-moz-user-select:none; -webkit-user-select:none; -khtml-user-select:none; -ms-user-select:none; user-select:none;

Sunday, December 25, 2011

ਵਧਾਈ ਕਾਰਡ


ਡਾ. ਮਹਿਤਾਬ-ਉਦ-ਦੀਨ

ਸਾਡੀ ਕਿਤਾਬਾਂ ਦੀ ਦੁਕਾਨ ਉੱਤੇ ਹਰ ਸਾਲ ਦੀਵਾਲੀ ਦੇ ਮੌਕੇ ਤੇ ਹੱਥ ਨਾਲ ਬਣਾਏ ਵਧਾਈ ਕਾਰਡਾਂ ਦੀ ਕਾਫੀ ਮੰਗ ਰਹਿੰਦੀ ਸੀ। ਉਹ ਕਾਰਡ ਬਣੇ ਵੀ ਬੇਹੱਦ ਖੂਬਸੂਰਤ ਹੁੰਦੇ ਸਨ, ਜਿਵੇਂ ਬਣਾਉਣ ਵਾਲਾ ਆਪਣੀ ਰੂਹ ਉਹਨਾਂ ਵਿਚ ਭਰ ਦਿੰਦਾ ਹੋਵੇ।
ਇਹਨਾਂ ਕਾਰਡਾਂ ਨੂੰ ਮਹਾਨਗਰ ਵਿਚ ਰਹਿੰਦਾ ਮੇਰਾ ਇਕ ਮਿੱਤਰ ਕਿਸੇ ਤੋਂ ਬਣਵਾ ਕੇ ਭੇਜਦਾ ਹੁੰਦਾ ਸੀ। ਛਪੇ ਕਾਰਡਾਂ ਦੀ ਬਨਿਸਬਤ ਇਹਨਾਂ ਕਾਰਡਾਂ ਦੀ ਵਿਕਰੀ ਨਾਲ ਚੋਖੇ ਪੈਸੇ ਬਚ ਜਾਂਦੇ ਸਨ।
ਦੀਵਾਲੀ ਸਿਰ ਤੇ ਆ ਗਈ ਸੀ, ਪਰ ਇਸ ਸਾਲ ਮੇਰੇ ਮਿੱਤਰ ਨੇ ਕਾਰਡ ਨਹੀਂ ਭੇਜੇ ਸਨਚਿੱਠੀ ਲਿਖਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਜਦ ਤਕ ਜੁਆਬ ਅੱਪੜਨਾ ਸੀ, ਦੀਵਾਲੀ ਕਦੋਂ ਦੀ ਨਿੱਕਲ ਗਈ ਹੋਣੀ ਸੀ। ਦੁਕਾਨ ਬੰਦ ਕਰਕੇ ਮੈਂ ਆਪ ਜਾ ਕੇ ਕਾਰਡ ਲਿਆ ਨਹੀਂ ਸੀ ਸਕਦਾ। ਇਸ ਵਾਰ ਤਾਂ ਇਹ ਚੰਗਾ ਪੰਗਾ ਪੈ ਗਿਆ।ਮੈਂ ਸੋਚਿਆ ਚਲੋ ਖੈਰ!ਕਹਿਕੇ ਦਿਲ ਨੂੰ ਤਸੱਲੀ ਦਿੱਤੀ। ਪਰ ਫਿਰ ਵੀ ਮਨ ਵਿਚ ਇਹ ਜਾਣਨ ਦੀ ਉਤਸੁਕਤਾ ਜ਼ਰੂਰ ਸੀ ਕਿ ਐਤਕੀਂ ਕਾਰਡ ਕਿਉਂ ਨਹੀਂ ਆਏ?
ਦੀਵਾਲੀ ਤੋਂ ਇਕ ਦਿਨ ਪਹਿਲਾਂ ਦੋਸਤ ਦੀ ਚਿੱਠੀ ਆਈ। ਲਿਖਿਆ ਸੀ, ‘ਕਾਰਡ ਬਣਾਉਣ ਵਾਲਾ ਮੁਹੰਮਦ ਰਮਜ਼ਾਨ ਪਿੱਛੇ ਜਿਹੇ ਹੋਏ ਫਿਰਕੂ ਦੰਗਿਆਂ ਵਿਚ ਮਾਰਿਆ ਗਿਆ ਹੈ। ਇਸ ਲਈ ਇਸ ਵਾਰ ਕਾਰਡ ਨਹੀਂ ਭੇਜ ਸਕਿਆ। ਬਾਕੀ ਸਭ ਠੀਕ ਹੈ। ਤੁਹਾਡੇ ਲਈ ਇਹ ਦੀਵਾਲੀ ਸ਼ੁਭ ਹੋਵੇ।
ਪਤਾ ਨਹੀਂ ਦੀਵਾਲੀ ਸਾਡੇ ਸਾਰਿਆਂ ਲਈ ਸ਼ੁਭ ਸੀ ਜਾਂ ਅਸ਼ੁਭ, ਪਰ ਇਸ ਵਾਰ ਚਾਹੁੰਦਿਆਂ ਹੋਇਆਂ ਵੀ ਮੈਂ ਦੀਵਾਲੀ ਨਾ ਮਨਾਈ।
                             -0-

Monday, December 19, 2011

ਡਿੱਗਦੇ ਮੀਨਾਰ


ਜਸਬੀਰ ਢੰਡ

ਉਹ, ਮਾਪਿਆਂ ਦਾ ਇਕਲੌਤਾ ਪੁੱਤਰ, ਸ਼ਕਲ ਸੂਰਤ ਪੱਖੋਂ ਭਾਵੇਂ ਸਧਾਰਨ ਸੀ, ਪਰ ਪੜ੍ਹਾਈ ਵਿਚ ਹੁਸ਼ਿਆਰ ਸੀ। ਪਿਓ ਨੇ ਹੱਲਾ-ਸ਼ੇਰੀ ਦਿੱਤੀ, ਪੁੱਤਰਾ! ਜਿੰਨਾ ਮਰਜ਼ੀ ਪੜ੍ਹ…ਮੈਂ ਔਖਾ ਹੋਵਾਂ, ਚਾਹੇ ਸੌਖਾ। ਖਰਚੇ ਵੰਨੀਓਂ ਨਾ ਫ਼ਿਕਰ ਕਰੀਂ…।
ਯੂਨੀਵਰਸਿਟੀ ਵਿਚ ਡਬਲ ਐਮ.ਏ ਕਰਨ ਤੋਂ ਬਾਦ ਉਸ ਪੀ.ਐਚ.ਡੀ ਕਰਨ ਦੀ ਤਿਆਰੀ ਕਰ ਲਈ। ਸਾਰੀਆਂ ਮੁੱਢਲੀਆਂ ਸ਼ਰਤਾਂ ਪੂਰੀਆਂ ਕਰ ਚੁੱਕਾ ਸੀ, ਪਰ ਹੁਣ ਗਾਈਡ ਦੀ ਸਮੱਸਿਆ ਆਣ ਖੜੀ ਸੀ। ਜਿਸ ਕਿਸੇ ਕੋਲ ਵੀ ਜਾਂਦਾ, ਉਹੀ ਸਿਰ ਮਾਰ ਦਿੰਦਾ। ਕਿਸੇ ਕੋਲ ਸਮਾਂ ਨਹੀਂ ਸੀ, ਸਭ ਰੁੱਝੇ ਹੋਏ ਸਨ। ਇਕ ਵਿਦਵਾਨ ਦੀ ਵਿਦਵੱਤਾ ਦਾ ਉਹ ਕਾਇਲ ਸੀ। ਉਸਦਾ ਜੀਅ ਕਰਦਾ ਸੀ ਕਿ ਉਹ ਉਸਦਾ ਗਾਈਡ ਬਣੇ। ਅਥਾਹ ਸ਼ਰਧਾ ਸੀ ਉਸ ਵਿਦਵਾਨ ਪ੍ਰਤੀ ਉਸਦੇ ਮਨ ਵਿਚ।
ਆਪਣੇ ਸਾਰੇ ਅਸਰ-ਰਸੂਖ ਵਾਲੇ ਮਿੱਤਰਾਂ ਕੋਲ ਆਪਣੀ ਸਮੱਸਿਆ ਦੱਸੀ ਤਾਂ ਇਕ ਮਿੱਤਰ ਨੇ ਹਾਮੀ ਭਰੀ ਕਿ ਉਹ ਉਸ ਵਿਦਵਾਨ ਨੂੰ ਮਿਲਾ ਦੇਵੇਗਾ।
ਪਰ ਬੰਦਾ ਰੰਗੀਲੈ…ਖਾਣ-ਪੀਣ ਦਾ ਸ਼ੁਕੀਨ…ਖਰਚਾ ਖੁੱਲ੍ਹਾ ਕਰਨਾ ਪਊ।
ਮਿੱਤਰ ਨੇ ਪਹਿਲਾਂ ਹੀ ਸਾਵਧਾਨ ਕੀਤਾ ਤਾਂ ਉਸ ਘਰੋਂ ਹੋਰ ਪੈਸੇ ਮੰਗਵਾ ਲਏ।
ਇਕ ਸ਼ਾਮ ਵਧੀਆ ਹੋਟਲ ਵਿਚ ਵਿਦਵਾਨ ਦੀ ਖੂਬ ਸੇਵਾ ਕੀਤੀ। ਖਾਂਦਿਆਂ-ਪੀਂਦਿਆਂ ਉਹ ਬੇਤਕੱਲਫ਼ ਹੁੰਦਾ ਗਿਆ।
ਦੂਸਰੀ ਮੁਲਾਕਾਤ ਵਿਚ ਕਹਿਣ ਲੱਗਾ, ਤੇਰੀਆਂ ਕੋਈ ਕੁੜੀਆਂ ਵਾਕਫ਼ ਹੋਣਗੀਆਂ, ਉਹਨਾਂ ਨਾਲ ਨਹੀਂ ਮਿਲਾਏਂਗਾ?
ਤੇ ਉਸ ਆਪਣੀਆਂ ਮਿੱਤਰ ਕੁੜੀਆਂ ਨਾਲ ਵਿਦਵਾਨ ਨੂੰ ਮਿਲਾਇਆ ਤਾਂ ਕੁੜੀਆਂ ਉਸ ਤੋਂ ਆਪਣੇ ਥੀਸਸਾਂ ਬਾਰੇ ਹੀ ਸੁਆਲ ਪੁੱਛਦੀਆਂ ਰਹੀਆਂ।
ਇੰਜ ਤਾਂ ਕੋਈ ਗੱਲ ਨਹੀਂ ਬਣੀ। ਤੂੰ ਆਪਣੀ ਕਿਸੇ ਖਾਸ ਮਿੱਤਰ ਕੁੜੀ ਨਾਲ ਗੱਲ ਕਰਾ…ਸਿੱਧੀ।ਦਾਰੂ ਦੀ ਲੋਰ ਵਿਚ ਜਦੋਂ ਵਿਦਵਾਨ ਨੇ ਆਪਣੇ ਇਰਾਦੇ ਸਪੱਸ਼ਟ ਕੀਤੇ ਤਾਂ ਉਹ ਖਿਝ ਗਿਆ।
ਮੁਆਫ਼ ਕਰਨਾ! ਇਹ ਮੇਰੇ ਵੱਸ ਦੀ ਗੱਲ ਨਹੀਂ ਹੈ…।ਜਦੋਂ ਉਸਨੇ ਸਾਫ਼ ਇਨਕਾਰ ਕਰ ਦਿੱਤਾ ਤਾਂ ਵਿਦਵਾਨ ਆਪਣੀ ਖੇਡ ਦੇ ਸਾਰੇ ਪੱਤੇ ਨੰਗੇ ਕਰਦਿਆਂ ਬੋਲਿਆ।
ਤੂੰ ਪੀ.ਐਚ.ਡੀ. ਨਹੀਂ ਕਰ ਸਕਦਾ। ਨਾ ਤਾਂ ਤੂੰ ਕੁੜੀ ਐਂ…ਛੇਕੜ ਮੁੰਡਾ ਈ ਸੁਹਣਾ ਹੁੰਦਾ…।
ਮੈਂ ਤੁਹਾਡੇ ਵਰਗੇ ਗਾਈਡ ਕੋਲੋਂ ਪੀ.ਐਚ.ਡੀ ਕਰਨ ਨਾਲੋਂ ਐਵੇਂ ਹੀ ਚੰਗਾ। ਤੁਸੀਂ ਜਾ ਸਕਦੇ ਹੋ…।
ਉਸਨੇ ਲੜਖੜਾ ਰਹੇ ਵਿਦਵਾਨ ਦੇ ਕਮਰਿਓਂ ਬਾਹਰ ਹੁੰਦਿਆਂ ਹੀ ਠਾਹਕਰਕੇ ਦਰਵਾਜ਼ਾ ਬੰਦ ਕਰ ਦਿੱਤਾ।
ਤੇ ਸੇਜਲ ਅੱਖਾਂ ਨਾਲ ਉਹ ਵਾਪਸ ਘਰ ਜਾਣ ਲਈ ਕਮਰੇ ਵਿੱਚੋਂ ਆਪਣਾ ਸਮਾਨ ਇਕੱਠਾ ਕਰਨ ਲੱਗ ਪਿਆ।
                          -0-
   

Sunday, December 11, 2011

ਸਿਖਲਾਈ


                       
ਨਰਾਇਣ ਸਿੰਘ ਮੰਘੇੜਾ

ਰੱਜੋ ਆਪਣੇ ਹੀ ਪਿੰਡ ਵਿਚ ਅਮਰਜੀਤ ਕੌਰ ਦੇ ਘਰ ਕੰਮ ਕਰਨ ਲੱਗ ਪਈ ਸੀ। ਦੋ ਕੁ ਮਹੀਨੇ ਬਾਅਦ ਉਹ ਆਪਣੀ ਦਸ ਕੁ ਸਾਲ ਦੀ ਕੁੜੀ ਨੂੰ ਕੰਮ ਕਰਨ ਲਈ ਨਾਲ ਲੈ ਆਈ। ਕੁੜੀ ਨੂੰ ਭਾਂਡੇ ਮਾਂਜਣ ਦੇ ਕੰਮ ਤੇ ਲਾਕੇ ਉਹ ਆਪ ਸਫਾਈ ਕਰਨ ਲੱਗ ਪਈ।
ਮਾਲਕਣ ਨੇ ਰੱਜੋ ਦੀ ਥਾਂ ਤੇ ਉਹਦੀ ਕੁੜੀ ਨੂੰ ਭਾਂਡੇ ਮਾਂਜਦਿਆਂ ਦੇਖਿਆ ਤਾਂ ਭੜਕ ਪਈ, ਰੱਜੋ, ਤੂੰ ਇਸ ਨਿਆਣੀ ਨੂੰ ਭਾਂਡੇ ਧੋਣ ਲਾਤਾ, ਦੱਸ ਤੇਰੇ ਵਰਗਾ ਕੰਮ ਇਹ ਕਿਵੇਂ ਕਰਲੂ?…ਅਸੀਂ ਤੈਨੂੰ ਸੁਚੱਜਾ ਕੰਮ ਕਰਨ ਦੇ ਪੈਸੇ ਦਿੰਨੇਂ ਐਂ…।
ਇੱਕ ਵਾਰ ਤਾਂ ਰੱਜੋ ਘਬਰਾ ਗਈ। ਫਿਰ ਜਰਾ ਸੋਚ ਕੇ ਬੋਲੀ, ਭੈਣ ਜੀ, ਇਹ ਘਰੇ ਵੀ ਕੰਮ ਕਰਦੀ ਐ।
ਲੈ ਘਰੇ ਥੋਡੇ ਇਹੋਜੇ ਤੇ ਏਨੇ ਭਾਂਡੇ ਥੋੜਾ ਐ।
ਭੈਣ ਜੀ, ਗੱਲ ਤਾਂ ਥੋਡੀ ਠੀਕ ਐ, ਮੈਂ ਸਫਾਈ ਕਰਕੇ ਦੇਖੂੰਗੀ ਆਪ ਭਾਂਡਿਆਂ ਨੂੰ, ਜੋ ਕਮੀ ਰਹੀ ਉਹ ਸਮਝਾ ਦੂੰਗੀ ਇਹਨੂੰ ।
ਮਾਲਕਣ ਨੂੰ ਉੱਥੇ ਹੀ ਖੜਾ ਦੇਖ ਰੱਜੋ ਫਿਰ ਬੋਲੀ, ਭੈਣਜੀ, ਮੈਂ ਸੋਚਿਆ ਹੁਣੇ ਤੋਂ ਕੰਮ ਸਿੱਖਜੂਗੀ ਤਾਂ ਕੱਲ੍ਹ ਨੂੰ ਮੇਰੀ ਬਮਾਰੀ-ਸ਼ਮਾਰੀ ’ਚ ਤੁਹਾਡਾ ਕੰਮ ਕਰਦਿਆ ਕਰੂਗੀ…ਨਾਲੇ ਸਹੁਰੇ ਘਰ ਜਾ ਕੇ ਵੀ ਇਹੀ ਕੁਝ ਕਰਨੈ, ਉੱਥੇ ਸੌਖੀ ਰਹੂ…।
ਕੁਝ ਸੋਚਦੀ ਹੋਈ ਮਾਲਕਣ ਉੱਥੋਂ ਬਿਨਾਂ ਕੁਝ ਬੋਲੇ ਚਲੀ ਗਈ।
                               -0-

Sunday, December 4, 2011

ਅੰਨ-ਦਾਤਾ


 ਪ੍ਰੀਤ ਨੀਤਪੁਰ

ਜਿਉਂ ਹੀ ਮੈਂ ਪੱਕੀ ਸੜਕ ਤੋਂ ਉਤਰ ਕੇ ਸਾਈਕਲ ਕੱਚੇ ਰਾਹ ਪਾਇਆ ਤਾਂ ਥੋੜ੍ਹੀ ਜਿਹੀ ਦੂਰੀ ਉੱਤੇ ਅੱਗੇ ਵੇਖਿਆ, ਬਾਰਾ-ਤੇਰਾਂ ਸਾਲ ਦਾ ਇਕ ਮੁੰਡਾ ਸਾਈਕਲ ਦੀ ਚੈਨ ਚੜ੍ਹਾਉਣ ਵਿਚ ਉਲਝਿਆ ਪਿਆ ਸੀ।
ਉਹਦੇ ਬਰਾਬਰ ਜਾ ਕੇ ਮੈਂ ਬਰੇਕ ਮਾਰੀ ਤੇ ਪੁੱਛਿਆ, ਚੜ੍ਹਾ ਲੇਂਗਾ ਕਿ ਮੈਂ ਚੜ੍ਹਾਵਾਂ?ਮੈਂ ਉਹਦੀ ਮਦਦ ਕਰਨ ਦੇ ਇਰਾਦੇ ਨਾਲ ਕਿਹਾ।
ਚੜ੍ਹਦੀ ਨੀਂ…।ਮੁੰਡਾ ਜਮਾਂ ਮੁੜ੍ਹਕੋ-ਮੁੜ੍ਹਕੀ ਹੋਇਆ, ਉਦਾਸ ਸੁਰ ਵਿਚ ਬੋਲਿਆ।
ਮੈਂ ਆਪਣਾ ਸਾਈਕਲ ਸਟੈਂਡ ਉੱਤੇ ਕੀਤਾ ਤੇ ਇਕ-ਅੱਧੇ ਮਿੰਟ ਵਿਚ ਉਹਦੇ ਸਾਈਕਲ ਦੀ ਚੈਨ ਚੜ੍ਹਾ ਦਿੱਤੀ।
ਮੁੰਡੇ ਦੀਆਂ ਅੱਖਾਂ ਵਿਚ ਖੁਸ਼ੀ ਦੀ ਬਿਜਲੀ ਚਮਕੀ।
ਕਿੱਥੇ ਚੱਲਿਐਂ…?ਮੈਂ ਸੁਭਾਵਿਕ ਹੀ ਪੁੱਛਿਆ।
ਖੇਤ ਬਾਪੂ ਹਲ ਵਾਹੁੰਦੈ, ਉਹਦੀ ਰੋਟੀ ਲੈ ਕੇ ਚੱਲਿਆਂ।
ਰੋਟੀ…!!ਮੁੰਡੇ ਕੋਲ ਨਾ ਤਾਂ ਕੋਈ ਲੱਸੀ-ਪਾਣੀ ਵਾਲਾ ਡੋਲੂ ਸੀ, ਨਾ ਰੋਟੀਆਂ ਵਾਲਾ ਪੋਣਾ ਜਾਂ ਟਿਫ਼ਨ ਵਗੈਰਾ ਸੀ। ਫਿਰ ਰੋਟੀ ਕਿੱਥੇ ਹੋਈ?
ਮੈਂ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ, ਰੋਟੀ ਕਿੱਥੇ ਆ?
ਮੁੰਡੇ ਨੇ ਅੱਧੋ-ਰਾਣੀ, ਮੈਲ-ਖੋਰੀ ਪੈਂਟ ਦੀ ਸੱਜੀ ਜੇਬ ਉੱਤੇ ਹੱਥ ਮਾਰਦਿਆਂ ਕਿਹਾ, ਆਹ ਵੇ ਮੇਰੀ ਜੇਬ ’ਚ…।
ਮੈਂ ਗਹੁ ਨਾਲ ਵੇਖਿਆ, ਪੈਂਟ ਦੀ ਜੇਬ ਥੋੜ੍ਹੀ ਜਿਹੀ ਉਤਾਂਹ ਨੂੰ ਉੱਭਰੀ ਹੋਈ ਸੀ।
ਮੁੰਡੇ ਨੇ ਸਾਈਕਲ ਦੇ ਪੈਡਲ ਉੱਤੇ ਪੈਰ ਰੱਖਿਆ। ਮੁੰਡਾ ਪੈਰੋਂ ਨੰਗਾ ਸੀ।
ਮੈਂ ਸਾਈਕਲ ਉੱਤੇ ਜਾਂਦੇ ਮੁੰਡੇ ਵੱਲ ਵੇਖ ਰਿਹਾ ਸਾਂ। ਉਹਦੀ ਪੈਂਟ ਦੀ ਜੇਬ ਵਿੱਚੋਂ ਰੋਟੀ ਨੂੰ ਲਪੇਟਿਆ ਕਾਗਜ਼ ਬਾਹਰ ਨੂੰ ਪ੍ਰਤੱਖ ਝਾਕ ਰਿਹਾ ਸੀ।
ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲਿਆ, ਅੰਨ-ਦਾਤਾ!…ਤੇ ਰੋਟੀ…!
                        -0-