-moz-user-select:none; -webkit-user-select:none; -khtml-user-select:none; -ms-user-select:none; user-select:none;

Sunday, September 25, 2011

ਦੋ ਮੂੰਹੇ


                      
ਅਸ਼ਵਨੀ ਖੁਡਾਲ

ਡਾਕਟਰ ਵਰਮਾ ਇਕ ਛੋਟੇ ਜਿਹੇ ਕਸਬੇ ਵਿਚ ਸੈੱਟ ਹੋ ਕੇ ਆਪਣਾ ਵੱਡਾ ਹਸਪਤਾਲ ਬਣਾ ਰਿਹਾ ਸੀ। ਅੱਜ ਉਸਾਰੀ ਲਈ ਅਤੇ ਹੋਰ ਡਾਕਟਰੀ ਸਮਾਨ ਦੀ ਜ਼ਰੂਰਤ ਲਈ ਜਦੋਂ ਉਹ ਵੱਡੇ ਸ਼ਹਿਰ ਗਿਆ ਤਾਂ ਵਾਪਸੀ ਉੱਤੇ ਆਪਣੇ ਡਾਕਟਰ ਮਿੱਤਰ ਕ੍ਰਿਸ਼ਨ ਮਨਚੰਦਾ ਨੂੰ ਮਿਲਣ ਚਲਾ ਗਿਆ। ਉਸ ਨੂੰ ਵੇਖਦਿਆਂ ਹੀ ਡਾਕਟਰ ਮਨਚੰਦਾ ਬੋਲਿਆ, ਆ ਬਈ ਵਰਮਾ, ਕਿੱਥੇ ਨਿੱਕੇ ਜਿਹੇ ਕਸਬੇ ਵਿਚ ਘਸੀ ਜਾਨੈਂ। ਸ਼ਹਿਰ ਕਿਉਂ ਨਹੀਂ ਆ ਜਾਂਦਾ। ਹੁਣ ਤਾਂ ਸੁਣਿਐ ਤੂੰ ਉੱਥੇ ਹਸਪਤਾਲ ਵੀ ਬਣਾਉਣ ਲੱਗਿਐਂ।
ਉਹਦੀ ਗੱਲ ਸੁਣਕੇ ਡਾਕਟਰ ਵਰਮਾ ਬੋਲਿਆ, ਨਹੀਂ ਮਨਚੰਦਾ ਸਾਹਿਬ, ਤੁਹਾਨੂੰ ਨਹੀਂ ਪਤਾ, ਇੱਥੇ ਸ਼ਹਿਰ ਨਾਲੋਂ ਉੱਥੇ ਪ੍ਰੈਕਟਿਸ ਕਰਨੀ ਬੜੀ ਸੌਖੀ ਐ। ਨਾਲੇ ਹੁਣ ਪੈਸੇ ਦਾ ਉੱਥੇ ਵੀ ਕੋਈ ਘਾਟਾ ਨਹੀਂ। ਅੱਜਕੱਲ੍ਹ ਤਾਂ ਜ਼ਮਾਨਾ ਬਦਲ ਰਿਹੈ। ਇੱਥੇ ਤਾਂ ਕਿੰਨੇ ਕਿਸਮ ਦਾ ਡਰ ਰਹਿੰਦੈ। ਉੱਥੇ ਡਰ ਨਾ ਭੈ, ਲੋਕ ਜ਼ਿਆਦਾ ਪੜ੍ਹੇ ਲਿਖੇ ਨੀਂ। ਆਪਣੇ ਵਪਾਰ ਨੂੰ ਲੋਕਸੇਵਾ ਦਾ ਮਲ੍ਹੰਮਾ ਚਾੜ੍ਹ ਕੇ ਚਲਾਓ। ਏਥੇ ਤਾਂ ਜੇ ਤੁਸੀਂ ਲਿੰਗ-ਟੈਸਟ ਕਰਨਾ ਹੋਵੇ ਤਾਂ ਡਰ ਹੀ ਡਰ, ਪਰ ਉੱਥੇ ਖਤਰਾ ਬੜਾ ਘੱਟ ਐ, ਨਾਲੇ ਹੁਣ ਤਾਂ ਕੁਆਰੀਆਂ ਕੁੜੀਆਂ ਵੀ…ਨਾਲੇ ਚੰਗੇ ਪੈਸੇ। ਆਪਣੇ ਬੱਚਿਆਂ ਦਾ ਭਵਿੱਖ ਵੀ ਤਾਂ ਬਣਾਉਣੈ।ਕਹਿੰਦਾ ਵਰਮਾ ਖਚਰੀ ਹਾਸੀ ਹੱਸਿਆ।
ਡਾਕਟਰ ਮਨਚੰਦਾ ਡੌਰ-ਭੌਰ ਉਸ ਵੱਲ ਦੇਖ ਰਿਹਾ ਸੀ।
                                                 -0-

Sunday, September 18, 2011

ਸਬੰਧ


ਨਿਰੰਜਣ ਬੋਹਾ

ਆਪਣੀ ਭੈਣ ਦੀ ਸਹੇਲੀ ਰੀਮਾ ਉਸ ਨੂੰ ਚੰਗੀ-ਚੰਗੀ ਲੱਗਦੀ। ਜਦੋਂ ਉਹ ਉਸ ਦੀ ਭੈਣ ਕੋਲ ਬੈਠੀ ਹੁੰਦੀ ਤਾਂ ਉਹ ਆਨੇ ਬਹਾਨੇ ਉਹਨਾਂ ਕੋਲ ਚੱਕਰ ਮਾਰਦਾ। ਰੀਮਾ ਵੀ ਉਸਦੀ ਚੋਰ ਅੱਖ ਨੂੰ ਤਾਡ਼ਨ ਲੱਗ ਪਈ ਸੀ, ਪਰ ਉਹ ਹਮੇਸ਼ਾਂ ਸ਼ਰਮ ਨਾਲ ਆਪਣੀਆਂ ਅੱਖਾਂ ਨੀਵੀਆਂ ਪਾਈ ਰੱਖਦੀ।
ਪਿਛਲੇ ਕਈ ਦਿਨਾਂ ਤੋਂ ਰੀਮਾ ਉਹਨਾਂ ਦੇ ਘਰ ਨਹੀਂ ਆ ਰਹੀ ਸੀ। ਉਸਦਾ ਦਿਲ ਕਰਦਾ ਸੀ ਕਿ ਉਹ ਆਪਣੀ ਭੈਣ ਤੋਂ ਉਸਦੀ ਗ਼ੈਰਹਾਜ਼ਰੀ ਦਾ ਕਾਰਣ ਪੁੱਛੇ। ਪਰ ਵੱਡੀ ਭੈਣ ਤੋਂ ਅਜਿਹਾ ਪੁੱਛਣ ਦੀ ਹਿੰਮਤ ਉਹ ਨਾ ਜੁਟਾ ਸਕਦਾ। ਉਹ ਇਹ ਸੋਚ ਕੇ ਬੇ-ਚੈਨ ਸੀ ਕਿ ਕਿਤੇ ਰੀਮਾ ਉਸ ਦੀ ਚਾਹਤ ਦੀ ਗੱਲ ਉਸਦੀ ਭੈਣ ਨੂੰ ਨਾ ਦੱਸ ਦੇਵੇ। ਉਸਦੀ ਭੈਣ ਦਾ ਰੀਮਾ ਦੇ ਘਰ ਆਮ ਆਉਣ-ਜਾਣ ਸੀ।
ਉਸ ਦਿਨ ਉਹ ਆਪਣੀ ਭੈਣ ਨਾਲ ਕੈਰਮ ਬੋਰਡ ਖੇਡ ਰਿਹਾ ਸੀ ਤਾਂ ਕਮਰੇ ਵਿਚ ਪ੍ਰਵੇਸ਼ ਕਰਦਿਆਂ ਇੱਕ ਸੋਹਣੇ ਸੁਨੱਖੇ ਨੌਜਵਾਨ ਨੇ ਸਿੱਧਾ ਉਸ ਦੀ ਭੈਣ ਬਿਮਲਾ ਵੱਲ ਝਾਕਦਿਆਂ ਪੁੱਛਿਆ, ਏਧਰ ਰੀਮਾ ਤੇ ਨਹੀਂ ਆਈ?
ਨਹੀਂ, ਏਧਰ ਤੇ ਨਹੀਂ ਆਈ…ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ।ਉਸਦੀ ਭੈਣ ਨੇ ਉਚੇਚ ਨਾਲ ਉਸ ਨੌਜਵਾਨ ਨੂੰ ਬੈਠਣ ਲਈ ਕਿਹਾ ਤੇ ਨਾਲ ਹੀ ਉਸਦੀ ਜਾਣ-ਪਹਿਚਾਣ  ਕਰਵਾਈ, ਵੀਰ ਜੀ, ਇਹ ਰੀਮਾ ਦੇ ਭਰਾ ਪਵਨ ਨੇ।
ਉਸਨੂਂ ਲੱਗਿਆ ਜਿਵੇਂ ਰੀਮਾ ਦੇ ਭਰਾ ਨੂੰ ਵੇਖ ਕੇ ਉਸਦੀ ਭੈਣ ਦੀਆਂ ਅੱਖਾਂ ਵਿਚ ਵਿਸ਼ੇਸ਼ ਚਮਕ ਆ ਗਈ ਹੈ। ਉਸ ਦਿਨ ਤੋਂ ਬਾਅਦ ਹੀ ਰੀਮਾ ਦਾ ਉਹਨਾਂ ਦੇ ਘਰ ਆਉਣਾ-ਜਾਣਾ ਬਾ-ਦਸਤੂਰ ਜਾਰੀ ਰਿਹਾਪਰ ਹੁਣ ਉਹ ਉਸ ਪਾਸੇ ਘੱਟ ਹੀ ਆਉਂਦਾ ਜਿੱਧਰ ਉਸਦੀ ਭੈਣ ਨਾਲ ਬੈਠੀ ਹੁੰਦੀ। ਰੀਮਾ ਦੀ ਆਪਣੇ ਘਰ ਵਿਚ ਮੌਜੂਦਗੀ ਉਸਨੂੰ ਭੈੜੀ-ਭੈੜੀ ਲੱਗਦੀ ਤੇ ਉਹ ਦਿਨ ਰਾਤ ਸੋਚਦਾ ਰਹਿੰਦਾ ਕਿ ਦੋਹਾਂ ਸਹੇਲੀਆਂ ਦੇ ਸਬੰਧਾਂ ਨੂੰ ਉਹ ਕਿਵੇਂ ਤੁੜਾਵੇ।
                             -0-

Sunday, September 11, 2011

ਕਰਜ਼ੇ ਵਾਲਾ ਕਿੱਲਾ


ਗੁਰਨੈਬ ਸਿੰਘ ਮਘਾਣੀਆ

ਜਦੋਂ ਭੂਰੇ ਨੂੰ ਸਰਕਾਰ ਵੱਲੋਂ ਬੈਂਕ ਦੀਆਂ ਕਰਜ਼ੇ ਦੀਆਂ ਸਕੀਮਾਂ ਬਾਰੇ ਪਤਾ ਲੱਗਿਆ ਤਾਂ ਉਹ ਵੀ ਦੂਸਰੇ ਦਿਨ ਘਰੋਂ ਸਲਾਹ ਕਰਕੇ ਕਿ ਬੈਅ ਜਾਂ ਗਹਿਣੇ ਕਰਨ ਨਾਲੋਂ ਤਾਂ ਚੰਗਾ ਹੈ ਆਪਾਂ ਵੀ ਲੋਨ ਲੈ ਲਈਏ, ਹੌਲੀ-ਹੌਲੀ ਕਿਸ਼ਤਾਂ ਚ ਮੋੜੀ ਚਲਾਂਗੇ।ਪਟਵਾਰੀ ਤੋਂ ਕਿੱਲੇ ਦੇ ਨੰਬਰ ਲੈ ਕੇ ਬੈਂਕ ਮੈਨੇਜਰ ਕੋਲ ਜਾ ਪਹੁੰਚਿਆ।
ਉਸ ਦਿਨ ਤੋਂ ਲੈ ਕੇ ਅੱਜ ਤੱਕ ਪੂਰੇ ਦੋ ਮਹੀਨੇ ਹੋ ਗਏ ਹਨ। ਸਰਕਾਰੀ ਕਾਗਜ਼ ਪੱਤਰਾਂ ਦੀ ਕੁੱਤੇ ਵਾਲੀ ਪੂਛ ਸਿੱਧੀ ਹੋਣ ਵਿਚ ਨਹੀਂ ਆ ਰਹੀ। ਉੱਪਰੋਂ ਖਰਚਾ ਹੋਰ ਵਧੇਰੇ ਹੋ ਰਿਹਾ ਹੈ। ਨੰਬਰ ਲਿਆਉਣ ਦੀ ਫੀਸ। ਅਸ਼ਟਾਮਾਂ ਦਾ ਖਰਚਾ। ਬੱਸਾਂ ਦਾ ਕਿਰਾਇਆ। ਜਦੋਂ ਵੀ ਬੈਂਕ ਪਹੁੰਚਦਾ ਤਾਂ ਮੈਨੇਜਰ ਕਡ਼ਕਵੀਂ ਆਵਾਜ਼ ਵਿਚ ਬੋਲਦਾ, ਆਹ ਹਲਫੀਆ ਬਿਆਨ ਨੀ ਲਾਇਆ। ਇੱਥੇ ਸਰਪੰਚ ਦੀ ਮੋਹਰ ਨੀ ਲਵਾਈ। ਰਾਸ਼ਨ ਕਾਰਡ ਦੀ ਕਾਪੀ ਕਿੱਥੇ ਐ? ਇਹਨੂੰ ਤਹਿਸੀਲਦਾਰ ਤੋਂ ਤਸਦੀਕ ਕਰਾਓ।
ਨਿੱਤ ਦੇ ਗੇੜਿਆਂ ਕਰਕੇ ਮੈਨੇਜਰ ਭੂਰਾ ਸਿੰਘ ਨੂੰ ਚੰਗੀ ਤਰ੍ਹਾਂ ਪਛਣਨ ਲੱਗ ਪਿਆ ਸੀ। ਮੈਨੇਜਰ ਭੂਰਾ ਸਿੰਘ ਨੂੰ ਐਨਕਾਂ ਉੱਪਰ ਦੀ ਦੇਖਦਾ ਤੇ ਦੂਰੋਂ ਹੀ ਪਛਾਣ ਲੈਂਦਾ। ਫਿਰ ਖਿਸਿਆਨੀ ਜਿਹੀ ਹਾਸੀ ਹੱਸਦਾ। ਮਨ ਵਿਚ ਸੋਚਦਾ, ਘੁੱਗੀ ਕੀ ਜਾਣੇ ਸਤਿਗੁਰ ਦੀਆਂ ਬਾਤਾਂ। ਭਲਿਆ ਮਾਨਸਾ ਸਾਡੇ ਬਾਰੇ ਵੀ ਕੁਝ ਸੋਚ, ਐਂ ਤਾਂ ਸਾਰੀ ਉਮਰ ਨੀ ਕਾਗਜ਼-ਪੱਤਰ ਪੂਰੇ ਹੋਣੇ।’
ਅੱਜ ਕਈ ਦਿਨਾਂ ਬਾਅਦ ਮੈਨੇਜਰ ਨੇ ਬੱਸ-ਅੱਡੇ ਉੱਤੇ ਖੜ੍ਹੇ  ਭੂਰੇ ਨੂੰ ਪਛਾਣ ਲਿਆ। ਉਸਨੇ ਭੂਰੇ ਨੂੰ ਪੁੱਛਿਆ, ਕੀ ਗੱਲ ਹੋਗੀ ਭੂਰਾ ਸਿਆਂ, ਦਸ-ਪੰਦਰਾਂ ਦਿਨ ਹੋਗੇ, ਮੁਡ਼ਕੇ ਗੇੜਾ ਈ ਨੀ ਮਾਰਿਆ?
ਭੂਰਾ ਅੱਖਾਂ ਨੀਵੀਆਂ ਕਰਕੇ ਮੈਨੇਜਰ ਨੂੰ ਦੱਸ ਰਿਹਾ ਸੀ, ਓ ਤਾਂ ਜੀ, ਮੈਨੇਜਰ ਸਾਹਬ, ਸਰ ਗਿਆ ਸੀ ਕੰਮ ਫੇਰ। ਐਮੇ ਦੋ ਮਹੀਨੇ ਕੁੱਤੇ ਭਕਾਈ ਕਰੀ ਗਏ, ਗੱਲ ਦਾ ਕੋਈ ਮੂੰਹ ਸਿਰ ਤਾਂ ਬਣਿਆ ਨੀ ਸੀ। ਉੱਤੋਂ ਹੋਰ ਖਰਚਾ ਕਰੀ ਜਾਂਦੇ ਸੀ…ਹਾਰ ਕੇ ਜੀ…ਉਹੀ…ਕਰਜ਼ੇ ਵਾਲਾ ਕਿੱਲਾ ਬੈਅ ਈ ਕਰਤਾ ਜੀ…
ਦਸਦਿਆਂ ਭੂਰੇ ਦਾ ਗੱਚ ਭਰ ਆਇਆ।
                                              -0-