-moz-user-select:none; -webkit-user-select:none; -khtml-user-select:none; -ms-user-select:none; user-select:none;

Sunday, May 29, 2011

ਚੇਤਨਾ


 ਦਰਸ਼ਨ  ਸਿੰਘ ਬਰੇਟਾ
ਧਾਰਮਿਕ ਸੰਸਥਾਵਾਂ ਦਾ ਸੁਚੱਜਾ ਪ੍ਰਬੰਧ ਕਰਨ ਵਾਲੀ ਕਮੇਟੀ ਦੀ ਚੋਣ ਸਿਰ ਉੱਤੇ ਆ ਚੁੱਕੀ ਸੀ। ਕਈ ਆਪੋ ਆਪਣੀ ਉਮੀਦਵਾਰੀ ਪੱਕੀ ਕਰਨ ਲਈ ਵੱਡੇ ਲੀਡਰਾਂ ਕੋਲ ਅੰਦਰੋਂ-ਅੰਦਰੀਂ ਪਹੁੰਚ ਕਰ ਰਹੇ ਸਨ।
ਹਰੇਕ ਇਲਾਕੇ ਲਈ ਯੋਗ ਉਮੀਦਵਾਰਾਂ ਦੇ ਨਾਵਾਂ ਉੱਤੇ ਸਹਿਮਤੀ ਬਣਾਉਣ ਲਈ ਮੀਟਿੰਗ ਸ਼ੁਰੂ ਹੋ ਚੁੱਕੀ ਸੀ। ਦਿੱਗਜ ਨੇਤਾ ਬੈਠਕ ਵਿਚ ਸ਼ਾਮਲ ਮੈਂਬਰਾਂ ਦੇ ਮੱਤ ਧਿਆਨ ਨਾਲ ਸੁਣ ਰਹੇ ਸਨ।
ਇਸ ਵਾਰ ਵਿਰੋਧੀ ਧਿਰ ਪਹਿਲਾਂ ਦੇ ਮੁਕਾਬਲੇ ਵੱਧ ਤਾਕਤਵਰ ਲੱਗਦੀ ਆ। ਟੱਕਰ ਪੂਰੀ ਫਸਵੀਂ ਹੋਊ। ਧਿਆਨ ਨਾਲ ਫੈਸਲਾ ਕਰਿਓ।ਇਕ ਪੁਰਾਣੇ ਵਰਕਰ ਨੇ ਵਡੇਰੀ ਉਮਰ ਦਾ ਤਜਰਬਾ ਦੱਸਿਆ।
ਜਮਾ ਸਹੀ, ਰਾਜਨੀਤੀ ’ਚ ਨਿਪੁੰਨ, ਦੋ ਪੈਸੇ ਖਰਚਣ ਵਾਲੇ ਤੇ ਲੋਡ਼ ਪੈਣ ਤੇ ਦੋ-ਦੋ ਹੱਥ ਕਰਨ ਵਾਲੇ ਬੰਦੇ ਈ ਚੋਣ ਜਿੱਤ ਸਕਦੇ ਆ। ਚੋਣ ਦੇ ਮਹੌਲ ਦਾ ਕੀ ਪਤੈ…।ਰਾਜਨੀਤਕ ਪੈਂਤਡ਼ੇਬਾਜ ਵਰਕਰ ਨੇ ਆਪਣਾ ਤੀਰ ਛੱਡਿਆ।
ਇਕ ਹੋਰ ਤੇਜ਼ ਤਰਾਰ ਉੱਭਰਦੇ ਲੀਡਰ ਨੇ ਗੱਲ ਸਿਰੇ ਲਾਉਂਦਿਆਂ ਸਲਾਹ ਦਿੱਤੀ, ’ਕੱਲੀ ਸ਼ਰੀਫੀ-ਸ਼ਰੂਫੀ ਨੀ ਹੁਣ ਚੋਣਾ ’ਚ ਕੰਮ ਕਰਦੀ। ਚੋਣਾਂ  ਤਾਂ ਹੁਣ ਟੇਢ-ਵਿੰਗ ਨਾਲ ਹੀ ਜਿੱਤਣੀਆਂ ਪੈਂਦੀਐਂ। ਚੋਣ ਚਾਹੇ ਕੋਈ ਹੋਵੇ। ਐਵੇਂ ਨਾ ਕਿਤੇ ’ਕੱਲੀ ਧਾਰਮਿਕ ਪ੍ਰਵਿਰਤੀ ਵੇਖ ਕੇ…।
ਮੀਟਿੰਗ ਵਿਚ ਘੁਸਰ-ਮੁਸਰ ਹੋਣ ਲੱਗੀ। ਤਿੰਨ-ਚਾਰ ਵੱਡੀ ਉਮਰ ਦੇ ਬੰਦੇ ਮੀਟਿੰਗ ਵਿੱਚੋਂ ਖਡ਼ੇ ਹੋ ਜਾਣ ਲੱਗੇ।
ਕੀ ਗੱਲ ਆਏਂ ਕਿਉਂ ਵਿਚਾਲੇ ਛੱਡ ਕੇ…ਕੋਈ ਗੱਲ ਤਾਂ ਦੱਸੋ?ਕੱਦਾਵਰ ਨੇਤਾ ਨੂੰ ਚੁੱਪ ਤੋਡ਼ਨੀ ਪਈ।
ਗੱਲ ਦੱਸੀਏ…ਗੱਲ ਤਾਂ, ਤਾਂ ਦੱਸੀਏ ਜੇ ਕੋਈ ਮੁੱਦੇ ਦੀ ਗੱਲ ਹੋਈ ਹੋਵੇ। ਓ ਭਾਈ, ਇਹ ਗੱਲ ਧਾਰਮਿਕ ਕਮੇਟੀ ਦੀ ਚੋਣ ਦੀ ਐ ਜਾਂ ਫਿਰ…?
ਪੈਸਾ, ਨਸ਼ਾ, ਟੇਢ-ਵਿੰਗ, ਲਡ਼ਾਈ-ਝਗਡ਼ਾ, ਰਾਜਨੀਤਕ ਪੈਂਤਡ਼ੇਬਾਜੀ…ਪਤਾ ਨਹੀਂ ਹੋਰ ਕੀ ਕੁਝ ਧਾਮਕ ਕਮੇਟੀ ਦੀ ਚੋਣ ’ਚ ਸ਼ਾਮਲ ਕਰੋਗੇ। ਕਹਿੰਦਿਆਂ ਉਹਦਾ ਸਾਹ ਉਖਡ਼ ਰਿਹਾ ਸੀ।
ਆ ਚੱਲੀਏ ਭਰਾਵਾ। ਪ੍ਰਮਾਤਮਾ ਸੁਮੱਤ ਬਖਸ਼ੇ। ਧਾਰਮਿਕ ਪ੍ਰਵਿਰਤੀ ਵਾਲਿਆਂ ਦੀ ਹੁਣ ਲੋਡ਼ ਨ੍ਹੀਂ ਰਹੀ।ਕਹਿੰਦਿਆਂ ਉਹ ਮੀਟਿੰਗ ਵਿੱਚੋਂ ਚਲੇ ਗਏ।
ਬਾਕੀ ਬੈਠੇ ਮੈਂਬਰ ਆਪੋ-ਆਪਣੇ ਅੰਦਰ ਝਾਤੀ ਮਾਰਨ ਲਈ ਮਜਬੂਰ ਸਨ।
                                             -0-

Monday, May 9, 2011

ਸਵਾਲ


ਮਹਿੰਦਰ ਮਾਨ

ਮੈਂ ਪਹਿਲਾ ਪੀਰੀਅਡ ਲਾ ਕੇ ਸੱਤਵੀਂ ਕਲਾਸ ਦੇ ਕਮਰੇ ਵਿੱਚੋਂ ਬਾਹਰ ਨਿਕਲਣ ਹੀ ਲੱਗਾ ਸੀ ਕਿ ਦੀਪਾ ਮੇਰੇ ਕੋਲ ਆ ਕੇ ਖਡ਼ ਗਿਆ ਤੇ ਬੋਲਿਆ, ਸਰ ਜੀ! ਮੈਨੂੰ ਅੱਜ ਦੀ ਛੁੱਟੀ ਚਾਹੀਦੀ ਐ।
ਕਿਉਂ? ਹਾਲੇ ਘੰਟਾ ਪਹਿਲਾਂ ਤਾਂ ਤੂੰ ਘਰੋਂ ਆਇਐਂ। ਮੈਂ ਕਿਹਾ।
ਜੀ, ਮੇਰੀ ਮੰਮੀ ਨੇ ਸ਼ਹਿਰ ਜਾਣੈ ਕਿਸੇ ਜ਼ਰੂਰੀ ਕੰਮ। ਡੈਡੀ ਮੇਰਾ ਇਟਲੀ ਗਿਐ। ਮੰਮੀ ਦੇ ਜਾਣ ਮਗਰੋਂ, ਮੇਰੀ ਭੈਣ ਘਰੇ ’ਕੱਲੀ ਰਹਿਜੂਗੀ। ਮੰਮੀ ਕਹਿੰਦੀ ਸੀ, ਤੂੰ ਛੁੱਟੀ ਲੈ ਕੇ ਘਰ ਆ ਜੀਂ ਤੇ ਆਪਣੀ ਭੈਣ ਕੋਲ ਰਹੀਂ। ਅੱਜ ਕੱਲ ਜ਼ਮਾਨਾ ਬਡ਼ਾ ਮਾਡ਼ਾ ਐ। ਲੋਕ ਦੂਜੇ ਦੀ ਧੀ-ਭੈਣ ਨੂੰ ਆਪਣੀ ਧੀ-ਭੈਣ ਨਹੀਂ ਸਮਝਦੇ। ਉੱਤਰ ਵਿੱਚ ਦੀਪਾ ਬੋਲਿਆ।
ਤੇਰੀ ਉਹੀ ਭੈਣ, ਜੀਹਨੇ ਦੋ ਸਾਲ ਪਹਿਲਾਂ ਦਸਵੀਂ ਪਾਸ ਕੀਤੀ ਐ?
ਹਾਂ ਸਰ ਜੀ, ਉਹੀ।
ਦੀਪੇ ਨੂੰ ਛੁੱਟੀ ਦੇਣ ਉਪਰੰਤ, ਮਨ ਵਿਚ ਸਵਾਲ ਉੱਠਦਾ ਰਿਹਾ–ਅਠਾਰਾਂ ਸਾਲ ਦੀ ਜਵਾਨ ਕੁਡ਼ੀ ਆਪਣੀ ਰਾਖੀ ਇਕ ਨਿੱਕੇ ਮੁੰਡੇ ਤੋਂ ਕਿਵੇਂ ਕਰਵਾਏਗੀ?ਉਹ ਆਪਣੀ ਰਾਖੀ ਆਪ ਕਿਉਂ ਨਹੀਂ ਕਰਦੀ?
                                           -0-

Sunday, May 1, 2011

ਗੱਦਾਰ


ਡਾ. ਰਾਜਵੀਰ ਸਿੰਘ ਭਲੂਰੀਆ

ਪਿੰਡ ਵਿੱਚ ਇਕ ਅਗਾਂਹਵਧੂ ਸੋਚ ਵਾਲਾ ਨੌਜਵਾਨ ਸਰਪੰਚ ਚੁਣਿਆ ਗਿਆ। ਉਸ ਨੇ ਪਿੰਡ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ। ਵੱਖ-ਵੱਖ ਪਾਰਟੀਆਂ ਨੂੰ ਨਾਲ ਲੈਕੇ ਸਰਕਾਰੀ ਗ੍ਰਾਂਟਾਂ ਪ੍ਰਾਪਤ ਕਰ ਕੰਮ ਕਰਵਾਏ।
ਸਰਪੰਚ ਨੇ ਪਿੰਡ ਵਿਚ ਇਲਾਕੇ ਦੇ ਵਿਧਾਇਕ ਨੂੰ ਸੱਦਾ ਦਿੱਤਾ। ਖੁੱਲ੍ਹੇ ਦਰਬਾਰ ਵਿਚ ਲੋਕਾਂ ਨੇ ਪਿੰਡ ਦੀਆਂ ਸਮੱਸਿਆਵਾਂ ਵਿਧਾਇਕ ਸਾਹਮਣੇ ਰੱਖੀਆਂ।
ਵਿਧਾਇਕ ਨੇ ਪਿੰਡ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਉਂਦਿਆਂ ਕਿਹਾ, …ਸਕੂਲ ਦੀਆਂ ਛੱਤਾਂ ਬਦਲਾਉਣ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਮੈਂ ਪੰਦਰਾਂ ਦਿਨਾਂ ਵਿਚ ਭਿਜਵਾ ਦਿਆਂਗਾ।…ਹਾਂ ਜੇਕਰ ਕਿਸੇ ਨੂੰ ਕੋਈ ਆਪਣਾ ਕੰਮ ਵੀ ਹੋਵੇ ਤਾਂ ਉਹ ਮੈਨੂੰ ਕੱਲ੍ਹ ਸਵੇਰੇ ਗੈਸਟ ਹਾਊਸ ਵਿਚ ਮਿਲ ਸਕਦਾ ਹੈ।
ਅਗਲੀ ਸਵੇਰ ਮੈਂ ਆਪਣੇ ਨਿਜੀ ਕੰਮ ਲਈ ਉਹਨਾਂ ਨੂੰ ਮਿਲਣ ਵਾਸਤੇ ਗੈਸਟ ਹਾਊਸ ਚਲਾ ਗਿਆ। ਪਿੰਡ ਦੇ ਸਾਬਕਾ ਸਰਪੰਚ ਦੇ ਨਾਲ ਕੁਝ ਲੋਕ ਪਹਿਲਾਂ ਹੀ ਗੈਸਟ ਹਾਊਸ ਵਿਚ ਵਿਧਾਇਕ ਕੋਲ ਬੈਠੇ ਸਨ।
…ਇਹ ਠੀਕ ਐ ਕਿ ਸਰਪੰਚ ਨੇ ਪਿੰਡ ਵਿਚ ਬਹੁਤ ਸਾਰੇ ਕੰਮ ਕਰਵਾਏ ਨੇ। ਜੇਕਰ ਤੁਸੀਂ ਹੋਰ ਗਰਾਂਟ ਦੇਤੀ ਤਾਂ ਬਾਕੀ ਦੇ ਕੰਮ ਕਰਵਾ ਕੇ ਖੂਬ ਨੰਬਰ ਬਣਾ ਲੂਗਾ। ਫਿਰ ਸਾਨੂੰ ਕਿਸੇ ਨੇ ਨਹੀਂ ਪੁੱਛਣਾ । ਅਗਾਂਹ ਨੂੰ ਉਹਦੀ ਜਿੱਤ ਪੱਕੀ ਐ। ਪਰ ਧਿਆਨ ਰਹੇ, ਉਸ ਦੇ ਸਬੰਧ  ਦੂਜੀ ਪਾਰਟੀ ਨਾਲ ਵੀ ਹਨ। ਪਤਾ ਨਹੀਂ ਕਦੋਂ ਗੱਦਾਰੀ ਕਰ ਜਾਵੇ।… ਸਾਬਕਾ ਸਰਪੰਚ ਵਿਧਾਇਕ ਨੂੰ ਕਹਿ ਰਿਹਾ ਸੀ
ਸਾਬਕਾ ਸਰਪੰਚ ਦੀਆਂ ਗੱਲਾਂ ਸੁਣ ਮੈਂ ਹੈਰਾਨ ਸੀ। ਖਡ਼ਾ ਸੋਚ ਰਿਹਾ ਸੀ ਕਿ ਪਿਡ ਨੂੰ ਮਿਲਣ ਵਾਲੀ ਗ੍ਰਾਂਟ ਰੁਕਵਾ ਕੇ ਸਰਪੰਚ ਕਿਸ ਦਾ ਭਲਾ ਕਰ ਰਿਹਾ ਹੈ?
                                                  -0-