-moz-user-select:none; -webkit-user-select:none; -khtml-user-select:none; -ms-user-select:none; user-select:none;

Saturday, November 21, 2009

ਕਾਲ ਚੱਕਰ


ਦੀਪ ਜ਼ੀਰਵੀ


ਕਿਓਂ ਬਈ ਜਵਾਨਾ! ਇਹ ਹਜ਼ਾਰਾ ਸਿਹੁੰ ਵੰਝਲੀਆਂ ਵਾਲੇ ਦੀ ਹੱਟੜੀ ਐ ਨਾ? ਵਰ੍ਹਿਆਂ ਬਾਦ ਜੱਦੀ ਪਿੰਡ ਮੁੜੇ ਗੱਜਣ ਨੇ ਹੱਟੀ ਉੱਤੇ ਬੈਠੇ ਮੁੰਡੇ ਨੂੰ ਪੁੱਛਿਆ।

ਹਾਂ ਬਾਪੂ ਜੀ, ਮੈਂ ਉਨ੍ਹਾਂ ਦਾ ਪੋਤਰਾ ਆਂ।

ਬਈ ਕਾਕਾ, ਤੇਰੇ ਬਾਬੇ ਦੀਆਂ ਬਣਾਈਆਂ ਵੰਝਲੀਆਂ ਦੂਰ-ਦੂਰ ਤੱਕ ਵਿਕਣ ਜਾਂਦੀਆਂ ਸਨ।

ਜੀ ਬਾਬਾ ਜੀ, ਪਰ ਹੁਣ ਨਹੀਂ ਵਿਕਦੀਆਂ। ਵੰਝਲੀਆਂ ਬਣਾਉਣੀਆਂ ਤਾਂ ਅਸੀਂ ਬੰਦ ਕਰਤੀਆਂ। ਹੁਣ ਤਾਂ ਅਸੀਂ ਗੰਡਾਸੇ ਬਣਾਉਨੇ ਆਂ।

-0-

Friday, November 13, 2009

ਚਾਹ ਦੀ ਪਿਆਲੀ




ਹਰਦਮ ਸਿੰਘ ਮਾਨ

ਤੜਕਸਾਰ ਹੀ ਉਸ ਨੇ ਇਕ ਕੋਠੀ ਦਾ ਦਰ ਖੜਕਾਇਆ। ਕੋਠੀ ਅੰਦਰ ਘੁਸਰ ਫੁਸਰ ਹੋਈ। ਥੋੜ੍ਹੀ ਜਿਹੀ ਹਿਲਜੁਲ ਵੀ ਹੋਈ ਪਰ ਫਿਰ ਚੁੱਪ ਪਸਰ ਗਈ।
ਉਸ ਨੇ ਚਾਹ ਦੀ ਪਿਆਲੀ ਦੀ ਮੰਗ ਕਰਦਿਆਂ ਇਕ ਵਾਰ ਫੇਰ ਬੂਹੇ ਤੇ ਦਸਤਕ ਦਿੱਤੀ ਪਰ ਬੂਹਾ ਫੇਰ ਵੀ ਖਾਮੋਸ਼ ਰਿਹਾ। ਕਾਫੀ ਦੇਰ ਦੀ ਉਡੀਕ ਮਗਰੋਂ ਉਹ ਸੜਕ ਦੇ ਦੂਜੇ ਪਾਸੇ ਵਾਲੀ ਕੋਠੀ ਦੇ ਸਾਹਮਣੇ ਜਾ ਖੜ੍ਹਾ ਹੋਇਆ। ਚਾਹ ਦੀ ਪਿਆਲੀ ਲਈ ਸਵਾਲੀ ਬਣ ਕੇ ਉਸ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ। ਕੋਈ ਜਵਾਬ ਨਾ ਮਿਲਿਆ। ਨੂੰਹ , ਪੋਤਰੇ ਦਾ ਨਾਂ ਲੈ ਕੇ ਤਰਲੇ ਕੱਢੇ ਪਰ ਕੋਠੀ ਅੰਦਰਲੇ ਬੋਲ ਗੂੰਗੇ ਹੋ ਗਏ।
ਖੜ੍ਹਿਆਂ ਖੜ੍ਹਿਆਂ ਉਸ ਨੂੰ ਚੱਕਰ ਜਿਹਾ ਆ ਗਿਆ ਅਤੇ ਡਿਗਦਾ ਡਿਗਦਾ ਮਸਾਂ ਸੰਭਲਿਆ। ਸਿਰ ਫੜ ਕੇ ਉਹ ਦੋਹਾਂ ਕੋਠੀਆਂ ਦੇ ਵਿਚਕਾਰ ਬੈਠ ਗਿਆ।
ਇਹ ਦੋਵੇਂ ਕੋਠੀਆਂ ਉਸ ਨੇ ਬੜੀ ਰੀਝ ਨਾਲ ਬਣਵਾਈਆਂ ਸਨ। ਹੁਣ ਇਨ੍ਹਾਂ ਵਿਚ ਉਸ ਦੇ ਪੁੱਤਰ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਸਨ। ਉਸ ਨੇ ਇਕ ਵਾਰ ਕੋਠੀਆਂ ਦੀ ਉਚੀ ਸ਼ਾਨ ਵੱਲ ਤੱਕਿਆ। ਛੇ ਮਹੀਨੇ ਪਹਿਲਾਂ ਸਦੀਵੀ ਵਿਛੋੜਾ ਦੇਣ ਵਾਲੀ ਪਤਨੀ ਨੂੰ ਯਾਦ ਕੀਤਾ। ਮਨ ਹੀ ਮਨ ਸੋਚਣ ਲੱਗਿਆ 'ਮੈਂ ਕੀ ਕੀ ਪਾਪੜ ਵੇਲੇ ਇਨ੍ਹਾਂ ਕੋਠੀਆਂ ਲਈ। ਠੱਗੀਆਂ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ, ਕੁਫਰ ਵੀ ਤੋਲਿਆ, ਆਪਣੀ ਜ਼ਮੀਰ ਵੀ ਥਾਂ ਥਾਂ ਗਹਿਣੇ ਰੱਖੀ। ਕੀਹਦੇ ਲਈ? ਇਨ੍ਹਾਂ ਪੁੱਤਰਾਂ ਲਈ ਜਿਹੜੇ...।' ਉਸ ਨੇ ਲੰਮਾਂ ਹੌਕਾ ਭਰਿਆ ਅਤੇ ਗੋਡਿਆਂ ਵਿਚ ਸਿਰ ਦੇ ਕੇ ਡੁਸਕਣ ਲੱਗਿਆ।
ਏਨੇ ਨੂੰ ਇਕ ਮੰਗਤਾ ਉਸ ਕੋਲ ਆਇਆ। ਮੰਗਤੇ ਨੇ ਕਈ ਘਰਾਂ ਤੋਂ ਮੰਗ ਕੇ ਇਕੱਠੀ ਕੀਤੀ ਚਾਹ ਦੀ ਗੜਵੀ ਚੋਂ ਇਕ ਪਿਆਲੀ ਭਰ ਕੇ ਉਸ ਦੇ ਹੱਥ ਵਿਚ ਫੜਾ ਦਿੱਤੀ ਅਤੇ ਆਪ ਵੀ ਉਸ ਦੇ ਕੋਲ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਣ ਲੱਗ ਪਿਆ।
-0-