-moz-user-select:none; -webkit-user-select:none; -khtml-user-select:none; -ms-user-select:none; user-select:none;

Thursday, December 31, 2009

ਲੇਡੀ ਸਵਾਰੀ


ਨਰਿੰਦਰਜੀਤ ਕੌਰ

ਸਮਰਾਲੇ ਤੋਂ ਚੰਡੀਗੜ੍ਹ ਜਾ ਰਹੀ ਬੱਸ ਖਚਾਖਚ ਭਰੀ ਹੋਈ ਸੀ। ਬੈਠਣ ਨੂੰ ਤਾਂ ਕੀ, ਖੜਨ ਨੂੰ ਵੀ ਥਾਂ ਮਿਲਣੀ ਔਖੀ ਸੀ। ਗਰਮੀ ਅਤੇ ਘੁਟਣ ਨਾਲ ਲੋਕਾਂ ਦਾ ਬੁਰਾ ਹਾਲ ਸੀ। ਫਿਰ ਵੀ ਹਰ ਕੋਈ ਚੜ੍ਹੀ ਜਾ ਰਿਹਾ ਸੀ। ਹਰ ਸਟਾਪ ਤੇ ਲਗਦਾ ਕਿ ਹੁਣ ਤਾਂ ਬੱਸ ਨਹੀ ਰੁਕਣੀ, ਪਰ ਕੰਡਕਟਰ ਨੇ ਵੀ ਤਾਂ ਕਮਾਈ ਕਰਨੀ ਸੀ।
ਖਮਾਣੋਂ ਤੋਂ ਇਕ ਕੁੜੀ ਚੜ੍ਹੀ ਤੇ ਬੂਹੇ ਕੋਲ ਖੜੀ ਹੋ ਗਈ। ਬੱਸ ਵਿਚ ਹਲਕੀ ਜਿਹੀ ਹਲਚਲ ਮਚ ਗਈ। ਉੱਚਾ ਜਿਹਾ ਜੂੜਾ, ਗੁਲਾਬੀ ਸੂਟ, ਮੋਢੇ ਉੱਤੇ ਪਰਸ ਅਤੇ ਅੱਖਾਂ ਉੱਤੇ ਕਾਲਾ ਚਸ਼ਮਾ। ਸਵਾਰੀਆਂ ਨੂੰ ਗਰਮੀ ਅਤੇ ਘੁਟਨ ਭੁੱਲ ਗਈ ਅਤੇ ਸਾਰੀਆਂ ਅੱਖਾਂ ਉਸ ਇਕ ਚਿਹਰੇ ਉੱਤੇ ਗੱਡੀਆਂ ਗਈਆਂ। ਹਰ ਕਿਸੇ ਨੂੰ, ਭਾਵੇਂ ਉਹ ਸੋਲ੍ਹਾਂ ਸਾਲਾਂ ਦਾ ਜੁਆਨ ਮੁੰਡਾ ਸੀ ਜਾਂ ਸੱਠ ਸਾਲਾਂ ਦਾ ਬੁੜ੍ਹਾ, ਆਲੇ ਦੁਆਲੇ ਦੀਆਂ ਹੋਰ ਸਵਾਰੀਆਂ ਦਿਖਣੀਆਂ ਹੀ ਬੰਦ ਹੋ ਗਈਆਂ। ਸਭ ਨੂੰ ਬਸ ਇਕ ਕੁੜੀ ਨਜ਼ਰ ਆ ਰਹੀ ਸੀ।
ਹਰ ਦਿਲ ਵਿਚ ਬਸ ਇਕ ਹੀ ਸੋਚ ਸੀ–‘ਕਾਸ਼ ਇਹ ਕੁੜੀ ਮੇਰੇ ਨਾਲ ਦੀ ਸੀਟ ’ਤੇ ਆ ਕੇ ਬਹਿ ਜਾਵੇ ਤਾਂ ਸਵਰਗ ਹੀ ਮਿਲ ਜਾਵੇ। ਪਰ ਮੈਂ ਉੱਠ ਕੇ ਸੀਟ ਨਹੀਂ ਦੇਣੀ ਕਿਉਂਕਿ ਫੇਰ ਤਾਂ ਉਹ ਮੇਰੇ ਨਾਲ ਦੇ ਬੰਦੇ ਕੋਲ ਬਹਿ ਜਾਵੇਗੀ, ਮੇਰੇ ਨਾਲ ਤਾਂ ਨਹੀਂ ਨਾ। ਬਸ ਕਿਸੇ ਤਰ੍ਹਾਂ ਮੇਰੇ ਨਾਲ ਦਾ ਬੰਦਾ ਉਠ ਜਾਵੇ ਤਾਂ ਹੀ ਗੱਲ ਹੈ। ਪਰ ਚੱਲ ਨਹੀਂ ਤਾਂ ਸਾਮ੍ਹਣੇ ਹੀ ਖੜੀ ਰਹੇ, ਅੱਖਾਂ ਨੂੰ ਹੀ ਠੰਡਕ ਦੇਈ ਜਾਵੇ।’
ਇੰਨੇ ਚਿਰ ਨੂੰ ਦੋ ਸਵਾਰੀਆਂ ਵਾਲੀ ਸੀਟ ਉੱਤੇ ਬੈਠੇ ਇਕ ਮੁੰਡੇ ਨੇ ਤਿਰਛੇ ਜਿਹੇ ਹੁੰਦੇ ਹੋਏ ਮਾੜੀ ਜਿਹੀ ਥਾਂ ਬਣਾ ਕੇ ਕੁੜੀ ਨੂੰ ਕਿਹਾ, “ਜੀ ਤੁਸੀਂ ਇੱਥੇ ਆ ਜਾਓ।”
ਸਾਰੀ ਬੱਸ ਵਿਚ ਸ਼ਾਂਤੀ ਫੈਲ ਗਈ।
‘ਲੈ ਗਿਆ ਬਾਜੀ, ਸਾਲਾ ਉੱਲੂ ਦਾ ਪੱਠਾ!’
“ਥੈਂਕ ਯੂ, ਭਾਈ ਸਾਬ੍ਹ! ਤੁਸੀਂ ਇਨ੍ਹਾਂ ਬਾਬਾ ਜੀ ਨੂੰ ਬਿਠਾ ਲਓ।” ਕੁੜੀ ਨੇ ਇਕ ਬਹੁਤ ਹੀ ਕਮਜ਼ੋਰ ਜਿਹੇ ਬਜ਼ੁਰਗ ਨੂੰ ਉਸ ਸੀਟ ਤੇ ਭੇਜ ਦਿੱਤਾ।
‘ਐਥੇ ਰੱਖ!’
ਹੁਣ ਇਕ ਨੂੰ ਛੱਡ ਬਾਕੀ ਸਾਰੇ ਚਿਹਰੇ ਖੁਸ਼ੀ ਨਾਲ ਖਿੜ ਗਏ ਸਨ।
-0-

Thursday, December 24, 2009

ਗਰੀਬਾਂ ਦੀਆਂ ਜਾਈਆਂ



ਪ੍ਰੀਤ ਨੀਤਪੁਰ

ਮੁਕਲਾਵੇ ਗਈ ਜਦੋਂ ਉਹ ਅੱਜ ਪਹਿਲੀ ਵਾਰ ਪੇਕਿਆਂ ਦੇ ਪਿੰਡ ਦੇ ਬੱਸ ਅੱਡੇ ਉੱਤੇ ਉਤਰੀ ਤਾਂ ਉਹਨੂੰ ਪਿੰਡ ਦਾ ਦਾ ਬੱਸ ਅੱਡਾ ,ਜਿੱਥੋਂ ਉਹ ਨਿੱਤ ਘਾਹ ਦੀ ਪੰਡ ਲੈ ਕੇ ਗੁਜ਼ਰਦੀ ਸੀ, ਕੁਝ ਬਦਲਿਆ-ਬਦਲਿਆ ਜਾਪਿਆ।
“ਐਡੀ ਛੇਤੀ ਐਨਾ ਕੁੱਝ ਕਿਵੇਂ ਬਦਲ ਗਿਆ?” ਉਹ ਬੁੜਬੁੜਾਈ। ਵਾਸਤਵ ਵਿਚ ਤਾਂ ਕੁਝ ਵੀ ਨਹੀਂ ਸੀ ਬਦਲਿਆ, ਐਵੇਂ ਉਸ ਦਾ ਵਹਿਮ ਸੀ।
“ਕੁੜੇ ਭੁੱਚੋ, ਤਕੜੀ ਐਂ…? ਫਲ-ਫਰੂਟ ਦੀ ਰੇੜ੍ਹੀ ਲਾਉਣ ਵਾਲੇ ਵਿਹੜੇ ਵਿੱਚੋਂ ਲਗਦੇ ਤਾਏ ਨੇ ਉਹਦੀ ‘ਸੁੱਖ-ਸਾਂਦ’ ਪੁੱਛੀ।
ਤੇ ਉਹਨੂੰ ਇਉਂ ਲੱਗਾ ਜਿਵੇਂ ਤਾਏ ਨੇ ਉਹਦਾ ਅਪਮਾਨ ਕੀਤਾ ਹੋਵੇ। ਉਹਦਾ ਮਨ ਬੁਝ ਗਿਆ। ਉਹ ਕਹਿਣਾ ਚਾਹੁੰਦੀ ਸੀ, ‘ਤਾਇਆ, ਹੁਣ ਮੈਂ ਭੁੱਚੋ ਨਹੀ, ਭੁਪਿੰਦਰ ਕੌਰ ਹਾਂ, ਭੁਪਿੰਦਰ ਕੌਰ…।’
“ਹਾਂ ਤਾਇਆ, ਤਕੜੀ ਆਂ…।” ਕਹਿ ਕੇ ਉਹ ਆਪਣੇ ਖਾਵੰਦ ਦੇ ਲਾਗੇ ਹੋ ਕੇ ਬੋਲੀ, “ਜਵਾਕਾਂ ਆਸਤੇ ਕੋਈ ਚੀਜ ਲੈ ਲਈਏ…?”
“ਹਾਂ ਲੈ ਲੈ।” ਉਹਨੂੰ ਵੀ ਹੁਣ ਚੇਤਾ ਆਇਆ ਸੀ ਕਿ ਪਹਿਲੀ ਵਾਰ ਸਹੁਰਿਆਂ ਦੇ ਘਰ ਖਾਲੀ ਹੱਥ ਨਹੀਂ ਜਾਈਦਾ।
ਭੁੱਚੋ ਦੇ ਪੁੱਛਣ ਤੇ ਰੇੜ੍ਹੀ ਵਾਲੇ ਨੇ ਦੱਸਿਆ, “ਕੇਲੇ ਚੌਦਾਂ ਰੁਪਏ ਦਰਜਨ…ਸੰਤਰੇ ਚੌਵੀ ਰੁਪਏ…ਤੇ ਸੇਬ…।”
‘ਵੱਡੇ ਤਿੰਨੇ ਭਰਾਵਾਂ ਦਾ ਕਿੰਨਾ ਜਵਾਕ-ਜੱਲਾ ਐ, ਦਰਜਨ ਕੇਲਿਆਂ ’ਚ ਤਾਂ ਇਕ-ਇਕ ਵੀ ਹਿੱਸੇ ਨਹੀਂ ਆਉਣਾ…।’– ਭੁੱਚੋ ਨੇ ਸੋਚਿਆ ਤੇ ਮਲਵੀਂ ਜਿਹੀ ਆਵਾਜ਼ ਵਿਚ ਘਰਵਾਲੇ ਨੂੰ ਪੁੱਛਿਆ, “ਕਿੰਨੇ ਲਈਏ…?”
“ਵੇਖ ਲੈ, ਜੇ ਦਸਾਂ ਤੋਂ ਵੱਧ ਖਰਚੇ ਤਾਂ ਮੁੜਨ ਜੋਗਾ ਭਾੜਾ ਨਹੀਂ ਬਚਣਾ…।”
“ਹਾਏ ਰੱਬਾ!” ਇਕ ਲੰਮਾ ਹਾਉਕਾ ਉਹਦੇ ਧੁਰ ਅੰਦਰ ਅੱਗ ਦੀ ਲਾਟ ਵਾਂਗ ਫਿਰ ਗਿਆ–‘ਅਸੀਂ ਗਰੀਬਾਂ ਦੀਆਂ ਜਾਈਆਂ, ਪੇਕਿਆਂ ਦੇ ਪਿੰਡ ਵੀ ਭੁੱਚੋ ਤੇ ਸਹੁਰਿਆਂ ਦੇ ਪਿੰਡ ਵੀ ਭੁੱਚੋ…!’
ਤੇ ਹੁਣ ਭੁੱਚੋ ਨੇ ਇਉਂ ਮਹਿਸੂਸ ਕੀਤਾ ਜਿਵੇਂ ਕਿ ਉਹ ਵਿਆਈਆਂ ਪਾਟੇ ਨੰਗੇ ਪੈਰੀਂ, ਪੱਠਿਆਂ ਦੀ ਪਹਿਲਾਂ ਨਾਲੋਂ ਵੀ ਭਾਰੀ ਪੰਡ ਲੈ ਕੇ ਅੱਡੇ ਵਿਚ ਦੀ ਲੰਘ ਰਹੀ ਹੋਵੇ।
-0-

Sunday, December 20, 2009

ਰਿਸ਼ਤੇ ਦਾ ਨਾਮਕਰਨ



ਦਲੀਪ ਸਿੰਘ ਵਾਸਨ


ਉਜਾੜ ਜਿਹੇ ਰੇਲਵੇ ਸਟੇਸ਼ਨ ’ਤੇ ਇਕੱਲੀ ਬੈਠੀ ਲੜਕੀ ਨੂੰ ਮੈਂ ਪੁੱਛਿਆ ਤਾਂ ਉਸ ਦੱਸਿਆ ਕਿ ਉਹ ਮਾਸਟਰਨੀ ਲੱਗ ਕੇ ਆਈ ਹੈ। ਰਾਤੀਂ ਸਟੇਸ਼ਨ ’ਤੇ ਹੀ ਰਹੇਗੀ। ਸਵੇਰੇ ਉੱਥੋਂ ਹੀ ਜਾ ਡਿਊਟੀ ’ਤੇ ਹਾਜ਼ਰ ਹੋਵੇਗੀ। ਮੈਂ ਇਸੇ ਪਿੰਡ ’ਚ ਮਾਸਟਰ ਲੱਗਿਆ ਹੋਇਆ ਸਾਂ। ਪਹਿਲੋਂ ਵਾਪਰੀਆਂ ਇਕ-ਦੋ ਘਟਨਾਵਾਂ ਬਾਰੇ ਮੈਂ ਉਸਨੂੰ ਜਾਣਕਾਰੀ ਦਿੱਤੀ।
“ਤੁਹਾਡਾ ਰਾਤੀਂ ਇੱਥੇ ਠਹਿਰਨਾ ਠੀਕ ਨਹੀਂ। ਮੇਰੇ ਨਾਲ ਚੱਲੋ, ਮੈਂ ਕਿਸੇ ਘਰ ਤੁਹਾਡਾ ਰਾਤ ਰਹਿਣ ਦਾ ਪ੍ਰਬੰਧ ਕਰ ਦਿੰਦਾ ਹਾਂ।”
ਜਦੋਂ ਅਸੀਂ ਪਿੰਡ ਵਿਚੋਂ ਲੰਘ ਰਹੇ ਸਾਂ ਤਾਂ ਮੈਂ ਇਸ਼ਾਰਾ ਕਰ ਕੇ ਦੱਸਿਆ ਕਿ ਮੈਂ ਇਸ ਚੁਬਾਰੇ ਵਿਚ ਰਹਿੰਦਾ ਹਾਂ। ਅਟੈਚੀ ਧਰਤੀ ’ਤੇ ਰੱਖਕੇ ਉਹ ਆਖਣ ਲੱਗੀ, “ਥੋੜਾ ਚਿਰ ਤੁਹਾਡੇ ਕਮਰੇ ਵਿਚ ਹੀ ਠਹਿਰ ਜਾਂਦੇ ਹਾਂ। ਮੈਂ ਮੂੰਹ-ਹੱਥ ਧੋ ਕੇ ਕੱਪੜੇ ਬਦਲ ਲਵਾਂਗੀ।”
ਬਿਨਾਂ ਅੱਗੋਂ ਕੋਈ ਵਾਰਤਾਲਾਪ ਤੋਰੇ ਅਸੀਂ ਦੋਵੇਂ ਕਮਰੇ ਵਿਚ ਆ ਗਏ ਸਾਂ।
“ਤੁਹਾਡੇ ਨਾਲ ਹੋਰ ਕੌਣ ਰਹਿੰਦਾ ਹੈ?”
“ਮੈਂ ਇਕੱਲਾ ਹੀ ਰਹਿੰਦਾ ਹਾਂ।”
“ਬਿਸਤਰੇ ਤਾਂ ਦੋ ਲੱਗੇ ਹੋਏ ਨੇ?”
“ਕਦੀ ਮੇਰੀ ਮਾਂ ਆ ਜਾਂਦੀ ਏ।”
ਗੁਸਲਖਾਨੇ ’ਚ ਜਾ ਕੇ ਉਸਨੇ ਮੂੰਹ-ਹੱਥ ਧੋਤੇ। ਕੱਪੜੇ ਬਦਲੇ। ਮੈਂ ਇੰਨੇ ਚਿਰ ’ਚ ਚਾਹ ਦੇ ਦੋ ਕੱਪ ਬਣਾ ਲਏ।
“ਤੁਸੀਂ ਰਸੋਈ ਵੀ ਰੱਖੀ ਹੋਈ ਏ?”
“ਇੱਥੇ ਕਿਹੜੇ ਹੋਟਲ ਨੇ।”
“ਫਿਰ ਤਾਂ ਰੋਟੀ ਵੀ ਮੈਂ ਇੱਥੇ ਹੀ ਖਾਵਾਂਗੀ।”
ਗੱਲਾਂ-ਗੱਲਾਂ ਵਿਚ ਰਾਤ ਬਹੁਤ ਲੰਘ ਗਈ ਸੀ ਤੇ ਉਹ ਮਾਂ ਜੀ ਦੇ ਬਿਸਤਰੇ ਉੱਤੇ ਲੰਮੀ ਵੀ ਪੈ ਗਈ ਸੀ।
ਮੈਂ ਸੌਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸਾਂ। ਪਰ ਨੀਂਦਰ ਹੀ ਨਹੀਂ ਸੀ ਆ ਰਹੀ। ਮੈਂ ਕਈ ਵਾਰੀ ਉੱਠਕੇ ਉਸਦੇ ਮੰਜੇ ਤੱਕ ਗਿਆ ਸਾਂ। ਉਸਤੇ ਹੈਰਾਨ ਸਾਂ। ਮੇਰੇ ਵਿਚ ਮਰਦ ਜਾਗ ਰਿਹਾ ਸੀ। ਪਰ ਉਸ ਵਿਚ ਵੱਸਦੀ ਔਰਤ ਘੂਕ ਸੁੱਤੀ ਪਈ ਸੀ।
ਮੈਂ ਪੌੜੀਆਂ ਚੜ੍ਹ ਕੋਠੇ ਉੱਤੇ ਜਾ ਕੇ ਟਹਿਲਣ ਲੱਗ ਪਿਆ ਸਾਂ।
ਕੁਝ ਚਿਰ ਬਾਅਦ ਉਹ ਵੀ ਕੋਠੇ ਉੱਤੇ ਆ ਗਈ। ਚੁੱਪ-ਚੁਪੀਤੀ ਟਹਿਲਣ ਲੱਗ ਪਈ।
“ਜਾ ਕੇ ਸੌਂ ਜਾਓ। ਸਵੇਰੇ ਤੁਸੀਂ ਡਊਟੀ ਜਾ ਕੇ ਹਾਜ਼ਰੀ ਦੇਣੀ ਐ, ” ਮੈਂ ਕਿਹਾ।
“ਤੁਸੀਂ ਸੁੱਤੇ ਨਹੀਂ?”
“ਮੈਂ ਕਾਫੀ ਚਿਰ ਸੁੱਤਾ ਰਿਹਾ ਹਾਂ।”
“ਝੂਠ।”
“……”
ਉਹ ਬਿਲਕੁਲ ਰੂ-ਬ-ਰੂ ਆ ਖਲੋਤੀ, “ਅਗਰ ਮੈਂ ਤੁਹਾਡੀ ਛੋਟੀ ਭੈਣ ਹੁੰਦੀ ਤਾਂ ਤੁਸੀਂ ਉਨੀਂਦਰੇ ਵਿਚ ਨਹੀਂ ਸੀ ਰਹਿਣਾ।”
“ਨਹੀਂ-ਨਹੀਂ, ਐਸੀ ਕੋਈ ਗੱਲ ਨਹੀਂ।”
ਤੇ ਮੈਂ ਉਸਦੇ ਸਿਰ ਉੱਤੇ ਹੱਥ ਫੇਰ ਦਿੱਤਾ।
-0-

Monday, December 14, 2009

ਮੁਰਦ-ਘਾਟ ’ਤੇ ਖੜਾ ਆਦਮੀ


ਜਗਦੀਸ਼ ਅਰਮਾਨੀ

ਕੜੀ ਵਰਗੇ ਤਿੰਨ ਜੁਆਨ ਅੱਜ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਨ। ਸਾਰੇ ਸ਼ਹਿਰ ਵਿਚ ਹਾਹਾਕਾਰ ਮੱਚੀ ਹੋਈ ਸੀ।

ਤਿੰਨਾਂ ਜੁਆਨਾਂ ਦੀਆਂ ਲਾਸ਼ਾਂ ਪੋਸਟ-ਮਾਰਟਮ ਲਈ ਹਸਪਤਾਲ ਲਿਜਾਈਆਂ ਗਈਆਂ।

ਪੋਸਟ-ਮਾਰਟਮ ਦੇ ਕਮਰੇ ਦੇ ਬਾਹਰ ਲੋਕਾਂ ਦੀ ਅੰਤਾਂ ਦੀ ਭੀੜ ਸੀ।

ਕਮਰੇ ਦੇ ਬੂਹੇ ਉੱਤੇ ਪਹਿਰੇਦਾਰ ਖੜਾ ਸੀ। ਪਹਿਰੇਦਾਰ ਅੰਦਰ ਕਿਸੇ ਨੂੰ ਜਾਣ ਨਹੀਂ ਸੀ ਦੇਂਦਾ।

ਪਰ ਫੇਰ ਵੀ ਕੋਈ ਕਮਰੇ ਦੇ ਅੰਦਰ ਜਾ ਰਿਹਾ ਸੀ। ਕੋਈ ਕਮਰੇ ਦੇ ਅੰਦਰੋਂ ਬਾਹਰ ਨਿਕਲ ਰਿਹਾ ਸੀ।

ਸਤਭਰਾਈ ਬੂਹੇ ਦੇ ਕੋਲ ਕੰਧ ਨਾਲ ਲੱਗੀ ਖੜੀ ਸੀ। ਉਹ ਨਾ ਜਿਉਂਦਿਆਂ ਵਿਚ ਸੀ ਨਾ ਮੋਇਆਂ ਵਿਚ।

ਮੈਂ ਉਹਦੀ ਹਾਲਤ ਵੇਖ ਕੇ ਗੋਟ ਉੱਤੇ ਖੜੇ ਪਹਿਰੇਦਾਰ ਨੂੰ ਆਖਿਆ, ਇਸ ਵਿਚਾਰੀ ਨੂੰ ਵੀ ਇਕ ਮਿੰਟ ਲਈ ਅੰਦਰ ਚਲੀ ਜਾਣ ਦੇ।

ਸਰਦਾਰ ਜੀ,ਉਹ ਬੜੀ ਕੁਰਖਤ ਨਜ਼ਰਾਂ ਨਾਲ ਮੇਰੇ ਵੱਲ ਵੇਖ ਕੇ ਬੋਲਿਆ, ਉਹ ਤੁਹਾਡੀ ਕੀ ਲਗਦੀ ਹੈ? ਤੁਸੀਂ ਕਿਉਂ ਉਹਦੀ ਸਿਫਾਰਸ਼ ਕਰ ਰਹੇ ਹੋ?

ਨਹੀਂ, ਮੇਰੀ ਲਗਦੀ ਤਾਂ ਕੁਝ ਨਹੀਂ। ਮੈਂ ਸਿਰਫ ਮਾਨਵੀ-ਨਾਤੇ ਵੱਜੋਂ ਤੁਹਾਨੂੰ ਬੇਨਤੀ ਕਰ ਰਿਹੈਂ।

ਤਾਂ ਫਿਰ ਉਹ ਆਪ ਕਹੇ।

ਸਤਭਰਾਈ ਕੰਧ ਨਾਲ ਲੱਗੀ ਖੜੀ ਸੁਣ ਰਹੀ ਸੀ। ਉਹ ਕੰਧ ਨਾਲੋਂ ਜ਼ਰਾ ਜਿਹਾ ਸਰਕ ਕੇ ਥੋੜਾ ਉਰਾਂ ਹੋ ਗਈ। ਮੈਂ ਥੋੜਾ ਪਿੱਛੇ ਹਟ ਗਿਆ।

ਮਾਈ, ਤੇਰਾ ਮੁੰਡਾ ਮਾਰਿਆ ਗਿਆ?ਉਹਨੇ ਉਸ ਤੋਂ ਪੁੱਛਿਆ।

ਹਾਂ!ਮਾਈ ਨੇ ਸਿਰ ਹਿਲਾ ਕੇ ਸ਼ਾਹਦੀ ਭਰੀ।

ਤਾਂ ਮਾਈ, ਇਹ ਦੱਸ,ਉਸਨੇ ਲਾਲ-ਪੀਲੇ ਹੁੰਦੇ ਆਖਿਆ, ਤੂੰ ਮੁੰਡੇ ਦੇ ਦਾਹ-ਸੰਸਕਾਰ ’ਤੇ ਕੁਝ ਨਹੀਂ ਖਰਚਣਾ? ਲਕੜਾਂ ’ਤੇ ਨਹੀਂ ਖਰਚੇਂਗੀ ਜਾਂ ਕਫਨ ਨਹੀਂ ਬਣਾਵੇਂਗੀ। ਦੱਸ ਕੀ ਨਹੀਂ ਕਰੇਂਗੀ? ਜੇ ਸਭ ਕੁਝ ਕਰੇਂਗੀ ਤਾਂ ਮਾਈ ਫੇਰ ਸਾਡਾ ਹੱਕ ਕਿਉਂ ਰੱਖਦੀ ਏਂ?

-0-

Saturday, November 21, 2009

ਕਾਲ ਚੱਕਰ


ਦੀਪ ਜ਼ੀਰਵੀ


ਕਿਓਂ ਬਈ ਜਵਾਨਾ! ਇਹ ਹਜ਼ਾਰਾ ਸਿਹੁੰ ਵੰਝਲੀਆਂ ਵਾਲੇ ਦੀ ਹੱਟੜੀ ਐ ਨਾ? ਵਰ੍ਹਿਆਂ ਬਾਦ ਜੱਦੀ ਪਿੰਡ ਮੁੜੇ ਗੱਜਣ ਨੇ ਹੱਟੀ ਉੱਤੇ ਬੈਠੇ ਮੁੰਡੇ ਨੂੰ ਪੁੱਛਿਆ।

ਹਾਂ ਬਾਪੂ ਜੀ, ਮੈਂ ਉਨ੍ਹਾਂ ਦਾ ਪੋਤਰਾ ਆਂ।

ਬਈ ਕਾਕਾ, ਤੇਰੇ ਬਾਬੇ ਦੀਆਂ ਬਣਾਈਆਂ ਵੰਝਲੀਆਂ ਦੂਰ-ਦੂਰ ਤੱਕ ਵਿਕਣ ਜਾਂਦੀਆਂ ਸਨ।

ਜੀ ਬਾਬਾ ਜੀ, ਪਰ ਹੁਣ ਨਹੀਂ ਵਿਕਦੀਆਂ। ਵੰਝਲੀਆਂ ਬਣਾਉਣੀਆਂ ਤਾਂ ਅਸੀਂ ਬੰਦ ਕਰਤੀਆਂ। ਹੁਣ ਤਾਂ ਅਸੀਂ ਗੰਡਾਸੇ ਬਣਾਉਨੇ ਆਂ।

-0-

Friday, November 13, 2009

ਚਾਹ ਦੀ ਪਿਆਲੀ




ਹਰਦਮ ਸਿੰਘ ਮਾਨ

ਤੜਕਸਾਰ ਹੀ ਉਸ ਨੇ ਇਕ ਕੋਠੀ ਦਾ ਦਰ ਖੜਕਾਇਆ। ਕੋਠੀ ਅੰਦਰ ਘੁਸਰ ਫੁਸਰ ਹੋਈ। ਥੋੜ੍ਹੀ ਜਿਹੀ ਹਿਲਜੁਲ ਵੀ ਹੋਈ ਪਰ ਫਿਰ ਚੁੱਪ ਪਸਰ ਗਈ।
ਉਸ ਨੇ ਚਾਹ ਦੀ ਪਿਆਲੀ ਦੀ ਮੰਗ ਕਰਦਿਆਂ ਇਕ ਵਾਰ ਫੇਰ ਬੂਹੇ ਤੇ ਦਸਤਕ ਦਿੱਤੀ ਪਰ ਬੂਹਾ ਫੇਰ ਵੀ ਖਾਮੋਸ਼ ਰਿਹਾ। ਕਾਫੀ ਦੇਰ ਦੀ ਉਡੀਕ ਮਗਰੋਂ ਉਹ ਸੜਕ ਦੇ ਦੂਜੇ ਪਾਸੇ ਵਾਲੀ ਕੋਠੀ ਦੇ ਸਾਹਮਣੇ ਜਾ ਖੜ੍ਹਾ ਹੋਇਆ। ਚਾਹ ਦੀ ਪਿਆਲੀ ਲਈ ਸਵਾਲੀ ਬਣ ਕੇ ਉਸ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ। ਕੋਈ ਜਵਾਬ ਨਾ ਮਿਲਿਆ। ਨੂੰਹ , ਪੋਤਰੇ ਦਾ ਨਾਂ ਲੈ ਕੇ ਤਰਲੇ ਕੱਢੇ ਪਰ ਕੋਠੀ ਅੰਦਰਲੇ ਬੋਲ ਗੂੰਗੇ ਹੋ ਗਏ।
ਖੜ੍ਹਿਆਂ ਖੜ੍ਹਿਆਂ ਉਸ ਨੂੰ ਚੱਕਰ ਜਿਹਾ ਆ ਗਿਆ ਅਤੇ ਡਿਗਦਾ ਡਿਗਦਾ ਮਸਾਂ ਸੰਭਲਿਆ। ਸਿਰ ਫੜ ਕੇ ਉਹ ਦੋਹਾਂ ਕੋਠੀਆਂ ਦੇ ਵਿਚਕਾਰ ਬੈਠ ਗਿਆ।
ਇਹ ਦੋਵੇਂ ਕੋਠੀਆਂ ਉਸ ਨੇ ਬੜੀ ਰੀਝ ਨਾਲ ਬਣਵਾਈਆਂ ਸਨ। ਹੁਣ ਇਨ੍ਹਾਂ ਵਿਚ ਉਸ ਦੇ ਪੁੱਤਰ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਸਨ। ਉਸ ਨੇ ਇਕ ਵਾਰ ਕੋਠੀਆਂ ਦੀ ਉਚੀ ਸ਼ਾਨ ਵੱਲ ਤੱਕਿਆ। ਛੇ ਮਹੀਨੇ ਪਹਿਲਾਂ ਸਦੀਵੀ ਵਿਛੋੜਾ ਦੇਣ ਵਾਲੀ ਪਤਨੀ ਨੂੰ ਯਾਦ ਕੀਤਾ। ਮਨ ਹੀ ਮਨ ਸੋਚਣ ਲੱਗਿਆ 'ਮੈਂ ਕੀ ਕੀ ਪਾਪੜ ਵੇਲੇ ਇਨ੍ਹਾਂ ਕੋਠੀਆਂ ਲਈ। ਠੱਗੀਆਂ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ, ਕੁਫਰ ਵੀ ਤੋਲਿਆ, ਆਪਣੀ ਜ਼ਮੀਰ ਵੀ ਥਾਂ ਥਾਂ ਗਹਿਣੇ ਰੱਖੀ। ਕੀਹਦੇ ਲਈ? ਇਨ੍ਹਾਂ ਪੁੱਤਰਾਂ ਲਈ ਜਿਹੜੇ...।' ਉਸ ਨੇ ਲੰਮਾਂ ਹੌਕਾ ਭਰਿਆ ਅਤੇ ਗੋਡਿਆਂ ਵਿਚ ਸਿਰ ਦੇ ਕੇ ਡੁਸਕਣ ਲੱਗਿਆ।
ਏਨੇ ਨੂੰ ਇਕ ਮੰਗਤਾ ਉਸ ਕੋਲ ਆਇਆ। ਮੰਗਤੇ ਨੇ ਕਈ ਘਰਾਂ ਤੋਂ ਮੰਗ ਕੇ ਇਕੱਠੀ ਕੀਤੀ ਚਾਹ ਦੀ ਗੜਵੀ ਚੋਂ ਇਕ ਪਿਆਲੀ ਭਰ ਕੇ ਉਸ ਦੇ ਹੱਥ ਵਿਚ ਫੜਾ ਦਿੱਤੀ ਅਤੇ ਆਪ ਵੀ ਉਸ ਦੇ ਕੋਲ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਣ ਲੱਗ ਪਿਆ।
-0-

Saturday, October 10, 2009

ਸਬਕ


ਸੁਰਿੰਦਰ ਕੈਲੇ


ਦੀਨ ਦਿਆਲ ਦੇ ਪੁੱਤਰ ਰਤਨਪਾਲ ਦੀ ਤੀਸਰੀ ਸਗਾਈ ਦੀ ਗੱਲ ਚੱਲ ਰਹੀ ਸੀ। ਪਹਿਲਾਂ ਦੋ ਸਗਾਈਆਂ ਟੁੱਟ ਜਾਣ ਕਰਕੇ, ਉਹ ਇਸ ਵਾਰੀ ਬਹੁਤ ਹੁਸ਼ਿਆਰੀ ਨਾਲ, ਹੋਏ ਬੀਤੇ ਤੋਂ ਸਬਕ ਸਿੱਖ ਫੂਕ-ਫੂਕ ਪੈਰ ਧਰ ਰਿਹਾ ਸੀ।

ਲੜਕਾ ਪੜ੍ਹਿਆ ਲਿਖਿਆ ਤੇ ਸਰਕਾਰੀ ਨੌਕਰ ਹੈ। ਆਪਣੇ ਪਰਿਵਾਰ ਅਤੇ ਇਸਦੀ ਨੌਕਰੀ ਦੇ ਸਟੇਟਸ ਮੁਤਾਬਕ, ਬਣਦਾ ਦਾਜ ਜ਼ਰੂਰ ਲੈਣਾ ਹੈ। ਸਾਡੇ ਘਰ ਟੀ.ਵੀ., ਫਰਿਜ, ਏ.ਸੀ., ਕਾਰ ਵਗੈਰਾ ਸਾਰੀਆਂ ਸਹੂਲਤਾਂ ਹਨ। ਇਸ ਲਈ ਮੈਨੂੰ ਦਾਜ ਵਿਚ ਨਕਦੀ ਚਾਹੀਦੀ ਹੈ।

ਦੀਨਦਿਆਲ ਨੇ ਆਪਣੇ ਜੀਵਨ ਪੱਧਰ ਨੂੰ ਬਿਆਨ ਕਰਦਿਆਂ ਨਕਦੀ ਦੀ ਮੰਗ ਰੱਖ ਦਿੱਤੀ।

ਠੀਕ ਹੈ, ਜਿਵੇਂ ਤੁਸੀਂ ਠੀਕ ਸਮਝੋ। ਅਸੀਂ ਸਮਾਨ ਨਾ ਦਿੱਤਾ, ਪੈਸੇ ਦੇ ਦਿੱਤੇ, ਗੱਲ ਤਾਂ ਇੱਕੋ ਹੀ ਹੈ।

ਕੁੜੀ ਵਾਲਿਆਂ ਸੋਚਿਆ, ਮੁੰਡਾ ਸੁਨੱਖਾ, ਬਣਦਾ ਫੱਬਦਾ ਹੈ। ਉੱਪਰੋਂ ਪੜ੍ਹਿਆ ਲਿਖਿਆ ਤੇ ਵਧੀਆ ਨੌਕਰੀ ਤੇ ਲੱਗਾ ਹੋਇਆ ਹੈ। ਘਰ ਵੀ ਵੇਖਣ ਯੋਗ ਹੈ। ਕੀ ਹੋਇਆ ਜੇ ਮੁੰਡੇ ਦਾ ਬਾਪ ਜਰਾ ਲਾਲਚੀ ਹੈ। ਇਕ ਵਾਰੀ ਪੈਸਾ ਲਾ ਕੇ ਜੇ ਕੁੜੀ ਸੁਖੀ ਰਹਿੰਦੀ ਹੈ ਤਾਂ ਨਕਦੀ ਦੇਣ ਵਿਚ ਵੀ ਕੋਈ ਹਰਜ ਨਹੀਂ। ਗੱਲਾਂ ਬਾਤਾਂ ਤੋਂ ਬਾਦ ਦੋਹਾਂ ਧਿਰਾਂ ਵਿਚਕਾਰ ਫੈਸਲਾ ਹੋਇਆ ਕਿ ਲੜਕੀ ਵਾਲੇ ਪੰਜ ਲੱਖ ਰੁਪਏ ਨਕਦ ਦਹੇਜ ਦੇਣਗੇ।

ਨੀਯਤ ਦਿਨ, ਦੀਨਦਿਆਲ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਢੁੱਕ ਗਿਆ।

ਛੇਤੀ ਕਰੋ। ਮੁੰਡੇ ਨੂੰ ਫੇਰਿਆਂ ਤੇ ਬਿਠਾਵੋ। ਲਗਨ ਦਾ ਸਮਾਂ ਨਿਕਲਦਾ ਜਾ ਰਿਹਾ ਹੈ।

ਪੰਡਤ ਕਾਹਲੀ ਕਰ ਰਿਹਾ ਸੀ।

ਪਹਿਲਾਂ ਦਹੇਜ ਦੇ ਪੈਸੇ, ਫਿਰ ਫੇਰੇ।

ਦੀਨਦਿਆਲ ਪਹਿਲਾਂ ਨਕਦੀ ਲੈਣ ਤੇ ਅੜ ਗਿਆ। ਕੁੜੀ ਵਾਲਿਆਂ ਨਕਦੀ ਵਾਲਾ ਬੈਗ ਫੜਾਇਆ ਤਾਂ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ।

ਕੁੜਮਾਂ ਤੋਂ ਬਰਾਤ ਦੀ ਭਰਪੂਰ ਸੇਵਾ ਕਰਵਾ, ਬਰਾਤ ਡੋਲੀ ਲੈਕੇ ਮੁੜਨ ਲੱਗੀ ਤਾਂ ਦੀਨਦਿਆਲ ਨੇ ਨੋਟਾਂ ਵਾਲਾ ਬੈਗ ਕੁੜੀ ਦੇ ਪਿਓ ਨੂੰ ਵਾਪਸ ਕਰਦਿਆਂ ਕਿਹਾ, ਇਹ ਲਓ ਆਪਣੀ ਅਮਾਨਤ। ਤੁਹਾਡਾ ਮਾਲ ਤੁਹਾਨੂੰ ਹੀ ਵਾਪਸ ਕਰ ਰਿਹਾ ਹਾਂ।

ਕੁੜੀ ਦਾ ਬਾਪ ਡੌਰ-ਭੌਰ ਹੋਇਆ ਦੀਨਦਿਆਲ ਦਾ ਮੂੰਹ ਵੇਖਣ ਲੱਗਾ। ਉਹ ਡਰ ਰਿਹਾ ਸੀ ਕਿ ਇਹ ਲਾਲਚੀ ਬੰਦਾ ਹੁਣ ਕੋਈ ਹੋਰ ਮੰਗ ਰੱਖਣੀ ਚਾਹੁੰਦਾ ਹੈ।

ਦੀਨਦਿਆਲ ਨੇ ਸਥਿਤੀ ਨੂੰ ਸਪਸ਼ਟ ਕਰਦਿਆਂ ਕਿਹਾ, ਮੇਰੇ ਲੜਕੇ ਦੀ ਪਹਿਲਾਂ ਦੋ ਵਾਰ ਸਗਾਈ ਟੁੱਟ ਗਈ ਸੀ। ਕਾਰਨ ਇਹ ਸੀ ਕਿ ਮੈਂ ਸਾਦਾ ਅਤੇ ਦਹੇਜ ਰਹਿਤ ਵਿਆਹ ਕਰਨਾ ਚਾਹੁੰਦਾ ਸੀ। ਇਸ ਤੋਂ ਲੜਕੀ ਵਾਲਿਆਂ ਨੂੰ ਸ਼ੱਕ ਹੋ ਜਾਂਦਾ ਸੀ ਕਿ ਜੋ ਪੁੰਨ ਦਾ ਵਿਆਹ ਕਰਨ ਲੱਗਾ ਹੈ, ਜ਼ਰੂਰ ਮੁੰਡੇ ਵਿਚ ਕੋਈ ਨੁਕਸ ਹੋਵੇਗਾ ਤੇ ਸਗਾਈ ਟੁੱਟ ਜਾਂਦੀ ਸੀ। ਮੈਂ ਤੀਸਰੀ ਵਾਰ ਸਗਾਈ ਟੁੱਟਣ ਨਹੀਂ ਸੀ ਦੇਣੀ ਚਾਹੁੰਦਾ। ਇਸ ਲਈ ਮਜਬੂਰੀ ਵਸ ਦਹੇਜ ਮੰਗਣਾ ਪਿਆ। ਹੁਣ ਸ਼ਾਦੀ ਹੋ ਚੁੱਕੀ ਹੈ। ਇਸਲਈ ਮੈਂ ਦਹੇਜ ਵਾਪਸ ਕਰ ਰਿਹਾ ਹਾਂ।

-0-