-moz-user-select:none; -webkit-user-select:none; -khtml-user-select:none; -ms-user-select:none; user-select:none;

Friday, June 25, 2010

ਹੰਝੂ



ਮੀਤ ਖਟਡ਼ਾ

           ਤਿਖਡ਼ ਦੁਪਹਿਰ ਸੀ। ਹਵਾ ਬੁਲ੍ਹਿਆਂ ਵਿਚ ਬੰਦ ਹੋ ਕੇ ਆ ਰਹੀ ਸੀ। ਇਕ ਬੁੱਢਡ਼ ਜਿਹਾ ਸਾਈਕਲ ਦੇ ਮਗਰ ਬੈਠੀ ਭਰ ਜਵਾਨ ਮੁਟਿਆਰ ਨੂੰ ਹੁਝਕੇ ਮਾਰ ਮਾਰ ਖਿੱਚ ਰਿਹਾ ਸੀ। ਕਦੇ ਉਹ ਸਾਈਕਲ ਨੂੰ ਅਗਾਂਹ ਤੋਰਨ ਲਈ ਇਕ ਪੈਡਲ ਉੱਤੇ ਸਾਰੇ ਦਾ ਸਾਰਾ ਝੁਕ ਜਾਂਦਾ, ਕਦੇ ਦੂਜੇ ਉੱਤੇ। ਹੁਝਕਿਆਂ ਨਾਲ ਸਾਈਕਲ ਸੱਪ ਵਾਂਗ ਮੇਲ੍ਹ ਮੇਲ੍ਹ ਤੁਰ ਰਿਹਾ ਸੀ। ਬੁੱਢਡ਼ਾ ਗਰਮੀ ਵਿਚ ਨੁਚਡ਼ਦਾ ਮਾਯੂਸ ਜਿਹਾ ਲੱਗ ਰਿਹਾ ਸੀ। ਕਦੇ ਕਦੇ ਉਹ ਪਿੱਠ ਪਿੱਛੇ ਵੀ ਝਾਤੀ ਮਾਰ ਲੈਂਦਾ ਤਾਂ ਵਸਮਾ ਲਾਈ ਖਤ ਕੱਢੀ ਦਾਡ਼੍ਹੀ ਵਿਚ ਹੱਥ ਫੇਰਦਾ ਤੇ ਤਿੱਖੀਆਂ ਮੁੱਛਾਂ ਨੂੰ ਖਡ਼ੀਆਂ ਕਰਨ ਦਾ ਯਤਨ ਕਰਦਾ। ਮੁਟਿਆਰ ਪਕੇ ਅੰਬ ਵਾਂਗ ਆਪਣੇ ਹੀ ਭਾਰ ਨਾਲ ਦੱਬੀ ਸਾਈਕਲ ਉੱਤੇ ਅਡੋਲ ਬੈਠੀ ਪਤਾ ਨਹੀਂ ਕਿਨ੍ਹਾਂ ਖਿਆਲਾਂ ਵਿਚ ਗੁੰਮ ਸੀ। ਅਚਾਨਕ ਮੋਡ਼ ਤੇ ਸਾਈਕਲ ਦਾ ਪਹੀਆ ਸਲਿੱਪ ਹੋ ਗਿਆ। ਮੁਟਿਆਰ ਸਡ਼ਕ ਉੱਤੇ ਚੌਫਾਲ ਡਿੱਗ ਪਈ ਤੇ ਬੁੱਢਡ਼ਾ ਸਾਈਕਲ ਦੇ ਭਾਰ ਥੱਲੇ ਦੱਬਿਆ ਗਿਆ।
         “ਓਏ ਬੁਡ਼੍ਹਿਆ! ਕਿਸੇ ਜਵਾਨ ਪੁੱਤ ਨੂੰ ਭੇਜ ਦਿੰਦਾ। ਤੇਥੋਂ ਹੁਣ ਇਹ ਖਿੱਚ ਹੁੰਦੀ ਐ?” ਕੋਲ ਖਡ਼ੇ ਜਵਾਨ ਤੋਂ ਰਿਹਾ ਨਾ ਗਿਆ ਤੇ ਸਾਈਕਲ ਥੱਲਿਓਂ ਬੁਢਡ਼ੇ ਨੂੰ ਕੱਢਣ ਲੱਗਾ।
         “ਕਿਉਂ ਭਾਈ! ਤੈਨੂੰ ਨੀਂ ਸੀ ਪਤਾ ਕਿ ਇਹ ਕਿਵੇਂ ਖਿੱਚੂ? ਨਾਲ ਲੈ ਕੇ ਤੁਰ ਪਈ ਏਂ।“
          ਮੁਟਿਆਰ ਦੇ ਤਾਂ ਜਿਵੇਂ ਕਿਸੇ ਨੇ ਖਿੱਚ ਕੇ ਬਰਛੀ ਮਾਰੀ ਹੋਵੇ। ਉਹ ਤਡ਼ਫ ਕੇ ਰਹਿ ਗਈ।
         “ਵੇ ਕਾਹਨੂੰ ਵੇ ਵੀਰਾ! ਮੈਂ ਕਿੱਥੇ ਆਪ ਲੈ ਕੇ ਤੁਰੀ ਆਂ। ਮਾਪਿਆਂ ਕੰਜਰਾਂ ਨੇ ਇਹਦੇ ਨਾਲ ਤੋਰ ਤੀ ਤਾਂ ਤੁਰ ਪਈ।” ਪਰਲ ਪਰਲ ਕਰਦੇ ਹੰਝੂ ਉਹਦੇ ਤਪਦੇ ਚਿਹਰੇ ਉੱਤੇ ਮੀਂਹ ਵਰ੍ਹਾ ਰਹੇ ਸਨ ਤੇ ਹਟਕੋਰਿਆਂ ਨਾਲ ਉਭਰਿਆ ਸੀਨਾ ਫਟ ਜਾਣਾ ਚਾਹੁੰਦਾ ਸੀ।
                                                                  -0-

Thursday, June 17, 2010

ਅਹਿਸਾਨ


                               
ਮਲਕੀਤ ਦਰਦੀ

“ਲੈ ਬਈ ਬਾਪੂ! ਹੁਣ ਬਣ ਗਿਆ ਨੌਕਰੀ ਦਾ ਜੁਗਾਡ਼…ਬਡ਼ੇ ਸਾਲਾਂ ਦੀ ਖੱਜਲ ਖੁਆਰੀ ਮੁੱਕੀ।” ਬਿੱਟੂ ਨੇ ਆਪਣੇ ਸਾਰੇ ਸਰਟੀਫਿਕੇਟਾਂ ਨੂੰ ਅਟੈਚੀਕੇਸ ਵਿਚ ਸੰਭਾਲਦਿਆਂ ਆਪਣੇ ਬਾਪੂ ਨੂੰ ਖੁਸ਼ੀ ਖੁਸ਼ੀ ਦਸਦਿਆਂ ਆਖਿਆ। ਇੰਜ ਲਗਦਾ ਸੀ, ਜਿਵੇਂ ਉਸ ਕੋਲੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ।
“ਪੁੱਤ, ਇਹੋ ਜਿਹਾ ਜੁਗਾਡ਼ ਕਿੱਥੋਂ ਬਣ ਗਿਆ?” ਦਿਲਾਵਰ ਸਿੰਘ ਨੇ ਧਾਰ ਕੱਢ ਪਹਿਲਣ ਝੋਟੀ ਨੂੰ ਥਾਪੀ ਦਿੰਦਿਆਂ ਪੁੱਛਿਆ।
“ਬਾਪੂ, ਕੱਲ੍ਹ ਮੈ ਲੁਧਿਆਣੇ ਕਚਹਿਰੀ ’ਚ ਆਪਣੀ ਇੰਟਰਵਿਊ ਦਾ ਪਤਾ ਕਰਨ ਗਿਆ ਸੀ। ਉੱਥੇ ਆਪਣੇ ਪਿੰਡ ਦੇ ਵਿਹਡ਼ੇ ਵਾਲੇ ਪਿਆਰੇ ਦਾ ਮੁੰਡਾ ਮਿਲ ਗਿਆ। ਉਹਨੇ ਆਪਣੇ ਸਹੁਰੇ, ਜੋ ਬਹੁਤ ਵੱਡਾ ਅਫਸਰ ਲੱਗਿਆ ਹੋਇਐ, ਕੋਲੋਂ ਟੈਲੀਫੋਨ ਕਰਵਾ ਕੇ ਮੈਨੂੰ ਹਰ ਹਾਲਤ ’ਚ ਨੌਕਰੀ ਦਾ ਭਰੋਸਾ ਦਿਵਾਇਆ…ਕੋਈ ਰਿਸ਼ਵਤ ਵਗੈਰਾ ਵੀ ਨਹੀਂ ਮੰਗੀ…।” ਬਿੱਟੂ ਨੇ ਇੱਕੋ ਸਾਹੇ ਸਾਰੀ ਕਹਾਣੀ ਦੱਸ ਦਿੱਤੀ।
“ਨਾ ਪੁੱਤ! ਇਹਦੇ ਨਾਲੋਂ ਤਾਂ ਰਿਸ਼ਵਤ ਦੀ ਈ ਗੱਲ ਕਰ ਲੈਂਦਾ। ਨੌਕਰੀ ਮਿਲੀ ਤੋਂ ਪੈਸੇ ਮੁਡ਼ ਆਉਣੇ ਨੇ…ਪਰ ਮੈਂ ਉਨ੍ਹਾਂ ਦਾ ਅਹਿਸਾਨ ਸਾਰੀ ਉਮਰ ਨਹੀਂ ਮੋਡ਼ ਸਕਦਾ।” ਦਿਲਾਵਰ ਸਿੰਘ ਨੇ ਆਪਣੀ ਚਿੱਟੀ ਪੱਗ ਨੂੰ ਠੀਕ ਕਰਦਿਆਂ ਆਖਿਆ।
“ਬਾਪੂ, ਉਹ ਕਿਵੇਂ?” ਬਿੱਟੂ ਇਕਦਮ ਹੈਰਾਨੀ ਨਾਲ ਆਪਣੇ ਬਾਪੂ ਵੱਲ ਦੇਖਣ ਲੱਗ ਪਿਆ।
“ਪੁੱਤ! ਇਹਨਾਂ ਦੇ ਪਿਓ ਦਾਦੇ ਨੇ ਆਪਣੇ ਘਰ ਸੀਰ ਕਮਾਇਐ।”
                                                    -0-

Thursday, June 10, 2010

ਪ੍ਰਤਾਪ


ਸੁਖਚੈਨ ਥਾਂਦੇਵਾਲਾ
“ਬਾਬੇ ਨਿੰਮੇ ਨੇ ਮਣਾ ਲਿਆ ਫੇਰ ਕੱਲ੍ਹ ਬਾਬੇ ਰਵੀਦਾਸ ਦਾ ਜਨਮ ਦਿਨ?” ਗਲੀ ਵਿਚ ਤੁਰੇ ਆਉਂਦੇ ਜ਼ੋਰੇ ਨੰਬਰਦਾਰ ਨੇ ਆਪਣੇ ਬੂਹੇ ਅੱਗੇ ਗਲੀ ਵਿਚ ਖੁੰਢ ਉੱਤੇ ਬੈਠੇ ਨਿੰਮੇ ਮੋਚੀ ਨੂੰ ਸਰਸਰੀ ਪੁੱਛਿਆ। ਨਿੰਮਾਂ ਪਹਿਲਾਂ ਸੇਪੀ ’ਤੇ ਸਾਰੇ ਪਿੰਡ ਦੀਆਂ ਜੁੱਤੀਆਂ ਗੰਢਣ ਦਾ ਕੰਮ ਕਰਦਾ ਸੀ। ਹੁਣ ਉਹਦੇ ਪੁੱਤ ਤੇ ਪੋਤਰੇ ਨੇ ਅੱਡੇ ਉੱਤੇ ਜੁੱਤੀਆਂ ਦੀ ਦੁਕਾਨ ਕਰ ਲਈ ਸੀ। ਨਿੰਮਾ ਸੁਰਤ ਸੰਭਾਲਣ ਵੇਲੇ ਤੋਂ ਹੀ ਅੰਮ੍ਰਿਤਧਾਰੀ ਸੀ। ਹੁਣ ਉਹ ਅਕਸਰ ਹੀ ਵਿਹਲਾ ਖੁੰਢ ਸਭਾਵਾਂ ਤੇ ਗੁਰਗਿਆਨ ਦੀਆਂ ਗੱਲਾਂ ਵਿਚ ਰੁੱਝਿਆ ਰਹਿੰਦਾ ਸੀ। ਉਹ ਹਰ ਸਾਲ ਆਪਣੇ ਘਰ ਵਿਚ ਗੁਰੂ ਰਵੀਦਾਸ ਦੇ ਜਨਮ ਦਿਨ ਉੱਤੇ ਸਹਿਜ-ਪਾਠ ਦਾ ਭੋਗ ਪਾਉਂਦਾ ਸੀ। ਉਹਦਾ ਨਾਂ ਤਾਂ ਨਿਰਮਲ ਸਿੰਘ ਸੀ, ਪਰੰਤੂ ਪਿੰਡ ਦੇ ਲੋਕ ਉਸ ਨੂੰ “ਬਾਬਾ ਨਿੰਮਾ’ ਕਹਿ ਕੇ ਬੁਲਾਉਂਦੇ ਸਨ ਤੇ ਪਿੱਠ ਪਿੱਛੇ ਉਸ ਨੂੰ ‘ਨਿੰਮਾ ਮੋਚੀ’ ਕਹਿ ਛੱਡਦੇ ਸਨ।
“ਹਮਾਤਡ਼ ਗਰੀਬਾਂ ਨੇ ਬਾਬੇ ਦਾ ਕੀ ਜਨਮ ਦਿਨ ਮਨਾਉਣੈ, ਨੰਬਰਦਾਰਾ। ਐਵੇਂ ਮੁੰਡੇ ਨੇ ਵੀਹਰ ਕੇ ਕਾਰਡ ਵੰਡਤੇ ਪਿੰਡ ’ਚ, ਅਖੇ ਪੁੰਨ-ਦਾਨ ਹੋ ਜੂਗਾ। ਲੰਗਰ ਵੀ ਵਾਹਵਾ ਬਣਾ ਲਿਆ, ਪਰ ’ਕੱਠ ਹੋਇਆ ਨਾ। ਫੇਰ ਅੱਡੇ ਤੇ ਬੱਸਾਂ ਰੋਕ-ਰੋਕ ਕੇ ਛਕਾਇਆ ਲੋਕਾਂ ਨੂੰ। ਦੇਗ ਵੀ ਵਧ ਗਈ
। ਜਲ-ਪ੍ਰਵਾਹ ਕਰਕੇ ਆਇਆ ਸਵੇਰੇ। ਸੱਚ! ਨੰਬਰਦਾਰਾ, ਤੂੰ ਵੀ ਨ੍ਹੀਂ ਬਹੁਡ਼ਿਆ ਐਤਕੀਂ।” ਨਿੰਮੇ ਨੇ ਨਿਹੋਰੇ ਨਾਲ ਸਾਰੀ ਵਿਥਿਆ ਸੁਣਾਈ।
“ਬਾਬਾ, ਮੇਰੇ ਤਾਂ ਕੁਡ਼ਮਾਚਾਰੀ ’ਚ ਮੌਤ ਹੋਗੀ ਸੀ। ਕਲ ਸਸਕਾਰ ’ਤੇ ਗਿਆ ਸੀ। ਨਹੀਂ ਤਾਂ ਮੈਂ ਤਾਂ ਜ਼ਰੂਰ ਆਉਂਦਾ ਹੁਨਾਂ ਐਂ ਭੋਗ ’ਤੇ।” ਨੰਬਰਦਾਰ ਆਪਣਾ ਸਪਸ਼ਟੀਕਰਨ ਦੇ ਕੇ ਫੇਰ ਬੋਲਿਆ, “ਬਾਬਾ, ਅੱਜ ਕਨੇਡਾ ਵਾਲਿਆਂ ਦੇ ਬੁਡ਼੍ਹੇ ਦੀ ਬਰਸੀ ’ਤੇ ਨ੍ਹੀਂ ਜਾਣਾ ਤੂੰ?”
“ਹਾਂ-ਹਾਂ, ਮੈਂ ਵੀ ਜਾਣੈ, ਤਿਆਰ ਆਂ।” ਨਿੰਮੇ ਨੇ ਸਾਫਾ ਮੋਢੇ ਤੇ ਰੱਖਿਆ ਤੇ ਉੱਠਦਿਆਂ ਬੋਲਿਆ, “ਨੰਬਰਦਾਰਾ, ਆਪਾਂ ਤਾਂ ਸਾਰੇ ਨਗਰ ਦੇ ਸਾਂਝੇ ਬੰਦੇ ਆਂ।” ਤੇ ਉਹ ਨੰਬਰਦਾਰ ਨਾਲ ਤੁਰ ਪਿਆ।
ਕਨੇਡਾ ਵਾਲਿਆਂ ਦੇ ਪਟਡ਼ੀ-ਫੇਰ ਇਲਾਕੇ ਤੋਂ ਬਹੁਤ ਲੋਕ ਪਹੁੰਚੇ ਹੋਏ ਸਨ।

ਕੋਠੀ ਦੇ ਸਾਹਮਣੇ ਖੁੱਲ੍ਹਾ ਮੈਦਾਨ ਕਾਰਾਂ, ਜੀਪਾਂ ਤੇ ਸਕੂਟਰਾਂ ਆਦਿ ਨਾਲ ਭਰਿਆ ਪਿਆ ਸੀ। ਰੰਗ-ਬਰੰਗੇ ਸ਼ਾਮਿਆਨੇ ਲੱਗੇ ਹੋਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਡਾਲ ਸੰਗਤ ਨਾਲ ਖਚਾਖਚ ਭਰਿਆ ਹੋਇਆ ਸੀ।
ਮੱਥਾ ਟੇਕਣ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ। ਪ੍ਰਸਿੱਧ ਰਾਗੀ ਜੱਥੇ ਕੀਰਤਨ ਕਰ ਰਹੇ ਸਨ। ਕਨੇਡਾ ਵਾਲਾ ਸਰਦਾਰ ਸ਼ਾਹੀ ਲਿਬਾਸ ਵਿਚ ਸੰਗਤ ਦਰਮਿਆਨ ਬਿਰਾਜਮਾਨ ਸੀ। ਨਿੰਮਾ ਲਾਈਨ ਵਿਚ ਖਡ਼੍ਹਾ, ਕੱਲ੍ਹ ਆਪਣੇ ਘਰ ਪਏ ਭੋਗ ਤੇ ਅੱਜ ਪੈ ਰਹੇ ਭੋਗ ਦੇ ਫਰਕ ਬਾਰੇ ਸੋਚਣ ਲੱਗ ਪਿਆ।ਸਾਰੀ ਸੰਗਤ ਉਦੋਂ ਹੈਰਾਨ ਰਹਿ ਗਈ, ਜਦੋਂ ਨਿੰਮੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਫੇਰ ਕਨੇਡਾ ਵਾਲੇ ਸਰਦਾਰ ਨੂੰ ਜਾ ਮੱਥਾ ਟੇਕਿਆ। ਸਰਦਾਰ ਨੇ ਦੋਹਾਂ ਹੱਥਾਂ ਨਾਲ ਰੋਕਦਿਆਂ ਕਿਹਾ, “ਬਾਬਾ, ਤੂੰ ਤਾਂ ਪੁਰਾਣਾ ਅੰਮ੍ਰਿਤਧਾਰੀ ਸਿੰਘ ਐਂ, ਤੈਨੂੰ ਤਾਂ ਪਤਾ ਈ ਐ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਹੁੰਦਾ। ਫੇਰ ਮੇਰੇ ’ਤੇ ਕਿਉਂ ਭਾਰ ਚਾਡ਼੍ਹਦੈਂ।”
ਅੱਗੋਂ ਨਿੰਮੇ ਨੇ ਦੋਵੇਂ ਹੱਥ ਜੋਡ਼ ਕੋ ਗਿਹਾ, “ਨਹੀਂ ਸਰਦਾਰਾ, ਸਾਰਾ ਤੇਰਾ ਈ ਪ੍ਰਤਾਪ ਐ। ਗੁਰੂ ਗ੍ਰੰਥ ਸਾਹਿਬ ਦਾ ਭੋਗ ਤਾਂ ਹਮਾਤਡ਼ ਦੇ ਘਰ ਵੀ ਪਿਆ ਸੀ। ਸਾਰੇ ਨਗਰ ਵਿਚ ਘਰ-ਘਰ ਕਾਰਡ ਵੀ ਵੰਡੇ ਸਨ, ਪਰ ਮਸਾਂ ਹੀ ਕੋਈ ਟਾਵਾਂ-ਟੱਲਾ ਅਪਡ਼ਿਆ।”
-0-

Friday, June 4, 2010

ਕ…ਕੀ…ਈ…?



ਅਨਵੰਤ ਕੌਰ


ਨੂੰਹ ਦੇ ਹੱਥ ਵਿੱਚੋਂ ਕੱਚ ਦੇ ਭਾਂਡਿਆਂ ਵਾਲੀ ਟ੍ਰੇਅ ਡਿੱਗ ਪਈ। ਕਸੂਰ ਉਸ ਦਾ ਨਹੀਂ ਸੀ। ਚਿੱਟੇ ਮਾਰਬਲ ਦੇ ਫਰਸ਼ ਉੱਤੇ ਡੁੱਲ੍ਹਿਆ ਪਾਣੀ ਉਸ ਦੀ ਨਜ਼ਰੀਂ ਨਹੀਂ ਸੀ ਪਿਆ। ਪੈਰ ਤਿਲਕ ਗਿਆ। ਆਪ ਤਾਂ ਕਿਸੇ ਤਰ੍ਹਾਂ ਸੰਭਲ ਗਈ, ਪਰ ਟ੍ਰੇਅ ਡਿੱਗ ਪਈ। ਕੱਚ ਦੇ ਦੋ ਗਲਾਸ ਅਤੇ ਦੋ ਪਲੇਟਾਂ ਟੁੱਟ ਗਈਆਂ।

ਖਡ਼ਾਕ ਸੁਣ ਕੇ ਹਰ ਸਮੇਂ ਗੋਡਿਆਂ ਦੇ ਦਰਦ ਦਾ ਰੋਣਾ ਰੋਣ ਵਾਲੀ ਸੱਸ ਭੱਜਦੀ ਹੋਈ ਆਈ। ਕੱਚ ਦੇ ਟੁਕਡ਼ਿਆਂ ਜਿਤਨੇ ਹੀ ਗਾਲ੍ਹਾਂ ਦੇ ਟੁਕਡ਼ੇ ਉਸ ਦੀ ਜ਼ਬਾਨ ਵਿੱਚੋਂ ਗੋਲੀਆਂ ਵਾਂਗ ਡਿੱਗਣ ਲੱਗੇ, “ਨੀ ਇਸ ਘਰ ਦੀਏ ਦੁਸ਼ਮਣੇ, ਤੇਰਾ ਕੱਖ ਨਾ ਰਹੇ। ਤੂੰ ਮੇਰੇ ਘਰ ਦਾ ਬੇਡ਼ਾ ਗਰਕ ਕਰਕੇ ਰਹੇਂਗੀ। ਭੁਖਿਆਂ ਦੀਏ ਓਲਾਦੇ, ਪਿੱਛੇ ਕੁਝ ਵੇਖਿਆ ਨੀ, ਹੁਣ ਇਹ ਭਰਿਆ ਘਰ ਤੇਥੋਂ ਜਰ ਨਹੀਂ ਹੁੰਦਾ। ਇੰਜ ਕਰ, ਜਿਹਡ਼ੀ ਕਰਾਕਰੀ ਅਲਮਾਰੀ ’ਚ ਪਈ ਐ, ਉਹ ਵੀ ਲੈ ਆ ਤੇ ਸਾਰੀ ਇਕੋ ਵਾਰ ਤੋਡ਼ ਦੇ। ਜਦ ਤਕ ਇਕ ਵੀ ਪਲੇਟ ਤੈਨੂੰ ਸਬੂਤੀ ਨਜ਼ਰ ਆਵੇਗੀ, ਤੇਥੋਂ ਜਰ ਨਹੀਂ ਹੋਣੀ।”

ਪਤਨੀ ਦੀ ਕੁਰਖਤ ਆਵਾਜ਼ ਅਤੇ ਗਾਹਲਾਂ ਸੁਣਕੇ ਸਹੁਰਾ ਵੀ ਆਪਣੇ ਕਮਰੇ ਵਿੱਚੋਂ ਨਿਕਲ ਆਇਆ। ਕੁਝ ਪੁੱਛਣ ਦੀ ਲੋਡ਼ ਨਹੀਂ ਸੀ। ਕੱਚ ਦੇ ਟੁਕਡ਼ੇ, ਨੂੰਹ ਦੀਆਂ ਅੱਖਾਂ ਦੇ ਅਥਰੂ ਅਤੇ ਪਤਨੀ ਦੀਆਂ ਗਾਹਲਾਂ ਸਭ ਕੁਝ ਦੱਸ ਰਹੀਆਂ ਸਨ। ਉਹ ਬੋਲੇ, “ਇਸ ਦਾ ਕੀ ਕਸੂਰ ਐ? ਪੈਰ ਤਾਂ ਕਿਸੇ ਦਾ ਵੀ ਫਿਸਲ ਸਕਦੈ। ਗਲਾਸ ਈ ਨੇ, ਹੋਰ ਆ ਜਾਣਗੇ।”

“ਤੁਸੀਂ ਤਾਂ ਜਬਾਨ ਹਿਲਾ ਦਿੱਤੀ, ਹੋਰ ਆ ਜਾਣਗੇ। ਮਹੀਨੇ ’ਚ ਇਕ ਵਾਰ ਤਨਖਾਹ ਲਿਆ ਕੇ ਦੋਵੇਂ ਪਿਓ-ਪੁੱਤ ਫਡ਼ਾ ਦਿੰਦੇ ਓ। ਪਰ ਮੈਨੂੰ ਈ ਪਤੈ, ਇਸ ਮਹਿੰਗਾਈ ਦੇ ਜ਼ਮਾਨੇ ’ਚ ਘਰ ਦਾ ਖਰਚ ਕਿੰਜ ਚਲਾਂਦੀ ਆਂ। ਮੈਂ ਤਾਂ ਤੀਹ ਦਿਨ ਪਾਈ-ਪਾਈ ਸੋਚ ਕੇ ਖਰਚਣੀ ਹੁੰਦੀ ਐ।”

“ਓਹੋ! ਇਸ ਪਾਸੇ ਤਾਂ ਅਸਾਂ ਕਦੇ ਸੋਚਿਆ ਈ ਨਹੀਂ। ਅੱਜ ਤੋਂ ਤੈਨੂੰ ਔਖਿਆਂ ਹੋਣ ਦੀ ਲੋਡ਼ ਨਹੀਂ। ਪਡ਼੍ਹੀ-ਲਿਖੀ ਨੂੰਹ ਘਰ ਆਈ ਐ। ਆਪੇ ਬਜਟ ਬਣਾ ਕੇ ਘਰ ਤੋਰ ਲਵੇਗੀ। ਅੱਗੇ ਤੋਂ ਤਨਖ਼ਾਹ ਇਸ ਦੇ ਹੱਥ ਵਿਚ ਦੇ ਦਿਆ ਕਰਾਂਗੇ।”

“ਕ…ਕੀ…ਈ…?

-0-

Saturday, May 22, 2010

ਰੁੱਸੀਆਂ ਆਂਦਰਾਂ



-->ਬਲਦੇਵ ਸਿੰਘ ਖਹਿਰਾ
ਲੰਮੇ ਸਮੇਂ ਤੋਂ ਬਾਅਦ ਘਰ ਦੇ ਸਾਰੇ ਜੀਅ, ਦੋ ਭੈਣਾ ਤੇ ਤਿੰਨ ਭਰਾ ਆਪਣੇ ਪਰਿਵਾਰਾਂ ਸਮੇਤ ਇਕੱਠੇ ਹੋਏ। ਮਾਹੌਲ ਬਡ਼ਾ ਗਮਗੀਨ ਤੇ ਸੰਜੀਦਾ ਸੀ। ਖਾਮੋਸ਼ੀ ਨੂੰ ਤੋਡ਼ਦਿਆਂ ਵੱਡੀ ਭੈਣ ਤਰੁਣਾ ਨੇ ਕਿਹਾ, “ਵੀਰੇ! ਯਾਦ ਐ? ਛੋਟੇ ਹੁੰਦੇ ਲੁਕਣਮੀਚੀ ਖੇਡਦਿਆਂ ਮੈਂ ਉਸ ਅਲਮਾਰੀ ‘ਤੇ ਚਡ਼੍ਹ ਕੇ ਲੁਕ ਗਈ ਤੇ ਫਿਰ ਉੱਥੇ ਈ ਸੌਂ ਗਈ ਸੀ।”
ਵੱਡੇ ਭਰਾ ਵਰੁਣ ਦੇ ਮੂੰਹ ’ਤੇ ਫਿੱਕੀ ਜਿਹੀ ਮੁਸਕਾਨ ਆਈ। ਉਸ ਤੋਂ ਛੋਟੀ ਕਰੁਣਾ ਸਭ ਤੋਂ ਛੋਟੇ ਕਰਣ ਦੇ ਮੌਢੇ ਉੱਤੇ ਹੱਥ ਰੱਖ ਕੇ ਬੋਲੀ, “ਤੇ ਇਹ ਭੋਲਾ ਬਾਦਸ਼ਾਹ ਆਪਣੀ ਖੇਡ ‘ਚ ਐਵੇਂ ਈ ਵੱਜਦਾ ਫਿਰਦਾ ਹੁੰਦਾ ਸੀ। ਇਹਨੂੰ ਕਹਿਣਾ ਲੁਕ ਜਾ, ਤਾਂ ਇਹ ਜਾ ਕੇ ਕੋਨੇ ‘ਚ ਖਡ਼ੋ ਜਾਂਦਾ ਤੇ ਅੱਖਾਂ ਮੀਟ ਲੈਂਦਾ।”
ਗਮ ਦੇ ਬੱਦਲ ਕੁਝ ਛਟਣ ਲੱਗੇ। ਤਰੁਣਾ ਫਿਰ ਬੋਲੀ, “ਇਹ ਯਾਦਾਂ ਦੇ ਖਜ਼ਾਨੇ ਹਮੇਸ਼ਾ ਸਾਡੇ ਨਾਲ ਰਹਿਣਗੇ।”
ਸਭ ਤੋਂ ਵੱਡਾ ਸੰਜੀਵ ਸਿਰ ਹਿਲਾਉਂਦਾ ਫੁਸਫੁਸਾਇਆ, “ਪਰ ਜਿਹਡ਼ਾ ਖਜ਼ਾਨਾ ਅਸੀਂ ਅੱਜ ਗੁਆ ਲਿਆ, ਉਹ ਮੁਡ਼ ਕੇ ਨਹੀਂ ਮਿਲਣਾ,” ਫਿਰ ਕੁਝ ਸੰਭਲ ਕੇ ਚਿਹਰਾ ਪੂੰਝਦਾ ਬੋਲਿਆ, “ਮੈਨੂੰ ਸਾਰੀ ਉਮਰ ਏਹੀ ਪਛਤਾਵਾ ਤੇ ਦੁੱਖ ਰਹੂਗਾ ਕਿ ਅਸੀਂ ਸਾਰਿਆਂ ਨੇ ਮਾਂ ਦੇ ਪੈਨਸ਼ਨ-ਲਾਭ ਦੇ ਪੈਸਿਆਂ ਬਾਰੇ ਆਪਸ ’ਚ ਲਡ਼ ਕੇ ਮਾਂ ਨੂੰ ਦੁਖੀ ਕੀਤਾ ਤੇ ਉਸ ਤੋਂ ਵੱਡੀ ਗੱਲ ਮੁਡ਼ਕੇ ਇੱਕ ਦੂਜੇ ਨੂੰ ਮਿਲੇ ਵੀ ਨਾ…ਮਾਂ ਨੇ ਕਿੰਨੇ ਸੁਨੇਹੇ ਭੇਜੇ…ਚਿੱਠੀਆਂ ਪਾਈਆਂ…ਪਰ ਅਸੀਂ…” ਸੰਜੀਵ ਦੇ ਹੰਝੂ ਵਗ ਤੁਰੇ।
ਕਰਣ, ਜਿਸਦੇ ਕੋਲ ਮਾਂ ਰਹਿੰਦੀ ਸੀ, ਬੋਲਿਆ, “ਮਾਂ ਨੂੰ ਤਾਂ ਤੁਹਾਡੇ ਸਾਰਿਆਂ ਦਾ ਵਿਛੋਡ਼ਾ ਈ ਲੈ ਗਿਆ… ਆਖਰੀ ਵੇਲੇ ਵੀ ਉਹਦੀਆਂ ਅੱਖਾਂ ਦਰਵਾਜ਼ੇ ’ਤੇ ਈ ਲੱਗੀਆਂ ਰਹੀਆਂ…”
ਬਾਕੀ ਭੈਣ-ਭਰਾ ਆਪਣੇ ਰੁਝੇਵੇਂ ਤੇ ਆਉਣ ਬਾਰੇ ਬਣਾਏ ਪ੍ਰੋਗਰਾਮਾਂ ਬਾਰੇ ਦੱਸਣ ਲਈ ਉਤਾਵਲੇ ਜਾਪੇ। ਕੋਲ ਬੈਠੇ ਉਹਨਾਂ ਦੇ ਚਾਚਾ ਜੀ ਸਭ ਦੇਖ ਰਹੇ ਸੀ। ਲੰਮਾ ਹਉਕਾ ਲੈ ਕੇ ਉਹ ਉੱਠ ਖਡ਼ੇ ਤੇ ਜਾਂਦੇ ਹੋਏ ਬੋਲੇ, “ਇਕ ਵਿਧਵਾ ਮਾਂ ਨੇ ਤੁਹਾਨੂੰ ਸਾਰਿਆਂ ਨੂੰ ਪਾਲਿਆ-ਪੋਸਿਆ…ਪਡ਼੍ਹਾ-ਲਿਖਾ ਕੇ ਕਾਬਲ ਬਣਾਇਆ…ਤੁਹਾਨੂੰ ਪਰਿਵਾਰ ਵਾਲੇ ਬਣਾਇਆ ਤੇ ਤੁਸੀਂ ਸਾਰੇ ਇਕ ਮਾਂ ਨੂੰ ਨਹੀਂ ਸਾਂਭ ਸਕੇ…ਅੰਦਰੇ-ਅੰਦਰ ਤਡ਼ਪਦੀ, ਕੁਰਲਾਉਂਦੀ ਵਿਚਾਰੀ ਤੁਰਗੀ…ਅੱਜ ਇਨ੍ਹਾਂ ਗੱਲਾਂ ਨਾਲ ਕੀਹਨੂੰ ਸੁਖ ਦੇਣ ਆਏ ਓਂ?…ਜਾਓ ਆਪਣੇ ਘਰਾਂ ਨੂੰ…”
-0-

Monday, May 10, 2010

ਪੈਨਸ਼ਨ


-->
ਹਰਜਿੰਦਰ ਪਾਲ ਕੌਰ ਕੰਗ

ਤਿੰਨ ਸਾਲ ਹੋ ਗਏ ਸੀ ਛਿੰਦੋ ਨੂੰ ਵਿਧਵਾ ਪੈਨਸ਼ਨ ਲਈ ਬੈਂਕ ਦੇ ਗੇਡ਼ੇ ਕੱਟਦੀ ਨੂੰ, ਅਜੇ ਇਕ ਵੀ ਪੈਨਸ਼ਨ ਨਹੀਂ ਮਿਲੀ ਸੀ। ਅੱਜ ਫਿਰ ਉਹ ਬੈਂਕ ਵਿਚ ਵਡ਼ੀ ਹੀ ਸੀ ਕਿ ਉਸ ਨੂੰ ਮੁਹੱਲੇ ਦੇ ਠੇਕੇਦਾਰ ਦੀ ਪਤਨੀ ਮਿਲ ਪਈ। ਭਾਵੇਂ ਦੋਨੋਂ ਇਕ ਹੀ ਮੁਹੱਲੇ ਦੇ ਵਿਚ ਰਹਿੰਦੀਆਂ ਸਨ, ਪਰ ਦੋਨਾਂ ਦਾ ਆਪਸ ਵਿਚ ਕੋਈ ਬਹੁਤਾ ਮੇਲ-ਮਿਲਾਪ ਨਹੀਂ ਸੀ।
“ਸੁਣਾ ਕਿਦਾਂ ਚੱਲਦਾ ਗੁਜ਼ਾਰਾ?” ਠੇਕੇਦਾਰਨੀ ਬੋਲੀ।
“ਟੈਮ ਪਾਸ ਕਰਦੇ ਐਂ ਭੈਣ ਜੀ, ਗੁਜ਼ਾਰਾ ਕਾਹਦਾ?”
“ਨਾ ਮੁੰਡਾ ਨਹੀਂ ਕਰਦਾ ਕੁਝ? ਸੁੱਖ ਨਾਲ ਜਵਾਨ ਹੋ ਗਿਆ ਹੁਣ ਤੇ।”
“ਕਾਰਖਾਨੇ ’ਚ ਜਾਂਦਾ ਕੰਮ ’ਤੇ। ਲੂਣ-ਤੇਲ ਚਲਦਾ ਜਾਂਦਾ।”
“ਤੂੰ ਵੀ ਕੋਈ ਕੰਮ-ਕਾਰ ਲੱਭ ਲੈਣਾ ਸੀ।”
“ਮੈਂ ਵੀ ਸਲਾਈ-ਕਢਾਈ ਕਰਕੇ ਥੋਡ਼੍ਹਾ-ਬਹੁਤ ਕਮਾ ਲੈਂਦੀ ਸਾਂ, ਉਹ ਵੀ ਰੋ-ਰੋ ਕੇ ਨਿਗ੍ਹਾ ਘੱਟਗੀ ਆ। ਸੂਈ ’ਚ ਧਾਗਾ ਨਹੀਂ ਪੈਂਦਾ ਹੁਣ ਤੇ। ਤੁਸੀਂ ਸੁਣਾਓ ਭੈਣ ਜੀ, ਸਭ ਪਰਵਾਰ ਠੀਕ-ਠਾਕ ਏ? ਬਾਹਰ ਵਾਲੇ ਦਾ ਆਇਆ ਕੋਈ ਫੋਨ-ਫਾਨ?” ਛਿੰਦੋ ਨੇ ਵੀ ਪੁੱਛ ਲਿਆ।
”ਸਭ ਠੀਕ ਏ, ਫੋਨ ਆਉਂਦਾ ਰਹਿੰਦੈ। ਕਾਕਾ ਹੋਇਆ ਏ। ਨਾਲੇ ਛੋਟੇ ਨੇ ਵੀ ਇੰਜੀਨੀਅਰਿੰਗ ਕਰ ਲਈ ਏ।”
“ਫਿਰ ਤਾਂ ਦੂਹਰੀਆਂ ਵਧਾਈਆਂ ਭੈਣ ਜੀ।”
“ਤੂੰ ਵੀ ਵਧ ਧੀਏ! ਹੁਣ ਤਾਂ ਬਸ ਕਿਸੇ ਚੀਜ਼ ਦੀ ਕਮੀ ਨਹੀਂ, ਆ ਸਿਹਤ ਈ ਬੱਸ ਢਿੱਲੀ ਮੱਠੀ ਰਹਿੰਦੀ ਏ।”
“ਕੀ ਗੱਲ ਸਿਹਤ ਨੂੰ?”
“ਸਡ਼ ਜਾਣਾ ਗੋਡਿਆਂ ਤੋਂ ਨਹੀਂ ਹਿੱਲਿਆ ਜਾਂਦਾ। ਛੇ ਮਹੀਨੇ ਦੀ ਪੈਨਸ਼ਨ ਜਮਾਂ ਪਈ ਸੀ ਲੈਣ ਨੂੰ।
“ਕਿਦਾਂ ਆਏ ਫੇਰ?”
“ਠੇਕੇਦਾਰ ਸਾਬ੍ਹ ਆਪ ਆਏ ਨੇ ਗੱਡੀ ਤੇ ਲੈ ਕੇ। ਚੰਗਾ ਧੀਏ, ਬਾਹਰ ’ਡੀਕ ਰਹੇ ਹੋਣੇ ਨੇ। ਤੂੰ ਵੀ ਕਰ ਲੈ ਆਪਣੀ ਪੈਨਸ਼ਨ ਦਾ ਪਤਾ, ਆਈ ਕਿ ਨਹੀਂ।” ਕਹਿੰਦੀ ਹੋਈ ਠੇਕੇਦਾਰਨੀ ਬਾਹਰ ਨਿਕਲ ਕੇ ਸਫਾਰੀ ਉੱਤੇ ਸਵਾਰ ਹੋ ਗਈ।
ਛਿੰਦੋ ਫਿਰ ਰੋਜ਼ ਦੀ ਤਰ੍ਹਾਂ ਖਾਲੀ ਹੱਥ ਮਲਦੀ ਬੈਂਕ ਤੋਂ ਬਾਹਰ ਨਿਕਲਕੇ ਰਿਕਸ਼ੇ ਦੀ ਭਾਲ ਕਰਨ ਲੱਗ ਪਈ।
-0-

Saturday, May 1, 2010

ਜੂਠ ਸੁੱਚ


ਸੁਲੱਖਣ ਮੀਤ(ਪ੍ਰਿੰ.)


ਮੈਂ ਤੇ ਪਾਲੀ ਲਾਗਲੇ ਪਿੰਡ ਪ੍ਰਾਇਮਰੀ ਸਕੂਲ ਵਿਚ ਪਡ਼੍ਹਨ ਜਾਇਆ ਕਰਦੇ। ਦੁਪਹਿਰੇ ਜਦੋਂ ਅਸੀਂ ਇੱਕਠੇ ਰੋਟੀ ਖਾਂਦੇ ਤਾਂ ਉਹ ਤਾਂ ਮੈਥੋਂ ਅਚਾਰ ਜਾਂ ਸੁੱਕੀ ਸਬਜ਼ੀ ਮੰਗ ਲੈਂਦੀ, ਪਰ ਮੈਂ ਉਸ ਕੋਲੋਂ ਕਦੇ ਵੀ ਅਚਾਰ ਜਾਂ ਸਬਜ਼ੀ ਨਾ ਲੈਂਦਾ। ਉਹ ਕਦੇ ਕਦੇ ਮੇਰੇ ਦਿਲ ਦੀ ਗੱਲ ਬੁੱਝਦੀ ਹੋਈ ਕਹਿੰਦੀ, “ਕੀ ਗੱਲ? ਮੇਰਾ ਅਚਾਰ ਜਾਂ ਸਬਜ਼ੀ ਜੂਠੀ ਐ, ਤੂੰ ਨ੍ਹੀਂ ਲੈਂਦਾ?”

ਮੈਂ ਉਤਲੇ ਮਨੋਂ ਕਹਿ ਦਿੰਦਾ, “ਨਹੀਂ, ਇਹ ਗੱਲ ਨ੍ਹੀਂ, ਬੱਸ ਉਈਂ।”

ਫਿਰ ਅਸੀਂ ਦੋਵੇਂ ਹੀ ਦੂਸਰੇ ਲਾਗਲੇ ਪਿੰਡ ਹਾਈ ਸਕੂਲ ਜਾ ਦਾਖਲ ਹੋਏ। ਹੁਣ ਉਹ ਕੁਡ਼ੀਆਂ ਨਾਲ ਰੋਟੀ ਖਾਂਦੀ ਮੈਥੋਂ ਜਰੀ ਨਾ ਜਾਂਦੀ। ਕੁਦਰਤੀ ਇਕ ਦਿਨ ਉਹਦੀਆਂ ਸਹੇਲੀਆਂ ਨਾ ਆਈਆਂ। ਅਸੀਂ ਦੋਵੇਂ ਇਕ ਦੂਸਰੇ ਵੱਲ ਵਧੇ ਅਤੇ ਨਵੇਕਲੇ ਜਿਹੇ ਥਾਂ ਬੈਠ ਕੇ ਰੋਟੀ ਖਾਣ ਲੱਗ ਪਏ। ਮੈਂ ਹੌਂਸਲਾ ਜਿਹਾ ਕਰਕੇ ਕਿਹਾ, “ਪਾਲੀ, ਅਚਾਰ ਤਾਂ ਦੇਈਂ ਥੋਡ਼੍ਹਾ ਜਿਹਾ।”

“ਜੂਠੈ।” ਪਾਲੀ ਨੇ ਸ਼ਰਾਰਤ ਨਾਲ ਕਿਹਾ।

“ਇਸ ਉਮਰੇ ਕਿਹਡ਼ੀ ਜੂਠ ਸੁੱਚ ਹੁੰਦੀ ਐ ਕਮਲੀਏ। ਤੇਰਾ ਜੂਠਾ ਅਚਾਰ ਤਾਂ ਕੀ, ਹੁਣ ਤਾਂ ਮੈਂ ਤੈਨੂੰ ਵੀ ਖਾਂ ਲਾਂ…।”

ਪਾਲੀ ਜਿਵੇਂ ਸਾਰੀ ਹੀ ਸ਼ਰਮਾ ਗਈ। ਇਕ ਪਾਸੇ ਮੂੰਹ ਕਰਕੇ ਅਚਾਰ ਫਡ਼ਾਉਂਦਿਆਂ ਪਾਲੀ ਨੇ ਮੇਰੀ ਉਂਗਲ ਘੁੱਟ ਦਿੱਤੀ। ਮੈਂ ਕਿੰਨਾ ਚਿਰ ਉਸ ਉਂਗਲ ਨੂੰ ਚੂਸਦਾ ਰਿਹਾ।

-0-