-moz-user-select:none; -webkit-user-select:none; -khtml-user-select:none; -ms-user-select:none; user-select:none;

Tuesday, August 27, 2013

ਵੈੱਲਕਮ



ਜਗਦੀਸ਼ ਰਾਏ ਕੁਲਰੀਆਂ

          
ਕਾਗਜ਼ ਤੇ ਲਿਖੇ ਇੱਕ ਵਾਕ ਨੂੰ ਪੜ੍ਹ ਕੇ ਹੀ ਉਸਦੇ ਹੋਸ਼ ਉੱਡ ਗਏ| ਪਿਛਲੇ ਹਫਤੇ ਹੀ ਉਹ ਆਪਣੇ ਦੋਸਤ ਸ਼ਾਮ ਨੂੰ ਨਾਲ ਲੈ ਕੇ ਮੰਸੂਰੀ ਦੀ ਸੈਰ ਕਰਕੇ ਆਇਆ ਸੀ| ਇੱਕ ਇੱਕ ਕਰਕੇ ਸਾਰੀਆਂ ਗੱਲਾਂ ਉਸਦੇ ਚੇਤੇ ਆਉਣ ਲੱਗੀਆਂ|
      
ਸੋਹਣੀ ਕੁੜੀ ਦਿਖੀ ਨਹੀਂ .... ਸਾਲਿਆ ਤੇਰੀ ਲਾਰ ਪਹਿਲਾਂ ਟਪਕ ਜਾਂਦੀ ...."
      
ਮੰਸੂਰੀ ਦੀਆਂ ਹਸੀਨ ਵਾਦੀਆਂ ਵਿੱਚ ਸੈਰ ਕਰਦੇ ਹੋਏ ਸ਼ਾਮ ਨੇ ਉਸਨੂੰ ਕਿਹਾ ਸੀ|
       “
ਯਾਰ! ਏਹਦੇ ' ਲਾਰ ਟਪਕਣ ਵਾਲੀ ਕਿਹੜੀ ਗੱਲ .... ਸੋਹਣੀ ਚੀਜ਼ ਦੀ ਤਾਰੀਫ ਤਾਂ ਕਰਨੀ ਹੀ ਬਣਦੀ ... ਨਾਲੇ ਆਪਾਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਜੇ ਬਾਹਰ ਘੁੰਮਣ ਜਾਣਾ ਤਾਂ ਯਾਰ ਉੱਥੇ ਫੁੱਲ ਐਨਜੁਆਏ ਕਰਨਗੇ...|" ਉਸਨੇ ਸ਼ਾਮ ਨੂੰ ਮੋੜਵਾਂ ਉੱਤਰ ਦਿੰਦੇ ਹੋਏ ਕਿਹਾ|
       “
ਉਹ ਤਾਂ ਤੇਰੀ ਗੱਲ ਠੀਕ ਆਂ... ਮੈਂ ਕਿਹੜਾ ਤੈਨੂੰ ਮਨ੍ਹਾਂ ਕਰਦਾ ... ਰਾਤ ਨੂੰ ਚੱਲਾਂਗੇ, ਉੱਥੇ ਜਿੱਥੇ ਸਭ ਕੁੱਝ ਆਪਣੀ ਇੱਛਾ ਦਾ ਮਿਲਦੈ...” ਸ਼ਾਮ ਨੇ ਵੀ ਉਸਦੀ ਸੁਰ ਵਿੱਚ ਸੁਰ ਮਿਲਾਈ|
       “
ਨਹੀ ਯਾਰ, ਉੱਥੇ ਨਹੀਂ ਮੈਂ ਤਾਂ ਆਪਣੀ ਉਸੇ ਨਵੀਂ ਦੋਸਤ ਕੋਲ ਜਾਊ ..ਜਿਹੜੀ ਕੱਲ੍ਹ ਮਿਲੀ ਸੀ ਅਤੇ ਨਾਲ ਹੀ ਆਪਣੇ ਘਰ ਰਾਤ ਦੇ ਖਾਣੇ ਦੀ ਦਾਵਤ ਦਿੱਤੀ ਸੀ.. ਬੜੀ ਚੀਜ਼ ਉਹ...|"
       '
ਮੈਨੂੰ ਤਾਂ ਬਿਲਕੁੱਲ ਨਹੀ ਜਚੀ ਉਹ .... ਥੋੜੇ ਸਮੇਂ ਵਿੱਚ ਹੀ ਤੇਰੇ ਨਾਲ ਐਨਾ ਖੁੱਲਗੀ ਕਿ ਤੈਨੂੰ ਖਾਣੇ ਦੀਆਂ ਦਾਵਤਾਂ ਦੇਣ ਲੱਗ ਪਹੀ... ਦੇਖਕੇ ਚੱਲ..... ਇੱਥੇ ਆਪਣੇ ਘਰ ਤੋਂ ਦੂਰ ਆਕੇ ਆਪਣਾ ਕੀ ਵੱਟੀਦਾ ...! ਸ਼ਾਮ ਨੇ ਤੌਲਖਾ ਪ੍ਰਗਟ ਕੀਤਾ ਸੀ|
      
ਤੂੰ ਸਾਰੀ ਉਮਰ ਡਰਪੋਕ ਹੀ ਰਹੇਗਾ .... ਜੇ ਇੱਥੇ ਕੇ ਐਸ਼ ਨਾ ਕੀਤੀ ਤਾਂ ਆਏ ਕੀ ਧੱਕੇ ਖਾਣ ਸੀ....|" ਉਸਨੇ ਸਿਗਰਟ ਦਾ ਲੰਮਾ ਕਸ਼ ਖਿੱਚਦੇ ਹੋਏ ਆਪਣਾ ਫੈਸਲਾ ਸੁਣਾਇਆ|
       
ਸ਼ਾਮ ਤੋਂ ਬਿਨਾਂ ਹੀ ਉਹ ਆਪਣੇ ਅੰਦਰਲੇ ਜਵਾਲਾਮੁਖੀ ਨੂੰ ਸ਼ਾਂਤ ਕਰ ਆਇਆ ਸੀ|
       
ਵੈੱਲਕਮ ਟੂ ਐੱਚ.ਆਈ.ਵੀ. ਵਰਲਡ ...." ਡਾਕ ਵਿੱਚ ਆਏ ਖਤ ਨੂੰ ਦੁਬਾਰਾ ਪੜਦੇ ਹੋਏ, ਇਹ ਨਹੀਂ ਹੋ ਸਕਦਾ... ਨਹੀਂ ਹੋ ਸਕਦਾ" ਕਹਿੰਦਿਆਂ  ਉਹ ਬੇਹੋਸ਼ ਹੋ ਕੇ ਡਿੱਗ ਪਿਆ|
                                                      -0-


Saturday, August 17, 2013

ਹਵਾ ਦੇ ਬੁੱਲੇ



ਗੁਰਚਰਨ ਚੌਹਾਨ

ਵਿਦੇਸ਼ੋਂ ਪਰਤਿਆ ਸ਼ੇਖਰ ਭਾਵੁਕ ਹੁੰਦਿਆਂ ਦਿੱਲੀਓਂ ਦੂਜੇ ਦਰਜੇ ਦੇ ਡੱਬੇ ਵਿੱਚ ਸਵਾਰ ਹੋ ਗਿਆ। ਦੂਜੇ ਦਰਜੇ ਦੇ ਡੱਬੇ ਅੰਦਰ ਹੁੰਮਸ ਸੀ ਤੇ ਅੱਤ ਦੀ ਗਰਮੀ। ਦੋ ਕੁ ਸਟੇਸ਼ਨ ਲੰਘ ਟੀ.ਟੀ. ਨਾਲ ਸੰਪਰਕ ਕਰਕੇ ਉਹ ਪਹਿਲੇ ਦਰਜੇ ਦੇ ਡੱਬੇ ਵਿੱਚ ਜਾ ਬੈਠਾ। ਏ.ਸੀ. ਡੱਬੇ ਵਿੱਚ ਬੈਠਦਿਆਂ ਉਸ ਨੂੰ ਇੱਕ ਵਾਰ ਤਾਂ ਜਾਪਿਆ, ਜਿਵੇਂ ਉਹ ਨਰਕ ਵਿੱਚੋਂ ਨਿਕਲ ਕੇ ਸਵਰਗ ਵਿੱਚ ਆ ਬੈਠਾ ਹੋਵੇ।
ਦੋ ਕੁ ਸਟੇਸ਼ਨ ਲੰਘਣ ਬਾਦ ਉਸ ਨੂੰ ਮਹਿਸੂਸ ਹੋਣ ਲੱਗਾ ਜਿਵੇਂ ਉੱਥੇ ਹੋਰ ਹੀ ਤਰ੍ਹਾਂ ਦੀ ਹੁੰਮਸ ਸੀ, ਚੁੱਪ-ਚੁਪੀਤੇ ਅਖ਼ਬਾਰ ਪੜ੍ਹ ਰਹੇ ਲੋਕ, ਆਪਣੇ ਆਪ ਵਿੱਚ ਮਸਤ ਇੱਕ ਦੂਜੇ ਨੂੰ ਘੂਰ ਰਹੇ ਲੋਕ, ਇੱਕ ਬੋਝਲ ਜਿਹਾ ਵਾਤਾਵਰਣ ਚਾਰ ਚੁਫੇਰੇ, ਉਸ ਦੇ ਕੰਨ ਤਾਂ ਤਰਸ ਰਹੇ ਸਨ, ਉਸਦੀ ਮਾਂ ਬੋਲੀ ਦੇ ਮਿਸ਼ਰੀ ਵਰਗੇ ਮਿੱਠੇ ਸੁਣਨ ਨੂੰ। ਉਸ ਨੂੰ ਜਾਪਿਆ, ਜਿਵੇਂ ਉਹ ਏ.ਸੀ. ਡੱਬੇ ਵਿੱਚ ਨਹੀਂ, ਮੁੜ ਵਿਦੇਸ਼ ਵਿੱਚ ਜਾ ਬੈਠਾ ਹੋਵੇ।
ਕੋਈ ਸਟੇਸ਼ਨ ਆਇਆ। ਗੱਡੀ ਰੁਕੀ। ਉਹ ਪਹਿਲੇ ਦਰਜੇ ਵਿੱਚੋਂ ਛਾਲ ਮਾਰ ਦੂਜੇ ਦਰਜੇ ਦੇ ਡੱਬੇ ਵਿੱਚ ਜਾ ਬੈਠਾ। ਉਸ ਦੀ ਸ਼ਖਸੀਅਤ ਦੀ ਦਿੱਖ ਨੂੰ ਵੇਖਦਿਆਂ, ਇੱਕ ਬਾਰੀ ਨਾਲ ਬੈਠੇ ਅਧਖੜ ਪੇਂਡੂ ਮੁਸਾਫਰ ਨੇ ਆਪਣੇ ਝੋਲੇ ਵਿੱਚੋਂ ਇੱਕ ਬੁੱਕ ਮੂੰਗਫਲੀਆਂ ਦਾ ਉਸ ਵੱਲ ਵਧਾਇਆ। ਉਸ ਨੇ ਮੂੰਗਫਲੀਆਂ ਦੋਹਾਂ ਹੱਥਾਂ ਦਾ ਬੁੱਕ ਬਣਾ ਪ੍ਰਸ਼ਾਦ ਵਾਂਗ ਲੈ ਲਈਆਂ। ਆਸੇ ਪਾਸੇ ਬੈਠੀਆਂ ਸਵਾਰੀਆਂ ਮੂੰਗਫਲੀਆਂ ਪਹਿਲਾਂ ਹੀ ਖਾ ਰਹੀਆਂ ਸਨ। ਉਸ ਅਨੁਮਾਨ ਲਾਇਆ, ਇਹ ਇਸ ਪੇਂਡੂ ਵੱਲੋਂ ਉਨ੍ਹਾਂ ਨੂੰ ਵੰਡਿਆ ਗਿਆ ਪ੍ਰਸ਼ਾਦ ਸੀ।
ਸੀਟ ਉੱਤੇ ਬੈਠ, ਬਾਰੀ ਵਿੱਚ ਕੁਹਣੀ ਰੱਖ, ਸ਼ਰਟ ਦਾ ਕਾਲਰ ਧੌਣ ਤੋਂ ਪਿਛਾਂਹ ਸੁੱਟਦਿਆਂ, ਉਸਨੇ ਮਹਿਸੂਸ ਕੀਤਾ ਹਵਾ ਦੇ ਬੁੱਲੇ ਉਸ ਦੀ ਗਰਦਨ ਦੁਆਲੇ ਸਪਰਸ਼ ਕਰ ਰਹੇ ਸਨ।
                                      -0-