-moz-user-select:none; -webkit-user-select:none; -khtml-user-select:none; -ms-user-select:none; user-select:none;

Tuesday, August 30, 2011

ਨਕਲ


ਪ੍ਰੋ. ਬਲਦੇਵ ਸਿੰਘ ਵਾਲੀਆ
  ਨਵੋਦਿਆ ਸਕੂਲਾਂ ਦੇ ਦਾਖਲੇ ਦੀ ਪ੍ਰੀਖਿਆ ਨੇੜੇ ਆ ਗਈ। ਉਹਦੀ ਡਿਊਟੀ ਵੀ ਲੱਗ ਗਈ ਸੀ। ਪਿਛਲੇ ਸਾਲ ਵੀ ਉਹ ਹੀ ਡਿਪਟੀ ਸੁਪਰਡੈਂਟ ਸੀ। ਇਹ ਡਿਊਟੀ ਉਸਨੇ ਕਹਿ ਕੇ ਹੀ ਤਾਂ ਲਗਵਾਈ ਸੀ। ਬੱਸ ਸ਼ੱਕਰਖੋਰੇ ਨੂੰ ਸ਼ੱਕਰ ਮਿਲ ਗਈ ਸੀ। ਇਸ ਨਾਲ ਉਹਦੇ ਅੰਦਰ ਸੁੱਤਾ ਪਟਵਾਰੀ ਜਾਗ ਪੈਂਦਾ। ਚਾਹ-ਪਕੌੜੇ ਅਤੇ ਸ਼ਰਾਬ-ਮਾਸ ਆਮ ਜਿਹੀ ਗੱਲ ਹੋ ਨਿਬੜਦੀ। ਮਾਪੇ ਆਪਣੀ ਔਲਾਦ ਲਈ ਹੱਥ ਪੈਰ ਮਾਰਦੇ। ਲੋਕ ਸ਼ਿਫਾਰਸ਼ਾਂ ਲੈ-ਲੈ ਉਹਦੇ ਘਰ ਆਉਂਦੇ।
ਅੱਜ ਘਰ ਵਿਚ ਲੱਗੀ ਹੋਈ ਬੈੱਲ ਦੀ ਕਰਰ-ਕਰਰ ਉਹਦੇ ਕੰਨਾਂ ਵਿੱਚ ਪਈ। ਦਰਵਾਜਾ ਖੋਲ੍ਹਿਆ। ਬਾਹਰ ਸ਼ਾਮ ਪ੍ਰਤਾਪ ਸੀ, ਉਹਦਾ ਦੋਸਤ। ਉਹਦੇ ਨਾਲ ਮੋਢੇ ਉੱਤੇ ਪਰਸ ਲਟਕਾਈ ਇੱਕ ਔਰਤ ਸੀ।
ਇਹ ਮੇਰੇ ਨਾਲ ਸਕੂਲ ’ਚ ਅਧਿਆਪਕਾ ਨੇ, ਬੜੇ ਲਾਇਕ ਤੇ ਮਿਹਨਤੀ ਵੀ ਨੇ। ਇਨ੍ਹਾਂ ਦੇ ਬੇਟੇ ਨੇ ਤੁਹਾਡੇ ਕੋਲ ਕੱਲ੍ਹ ਨੂੰ ਪੇਪਰ ਦੇਣੇ ਨੇ। ਇਹ ਮੈਨੂੰ ਤੁਹਾਡੇ ਤੱਕ ਲੈ ਕੇ ਆਏ ਨੇ, ਤੁਹਾਨੂੰ ਮਿਲਣ ਲਈ।ਸ਼ਾਮ ਪ੍ਰਤਾਪ ਇੱਕੋ ਸਾਹੇ ਕਹਿ ਗਿਆ।
ਇਹ ਹੈ ਮੇਰੇ ਬੇਟੇ ਦਾ ਰੋਲ ਨੰਬਰ।ਮੈਡਮ ਨੇ  ਚਿੱਟ ਅੱਗੇ ਵਧਾਉਂਦਿਆਂ ਕਿਹਾ।
ਚਿੱਟ ਫਡ਼ਦਿਆਂ ਪ੍ਰੀਤਮ ਸਿੰਘ ਬੋਲਿਆ, ਜੀ ਤੁਹਾਡਾ ਕੰਮ ਜ਼ਰੂਰ ਹੋਵੇਗਾ। ਅਗਲੀ ਪਿਛਲੀ ਸਾਰੀ ਕਸਰ ਕੱਢ ਦਿਆਂਗੇ। ਨਕਲ ਮਰਵਾਉਣੀ ਤਾਂ ਆਪਣੇ ਵੱਸ ਵਿਚ ਐ।
ਜੀ ਮੇਰੇ ਬੇਟੇ ਨੂੰ ਨਕਲ ਬਿਲਕੁਲ ਨਹੀਂ ਮਰਵਾਉਣੀ। ਉਸ ਕੋਲੋਂ ਪੁੱਛ ਕੇ ਕੋਈ ਸੁਪਰਵਾਈਜ਼ਰ ਵੀ ਕਿਸੇ ਹੋਰ ਬੱਚੇ ਨੂੰ ਨਕਲ ਨਾ ਮਰਵਾਏ। ਅਜਿਹਾ ਕਰਨ ਨਾਲ ਮੇਰੇ ਬੇਟੇ ਦਾ ਵਕਤ ਬਚੇਗਾ ਤੇ ਉਹ ਡਿਸਟਰਬ ਨਹੀਂ ਹੋਵੇਗਾ। ਵੈਸੇ ਵੀ ਇਹ ਮੁਕਾਬਲੇ ਦੀ ਪ੍ਰੀਖਿਆ ਏ। ਇਕ ਬੱਚੇ ਨੂੰ ਨਕਲ ਮਰਵਾਉਣ ਦਾ ਮਤਲਬ ਐ ਦੂਜੇ ਚੰਗੇ ਬੱਚੇ ਨੂੰ ਪਿੱਛੇ ਸੁੱਟਣਾ। ਕਿਰਪਾ ਕਰਕੇ ਮੇਰੀ ਬੇਨਤੀ ਬਾਕੀ ਸਟਾਫ ਨੂੰ ਕਹਿ ਦੇਣੀ। ਮੈਂ ਤੁਹਾਡੀ ਅਹਿਸਾਨਮੰਦ ਹੋਵਾਂਗੀ।ਇਹ ਕਹਿੰਦਿਆਂ ਮੈਡਮ ਉੱਠ ਖੜੋਤੀ।
ਪ੍ਰੀਤਮ ਕੋਲ ਅਜਿਹੀ ਸਿਫ਼ਾਰਸ਼ ਪਹਿਲੀ ਵਾਰ ਆਈ ਸੀ। ਉਹਦੀਆਂ ਆਸਾਂ ਤੇ ਪਾਣੀ ਫਿਰ ਗਿਆ। ਉਹ ਸ਼ਰਮਿੰਦਾ ਜਿਹਾ ਹੋ ਗਿਆ। ਉਸ ਨੂੰ ਲੱਗਾ ਜਿਵੇਂ ਤੇਲ ਵਾਲਾ ਕੁੱਪਾ ਸਿਰ ਤੋਂ ਡਿੱਗ ਪਿਆ। ਤੇਲ ਦੇ ਕੁੱਝ ਛਿੱਟੇ ਉਹਦੀ ਮਰੀ ਹੋਈ ਆਤਮਾ ਤੇ ਵੀ ਪੈ ਗਏ। ਉਹਦੇ ਚਿਹਰੇ ਦਾ ਬਦਲਿਆ ਹੋਇਆ ਰੰਗ ਸ਼ਾਮ ਪ੍ਰਤਾਪ ਵੀ ਵੇਖ ਰਿਹਾ ਸੀ।
                                             -0-

Monday, August 22, 2011

ਪਰਾਇਆ ਮੋਹ


 ਡਾ. ਕਰਮਜੀਤ ਸਿੰਘ ਨਡਾਲਾ

ਉਹ ਸਹੁਰੀ ਕਿੱਥੇ ਮੰਨਦੀ। ਉਹਦੇ ਸਿਰ ਉੱਤੇ ਤਾਂ ਬਾਹਰਲਾ ਭੂਤ ਸੁਆਰ ਸੀ। ਕਨੇਡਾ ਰਹਿੰਦੇ ਘਰਵਾਲੇ ਨੇ ਫੋਨ ਕੀਤਾ, “ਤੂੰ ਜਿਦ ਨਾ ਕਰ। ਘਰ ਬੀਬੀ-ਭਾਪਾ ਤੇ ਨਿਆਣਿਆਂ ਨੂੰ ਸੰਭਾਲਣਾ ਤੇਰੀ ੁੰਮੇਵਾਰੀ ਏ। ਮੈਂ ਆ ਹੀ ਜਾਨਾਂ, ਸਾਲ ਬਾਅਦ। ਬਾਹਰ ਸੈਰ-ਸਪਾਟੇ ਨਹੀਂ ਹੁੰਦੇ। ਸਿਰ ਖੁਰਕਣ ਦਾ ਵਿਹਲ ਨਹੀਂ। ਇੱਥੇ ਵਿਹਲਿਆਂ ਨੂੰ ਕੋਈ ਰੋਟੀ ਨਹੀਂ ਦਿੰਦਾ। ਹਾਂ, ਜੇ ਤੂੰ ਨਹੀਂ ਰਹਿ ਸਕਦੀ ਤਾਂ ਤੈਨੂੰ ਕੋਈ ਨਾ ਕੋਈ ਕੋਰਸ ਕਰਨਾ ਪਊ। ਫੇਰ ਹੀ ਤੈਨੂੰ ਬਾਹਰ ਆਉਣ ਦਾ ਫਾਇਦੈ…।”
ਉਹ ਸ਼ਹਿਰ ਜਾਣ ਲੱਗ ਪਈ। ਸਵੇਰੇ ਹੀ ਪਹਿਨ-ਪੱਚਰ ਕੇ ਤੁਰ ਪੈਂਦੀ। ਪਿੱਛੇ ਬੁੱਢੇ ਸੱਸ-ਸਹੁਰਾ, ਨੂੰਹ ਦੀ ਘੂਰੀ ਤੋਂ ਡਰਦੇ ਰੋਟੀ-ਟੁੱਕ ਵੀ ਕਰਦੇ ਤੇ ਉਹਦੇ ਬੱਚਿਆਂ ਨੂੰ ਵੀ ਸੰਭਾਲਦੇ ਫਿਰਦੇ।
“ਯਾਰ, ਇਹ ਸੰਤ ਸਿੰਘ ਦੀ ਨੂੰਹ ਕਿੱਧਰ ਰੋਜ਼ ਟੈਨ-ਸ਼ੈਨ ਹੋ ਕੇ ਤੁਰ ਪੈਂਦੀ ਏ…ਘਰੇ ਸੱਸ-ਸਹੁਰੇ ਦੀ ਕੁੱਤੇ-ਖਾਣੀ ਕਰਦੀ ਰਹਿੰਦੀ ਏ…।” ਇੱਕ ਦਿਨ ਗਲੀ ਦੇ ਦੋ ਬੰਦੇ ਉਹਨੂੰ ਦੇਖ ਕੇ ਗੱਲਾਂ ਕਰਨ ਲੱਗ ਪਏ।
“ਕਹਿੰਦੇ ਸ਼ਹਿਰ ਜਾਂਦੀ ਏ…ਕੋਈ ਕੋਰਸ-ਕੂਰਸ ਕਰਦੀ ਏ…ਬਾਹਰ ਜਾ ਕੇ ਕੰਮ ਸੌਖਾ ਮਿਲ ਜਾਂਦੈ…।”
“ਕੋਰਸ…ਹੁਣ ਦੋ ਨਿਆਣਿਆਂ ਦੀ ਮਾਂ ਬਣਕੇ ਕਿਹੜੇ ਕੋਰਸ ਕਰਨ ਡਹਿ ਪਈ ਏ…ਘਰੋਂ ਸੌਖੇ ਨੇ…ਖਾਣ-ਪੀਣ ਦੀ ਪੂਰੀ ਖੁੱਲ੍ਹ ਏ…ਬਾਹਰੋਂ ਘਰਵਾਲਾ ਬਥੇਰੇ ਰੁਪਈਏ ਭੇਜੀ ਜਾਂਦੈ…ਸੌਅ ਸਹੂਲਤਾਂ ਨੇ…।”
“ਕਹਿੰਦੇ ਕੋਈ ਨੈਨੀ ਦਾ ਕੋਰਸ ਪਈ ਕਰਦੀ ਏ…।”
“ਨੈਨੀ!…ਉਹ ਕੀ ਬਲਾਅ ਹੋਈ? ਇਹ ਕੋਰਸ…”
“ਓਏ ਤੈਨੂੰ ਨਹੀਂ ਪਤਾ, ਉਧਰ ਕਨੇਡਾ ’ਚ ਜਿਹੜੇ ਲੋਕ ਆਪੋ-ਆਪਣੇ ਕੰਮਾਂ ਤੇ ਚਲੇ ਜਾਂਦੇ ਨੇ, ਪਿੱਛੋਂ ਉਨ੍ਹਾਂ ਦੇ ਬੁੱਢਿਆਂ ਤੇ ਨਿੱਕੇ ਨਿਆਣਿਆਂ ਦੇ ਨੱਕ-ਮੂਹ ਪੂੰਝਿਆ ਕਰੂ…ਸੇਵਾ ਕਰਿਆ ਕਰੂ…ਸੰਭਾਲਿਆ ਕਰੂ…ਹੋਰ ਕੀ…
“ਹੱਛਾ…ਇਹ ਕੋਰਸ ਏਸ ਕਰਕੇ ਹੁੰਦੈ…ਦੁਰ ਫਿੱਟੇ ਮੂੰਹ ਸਾਡੇ ਲੋਕਾਂ ਦੇ…ਜੇ ਉੱਥੇ ਜਾ ਕੇ ਕਾਲਿਆਂ-ਗੋਰਿਆਂ ਦੇ ਬੱਚੇ ਤੇ ਬੁੱਢੇ ਹੀ ਸੰਭਾਲਣੇ ਨੇ ਤਾਂ ਇਹਦੇ ਨਾਲੋਂ ਫੇਰ ਆਪਣੇ ਜੰਮੇ ਨਿਆਣੇ ਤੇ ਸੱਸ-ਸਹੁਰੇ ਨੂੰ ਹੀ ਸੰਭਾਲ ਲਵੇ ਤਾਂ ਗਣੀਮਤ ਏ…ਸਹੁਰੀ ਲਗਦੀ ਕਨੇਡਾ ਦੀ…ਸਚੀਂ ਸਿਆਣੇ ਕਹਿੰਦੇ ਨੇ…ਗਿੱਟੇ ਭੰਨਾ ਆਪਣਿਆਂ…ਸਦਕੇ ਲਵਾਂ ਪਰਾਇਆਂ…।”
                                                -0-

Friday, August 12, 2011

ਆਟਾ


ਪ੍ਰੀਤ ਨੀਤਪੁਰ

ਪੱਠੇ ਖੋਤਣ ਗਈ ਈਸੋ ਨੇ ਖੇਤੋਂ ਲਿਆਂਦੇ ਚਿੱਬਡ਼ਾਂ ਦੀ ਚਟਣੀ ਬਣਾ ਲਈ ਸੀ, ਚੁੱਲ੍ਹੇ ਮੂਹਰੇ ਬਾਲਣ ਰੱਖ ਲਿਆ ਸੀ ਤੇ ਤਵਾ, ਜਿਹਡ਼ਾ ਕਿ ਪਿਛਲੇ ਤਿੰਨਾਂ ਦਿਨਾਂ ਤੋਂ ਅਣਵਰਤਿਆ ਪਿਆ ਹੋਣ ਕਰਕੇ ਜੰਗਾਲਿਆ ਗਿਆ ਸੀ, ਧੋ-ਸੰਵਾਰ ਕੇ ਚੁੱਲ੍ਹੇ  ਉੱਤੇ ਚਡ਼੍ਹਾ ਦਿੱਤਾ ਸੀ।
ਆਪ ਉਹ ਖਾਲੀ ਪਰਾਤ ਵਿਚ ਛਾਨਣੀ ਰੱਖ ਕੇ ਆਟਾ ਗੁੰਨ੍ਹਣ ਲਈ ਪਾਣੀ ਦਾ ਡੋਲੂ ਭਰਕੇ ਬੈਠੀ ਉਡੀਕ ਰਹੀ ਸੀ ਆਪਣੇ ਪੁੱਤ ਫੱਤੂ ਨੂੰ, ਜਿਹਡ਼ਾ ਚੱਕੀ ਤੋਂ ਆਟਾ ਲੈਣ ਗਿਆ ਅਜੇ ਤੱਕ  ਨਹੀਂ ਸੀ ਬਹੁਡ਼ਿਆ।
ਸੋਹਰੇ ਕਮਲੇ ਜਿਹੇ ਨੇ ਬਾਹਲਾ ਈ ਚਿਰ ਲਾਤਾ।ਉਹ ਬੁਡ਼ਬੁਡ਼ਾਈ, ਚੰਦਰਾ ਕਿਸੇ ਨਾਲ ਲਡ਼ ਈ ਨਾ ਪਿਆ ਹੋਵੇ, ਬਾਹਲਾ ਘਤਿਤੀ ਐ। ਪਿਓ ਵਰਗਾ ਅਡ਼ਬ…।
ਤੇ ਫਿਰ ਉਹਨੂ ਫੱਤੂ ਦੇ ਪਿਉ ਦੀ ਯਾਦ ਆ ਗਈ। ਉਹਨੇ ਪਿੱਛੇ ਜਿਹੇ ਗਰੀਬੀ ਤੋਂ ਤੰਗ ਆ ਕੇ , ਖੂਹ ਵਿਚ ਛਾਲ ਮਾਰਕੇ ਆਤਮ-ਹੱਤਿਆ ਕਰ ਲਈ ਸੀ।
ਫੱਤੂ ਦੇ ਬਾਪੂ! ਤੂੰ ਤਾਂ ਸਾਰੇ ਰਿਸ਼ਤੇ-ਨਾਤੇ ਤੋਡ਼, ਇਹਨਾਂ ਮਾਸੂਮਾਂ ਨੰ ਰੋਂਦਿਆਂ ਛੱਡ ਕੇ…ਦੁੱਖਾਂ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾ ਗਿਆ…ਤੇ ਮੈਂ…ਮੈਂ ਇਹਨਾਂ ਬੋਟਾਂ ਨੂੰ ਆਲ੍ਹਣੇ ’ਚ ਸੁੰਨਿਆਂ ਛੱਡ ਕੇ, ਤੇਰੇ ਵਾਂਗ ਨਹੀਂ ਭੱਜਣਾ…ਹਰਗਿਜ਼ ਨਹੀਂ ਭੱਜਣਾ…।ਭਾਵੁਕਤਾ ਤੇ ਦ੍ਰਿਡ਼੍ਹਤਾ ਦਾ ਸੁਮੇਲ ਉਹਦੇ ਚਿਹਰੇ ਨੂੰ ਗਹਿਰ-ਗੰਭੀਰ ਬਣਾ ਰਿਹਾ ਸੀ।
ਬੀਬੀ! ਆਪਾਂ ਅੱਜ ਫੇਰ ਨਹੀਂ ਰੋਟੀਆਂ ਪਕਾਉਣੀਆਂ?
ਕਿਉਂ ਨਹੀਂ ਪਕਾਉਣੀਆਂ?…ਪਕਾਉਣੀਐਂ ਪੁੱਤ…ਫੱਤੂ ਗਿਆ ਵਿਐ ਆਟਾ ਲੈਣ ਚੱਕੀ ਤੋਂ…।
ਬੱਚੇ ਫਿਰ ਖੇਡ ਵਿਚ ਰੁੱਝ ਗਏ ਸਨ।
ਤੇ ਉਹ ਫਿਰ ਸੋਚਾਂ ਵਿਚ ਗੁਆਚ ਗਈ ਸੀ।
ਤਾਈ…ਤਾਈ!ਇਕ ਕਾਹਲੀ ਤੇ ਉੱਚੀ ਆਵਾਜ਼ ਨੇ ਉਹਦੀ ਸੋਚਾਂ ਦੀ ਤੰਦ ਤੋਡ਼ ਦਿੱਤੀ ਸੀ।
ਵੇ ਕੀ ਗੱਲ ਐ…?ਉਹ ਜਿਵੇਂ ਸੁੱਤੀ ਉੱਠੀ ਹੋਵੇ।
ਤਾਈ, ਥੋਡਾ ਫੱਤੂ ਟ੍ਰੈਕਟਰ ਥੱਲੇ ਆ ਗਿਆ, ਲੱਤ ਟੁੱਟਗੀ ਖਵਨੀ…।
ਤੇ ਫਿਰ ਉਹ ਪਥਰਾ ਜਿਹੀ ਗਈ।
                                                  -0-

Friday, August 5, 2011

ਆਪਣੇ ਹਿੱਸੇ ਦਾ ਸੋਗ


ਨੂਰ ਸੰਤੋਖਪੁਰੀ

ਰਾਤ ਕਾਫੀ ਬੀਤ ਚੁੱਕੀ ਸੀ। ਗ਼ਰੀਬ ਘੁਨ੍ਹੇ ਦੇ ਟੱਬਰ ਦੇ ਜੀਅ ਆਪਸ ਵਿੱਚ ਗੱਲਾਂ ਕਰਕੇ ਰਾਤ ਲੰਘਾ ਰਹੇ ਸਨ। ਪਿੰਡ ਦੀਆਂ ਗਲੀਆਂ ਵਿੱਚ ਸਾਰਾ ਦਿਨ ਆਵਾਰਾ ਘੁੰਮਣ ਵਾਲੇ ਕੁੱਤੇ ਭੌਂਕ-ਭੌਂਕ ਕੇ ਜਿਵੇਂ ਸੁੱਤੇ ਪਏ ਪਿੰਡ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਘੁਨ੍ਹੇ ਹੁਰਾਂ ਦੇ ਦੁੱਖ ਵਿੱਚ ਸ਼ਾਮਿਲ ਹੋ ਰਹੇ ਸਨ।
“ਜਦੋਂ ਲੰਬੜਾਂ ਦਾ ਬੁੜ੍ਹਾ ਮਰਿਆ, ਉਦੋਂ ਬੰਦੇ-ਬੁੜ੍ਹੀਆਂ ਦਾ ਬੜਾ ’ਕੱਠ ਹੋਇਆ ਸੀ। ਉਨ੍ਹਾਂ ਦੇ ਘਰ ’ਚ ਤਿਲ ਸੁੱਟਣ ਜੋਗੀ ਥਾਂ ਨਹੀਂ ਸੀ ਬਚੀ। ਸਸਕਾਰ ਕਰਨ ਤੋਂ ਪਹਿਲਾਂ ਵੀ ਕਾਫੀ ਲੋਕ ਉਨ੍ਹਾਂ ਦੇ ਘਰ ਰੁਕੇ ਰਹੇ ਸਨ। ਮੈਂ ਵੀ ਉੱਥੇ ਈ ਸੀ।” ਘੁਨ੍ਹੇ ਦੀ ਘਰਵਾਲੀ ਪਿਆਰੀ ਨੇ ਕਿਹਾ।
“ਵੱਡੇ ਸਰਦਾਰਾਂ ਦੀ ਮਾਂ ਦੀ ਅਰਥੀ ਲੈ ਜਾਣ ਵੇਲੇ ਐਨੇ ਲੋਕ ਸਨ ਕਿ ਪੰਡ ਤੋਂ ਲੈ ਕੇ ਸਿਵਿਆਂ ਤਕ ਲੰਮੀ ਕਤਾਰ ਲੱਗੀ ਹੋਈ ਸੀ। ਜਿਉਂ ਲੋਕਾਂ ਦਾ ਹੜ੍ਹ ਆ ਗਿਆ ਹੋਵੇ। ਵੇਖ ਲਓ, ਆਪਾਂ ’ਕੱਲੇ ਬੈਠੇ ਆਂ!” ਘੁਨ੍ਹੇ ਨੇ ਲੰਮਾ ਸਾਰਾ ਹਉਕਾ ਭਰ ਕੇ ਕਿਹਾ।
“ਸਰਪੰਚ ਰੇਸ਼ਮ ਸਿਹੁੰ ਦਾ ਵੱਡਾ ਭਰਾ ਜਦੋਂ ‘ਹਾਰਟ ਟੈਕ ਨਾਲ ਮਰਿਆ, ਉਦੋਂ ਵੀ ਆਪਣੇ ਪਿੰਡ ’ਚ ਲੋਕਾਂ ਦਾ ਮੇਲਾ ਜਿਹਾ ਲੱਗ ਗਿਆ ਸੀ।” ਘੁਨ੍ਹੇ ਦਾ ਅਠਾਰਾਂ ਕੁ ਵਰ੍ਹਿਆਂ ਦਾ ਵੱਡਾ ਮੁੰਡਾ ਜਗਤਾਰ ਬੋਲਿਆ।
ਸੋਲ੍ਹਾਂ ਵਰ੍ਹਿਆਂ ਦਾ ਛੋਟਾ ਮੁੰਡਾ ਸੋਨੂੰ ਕੁਝ ਖਾਸ ਨਹੀਂ ਸੀ ਬੋਲ ਰਿਹਾ। ਉਹ ਕੱਚੇ ਫ਼ਰਸ਼ ਉੱਤੇ ਭੂੰਜੇ ਪਈ ਆਪਣੇ ਦਾਦੇ ਚਰਨੇ ਦੀ ਲਾਸ਼ ਵੱਲ ਲਗਾਤਾਰ ਵੇਖੀ ਜਾ ਰਿਹਾ ਸੀ। ਬਾਕੀ ਜੀਆਂ ਵਾਂਗ ਰੋ-ਰੋ ਕੇ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਜਿਵੇਂ ਮੁੱਕ ਗਿਆ ਹੋਵੇ। ਉਹਦਾ ਆਪਣੇ ਦਾਦੇ ਨਾਲ ਬੜਾ ਪਿਆਰ ਸੀ।
ਕੁਝ ਦਿਨ ਬੀਮਾਰ ਰਹਿਣ ਪਿੱਛੋਂ ਸ਼ਾਮੀਂ ਸਾਢੇ-ਸੱਤ ਵਜੇ ਉਹ ਪ੍ਰਾਣ ਤਿਆਗ ਗਿਆ ਸੀ। ਘੁਨ੍ਹੇ ਹੁਰਾਂ ਦਾ ਰੋਣ ਸੁਣ ਕੇ ਕੁਝ ਬੰਦੇ-ਬੁੜ੍ਹੀਆ ਘੜੀ-ਪਲ ਉਹਨਾਂ ਦੇ ਕੋਲ ਆ ਬੈਠੇ ਸਨ ਤੇ ਫਿਰ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਚਰਨੇ ਦਾ ਸਸਕਾਰ ਹੁਣ ਰਾਤ ਨੂੰ ਤਾਂ ਹੋ ਨਹੀਂ ਸਕਦਾ ਸੀ। ਇਸ ਲਈ ਘੁਨ੍ਹੇ ਦਾ ਟੱਬਰ ਇਕੱਲਾ ਬੈਠਾ, ਦਿਨ ਚੜ੍ਹਨ ਦੀ ਉਡੀਕ ਕਰ ਰਿਹਾ ਸੀ।
…ਤੇ ਪਿੰਡ ਦੇ ਕੁੱਤੇ ਘੁਨ੍ਹੇ ਦੇ ਘਰ ਮੂਹਰੇ ਭੌਂਕਣ ਤੋਂ ਨਹੀਂ ਸਨ ਹਟ ਰਹੇ। ਉਹਨਾਂ ਨੂੰ ਆਪਣੇ ਹਿੱਸੇ ਦੀ ਰੋਟੀ ਤੱਕ ਖੁਆਉਣ ਵਾਲਾ ਚਰਨਾ ਟੁਰ ਗਿਆ ਸੀ। ਸ਼ਾਇਦ ਇਸੇ ਲਈ ਉਹ ਰੋਣ ਵਰਗੀ ਆਵਾਜ਼ ਵਿੱਚ ਭੌਂਕ-ਭੌਂਕ ਕੇ ਆਪਣੇ ਹਿੱਸੇ ਆਉਂਦਾ ਸੋਗ ਪ੍ਰਗਟ ਕਰ ਰਹੇ ਸਨ।
                                          -0-