਫਡ਼ਿਆ ਸਿੱਟਾ ਉਸ ਉਂਗਲਾਂ ਵਿਚ ਜ਼ੋਰਾਂ ਦੀ ਮਲ ਦਿੱਤਾਂ।
ਦੂਰ ਤੱਕ ਚਾਰੇ ਪਾਸੇ ਕਾਲੀ ਧੁੱਪ ਧਰਤੀ ਦਾ ਪਿੰਡਾ ਲੂਹ ਰਹੀ ਸੀ।
                                                   -0-

Monday, July 12, 2010

ਕਾਲਾ ਕੁੱਤਾ

ਡਾ. ਹਰਜੀਤ ਸਿੰਘ ਸੱਧਰ

ਆਪਣੇ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਨਿਕਲ ਕੇ, ਨਾਲ ਦੇ ਪਿੰਡ ਨੂੰ ਜਾਂਦੀ ਪਹੁੰਚ ਸਡ਼ਕ ’ਤੇ ਚਲਦਿਆਂ ਅਜੇ ਡੇਢ ਕਿਲੋਮੀਟਰ ਵੀ ਤਹਿ ਨਹੀਂ ਕੀਤਾ ਹੋਣਾ ਕਿ ਸਡ਼ਕ ਦੇ ਕਿਨਾਰੇ ਖਡ਼ੀ ਇਕ ਔਰਤ ਦੀ ਆਵਾਜ਼ ਕੰਨੀਂ ਪਈ, “ਬਚਾਓ ਵੇ ਮੁੰਡਿਓ ਉਸ ਗਰੀਬ ਨੂੰ! ਵਿਚਾਰਾ ਕਦੋਂ ਤਕ ਝਾਡ਼ੀਆਂ ’ਚ ਲੁਕਦਾ ਫਿਰੂ! ਰੋਕੋ ਏਸ ਦੈਂਤ ਨੂੰ…।”
ਮੈਂ ਸਕੂਟਰ ਰੋਕ ਲਿਆ। ਔਰਤ ਦੇ ਹੱਥ ਅਤੇ ਅੱਖਾਂ ਦੀ ਦਿਸ਼ਾ ਵੱਲ ਨਜ਼ਰ ਦੁਡ਼ਾਈ। ਦੇਖਿਆ ਕਿ ਇਕ ਆਦਮੀ ਦੋ-ਤਿੰਨ ਮੁੰਡਿਆਂ ਨੂੰ ਨਾਲ ਲੈ ਕੇ ਉੱਖਡ਼ਵੀਂ ਚਾਲ ਦੌਡ਼ਦੇ ਇਕ ਖਰਗੋਸ਼ ਨੂੰ, ਇਕ ਕਾਲੇ ਕੁੱਤੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਕੁੱਤੇ ਤੋਂ ਬਚਣ ਲਈ ਮੋਡ਼-ਘੋਡ਼ ਪਾ ਕੇ ਦੌਡ਼ਦਾ ਹੋਇਆ ਖਰਗੋਸ਼, ਹੱਫਿਆ ਹੋਇਆ ਉਸ ਆਦਮੀ ਦੇ ਪੈਰਾਂ ਵਿਚ ਆ ਕੇ ਡਿੱਗ ਪਿਆ। ਨਾਲ ਦੇ ਮੁੰਡਿਆਂ ਨੇ ਲਪਕ ਕੇ ਆ ਰਹੇ ਕਾਲੇ ਕੁੱਤੇ ਨੂੰ ਡੰਡੇ ਮਾਰ ਕੇ ਭਜਾ ਦਿੱਤਾ।
ਜ਼ੋਰ-ਜ਼ੋਰ ਦੀ ਧਡ਼ਕ ਰਿਹਾ ਮੇਰਾ ਦਿਲ ਇਕਦਮ ਉਤਸੁਕਤਾ ਭਰਪੂਰ ਤਣਾਉ ਤੋਂ ਮੁਕਤ ਹੋ ਗਿਆ। ਉਸ ਆਦਮੀ ਅਤੇ ਔਰਤ ਨੇ ਖਰਗੋਸ਼ ਨੂੰ ਪਾਣੀ ਪਿਲਾ ਕੇ, ਪੁਚਕਾਰ ਕੇ, ਸਾਧਾਰਨ ਹਾਲਤ ਵਿਚ ਲਿਆਂਦਾ।
“ਇਸ ਦਾ ਮਤਲਬ, ਅਜੇ ਵੀ, ਕਿਤੇ ਰੱਬ ਵਸਦਾ ਹੈ।” ਇਕ ਨਿਰਦੋਸ਼ ਜੀਵ ਦੀ ਜਾਨ ਬਚਾਉਣ ਵਾਲਿਆਂ ਨੂੰ ਮੈਂ ਇਹੀ ਸ਼ਾਬਾਸ਼ ਦੇ ਸਕਦਾ ਸੀ। ਇੰਨਾ ਆਖ ਕੇ ਮੈਂ ਫਿਰ ਸਕੂਟਰ ਤੇ ਸਵਾਰ ਹੋ ਗਿਆ ਤੇ ਉਹ ਔਰਤ ਵੀ ਸ਼ੁਕਰ ਸ਼ੁਕਰ ਕਰਦੀ ਉੱਥੋਂ ਤੁਰ ਪਈ।
ਦੋ ਕੁ ਘੰਟਿਆਂ ਬਾਅਦ ਜਦੋਂ ਮੈੰ ਵਾਪਿਸ ਆ ਰਿਹਾ ਸੀ ਤਾਂ ਉਸੇ ਹੀ ਥਾਂ ਤੋਂ ਥੋਡ਼ੀ ਦੂਰ ਸਡ਼ਕ ਕਿਨਾਰੇ ਬਣੇ ਇਕ ਮਕਾਨ ਕੋਲ ਖਡ਼ੇ ਉਸੇ ਆਦਮੀ ਨੇ ਹੱਥ ਦੇ ਕੇ ਮੇਰਾ ਸਕੂਟਰ ਰੋਕ ਲਿਆ। ਕਹਿਣ ਲੱਗਾ, “ਸਰਦਾਰ ਜੀ, ਆ ਜਾਓ, ਰੋਟੀ ਖਾ ਕੇ ਜਾਣਾ, ਬਹੁਤ ਹੀ ਸੁਆਦੀ ਬਣਿਆ ਜੇ!”
“ਕੀ?” ਮੈਂ ਪੁੱਛਿਆ।
“ਓਹੀਓ…ਖਰਗੋਸ਼।”
ਮੈਨੂੰ ਲੱਗਾ ਜਿਵੇਂ ਕਾਲਾ ਕੁੱਤਾ ਅਜੇ ਵੀ ਉੱਥੇ ਹੀ ਖਡ਼ਾ ਹੋਵੇ, ਮੇਰੇ ਕੋਲ।
                                                              -0-

Sunday, July 4, 2010

ਖੁਸ਼ੀ ਦੀ ਸੌਗਾਤ


       


ਸੁਧੀਰ ਕੁਮਾਰ ਸੁਧੀਰ

ਬਾਬੂ ਗਿਆਨ ਚੰਦ ਦੀ ਥੋਡ਼੍ਹੀ ਤਨਖਾਹ ਅਤੇ ਪਰਿਵਾਰ ਦੀ ਪੂਰੀ ਕਬੀਲਦਾਰੀ ਸੀ। ਹਰ ਮਹੀਨੇ ਤਨਖਾਹ ਮਿਲਦੀ ਤਾਂ ਦੁਕਾਨਾਂ ਦੇ ਢੇਰ ਸਾਰੇ ਬਿੱਲ ਤੇ ਹੋਰ ਖਰਚੇ ਆ ਨਿਕਲਦੇ। ਤਨਖਾਹ ਵਿੱਚੋਂ ਕੁਝ ਬਚਾ ਸਕਨਾ ਔਖਾ ਕਾਰਜ ਜਾਪਦਾ। ਮਾਂ ਦੀ ਦਵਾਈ, ਬੱਚਿਆਂ ਦੀ ਫੀਸ, ਰਾਸ਼ਨ ਤੇ ਦੁੱਧ ਦੇ ਬਿੱਲ, ਮਕਾਨ ਦਾ ਕਿਰਾਇਆ ਤੇ ਹੋਰ ਨਿੱਕ ਸੁੱਕ ਵਿਚ ਹੀ ਪੂਰੀ ਤਨਖਾਹ ਲੱਗ ਜਾਂਦੀ ਸੀ। ਬੱਚਿਆਂ ਦੀਆਂ ਫਰਮਾਇਸ਼ਾਂ ਤੋਂ ਡਰਦਾ ਉਹ ਉਹਨਾਂ ਨੂੰ ਬਾਜ਼ਾਰ ਲੈ ਜਾਣ ਤੋਂ ਝਿਜਕਦਾ ਸੀ। ਪਿਛਲੇ ਕਈ ਮਹੀਨਿਆਂ ਤੋਂ ਉਹਦੀ ਪਤਨੀ ਇਕ ਸਾਡ਼ੀ ਦੀ ਮੰਗ ਕਰਦੀ ਆ ਰਹੀ ਸੀ। ਲੇਕਿਨ ਹੱਥ ਸੌਖਾ ਨਾ ਹੋਣ ਕਾਰਨ, ਟਾਲ ਮਟੋਲ ਹੁੰਦੀ ਆਈ।
ਉਹਨੂੰ ਆਪਣੀ ਪਤਨੀ ਨਾਲ ਬਾਜ਼ਾਰ ਗਿਆਂ ਮੁੱਦਤ ਹੀ ਹੋ ਗਈ ਸੀ। ਅੱਜ ਤਨਖਾਹ ਮਿਲੀ ਤਾਂ ਉਸਦੀ ਪਤਨੀ ਉਸ ਨਾਲ ਮੰਦਰ ਜਾਣ ਲਈ ਬਜਿੱਦ ਹੋ ਗਈ।
ਮੰਦਰ ਜਾਣ ਲਈ ਤੁਰੇ ਤਾਂ ਬਾਬੂ ਗਿਆਨ ਚੰਦ ਨੂੰ ਖਿਆਲ ਆਇਆ, ‘ਮੰਦਰ ਦਾ ਤਾਂ ਬਹਾਨਾ ਹੈ, ਜਦੋਂ ਵਾਪਸ ਪਰਤਾਂਗੇ ਤਾਂ ਬਾਜ਼ਾਰ ਵਿਚ ਇਹ ਸਾਡ਼ੀ ਲੈਣ ਲਈ ਆਖੇਗੀ। ਸਾਡ਼ੀ ਕਿੱਥੋਂ…? ਪੂਰਾ ਬੱਜਟ ਹਿਲ ਜਾਵੇਗਾ। ਪੂਰਾ ਮਹੀਨਾ ਕਿਵੇਂ…?’
ਤਦੇ ਉਸਦੀ ਪਤਨੀ ਨੇ ਉਸਦੀ ਬਾਂਹ ਹਿਲਾਈ ਤੇ ਬੋਲੀ, “ ਦੇਖੋ ਬਾਜ਼ਾਰ ਵਿਚ ਕਿੰਨੀ ਰੌਣਕ ਹੈ! ਕਦੇ ਕਦੇ ਬਾਜ਼ਾਰ ਲੈ ਆਇਆ ਕਰੋ…ਜ਼ਰੂਰੀ ਨਹੀਂ ਕਿ ਬਾਜ਼ਾਰ ਕੁਝ ਖਰੀਦੋ-ਫਰੋਕਤ ਕਰਨ ਈ ਆਇਆ ਜਾਵੇ।”
ਪਤਨੀ ਦੀ ਗੱਲ ਸੁਣ ਕੇ ਬਾਬੂ ਗਿਆਨ ਚੰਦ ਦਾ ਉਤਰਿਆ ਚਿਹਰਾ ਸੁਰਖ ਹੋ ਗਿਆ ਅਤੇ ਆਪਣੀ ਪਤਨੀ ਦਾ ਹੱਥ ਘੁਟਦਿਆਂ ਉਹ ਬੋਲਿਆ, “ਹਾਂ, ਤੂੰ ਠੀਕ ਕਹਿੰਦੀ ਐਂ। ਬਾਜ਼ਾਰ ਵਿਚ ਖੁਸ਼ੀ ਤਾਂ ਮੁੱਲ ਨਹੀਂ ਵਿਕਦੀ।”
ਦੋਵੇਂ ਪਤੀ-ਪਤਨੀ ਮੰਦਰ ਹੋ ਕੇ ਘਰ ਨੂੰ ਵਾਪਸ ਪਰਤ ਆਏ।
                                                      -0-